Tuesday 29 December 2015

ਦੋਗਲੇ ਚਿਹਰੇ ਦੋਗਲੀ ਨੀਤੀ

ਵੈਸੇ ਤਾਂ ਸਾਡੇ ਦੇਸ਼ ਵਿੱਚ ਬੇਮਤਲਬ ਦੀ ਬਹਿਸ ਕਰਨ ਵਾਲੇ ਲੋਕ ਬਹੁਗਿਣਤੀ ਵਿੱਚ ਹਨ, ਜਿਨ੍ਹਾਂ ਕੋਲ ਬੇਸਿਰ-ਪੈਰ ਤਰਕਾਂ ਦੀ ਕਮੀ ਨਹੀਂ ਹੈ, ਬੇਮਤਲਬ ਦੀ ਬਹਿਸ ਕਰਨ ਲਈ। ਕੋਈ ਨਹੀਂ ਸੋਚਦਾ ਕਿ ਦੇਸ਼ਹਿੱਤ ਵਿੱਚ ਕੀ ਹੈ, ਸਮਾਜ ਹਿੱਤ ਵਿੱਚ ਕੀ ਹੈ। ਇੱਕੋ ਹੀ ਮਕਸਦ ਹੁੰਦਾ ਹੈ ਕਿਸ ਤਰ੍ਹਾਂ ਬੇਸਿਰ-ਪੈਰ ਦੀ ਬਿਆਨਬਾਜ਼ੀ ਕਰਕੇ ਧਾਰਮਿਕ-ਜਾਤੀਗਤ ਭਾਵਨਾਵਾਂ ਭੜਕਾ ਕੇ ਆਪਣੀ ਲੀਡਰੀ ਚਮਕਾਈ ਜਾਵੇ। ਕੁਝ ਅਜਿਹੀ ਹੀ ਬੇਮਤਲਬ, ਬੇਸਿਰ-ਪੈਰ ਬਹਿਸ ਅੱਜ-ਕੱਲ੍ਹ ਸਾਡੇ ਦੇਸ਼ ਵਿੱਚ ਬੀਫ ਦੇ ਮੁੱਦੇ 'ਤੇ ਚੱਲ ਰਹੀ ਹੈ। ਮੱਝ-ਗਾਂ ਦੇ ਮਾਸ ਨੂੰ ਬੀਫ ਕਿਹਾ ਜਾਂਦਾ ਹੈ। ਆਪਣੇ-ਆਪ ਨੂੰ ਹਿੰਦੂ ਸਮਾਜ ਦਾ ਠੇਕੇਦਾਰ ਕਹਾਉਣ ਵਾਲੇ ਲੋਕ ਜੋ ਇਸ ਸਮੇਂ ਸੱਤਾ ਵਿੱਚ ਬੈਠੇ ਹਨ, ਸਭ ਤੋਂ ਵੱਧ ਇਸ ਮੁੱਦੇ ਨੂੰ ਭੜਕਾ ਰਹੇ ਹਨ। ਬੀਫ ਦਾ ਵਿਰੋਧ ਕਿੰਨਾ ਕੁ ਜਾਇਜ਼ ਹੈ ਜਦੋਂ ਦੇਸ਼ ਵਿੱਚ ਲੱਗਭਗ 8 ਕਰੋੜ ਲੋਕ ਬੀਫ ਖਾਂਦੇ ਹਨ। ਭਾਵ ਹਰ 13 ਵਿਅਕਤੀਆਂ 'ਚੋਂ ਇਕ ਭਾਰਤੀ ਬੀਫ ਖਾਂਦਾ ਹੈ। ਜੇ ਇਨ੍ਹਾਂ ਅੰਕੜਿਆਂ ਨੂੰ ਭਾਈਚਾਰਿਆਂ ਅਨੁਸਾਰ ਦੇਖਿਆ ਜਾਵੇ ਤਾਂ ਦੇਸ਼ ਵਿੱਚ 1 ਕਰੋੜ 26 ਲੱਖ ਹਿੰਦੂ, 6 ਕਰੋੜ 35 ਲੱਖ ਮੁਸਲਮਾਨ, 65 ਲੱਖ ਈਸਾਈ ਅਤੇ 9 ਲੱਖ ਹੋਰ ਭਾਈਚਾਰਿਆਂ ਦੇ ਲੋਕ ਬੀਫ ਖਾਂਦੇ ਹਨ। ਇਹ ਗਿਣਤੀ ਉਹ ਹੈ ਜੋ ਮੰਨਦੇ ਹਨ ਕਿ ਅਸੀਂ ਬੀਫ ਖਾਂਦੇ ਹਾਂ ਜੇ ਇਹਦੇ ਵਿੱਚ ਉਹ ਗਿਣਤੀ ਵੀ ਜਮ੍ਹਾ ਕਰ ਦਿੱਤੀ ਜਾਵੇ ਜੋ ਸ਼ਰੇਆਮ ਮੰਨਦੇ ਨਹੀਂ ਪਰ ਬੀਫ ਖਾ ਲੈਂਦੇ ਹਨ ਤਾਂ ਇਹ ਤਦਾਦ ਹੋਰ ਵੀ ਵਧ ਜਾਏਗੀ। ਮੈਨੂੰ ਵਿਅਕਤੀਗਤ ਤੌਰ 'ਤੇ ਸਮਝ ਨਹੀਂ ਆਉਂਦਾ ਕਿ ਖਾਣ ਦੇ ਮਾਮਲੇ ਵਿੱਚ ਇਕ ਲੋਕਤੰਤਰਿਕ ਦੇਸ਼ ਵਿੱਚ ਵਿਰੋਧ ਕਿੰਨਾ ਕੁ ਜਾਇਜ਼ ਹੈ। ਹਿੰਦੂ ਮਾਨਤਾਵਾਂ ਗਊ ਮਾਸ ਖਾਣ ਦਾ ਵਿਰੋਧ ਕਰਦੀਆਂ ਹਨ। ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੀਆਂ ਮਾਨਤਾਵਾਂ ਕਿਸੇ ਦੂਸਰੇ 'ਤੇ ਵੀ ਥੋਪੋ। ਜੇ ਸੁਆਲ ਮਾਨਤਾਵਾਂ ਦਾ ਹੈ ਤਾਂ ਜਿੰਨੇ ਭਾਰਤ ਵਿੱਚ ਧਰਮ ਹਨ, ਸਭ ਦੀਆਂ ਆਪੋ-ਆਪਣੀਆਂ ਮਾਨਤਾਵਾਂ ਹਨ। ਕੀ ਹਿੰਦੂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੀਫ ਬੰਦ ਕਰਨਾ ਸਰਕਾਰ ਦਾ ਮਕਸਦ ਹੋ ਸਕਦਾ ਹੈ ਤਾਂ ਕਿਉਂ ਨਾ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਸੂਰ ਦੇ ਮਾਸ ਦੇ ਨਾਲ-ਨਾਲ ਸ਼ਰਾਬ 'ਤੇ ਵੀ ਪਾਬੰਦੀ ਲਗਾ ਦਿੱਤੀ ਜਾਵੇ, ਕਿਉਂ ਨਾ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਸਿਗਰਟ, ਬੀੜੀ ਜਾਂ ਹੋਰ ਤੰਬਾਕੂ ਉਤਪਾਦਾਂ 'ਤੇ ਪਾਬੰਦੀ ਲਗਾ ਦਿੱਤੀ ਜਾਵੇ। ਜੈਨ ਧਰਮ ਦੇ ਮੁਤਾਬਕ ਤਾਂ ਕਿਸੇ ਵੀ ਤਰ੍ਹਾਂ ਦਾ ਮਾਸ ਖਾਣਾ ਪਾਪ ਹੈ ਤਾਂ ਫਿਰ ਜੈਨੀਆਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਹਰ ਤਰ੍ਹਾਂ ਦੇ ਮਾਸ 'ਤੇ ਪਾਬੰਦੀ ਲਗਾ ਦਿੱਤੀ ਜਾਵੇ। ਨਹੀਂ, ਇਹ ਚੀਜ਼ ਸੰਭਵ ਨਹੀਂ ਹੈ। ਤੁਹਾਡੀਆਂ ਭਾਵਨਾਵਾਂ ਗਊ ਮਾਸ ਖਾਣ ਦੇ ਵਿਰੁੱਧ ਹਨ ਤੇ ਤੁਸੀਂ ਨਾ ਖਾਓ ਪਰ ਕਿਸੇ ਦੂਸਰੇ 'ਤੇ ਆਪਣੀਆਂ ਭਾਵਨਾਵਾਂ ਥੋਪਣਾ ਲੋਕਤੰਤਰਿਕ ਦੇਸ਼ ਵਿੱਚ ਇਕ ਅਪਰਾਧ ਹੀ ਹੈ। ਹੁਣ ਜ਼ਰਾ ਸੱਤਾ 'ਚ ਬੈਠੇ ਦੋਗਲੇ ਚਿਹਰਿਆਂ ਦੀਆਂ ਦੋਗਲੀਆਂ ਨੀਤੀਆਂ 'ਤੇ ਨਜ਼ਰ ਮਾਰੀ ਜਾਵੇ। ਭਾਰਤ ਸਭ ਤੋਂ ਵੱਡਾ ਬੀਫ ਨਿਰਯਾਤਕ ਦੇਸ਼ ਹੈ। ਬ੍ਰਾਜੀਲ ਦੂਸਰੇ ਅਤੇ ਆਸਟ੍ਰੇਲੀਆ ਤੀਜੇ ਨੰਬਰ 'ਤੇ ਹੈ। ਇਕੱਲਾ ਭਾਰਤ ਹੀ ਦੁਨੀਆਂ ਦਾ 23 ਪ੍ਰਤੀਸ਼ਤ ਬੀਫ ਨਿਰਯਾਤ ਕਰਦਾ ਹੈ। ਇਕ ਸਾਲ ਵਿੱਚ ਇਹ ਨਿਰਯਾਤ 20.8 ਪ੍ਰਤੀਸ਼ਤ ਵਧਿਆ ਹੈ। ਭਾਰਤ, ਬ੍ਰਾਜੀਲ, ਆਸਟ੍ਰੇਲੀਆ ਤੇ ਅਮਰੀਕਾ ਵੱਲੋਂ 2015 ਵਿੱਚ 1 ਮਿਲੀਅਨ ਮੀਟ੍ਰਿਕ ਟਨ ਯਾਨੀ ਇਕ ਅਰਬ ਕਿੱਲੋ ਬੀਫ ਨਿਰਯਾਤ ਕਰਨ ਦੀ ਯੋਜਨਾ ਹੈ। ਇਕੱਲੇ ਭਾਰਤ ਅਤੇ ਬ੍ਰਾਜੀਲ ਦੁਨੀਆਂ ਦਾ 43 ਪ੍ਰਤੀਸ਼ਤ ਬੀਫ ਸਪਲਾਈ ਕਰਨਗੇ। ਭਾਰਤ ਨੇ ਪਿਛਲੇ ਸਾਲ 2082 ਹਜ਼ਾਰ ਮੀਟ੍ਰਿਕ ਟਨ ਬੀਫ ਬਾਹਰ ਭੇਜਿਆ। ਭਾਰਤ ਦੀਆਂ ਛੇ ਮੁੱਖ ਗੋਸ਼ਤ ਨਿਰਯਾਤ ਕਰਨ ਵਾਲੀਆਂ ਕੰਪਨੀਆਂ ਦੇ ਪ੍ਰਮੁੱਖ ਹਿੰਦੂ ਹਨ। ਕੇਂਦਰ ਵਿੱਚ ਹਿੰਦੂਵਾਦੀ ਸਰਕਾਰ ਹੈ ਜਿਸ ਦਾ ਸੰਗਠਨ ਆਰਐਸਐਸ ਗਊ ਹੱਤਿਆ ਖਿਲਾਫ ਤਲਵਾਰਾਂ ਖਿੱਚੀ ਖੜ੍ਹਾ ਰਹਿੰਦਾ ਹੈ। ਵਿਚਾਰਨ ਵਾਲੀ ਗੱਲ ਇਹ ਹੈ ਕਿ ਇਹ ਕਦੋਂ ਤੱਕ ਦੋਗਲੀ ਨੀਤੀ ਚੱਲਦੇ ਰਹਿਣਗੇ ਅਤੇ ਆਮ ਆਦਮੀ ਦੇ ਅੱਖੀਂ ਘੱਟਾ ਪਾਉਂਦੇ ਰਹਿਣਗੇ। ਜੇ ਬੰਦਿਆਂ ਦੇ ਮਰਨ ਦਾ ਸ਼ਮਸ਼ਾਨ ਘਾਟ ਹੈ ਤਾਂ ਜਾਨਵਰਾਂ ਦਾ ਕਿਉਂ ਨਹੀਂ ਹੈ। ਜੇ ਭੇਡ, ਬੱਕਰੀ, ਮੁਰਗਾ ਖਾਧਾ ਜਾ ਸਕਦਾ ਹੈ ਤਾਂ ਗਾਂ-ਮੱਝ ਕਿਉਂ ਨਹੀਂ। ਭਾਰਤ ਵਿੱਚ ਅਵਾਰਾ ਘੁੰਮਦੀਆਂ ਕੰਡਮ ਮੱਝਾਂ-ਗਾਵਾਂ ਕਾਰਣ ਹਰ ਸਾਲ ਲੱਗਭਗ 2 ਲੱਖ  ਦੁਰਘਟਨਾਵਾਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਇਕ ਸਰਵੇਖਣ ਅਨੁਸਾਰ ਵੱਡੀ ਗਿਣਤੀ ਵਿੱਚ ਜਾਨੀ ਨੁਕਸਾਨ ਤੋਂ ਇਲਾਵਾ 70 ਹਜ਼ਾਰ ਕਰੋੜ ਦਾ ਮਾਲੀ ਨੁਕਸਾਨ ਹੁੰਦਾ ਹੈ ਜਾਂ ਤਾਂ ਬੀਫ ਬੈਨ ਦਾ ਨਾਅਰਾ ਚੁੱਕਣ ਵਾਲੇ ਲੋਕ ਇਨ੍ਹਾਂ ਅਵਾਰਾ ਜਾਨਵਰਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਲੈਣ ਜਾਂ ਬੀਫ ਬੈਨ ਦਾ ਢਿੰਡੋਰਾ ਪਿੱਟਣਾ ਬੰਦ ਕਰਨ। ਸੜਕਾਂ 'ਤੇ ਤਿਲ-ਤਿਲ ਕਰਕੇ ਮਰਦੇ ਜਾਨਵਰ ਦੇਖ ਕੇ ਕਿਸੇ ਦਾ ਵੀ ਦਿਲ ਪਸੀਜ ਜਾਂਦਾ ਹੈ। ਇਸ ਤੋਂ ਤਾਂ ਚੰਗਾ ਹੈ ਕਿ ਬੁੱਚੜਖਾਨੇ ਵਿੱਚ ਇਕ ਝਟਕੇ 'ਚ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਤੋਂ ਛੁਟਕਾਰਾ ਮਿਲ ਜਾਵੇ। ਗਊ ਹੱਤਿਆ 'ਤੇ ਬੈਨ ਲਗਾਉਣ ਕਰਕੇ 25 ਲੱਖ ਲੋਕਾਂ ਦਾ ਰੁਜ਼ਗਾਰ ਪ੍ਰਭਾਵਿਤ ਹੁੰਦਾ ਹੈ ਜਿਨ੍ਹਾਂ ਵਿੱਚ ਜ਼ਿਆਦਾ ਗਿਣਤੀ ਦਲਿਤ ਸਮਾਜ ਦੀ ਹੈ। ਮਨੂੰਵਾਦੀ ਗੁੰਡਾਗਰਦੀ ਦਾ ਸ਼ਿਕਾਰ ਸਭ ਤੋਂ ਵੱਧ ਦਲਿਤ ਸਮਾਜ ਹੀ ਹੁੰਦਾ ਹੈ। ਹੱਡਾਰੋੜੀ ਤੇ ਜਾਨਵਰਾਂ ਦਾ ਚਮੜਾ ਲਾਹ ਕੇ ਵੇਚਣ ਵਾਲੇ ਦਲਿਤ ਤੇ ਕੋਈ ਵੀ ਹਿੰਦੂਵਾਦੀ ਆ ਕੇ ਬੀਫ ਬੈਨ ਦੇ ਨਾਂ 'ਤੇ ਧੌਂਸ ਜਮਾਉਣ ਲੱਗੇ  ਤਾਂ ਉਸ ਗਰੀਬ ਦੀ ਰੋਟੀ ਕਿਵੇਂ ਚੱਲੇਗੀ। ਦਲਿਤਾਂ ਨਾਲ ਅਜਿਹੀਆਂ ਨਾ-ਇਨਸਾਫ਼ੀਆਂ ਵਿੱਚ ਉਹ ਸਭ ਲੀਡਰ ਜ਼ਿੰਮੇਵਾਰ ਹਨ ਜੋ ਕਹਾਉਂਦੇ ਤਾਂ ਆਪਣੇ-ਆਪ ਨੂੰ ਦਲਿਤਾਂ ਦਾ ਨੁਮਾਇੰਦਾ ਹਨ ਪਰ ਭਾਜਪਾ ਦੀ ਟਿਕਟ 'ਤੇ ਜਿੱਤ ਕੇ ਮਨੂੰਵਾਦੀਆਂ ਦੀ ਬੋਲੀ ਬੋਲਣਾ ਸ਼ੁਰੂ ਕਰ ਦਿੰਦੇ ਹਨ ਤੇ ਭੁੱਲ ਜਾਂਦੇ ਹਨ ਕਿ ਉਨ੍ਹਾਂ ਦਲਿਤ ਸਾਥੀਆਂ ਨੂੰ ਜਿਨ੍ਹਾਂ ਦੇ ਸਾਥ ਸਦਕਾ ਉਨ੍ਹਾਂ ਨੂੰ ਗੱਦੀ ਨਸੀਬ ਹੁੰਦੀ ਹੈ। (ਅਗਲੇ ਅੰਕ ਵਿੱਚ ਇਸ ਲੇਖ ਨੂੰ ਹੋਰ ਸਪੱਸ਼ਟਤਾ ਦੇ ਨਾਲ ਅੰਕੜਿਆਂ ਸਹਿਤ ਛਾਪਿਆ ਜਾਵੇਗਾ। ਪਾਠਕ ਇਸ ਲੇਖ ਬਾਰੇ ਆਪਣੀ ਟਿੱਪਣੀ ਜ਼ਰੂਰ ਕਰਨ)
                                                                                                                    - ਅਜੈ ਕੁਮਾਰ

Sunday 20 December 2015

ਕਦੋਂ ਜਾਊ ਗੁਲਾਮੀ ਦੀਆਂ ਆਦਤਾਂ!

ਪੰਜਾਬ ਵਿੱਚ ਚੋਣਾਂ ਨੂੰ ਇਕ ਸਾਲ ਰਹਿ ਗਿਆ ਹੈ। ਇਕ ਵਾਰ ਫਿਰ ਤੋਂ ਤਿਆਰੀ ਚੱਲ ਰਹੀ ਹੈ ਆਉਣ ਵਾਲੇ ਪੰਜਾਂ ਸਾਲਾਂ 'ਚ ਸਾਡੇ 'ਤੇ ਕੌਣ ਰਾਜ ਕਰੇਗਾ। ਸਭ ਰਾਜ ਕਰਨ ਦੀਆਂ ਇਛੁੱਕ ਮੁੱਖ ਪਾਰਟੀਆਂ ਕਾਂਗਰਸ, ਅਕਾਲੀ ਦਲ, ਭਾਜਪਾ ਤੇ ਨਾਲ ਹੀ ਇਨ੍ਹਾਂ ਦੇ ਹੁਣ ਇਕ ਹੋਰ ਨਵੀਂ ਪਾਰਟੀ 'ਆਪ' ਵੀ ਆਸ ਲਾਈ ਬੈਠੀ ਹੈ ਕਿ ਪੰਜਾਬ ਨੂੰ ਆਉਂਦੇ ਪੰਜਾਂ ਸਾਲਾਂ 'ਚ ਅਸੀਂ ਹੀ ਲੁੱਟਾਂਗੇ। ਜਿਵੇਂ ਸ਼ਿਕਾਰੀ ਘਾਤ ਲਾ ਕੇ ਸ਼ਿਕਾਰ ਕਰਦਾ ਹੈ, ਕੁਝ ਉਸੇ ਹੀ ਤਰੀਕੇ ਨਾਲ ਇਨ੍ਹਾਂ ਪਾਰਟੀਆਂ ਦੇ ਲੀਡਰ ਚੋਣਾਂ ਦੀ ਤਿਆਰੀ ਵਿੱਚ ਵਿਅਸਤ ਹਨ। ਅਸੀਂ-ਤੁਸੀਂ ਮੂਰਖ ਲੋਕ ਜਿਹੜੇ ਆਪਣੇ-ਆਪ ਨੂੰ ਬਹੁਤ ਸਿਆਣਾ ਸਮਝਦੇ ਹਨ, ਕਹਾਂਗੇ ਕਿ ਅਜੇ ਤਾਂ ਇਕ ਸਾਲ ਪਿਆ ਹੈ ਚੋਣਾਂ ਨੂੰ, ਇੰਨੀ ਜਲਦੀ ਤਿਆਰੀਆਂ ਕਰਨ ਦੀ ਕੀ ਲੋੜ ਪੈ ਗਈ। ਐਵੇਂ ਨਹੀਂ ਮੈਂ ਤੁਹਾਡੇ ਨਾਲ-ਨਾਲ ਆਪਣੇ-ਆਪ ਨੂੰ ਵੀ ਮੂਰਖ ਕਿਹਾ, ਸਾਡੀਆਂ ਹਰਕਤਾਂ ਹੀ ਕੁਝ ਅਜਿਹੀਆਂ ਹਨ। ਜਦੋਂ ਪਿਆਸ ਲੱਗਦੀ ਹੈ ਉਦੋਂ ਹੀ ਸਾਨੂੰ ਖੂਹ ਪੁੱਟਣ ਦਾ ਧਿਆਨ ਆਉਂਦਾ ਹੈ। ਜਿਹੜੀਆਂ ਕੌਮਾਂ ਵਕਤ ਰਹਿੰਦੇ ਖੂਹ ਪੁੱਟ ਲੈਂਦੀਆਂ ਹਨ, ਉਹ ਪਿਆਸੀਆਂ ਨਹੀਂ ਮਰਦੀਆਂ। ਮੈਂ ਜਿਹੜੇ ਸ਼ਿਕਾਰੀ ਲੀਡਰਾਂ ਦੀ ਗੱਲ ਕਰ ਰਿਹਾ ਹਾਂ, ਉਨ੍ਹਾਂ ਨੇ 2017 ਦੀਆਂ ਚੋਣਾਂ ਲਈ ਹਥਿਆਰ ਤਿੱਖੇ ਕਰਨੇ ਸ਼ੁਰੂ ਕਰ ਦਿੱਤੇ ਹਨ ਤੇ ਦਲਿਤ ਨਾਮ ਦੇ ਸ਼ਿਕਾਰ ਨੂੰ ਕਰਨ ਖਾਤਿਰ ਮਚਾਨਾਂ ਬੰਨ੍ਹ ਰਹੇ ਹਨ ਤੇ ਥਾਂ -ਥਾਂ ਮੋਰਚੇ ਬਣ ਰਹੇ ਹਨ ਤਾਂ ਜੋ ਦਲਿਤ ਵੋਟ ਦਾ ਸ਼ਿਕਾਰ ਤਰੀਕੇ ਨਾਲ ਕੀਤਾ ਜਾ ਸਕੇ। ਕਿਧਰੇ ਦਲਿਤ ਵੋਟ ਵਿਰੋਧੀ ਨਾ ਖੋਹ ਕੇ ਲੈ ਜਾਵੇ, ਕਿਉਂਕਿ ਦਲਿਤ ਵੋਟ ਹੀ ਪੰਜਾਬ ਦੇ ਭਵਿੱਖ ਦਾ ਫ਼ੈਸਲਾ ਕਰਦੀ ਰਹੀ ਹੈ  ਤੇ ਹੁਣ ਵੀ ਦਲਿਤ ਵੋਟਰ ਹੀ ਫ਼ੈਸਲਾ ਕਰੇਗਾ ਕਿ ਆਉਣ ਵਾਲੇ ਪੰਜਾਂ ਸਾਲਾਂ 'ਚ ਉਹਨੇ ਕਿਹਦੇ ਹੱਥੀਂ ਆਪਣਾ ਮਾਸ ਨੁਚਵਾਉਣਾ ਹੈ, ਕਿਉਂਕਿ ਸਭ ਜਾਣਦੇ ਹਨ ਕਿ ਪੰਜਾਬ ਵਿੱਚ ਸਭ ਤੋਂ ਵੱਧ ਲੱਗਭਗ 40 ਪ੍ਰਤੀਸ਼ਤ ਅਬਾਦੀ ਦਲਿਤਾਂ ਦੀ ਹੈ। ਦਲਿਤਾਂ ਦੀ ਬਦਕਿਸਮਤੀ ਦੇਖੋ, ਦਲਿਤ ਬਹੁਗਿਣਤੀ ਹੋਣ ਦੇ ਬਾਵਜੂਦ ਦਲਿਤਾਂ 'ਤੇ ਰਾਜ ਕਰਦੇ ਹਨ ਘੱਟ-ਗਿਣਤੀ ਮਨੂੰਵਾਦੀ। ਮੈਂ ਅੰਗਰੇਜ਼ਾਂ ਦਾ ਰਾਜ ਤਾਂ ਨਹੀਂ ਦੇਖਿਆ ਪਰ ਪੰਜਾਬ ਦੇ ਹਾਲਾਤ ਦੇਖ ਕੇ ਸਮਝ ਸਕਦਾ ਹਾਂ ਕਿ ਅੰਗਰੇਜ਼ਾਂ ਨੇ ਕਿਵੇਂ ਰਾਜ ਕੀਤਾ ਸੀ। ਹਜ਼ਾਰਾਂ ਮੀਲ ਦੂਰ ਤੋਂ ਆਏ ਮੁੱਠੀ ਭਰ ਅੰਗਰੇਜ਼ ਲੱਗਭਗ 200 ਸਾਲ ਤੱਕ ਭਾਰਤ ਦੀ ਕਰੋੜਾਂ ਦੀ ਜਨਤਾ 'ਤੇ ਰਾਜ ਕਰਦੇ ਰਹੇ। ਕੁਝ ਉਸੇ ਤਰੀਕੇ ਨਾਲ ਕੁਝ ਦੇਸੀ ਸ਼ਕਲਾਂ ਵਾਲੇ ਵਲੈਤੀ ਪੰਜਾਬੀ ਪਿਛਲੇ 60 ਸਾਲਾਂ ਤੋਂ ਪੰਜਾਬ 'ਤੇ ਰਾਜ ਕਰ ਰਹੇ ਹਨ ਤੇ ਲਗਾਤਾਰ ਬਹੁਗਿਣਤੀ ਦਲਿਤਾਂ ਦਾ ਸ਼ੋਸ਼ਣ ਕਰਦੇ ਆ ਰਹੇ ਹਨ। ਕਿੰਨੀ ਹਾਸੋਹੀਣੀ ਗੱਲ ਹੈ ਕਿ ਦਲਿਤ ਖ਼ੁਦ ਚੁਣਦੇ ਹਨ ਕਿ ਉਨ੍ਹਾਂ ਨੇ ਕਿਸ ਦੀ ਸੀਰੀ ਕਰਨੀ ਹੈ। ਇੰਝ ਜਾਪਦਾ ਹੈ ਕਿ ਪੰਜਾਬ ਦੇ ਦਲਿਤਾਂ ਨੂੰ ਹਜ਼ਾਰਾਂ ਸਾਲਾਂ ਦੀ ਗੁਲਾਮੀ ਝੱਲਣ ਤੋਂ ਬਾਅਦ ਗੁਲਾਮੀ ਕਰਨ ਦੀ ਆਦਤ ਪੈ ਚੁੱਕੀ ਹੈ ਹਾਲਾਂ ਕਿ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਬਣਾ ਕੇ ਇਨ੍ਹਾਂ ਨੂੰ ਹਰ ਤਰ੍ਹਾਂ ਦੀ ਆਜ਼ਾਦੀ ਤੇ ਹਰ ਤਰ੍ਹਾਂ ਦੇ ਬਰਾਬਰੀ ਦੇ ਹੱਕ ਦੇ ਦਿੱਤੇ ਪਰ ਕਹਿੰਦੇ ਹਨ ਸਰੀਰਿਕ ਬੰਧਨਾਂ ਦੇ ਤਾਲੇ ਤਾਂ ਖੋਲ੍ਹੇ ਜਾ ਸਕਦੇ ਹਨ ਪਰ ਮਾਨਸਿਕ ਤੌਰ 'ਤੇ ਗੁਲਾਮ ਲੋਕਾਂ ਨੂੰ ਕੌਣ ਆਜ਼ਾਦ ਕਰਵਾਊ?'ਫੁੱਟ ਪਾਉ ਤੇ ਰਾਜ ਕਰੋ' ਅੰਗਰੇਜ਼ਾਂ ਦੀ ਨੀਤੀ ਸੀ। ਕੁਝ ਅਜਿਹੀ ਨੀਤੀ ਹੀ ਅੱਜ ਦੇ ਦੇਸੀ ਅੰਗਰੇਜ਼ਾਂ ਦੀ ਹੈ। ਇਨ੍ਹਾਂ ਦੀ ਨੀਤੀ ਹੈ ਕਿ ਦਲਿਤਾਂ ਨੂੰ ਆਪਸ ਵਿੱਚ ਇੰਨਾ ਕੁ ਪਾੜ ਦਿਉ ਕਿ ਇਹ ਕਦੇ ਇਕੱਠੇ ਹੋ ਕੇ ਰਾਜ ਕਰਨ ਬਾਰੇ ਨਾ ਸੋਚ ਸਕਣ। ਵਾਲਮੀਕੀਆਂ ਨੂੰ ਚਮਾਰਾਂ ਨਾਲ ਲੜਾ ਦਿਉ, ਭਗਤਾਂ ਨੂੰ ਸਭ ਤੋਂ ਅਲੱਗ-ਥਲੱਗ ਕਰ ਦਿਉ, ਦਲਿਤਾਂ ਵਿੱਚ ਪ੍ਰਧਾਨਾਂ ਦੀ ਫੌਜ ਖੜੀ ਕਰ ਦਿਉ ਜੋ ਆਪਸ 'ਚ ਇਕ-ਦੂਜੇ ਨੂੰ ਹੀ ਵੱਢ-ਵੱਢ ਖਾਈ ਜਾਣ। ਕਿਉਂਕਿ ਜਿਸ ਦਿਨ ਇਨ੍ਹਾਂ ਨੇ ਇਕ-ਦੁਜੇ ਨੂੰ ਵੱਢਣਾ ਛੱਡ ਦਿੱਤਾ ਉਸ ਦਿਨ ਰਾਜ ਕਰਨ ਦੇ ਸ਼ੌਕੀਨਾਂ ਦੀ ਖ਼ੈਰ ਨਹੀਂ, ਜਿਸ ਦਿਨ ਦਲਿਤ ਇਕੱਠਾ ਹੋ ਗਿਆ, ਉਸ ਦਿਨ ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਪੰਜਾਬ ਵਿੱਚ ਲੁਕਣ ਦੀ ਥਾਂ ਨਹੀਂ ਮਿਲਣੀ। ਅਜੇ ਵੀ ਵਕਤ ਹੈ, ਸਾਡੇ ਕੋਲ ਇਕ ਹੋਰ ਮੌਕਾ ਹੈ ਆਪਣੀ ਤਕਦੀਰ ਸੰਵਾਰਨ ਦਾ, ਸ਼ਰਤ ਸਿਰਫ਼ ਇਕ ਹੈ ਜਾਗ ਜਾਉ ਅਤੇ ਸਮੱਸਿਆ ਇਹ ਹੈ ਕਿ ਸੁੱਤਿਆਂ ਨੂੰ ਤਾਂ ਹਲੂਣਾ ਦੇ ਕੇ ਜਗਾਇਆ ਜਾ ਸਕਦਾ ਹੈ ਪਰ ਮਚਲਿਆਂ ਨੂੰ ਕੌਣ ਜਗਾਊ। ਅੱਖਾਂ ਮੀਚ ਕੇ ਕੰਨਾਂ 'ਤੇ ਹੱਥ ਰੱਖ ਦਲਿਤਾਂ ਦੇ ਪ੍ਰਧਾਨ ਜਦੋਂ ਭਾਸ਼ਣ ਦੇਣਾ ਸ਼ੁਰੂ ਕਰਦੇ ਹਨ ਤਾਂ ਚੰਗੇ-ਚੰਗੇ ਸੂਝਵਾਨ ਪ੍ਰੇਸ਼ਾਨ ਹੋ ਜਾਂਦੇ ਹਨ ਪਰ ਜaਦੋਂ ਜ਼ਮੀਨੀ ਹਕੀਕਤ 'ਤੇ ਇਨ੍ਹਾਂ ਦੀਆਂ ਕਰਤੂਤਾਂ ਦੇਖਦੇ ਹਨ ਤਾਂ ਥੋੜ੍ਹੀ-ਥੋੜ੍ਹੀ ਆਪਣੇ 'ਤੇ ਸ਼ਰਮ ਆਉਂਦੀ ਹੈ ਤੇ ਇਨ੍ਹਾਂ ਲੀਡਰਾਂ 'ਤੇ ਬਹੁਤ ਜ਼ਿਆਦਾ ਗੁੱਸਾ ਵੀ ਆਉਂਦਾ ਹੈ। ਪਾਠਕ ਆਪਣੇ ਕੀਮਤੀ ਵਿਚਾਰ ਮੇਰੀ ਫੇਸਬੁੱਕ 'ਤੇ ਸਾਂਝੇ ਕਰੋ ਤਾਂ ਜੋ ਆਪਸੀ ਵਿਚਾਰ-ਵਟਾਂਦਰਾ ਕਰਕੇ ਅਸੀਂ ਕਿਸੇ ਨਤੀਜੇ 'ਤੇ ਪਹੁੰਚੀਏ। ਅਸੀਂ 2017 'ਚ ਇਕ ਵਾਰ ਫਿਰ ਕਸਾਈਆਂ ਮੂਹਰੇ ਗਰਦਨਾਂ ਸੁੱਟ ਸ਼ਿਕਾਰ ਬਣਨਾ ਹੈ ਜਾਂ ਸ਼ੇਰ ਵਾਂਗੂੰ ਪੰਜਾਬ 'ਤੇ ਰਾਜ ਕਰਨਾ ਹੈ, ਫ਼ੈਸਲਾ ਤੁਹਾਡੇ ਹੱਥ ਹੈ। 
- ਅਜੇ ਕੁਮਾਰ
'ਆਪਣੀ ਮਿੱਟੀ' 65 ਬਸਤੀ ਨੌ, ਜਲੰਧਰ
facebook : apnimittinewspaper

Monday 16 November 2015

ਅੰਬੇਡਕਰੀ ਸੋਚ ਸਮੇਂ ਦੀ ਜ਼ਰੂਰਤ

ਦੇਸ਼ ਇਸ ਸਮੇਂ ਬੜੇ ਨਾਜ਼ੁਕ ਦੌਰ 'ਚੋਂ ਗੁਜ਼ਰ ਰਿਹਾ ਹੈ। ਅਮੀਰੀ-ਗਰੀਬੀ ਦਾ ਪਾੜਾ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਮਨੁੱਖ ਦੀਆਂ ਕਦਰਾਂ-ਕੀਮਤਾਂ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਰਹੀ। ਧਰਮ ਦੇ ਨਾਂ 'ਤੇ ਦੰਗੇ, ਜਾਤ ਦੇ ਨਾਂ 'ਤੇ ਦੰਗੇ, ਚੋਣਾਂ 'ਚ ਜਿੱਤ ਪ੍ਰਾਪਤ ਕਰਨ ਲਈ ਦੰਗੇ ਕਰਨੇ-ਕਰਾਉਣੇ ਭਾਰਤ ਵਿੱਚ ਆਮ ਜਿਹੀ ਗੱਲ ਹੈ। ਕਹਿਣ ਦਾ ਭਾਵ ਇਹ ਹੈ ਕਿ ਚੰਦ ਪਰਿਵਾਰਾਂ ਨੂੰ ਜਾਂ ਚੰਦ ਹਸਤੀਆਂ ਨੂੰ ਛੱਡ ਦਈਏ ਤਾਂ ਬਾਕੀ ਹਰ ਭਾਰਤੀ ਅਸੁਰੱਖਿਅਤ ਹੈ ਅਤੇ ਉਹ ਡਰ ਦੇ ਮਾਹੌਲ ਵਿੱਚ ਜੀ ਰਿਹਾ ਹੈ। ਇਸ ਦਾ ਮੁੱਖ ਕਾਰਣ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਕਾਨੂੰਨ ਦੇ ਮੁਤਾਬਕ ਚੱਲਣ ਦੀ ਬਜਾਏ ਦੇਸ਼ ਨੂੰ ਆਪਣੇ ੰਸੰਪ੍ਰਦਾਇ, ਆਪਣੇ ਧਰਮ ਮੁਤਾਬਕ ਚਲਾਉਣ ਦੀ ਕੋਸ਼ਿਸ਼ ਕੀਤੀ। ਸਰਕਾਰਾਂ ਨੇ ਦੇਸ਼ ਨੂੰ ਆਪਣੇ ਹਿੱਤ, ਆਪਣੇ ਪਰਿਵਾਰ ਦੇ ਹਿੱਤ ਅਤੇ ਆਪਣੇ ਚੇਲੇ-ਚਪਾਟਿਆਂ ਦੇ ਸਵਾਰਥ ਹਿੱਤ ਨੀਤੀਆਂ ਤਿਆਰ ਕਰਕੇ ਭਾਰਤੀ ਸੰਵਿਧਾਨ ਦੀ ਖਾਸੀਅਤ 'ਅਨੇਕਤਾ 'ਚ ਏਕਤਾ' ਨੂੰ ਪੂਰੀ ਤਰ੍ਹਾਂ ਨਸ਼ਟ ਕਰਨ ਦੇ ਪੂਰੇ ਯਤਨ ਕੀਤੇ । ਨਤੀਜੇ ਵਜੋਂ ਇਸ ਸਮੇਂ ਭਾਰਤ ਅੱਜ ਦੇ ਵਿਗਿਆਨਕ ਯੁੱਗ ਵਿੱਚ ਵਿਗਿਆਨਕ ਸੋਚ ਨੂੰ ਅਪਣਾ ਕੇ ਅੱਗੇ ਵਧਣ ਦੀ ਬਜਾਏ ਰੂੜ੍ਹੀਵਾਦੀ ਸੋਚ ਨੂੰ ਲੈ ਕੇ ਤੇਜ਼ੀ ਨਾਲ ਉਸ ਹਨ੍ਹੇਰੀ ਗੁਫਾ ਵੱਲ ਜਾ ਰਿਹਾ ਹੈ ਜਿਸ ਵਿੱਚ ਰੌਸ਼ਨੀ ਦੀ ਕਿਰਣ ਪੁੱਜਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਜੇ ਗਹੁ ਨਾਲ ਭਾਰਤ ਦੇ ਲੋਕਾਂ ਦੇ ਹਾਲਾਤ 'ਤੇ ਝਾਤ ਮਾਰੀਏ ਤਾਂ ਭਾਰਤ ਦੀ ਸੱਚੀ ਤਸਵੀਰ ਸਾਡੇ ਸਾਹਮਣੇ ਆਵੇਗੀ, ਜਿਸ ਵਿੱਚ ਅਸੀਂ ਦੇਖ ਸਕਦੇ ਹਾਂ ਕਿ 60 ਕਰੋੜ ਲੋਕ ਅੱਜ ਵੀ ਰਾਤੀਂ ਭੁੱਖੇ ਸੌਣ ਨੂੰ ਮਜਬੂਰ ਹਨ। 70 ਕਰੋੜ ਲੋਕਾਂ ਕੋਲ ਆਪਣਾ ਘਰ-ਘਾਟ ਨਹੀਂ ਹੈ। ਦੂਜੇ ਪਾਸੇ ਧਾਰਮਿਕ ਸਥਾਨਾਂ ਵਿੱਚ 10 ਲੱਖ ਕਰੋੜ ਤੋਂ ਜ਼ਿਆਦਾ ਦਾ ਸੋਨਾ ਅਤੇ ਹੋਰ ਕਈ ਰੂਪਾਂ ਵਿੱਚ ਖਜ਼ਾਨਾ ਪਿਆ ਹੈ। ਸੱਚ ਤਾਂ ਇਹ ਹੈ ਕਿ ਜੇਕਰ ਸਮਾਂ ਰਹਿੰਦੇ ਦੇਸ਼ ਦੀ ਸਮੂਹਿਕ ਲੀਡਰਸ਼ਿਪ ਕਹਿਣ ਦਾ ਭਾਵ ਧਾਰਮਿਕ, ਸਮਾਜਿਕ ਤੇ ਖਾਸ ਕਰਕੇ ਰਾਜਨੀਤਿਕ ਲੀਡਰਸ਼ਿਪ ਨੇ ਅੰਬੇਡਕਰੀ ਸੋਚ ਨਾ ਅਪਣਾਈ ਤਾਂ ਕਿਸੇ ਵਿਦੇਸ਼ੀ ਨੂੰ ਭਾਰਤ ਵਿੱਚ ਆ ਕੇ ਭਾਰਤ ਨੂੰ ਗੁਲਾਮ ਬਣਾਉਣ ਦੀ ਲੋੜ ਨਹੀਂ, ਉਹ ਆਪਣੇ ਮੁਲਕ ਵਿੱਚ ਬੈਠ ਕੇ ਹੀ ਬੜੇ ਅਰਾਮ ਨਾਲ ਭਾਰਤ ਨੂੰ ਗੁਲਾਮ ਬਣਾ ਸਕਦਾ ਹੈ ਅਤੇ ਆਪਣੀਆਂ ਨੀਤੀਆਂ ਮੁਤਾਬਕ ਚਲਾ ਸਕਦਾ ਹੈ। ਵੈਸੇ ਇਸ ਸਮੇਂ ਵੀ ਭਾਰਤ ਨੂੰ ਚਲਾਉਣ ਵਿੱਚ ਵਿਦੇਸ਼ੀ ਤਾਕਤਾਂ ਦਾ ਹੀ ਮੁੱਖ ਹੱਥ ਹੈ। ਵਿਦੇਸ਼ਾਂ ਤੋਂ ਭਾਰਤ ਨੇ ਇੰਨਾ ਕਰਜ਼ਾ ਚੁੱਕਿਆ ਹੋਇਆ ਹੈ ਕਿ ਵਾਪਸ ਮੋੜਨਾ ਤਾਂ ਇਕ ਪਾਸੇ ਵਿਆਜ਼ ਦੇਣਾ ਵੀ ਔਖਾ ਹੋਇਆ ਹੈ। ਇਹੋ ਹਾਲ ਕੇਂਦਰ ਤੋਂ ਕਰਜ਼ਾ ਚੁੱਕ ਕੇ ਦੇਸ਼ ਦੇ ਸਾਰੇ ਪ੍ਰਾਂਤਾਂ ਦਾ ਹੋਇਆ ਹੈ। ਇੱਥੇ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਦੇਸ਼ ਨੂੰ ਚਲਾਉਣ ਬਾਰੇ ਅੰਬੇਡਕਰ ਦੀ ਸੋਚ ਕੀ ਆਖਦੀ ਹੈ। ਇਸ ਲਈ ਇਸ ਦੀ ਪੂਰੀ ਈਮਾਨਦਾਰੀ ਨਾਲ ਘੋਖ ਕਰਨ ਦੀ ਲੋੜ ਹੈ ਅਤੇ ਇਸ ਨੂੰ ਜਲਦੀ ਹੀ ਲਾਗੂ ਕਰਨ ਦੀ ਵੀ ਲੋੜ ਹੈ। ਨਹੀਂ ਤਾਂ ਦੇਸ਼ ਨੂੰ ਖੋਰਾ ਲਾ ਕੇ ਆਪਣੀਆਂ ਸੰਪਤੀਆਂ ਅਤੇ ਜ਼ਿਆਦਾ ਤੋਂ ਜ਼ਿਆਦਾ ਧਨ-ਦੌਲਤ ਇਕੱਠੇ ਕਰਨ ਵਾਲੇ ਲੋਕ ਇਹ ਗੱਲ ਕਦੇ ਨਾ ਭੁੱਲਣ ਕਿ ਜੇ ਦੇਸ਼ ਹੀ ਡੁੱਬ ਗਿਆ ਤਾਂ ਉਹ ਕਿਵੇਂ ਬਚ ਸਕਦੇ ਹਨ। ਅੰਬੇਡਕਰੀ ਸੋਚ ਦੇਸ਼ ਨੂੰ ਚਲਾਉਣ ਦੇ ਮਾਮਲੇ ਵਿੱਚ ਸਪੱਸ਼ਟ ਰੂਪ ਵਿੱਚ ਸਭ ਤੋਂ ਪਹਿਲਾਂ ਲੋਕਤੰਤਰ ਨੂੰ ਮਜ਼ਬੂਤ ਰੱਖਣ ਦੇ ਯਤਨਾਂ ਨੂੰ ਸਪੱਸ਼ਟ ਅਤੇ ਮਜ਼ਬੂਤ ਚਾਹੁੰਦੀ ਹੈ। ਅੰਬੇਡਕਰੀ ਸੋਚ ਲਾਗੂ ਕਰਨ ਲਈ ਸਾਨੂੰ ਸੰਵਿਧਾਨ ਨੂੰ ਪੂਰੀ ਈਮਾਨਦਾਰੀ ਨਾਲ ਲਾਗੂ ਕਰਨਾ ਪਵੇਗਾ। ਅੰਬੇਡਕਰੀ ਸੋਚ ਕਦੇ ਵੀ ਲੋਕਤੰਤਰ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਚਾਹੁੰਦੀ। ਅੰਬੇਡਕਰੀ ਸੋਚ ਤੋਂ ਭਾਵ ਹੈ ਕਿਸੇ ਵੀ ਵਿਅਕਤੀ ਨੂੰ ਆਪਣਾ ਅਤੇ ਦੂਸਰਿਆਂ ਦਾ ਸਮਾਂ ਖਰਾਬ ਨਹੀਂ ਕਰਨਾ ਚਾਹੀਦਾ, ਅੰਬੇਡਕਰੀ ਸੋਚ ਰਾਸ਼ਟਰ ਦੀ ਭਾਸ਼ਾ,  ਰਾਸ਼ਟਰ ਦੇ ਝੰਡੇ ਅਤੇ ਰਾਸ਼ਟਰ ਵਿੱਚ ਰਹਿ ਰਹੇ ਹਰ ਮਨੁੱਖ ਦੀਆਂ ਮੁਢਲੀਆਂ ਜ਼ਰੂਰਤਾਂ ਰੋਟੀ, ਕੱਪੜਾ ਮਕਾਨ, ਸਿਹਤ, ਸਿੱਖਿਆ ਅਤੇ ਜੌਬ ਦੀ ਸੁਰੱਖਿਆ ਦੇ ਨਾਲ-ਨਾਲ ਹਰ ਮਨੁੱਖ ਦੀ ਤਰੱਕੀ ਦੇ ਬਰਾਬਰ ਦੇ ਮੌਕੇ ਚਾਹੁੰਦੀ ਹੈ। ਅੰਬੇਡਕਰੀ ਸੋਚ ਇਹ ਵੀ ਗੱਲ ਸਪੱਸ਼ਟ ਕਰਦੀ ਹੈ ਕਿ ਦੇਸ਼ ਦਾ ਧਰਮ ਸਾਰੇ ਧਰਮਾਂ ਤੋਂ ਉੱਪਰ ਹੈ। ਅੰਬੇਡਕਰੀ ਸੋਚ ਇਹ ਵੀ ਆਖਦੀ ਹੈ ਕਿ ਧਰਮ ਮਨੁੱਖ ਲਈ ਹੈ ਮਨੁੱਖ ਧਰਮ ਲਈ ਨਹੀਂ ਹੈ। ਇਸ ਲਈ ਸਾਨੂੰ ਅੰਧ-ਵਿਸ਼ਵਾਸ, ਪਾਖੰਡ, ਵਹਿਮਾਂ-ਭਰਮਾਂ ਅਤੇ ਰੂੜ੍ਹੀਵਾਦੀ ਵਿਚਾਰਾਂ ਨੂੰ ਛੱਡ ਕੇ ਸਖਤ ਮਿਹਨਤ ਕਰਨੀ ਪਵੇਗੀ। ਹੁਣ ਸਮੇਂ ਦੀ ਮੰਗ ਹੈ ਕਿ ਅੰਬੇਡਕਰੀ ਸੋਚ ਨੂੰ ਛੇਤੀ ਲਾਗੂ ਕੀਤਾ ਜਾਵੇ ਤਾਂ ਜੋ ਇਸ ਤੋਂ ਪਹਿਲਾਂ ਕਿ ਸਮਾਂ ਤੈਅ ਕਰੇ ਉਸ ਨੇ ਸਾਡਾ ਕੀ ਕਰਨਾ ਹੈ, ਅਸੀਂ ਤੈਅ ਕਰ ਦਈਏ ਕਿ ਦੇਸ਼ ਨੂੰ ਅਤੇ ਦੇਸ਼ ਦੇ ਲੋਕਾਂ ਨੂੰ ਕਿਵੇਂ ਤੇਜ਼ੀ ਨਾਲ ਤਰੱਕੀ ਵੱਲ ਤੋਰਨਾ ਹੈ। 
                                                                                                                                 - ਅਜੇ ਕੁਮਾਰ

Tuesday 10 November 2015

ਸੋਚ ਦਾ ਦੀਵਾਲਾ

ਭਾਰਤ ਵਿੱਚ ਕਈ ਜਾਤੀਆਂ, ਅਨੇਕਾਂ ਉੱਪ ਜਾਤੀਆਂ ਅਤੇ ਵੱਖ-ਵੱਖ ਧਰਮਾਂ ਨਾਲ ਸਬੰਧਿਤ ਲੋਕ ਰਹਿੰਦੇ ਹਨ। ਇੱਥੇ ਅਨੇਕਾਂ ਦਿਨ-ਤਿਓਹਾਰ ਅਲੱਗ-ਅਲੱਗ ਤਰੀਕੇ ਨਾਲ ਆਪਣੇ-ਆਪਣੇ ਧਰਮ ਨਾਲ ਜੋੜ ਕੇ ਮਨਾਏ ਜਾਂਦੇ ਹਨ। ਮੈਨੂੰ ਇੰਝ ਲੱਗਦਾ ਹੈ ਕਿ ਦੀਵਾਲੀ ਇਕ ਅਜਿਹਾ ਤਿਓਹਾਰ ਹੈ, ਜਿਸ ਨੂੰ ਭਾਰਤ ਦੇ ਸਭ ਤੋਂ ਵੱਧ ਲੋਕ ਮਨਾਉਂਦੇ ਹਨ। ਦੀਵਾਲੀ ਵਾਲੇ ਦਿਨ ਸਾਰਿਆਂ ਦਾ ਪੂਜਾ-ਪਾਠ ਅਤੇ ਦੀਵਾਲੀ ਨੂੰ ਮਨਾਉਣ ਦਾ ਤਰੀਕਾ ਅਲੱਗ-ਅਲੱਗ ਹੈ ਪਰ ਇਨ੍ਹਾਂ ਤਿਓਹਾਰਾਂ ਵਿੱਚ ਗੰਦਗੀ ਫੈਲਾਉਣ ਲਈ ਪਟਾਕੇ ਤਕਰੀਬਨ ਸਾਰੇ ਧਰਮਾਂ ਦੇ ਲੋਕ ਸੋਚੇ-ਸਮਝੇ ਬਗੈਰ ਹੀ ਚਲਾਉਂਦੇ ਹਨ ਅਤੇ ਇਸ ਨਾਲ ਹੋਣ ਵਾਲੇ ਨੁਕਸਾਨ ਦਾ ਬਿਲਕੁਲ ਫ਼ਿਕਰ ਨਹੀਂ ਕਰਦੇ ਅਤੇ ਨਾ ਹੀ ਇਸ ਗੱਲ ਦਾ ਤਸੱਲੀਬਖਸ਼ ਜਵਾਬ ਦੇ ਪਾਉਂਦੇ ਹਨ ਕਿ ਇਹ ਕਿਸ ਜਗ੍ਹਾ 'ਤੇ ਲਿਖਿਆ ਹੈ ਜਾਂ ਕਿਸ ਗੁਰੂ ਨੇ ਕਿਹਾ ਕਿ ਦੀਵਾਲੀ 'ਤੇ ਪਟਾਕੇ ਚਲਾ ਕੇ ਰੱਜ ਕੇ ਪ੍ਰਦੂਸ਼ਣ ਫੈਲਾਓ। ਆਪਣੇ ਧਰਮ ਨੂੰ ਮੰਨਣਾ ਜਾਂ ਆਪਣੇ ਢੰਗ ਨਾਲ ਕਿਸੇ ਵੀ ਤਿਓਹਾਰ ਨੂੰ ਮਨਾਉਣਾ ਕੋਈ ਜੁਰਮ ਨਹੀਂ ਹੈ। ਆਪਣੇ-ਆਪਣੇ ਢੰਗ ਨਾਲ, ਆਪਣੇ-ਆਪਣੇ ਰੀਤੀ-ਰਿਵਾਜ਼ ਕਰਨ ਦੀ ਇਜਾਜ਼ਤ ਭਾਰਤ ਦਾ ਸੰਵਿਧਾਨ ਦਿੰਦਾ ਹੈ ਪਰ ਨਾਲ ਹੀ ਇਸ ਗੱਲ ਲਈ ਮਨ੍ਹਾ ਵੀ ਕਰਦਾ ਹੈ ਕਿ ਤੁਹਾਡੇ ਵੱਲੋਂ ਮਨਾਏ ਗਏ ਆਪਣੇ ਰੀਤੀ-ਰਿਵਾਜ਼ ਦੇ ਕਾਰਣ ਕਿਸੇ ਦੂਸਰੇ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਪਰ ਫਿਰ ਵੀ ਇਹ ਗੱਲ ਮੇਰੀ ਸਮਝ ਤੋਂ ਪਰ੍ਹੇ ਹੈ ਕਿ ਦੀਵਾਲੀ ਦੇ ਦਿਨਾਂ ਵਿੱਚ ਤੇ ਖ਼ਾਸ ਕਰਕੇ ਦੀਵਾਲੀ 'ਤੇ ਚਲਾਏ ਜਾਣ ਵਾਲੇ ਪਟਾਕਿਆਂ ਕਰਕੇ ਦੇਸ਼ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਇਹ ਇਸ ਸਮੇਂ ਦੇਸ਼ ਲਈ ਬਹੁਤ ਭਿਆਨਕ ਸਿਰਦਰਦੀ ਬਣ ਚੁੱਕੀ ਹੈ ਪਰ ਫਿਰ ਵੀ ਸਰਕਾਰ ਕੋਈ ਗੰਭੀਰ ਕਦਮ ਨਹੀਂ ਚੁੱਕ ਰਹੀ। ਮੈਂ ਪਾਠਕਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਇਕ ਸਰਵੇਖਣ ਮੁਤਾਬਿਕ ਪਟਾਕਿਆਂ ਦੇ ਚਲਾਏ ਜਾਣ ਕਰਕੇ ਖਾਸ ਕਰਕੇ ਦੀਵਾਲੀ ਵਾਲੇ ਦਿਨ ਚਲਾਏ ਜਾਣ ਵਾਲੇ ਪਟਾਕਿਆਂ ਦੇ ਕਾਰਨ 5 ਹਜ਼ਾਰ ਤੋਂ ਜ਼ਿਆਦਾ ਹਾਦਸੇ ਹੁੰਦੇ ਹਨ। ਇਨ੍ਹਾਂ ਪਟਾਕਿਆਂ ਦੇ ਚਲਾਉਣ ਕਾਰਣ ਏਨੀ ਦਹਿਸ਼ਤ ਫੈਲਦੀ ਹੈ ਕਿ ਜਾਨਵਰ ਵੀ ਦੂਰ-ਦੁਰਾਡੇ ਲੁਕ-ਛਿਪ ਜਾਂਦੇ ਹਨ। ਰੋਗੀਆਂ ਦਾ ਬਹੁਤ ਮਾੜਾ ਹਾਲ ਹੁੰਦਾ ਹੈ। ਬਜ਼ੁਰਗਾਂ ਦਾ ਬੱਚਿਆਂ ਦਾ ਸਾਹ ਲੈਣਾ ਔਖਾ ਹੋ ਜਾਂਦਾ ਹੈ। ਚੰਗਾ-ਭਲਾ ਆਦਮੀ ਪ੍ਰਦੂਸ਼ਣ ਕਰਕੇ ਡਿੱਗਣ ਨੂੰ ਫਿਰਦਾ ਹੈ। ਮੈਨੂੰ ਲੱਗਦਾ ਹੈ ਕਿ ਇਸ ਸਮੱਸਿਆ ਬਾਰੇ ਅਗਰ ਅਸੀਂ ਥੋੜ੍ਹਾ ਜਿਹਾ ਧਿਆਨ ਨਾਲ ਕੰਮ ਕਰੀਏ ਤਾਂ ਦੀਵਾਲੀ 'ਤੇ ਚਲਾਏ ਜਾਣ ਵਾਲੇ ਪਟਾਕਿਆਂ ਦੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਇਕ ਸਰਵੇਖਣ ਮੁਤਾਬਿਕ ਇਨ੍ਹਾਂ ਦਿਨਾਂ ਵਿੱਚ ਚਲਾਏ ਜਾਣ ਵਾਲੇ ਪਟਾਕਿਆਂ ਕਰਕੇ 30 ਹਜ਼ਾਰ ਕਰੋੜ ਰੁਪਏ ਦਾ ਮਾਲੀ ਨੁਕਸਾਨ ਦੇਸ਼ ਦੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਪਰ ਫਿਰ ਵੀ ਅਸੀਂ ਸਾਰੇ ਇਸ ਸਮੱਸਿਆ ਤੋਂ ਅਣਜਾਣ ਜਿਹੇ ਹੋ ਕੇ ਇਸ ਕਰਕੇ ਚੁਪ ਬੈਠੇ ਹਾਂ ਕਿ ਇਹ ਇਕ ਧਾਰਮਿਕ ਮਾਮਲਾ ਹੈ। ਮੇਰੇ ਖਿਆਲ ਮੁਤਾਬਿਕ ਇਨ੍ਹਾਂ ਪਟਾਕਿਆਂ ਦੇ ਚਲਾਉਣ ਦਾ ਸਬੰਧ ਕਿਸੇ ਧਰਮ ਜਾਂ ਰੀਤੀ-ਰਿਵਾਜ਼ ਨਾਲ ਨਹੀਂ, ਬਲਕਿ ਇਨ੍ਹਾਂ ਦਾ ਚਲਾਇਆ ਜਾਣਾ ਮੂਰਖਤਾ ਤੋਂ ਇਲਾਵਾ ਕੁਝ ਨਹੀਂ। ਕਦੇ ਵੀ ਪਟਾਕੇ ਨਾ ਚਲਾਉਣਾ ਸਾਡਾ ਧਰਮ ਹੋਣਾ ਚਾਹੀਦਾ ਹੈ ਤੇ ਦੂਸਰਿਆਂ ਨੂੰ ਇਸ ਤੋਂ ਰੋਕਣਾ ਸਾਡਾ ਫ਼ਰਜ਼ ਹੋਣਾ ਚਾਹੀਦਾ ਹੈ। ਕਿਉਂਕਿ ਪਟਾਕੇ ਚਲਾਉਣ ਦਾ ਮਤਲਬ ਹੈ ਕਿ ਤੁਹਾਡੀ ਸੋਚ ਦਾ ਦੀਵਾਲਾ ਨਿਕਲਿਆ ਹੋਇਆ ਹੈ। ਇਸ ਤੋਂ ਪਹਿਲਾਂ ਕਿ ਤੁਹਾਡੀ ਸੋਚ ਦੇ ਦੀਵਾਲੇ ਕਰਕੇ ਕਿਸੇ ਦਿਨ ਪੂਰਾ ਦੇਸ਼ ਹੀ ਇਨ੍ਹਾਂ ਪਟਾਕਿਆਂ ਕਾਰਣ ਅੱਗ 'ਚ ਝੁਲਸ ਜਾਵੇ, ਸਮਾਂ ਰਹਿੰਦਿਆਂ ਇਸ ਗਲਤ ਰਿਵਾਜ਼ ਨੂੰ ਬੰਦ ਕਰਨਾ ਬਹੁਤ ਜ਼ਰੂਰੀ ਹੈ। ਆਓ ਆਪਾਂ ਸਾਰੇ ਮਿਲ ਕੇ ਪਟਾਕੇ ਚਲਾਉਣ ਵਾਲਿਆਂ ਨੂੰ ਸਮਝਾਈਏ ਤਾਂ ਜੋ ਭਾਰਤ ਖੂਬਸੂਰਤ ਅਤੇ ਸਵੱਛ ਰਹਿ ਸਕੇ।                           - ਅਜੇ ਕੁਮਾਰ

Monday 2 November 2015

ਆਓ ਸਾਂਝ ਪਾਈਏ -ਮੇਰੇ ਅਨੁਭਵ ਅਤੇ ਮੇਰੇ ਨਾਲ ਵਾਪਰੀਆਂ ਕੁਝ ਚੋਣਵੀਆਂ ਘਟਨਾਵਾਂ


ਬਹੁਤ ਸਾਰੇ ਵਿਦਵਾਨ ਆਖਦੇ ਹਨ ਕਿ ਮੰਜ਼ਿਲ 'ਤੇ ਪੁੱਜਣ ਲਈ ਮਜ਼ਬੂਤ ਇੱਛਾ ਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਹੈ। ਇੱਛਾ ਸ਼ਕਤੀ ਨੂੰ ਕਾਇਮ ਰੱਖਣ ਲਈ ਨੀਯਤ, ਨੀਤੀ ਅਤੇ ਨਿਯਮ ਦੀ ਵੀ ਲੋੜ ਹੁੰਦੀ ਹੈ ਤਾਂ ਜੋ ਤੈਅ ਮੰਜ਼ਿਲ ਨੂੰ ਪ੍ਰਾਪਤ ਕੀਤਾ ਜਾ ਸਕੇ। ਤੁਹਾਡੇ ਲੋਕਾਂ ਦੇ ਸਹਿਯੋਗ ਸਦਕਾ ਮੈਂ ਜੀਵਨ ਮੌਤ ਦੇ ਸੰਘਰਸ਼ ਨੂੰ ਜਿੱਤ ਕੇ ਪੂਰੀ ਤਰ੍ਹਾਂ ਸਵਸਥ ਜੀਵਨ ਜੀਅ ਰਿਹਾ ਹਾਂ। ਠੀਕ ਹੈ ਕਿ ਕੁਝ ਦਿਨਾਂ ਦੀ ਬੀਮਾਰੀ ਨੇ ਸਾਡੇ ਸੰਘਰਸ਼ ਨੂੰ ਥੋੜ੍ਹਾ ਪਿੱਛੇ ਪਾ ਦਿੱਤਾ। ਪਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਬੀਮਾਰੀ ਕਾਰਨ ਖਰਾਬ ਹੋਏ ਵਕਤ ਦੀ ਭਰਪਾਈ ਆਪਣੀ ਸਖ਼ਤ ਮਿਹਨਤ ਅਤੇ ਤੁਹਾਡੇ ਸਾਥ ਦੇ ਨਾਲ ਜ਼ਰੂਰ ਜਲਦੀ ਹੀ ਪੂਰੀ ਕਰ ਲਵਾਂਗਾ। ਸਾਡੇ ਸਾਹਮਣੇ ਸੰਘਰਸ਼ ਦੀ ਕਠੋਰ ਅਤੇ ਲੰਬੀ ਰਾਹ ਹੈ, ਜਿਸ ਦੀਆਂ ਲਕੀਰਾਂ ਬਾਬਾ ਸਾਹਿਬ ਅੰਬੇਡਕਰ ਨੇ ਖਿੱਚ ਦਿੱਤੀਆਂ ਸਨ। ਉਸ ਮੰਜ਼ਿਲ ਨੂੰ ਪ੍ਰਾਪਤ ਕਰਨਾ ਹੀ ਸਾਡੇ ਜੀਵਨ ਦਾ ਇਕਮਾਤਰ ਮਕਸਦ ਹੈ। ਪਿਛਲੇ ਦਿਨੀਂ ਇਕ ਬਹੁਤ ਬਜ਼ੁਰਗ ਸਿਆਣੇ ਬੁੱਧੀਜੀਵੀ ਨਾਲ ਮੇਰਾ ਮੇਲ ਹੋਇਆ। ਗਹਿਰੀਆਂ ਗੱਲਾਂ ਚੱਲਦੇ ਉਨ੍ਹਾਂ ਨੇ ਕਿਹਾ ਕਾਕਾ ਤੇਰੀ ਉਮਰ ਤਾਂ ਘੱਟ ਲਗਦੀ ਹੈ ਪਰ ਗੱਲਾਂ ਤੋਂ ਲੱਗਦਾ ਹੈ ਕਿ ਤੈਨੂੰ ਬਹੁਤ ਤਜ਼ਰਬਾ ਹੈ। ਮੇਰਾ ਸਬੱਬੀ ਜਵਾਬ ਸੀ ਉਮਰ ਚਾਹੇ ਮੇਰੀ ਘੱਟ ਹੈ ਪਰ ਤਜ਼ਰਬਾ ਮੈਨੂੰ 80 ਸਾਲ ਦਾ ਹੈ। ਉਹ ਹੈਰਾਨੀ ਨਾਲ ਮੇਰਾ ਮੂੰੰਹ ਤੱਕਣ ਲੱਗ ਗਏ, ਮੈਂ ਕਿਹਾ ਕਿ ਹੈਰਾਨ ਹੋਣ ਦੀ ਕੋਈ ਗੱਲ ਨਹੀਂ, 30 ਸਾਲ ਦਾ ਅੁਨੁਭਵ  ਮੇਰੇ ਜੀਵਨ ਦਾ ਹੈ ਤੇ 50 ਸਾਲ ਦਾ ਮੇਰੇ ਪਿਤਾ ਜੀ ਦੇ ਜੀਵਨ ਦਾ ਹੈ ਜੋ ਮੇਰੇ ਨਾਲ ਹੈ। ਜਿਸ ਸਦਕਾ ਜੀਵਨ ਸੰਘਰਸ਼ ਦੇ ਵਿੱਚ ਮੈਂ ਬਾਕੀਆਂ ਨਾਲੋਂ ਦੋ ਕਦਮ ਅੱਗੇ ਨਿਕਲ ਜਾਂਦਾ ਹਾਂ। ਉਸ ਤੋਂ ਬਾਅਦ ਗੱਲਾਂ ਦਾ ਸਿਲਸਿਲਾ ਮੇਰੇ ਪਿਤਾ ਜੀ ਦੇ ਜੀਵਨ ਵਿੱਚ ਤਬਦੀਲ ਹੋ ਗਿਆ। ਮੇਰੇ ਪਿਤਾ ਸਵ. ਰਾਮਧਨ ਸਖ਼ਤ ਪਿਤਾ ਹੀ ਨਹੀਂ ਬਲਕਿ ਗਿਆਨ ਦੇਣ ਵਾਲੇ ਗੁਰੂ, ਸਾਥ ਦੇਣ ਵਾਲੇ ਭਰਾ, ਹੌਸਲਾ ਦੇਣ ਵਾਲੇ ਦੋਸਤ ਵੀ ਸਨ। ਜਦੋਂ ਮੈਂ ਆਪਣੇ ਪਿਤਾ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਕਰਮਾਂ 'ਤੇ ਕਿਤਾਬ ਲਿਖਣ ਦਾ ਮਨ ਬਣਾਇਆ, ਜਦੋਂ ਮੈਂ ਉਨ੍ਹਾਂ ਦੇ ਜੀਵਨ ਬਾਰੇ ਪੂਰੀ ਘੋਖ ਕਰਨੀ ਸ਼ੁਰੂ ਕੀਤੀ ਤਾਂ ਮੈਨੂੰ ਅਜਿਹਾ ਲੱਗਿਆ ਕਿ ਮੇਰੇ ਪਿਤਾ ਜੀ ਜਿਸ ਵੀ ਕੰਮ ਨੂੰ ਕਰਨਾ ਚਾਹੁੰਦੇ ਸਨ, ਉਸ ਕੰਮ ਨੂੰ ਕਰਨ ਲਈ ਉਨ੍ਹਾਂ ਦੀ ਇੱਛਾ ਸ਼ਕਤੀ ਬਹੁਤ ਤਕੜੀ ਹੁੰਦੀ ਸੀ ਅਤੇ ਉਸ ਇੱਛਾ ਸ਼ਕਤੀ ਨੂੰ ਤਕੜਾ ਕਰਨ ਲਈ ਨੀਯਤ, ਨੀਤੀ ਅਤੇ ਨਿਯਮ ਲਾਜਵਾਬ ਹੁੰਦੇ ਸਨ। ਤਾਹੀਓਂ ਤਾਂ 15 ਸਾਲ ਦਾ ਬੱਚਾ ਆਪਣੇ ਬਿਮਾਰ ਪਿਤਾ ਅਤੇ ਸਵਾ ਸਾਲ ਦੇ ਆਪਣੇ ਭਰਾ ਨਾਲ ਸਿਆਲਕੋਟ (ਪਾਕਿਸਤਾਨ) ਤੋਂ ਜਲੰਧਰ ਆ ਕੇ ਰੇਲਵੇ ਸਟੇਸ਼ਨ 'ਤੇ ਕੁਝ ਦਿਨ ਬੂਟ ਪਾਲਿਸ਼ ਕਰਕੇ ਨਾ ਸਿਰਫ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ। ਬਲਕਿ 1962 ਵਿੱਚ ਉਹ ਖੇਡਾਂ ਦਾ ਸਮਾਨ ਬਣਾਉਣ ਵਾਲੀ ਆਪਣੀ ਆਰ. ਡੀ. ਸਪੋਰਟਸ ਕੰਪਨੀ ਖੋਲ੍ਹਦਾ ਹੈ ਅਤੇ ਲੈਦਰ ਸਪੋਰਟਸ ਗੁਡ ਮੈਨੂਫੈਕਚਰਿੰਗ ਐਸੋਸੀਏਸ਼ਨ ਦਾ ਪ੍ਰਧਾਨ ਬਣ ਕੇ ਆਪਣੇ ਮਜ਼ਦੂਰ ਸਾਥੀਆਂ ਨੂੰ ਕੰਮ ਖੋਲ੍ਹਣ ਲਈ ਪ੍ਰੇਰਿਤ ਵੀ ਕਰਦਾ ਹੈ ਤੇ ਉਨ੍ਹਾਂ ਦੀ ਮਦਦ ਵੀ ਕਰਦਾ ਹੈ। ਉਨ੍ਹਾਂ ਨੇ ਆਪਣੇ ਜੀਵਨ ਵਿੱਚ 32 ਮਜ਼ਦੂਰਾਂ ਨੂੰ ਦੁਕਾਨਦਾਰ ਬਣਾਇਆ, ਜਿਨ੍ਹਾਂ ਦਾ ਨਾਂ ਇਸ ਸਮੇਂ ਠੀਕ-ਠਾਕ, ਇੱਜ਼ਤਦਾਰ ਸ਼ਖਸੀਅਤਾਂ ਵਿੱਚ ਵੀ ਆਉਂਦਾ ਹੈ, ਏਨਾ ਹੀ ਨਹੀਂ ਇਸ ਤੋਂ ਇਲਾਵਾ ਉਨ੍ਹਾਂ ਨੇ ਸਮਾਜ ਦੀਆਂ ਬੁਰਾਈਆਂ ਖਿਲਾਫ਼ ਡਟ ਕੇ ਆਹਢਾ ਵੀ ਲਾਇਆ ਤੇ ਕਾਮਯਾਬੀ ਵੀ ਹਾਸਿਲ ਕੀਤੀ। ਅੱਜ ਮੈਨੂੰ ਉਨ੍ਹਾਂ ਦੇ ਨਾਮ 'ਤੇ ਫ਼ਖਰ ਹੈ। ਇਸੇ ਤਰ੍ਹਾਂ ਹੀ ਮੇਰਾ ਇਕ ਅਨੁਭਵ ਮੇਰੀ ਦਾਦੀ ਸਵ. ਸ਼੍ਰੀਮਤੀ ਧਰਮੋ ਦੇਵੀ ਜੀ ਨਾਲ ਹੈ। ਮੈਂ ਕਦੇ ਉਨ੍ਹਾਂ ਨੂੰ ਪੂਜਾ-ਪਾਠ ਕਰਦੇ ਜਾਂ ਕਿਸੇ ਮੰਦਿਰ ਵਿੱਚ ਮੱਥਾ ਟੇਕਦੇ ਨਹੀਂ ਦੇਖਿਆ, ਉਨ੍ਹਾਂ ਦੀਆਂ ਕੁਝ ਖੂਬੀਆਂ ਬੜੀਆਂ ਬਾ-ਕਮਾਲ ਸਨ। ਉਹ ਸਖ਼ਤ ਸੁਭਾਅ ਹੋਣ ਦੇ ਬਾਵਜੂਦ ਕਦੇ ਕਿਸੇ ਨੂੰ ਬੱਦਦੁਆ ਨਹੀਂ ਸਨ ਦਿੰਦੇ। ਉਹ ਬੜੇ ਸਾਫ-ਸੁਥਰੇ ਰਹਿੰਦੇ ਸਨ, ਚੁਗਲੀ-ਨਿੰਦਾ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਸਨ ਕਰਦੇ। ਗਲਤ ਗੱਲ ਵਿੱਚ ਕਦੇ ਹੁੰਗਾਰਾ ਨਹੀਂ ਸਨ ਭਰਦੇ। ਆਪਣੇ ਕੰਮ ਨਾਲ ਮਤਲਬ ਰੱਖਦੇ ਸਨ। ਦੀਵਾਲੀ ਦੇ ਦਿਨਾਂ ਵਿੱਚ ਬੱਚਿਆਂ ਨੂੰ ਪਟਾਕੇ ਚਲਾਉਣ ਤੋਂ ਅਤੇ ਹੋਲੀ ਦੇ ਦਿਨਾਂ ਵਿੱਚ ਹੋਲੀ ਖੇਡਣ ਤੋਂ ਅਤੇ ਲੋਹੜੀ ਦੇ ਦਿਨਾਂ ਵਿੱਚ ਲੋਹੜੀ ਮੰਗਣ ਅਤੇ ਅੱਗ ਬਾਲਣ ਤੋਂ ਬਹੁਤ ਰੋਕਦੇ ਸਨ, ਇਹ ਸਾਰੇ ਤਿਓਹਾਰਾਂ ਨੂੰ ਫਜ਼ੂਲ ਅਤੇ ਵਾਤਾਵਰਣ ਦੇ ਵਿਰੋਧੀ ਮੰਨਦੇ ਸਨ। ਉਨ੍ਹਾਂ ਨੇ ਇਸ ਅਸੂਲ 'ਤੇ ਡਟ ਕੇ ਪਹਿਰਾ ਦਿੱਤਾ। ਕਦੇ-ਕਦੇ ਉਹ ਚਿੜੀਆਂ-ਕਾਵਾਂ ਨੂੰ ਪਾਣੀ ਜਾਂ ਥੋੜ੍ਹੇ-ਬਹੁਤ ਦਾਣੇ ਜ਼ਰੂਰ ਪਾ ਦਿੰਦੇ ਸਨ ਜਾਂ ਕਦੇ-ਕਦਾਈਂ ਕਿਸੇ ਮੰਗਤੇ ਨੂੰ ਥੋੜ੍ਹਾ-ਬਹੁਤਾ ਆਟਾ-ਛਾਟਾ ਦੇ ਦਿੰਦੇ ਸਨ। ਉਨ੍ਹਾਂ ਦੀ ਮੌਤ 85 ਸਾਲ ਦੀ ਉਮਰ ਵਿੱਚ ਹੋਈ। ਮਰਨ ਤੋਂ ਇਕ ਘੰਟਾ ਪਹਿਲਾਂ ਉਨ੍ਹਾਂ ਨੇ ਮੀਟ ਨਾਲ ਰੋਟੀ ਖਾਧੀ ਅਤੇ ਚੰਗੀਆਂ-ਭਲੀਆਂ ਗੱਲਾਂ ਕਰਦੇ ਦੁਨੀਆਂ ਤੋਂ ਤੁਰ ਗਏ। ਉਹ ਮੈਨੂੰ ਅਤੇ ਮੇਰੇ ਭਰਾ ਨੂੰ ਸਾਡੇ ਬਾਪ ਦੀ ਰੱਜ ਕੇ ਸੇਵਾ ਕਰਨ ਲਈ ਕਹਿ ਕੇ ਗਏ ਅਤੇ ਸਾਡੇ ਕੋਲੋਂ ਵਾਅਦਾ ਲਿਆ। ਹਾਲਾਂਕਿ ਮੈਂ ਇਹ ਕਹਿ ਸਕਦਾ ਹਾਂ ਕਿ ਮੈਂ ਪੂਰੀ ਈਮਾਨਦਾਰੀ ਨਾਲ ਆਪਣੀ ਡਿਊਟੀ ਨਹੀਂ ਨਿਭਾਈ। ਮੇਰੇ ਭਰਾ ਨੇ ਕਾਫ਼ੀ ਹੱਦ ਤੱਕ ਉਸ ਵਾਅਦੇ ਨੂੰ ਪੂਰਾ ਕੀਤਾ। ਆਮ ਬੰਦਾ ਸੋਚਦਾ ਹੈ ਕਿ ਜਿਹੜੇ ਲੋਕ ਪੂਜਾ-ਪਾਠ ਕਰਦੇ ਹਨ, ਉਨ੍ਹਾਂ ਦੀ ਮੌਤ ਬਹੁਤ ਅਰਾਮਦਾਇਕ ਹੁੰਦੀ ਹੈ ਪਰ ਮੈਂ ਆਪਣੀ ਜ਼ਿੰਦਗੀ ਵਿੱਚ ਅਨੇਕਾਂ ਹੀ ਬੰਦਿਆਂ ਨੂੰ ਜਾਂਦੇ ਦੇਖਿਆ, ਕਹਿਣ ਦਾ ਭਾਵ ਉਨ੍ਹਾਂ ਦੀ ਮੌਤ ਹੁੰਦੀ ਦੇਖੀ। ਕਈਆਂ ਦੀ ਮੌਤ ਮੇਰੇ ਹੱਥਾਂ 'ਚ ਹੋਈ ਤੇ ਮੇਰੇ ਸਾਹਮਣੇ ਵੀ ਹੋਈ ਪਰ ਮੈਂ ਆਪਣੀ ਦਾਦੀ ਵਾਂਗ ਕਿਸੇ ਨੂੰ ਮਰਦੇ ਨਹੀਂ ਦੇਖਿਆ। ਉਹ ਤਾਂ ਇੰਝ ਲੱਗ ਰਿਹਾ ਸੀ ਜਿਵੇਂ ਕੋਈ ਕਿਸੇ ਵਧੀਆ ਸਫ਼ਰ ਨੂੰ ਜਾ ਰਿਹਾ ਹੋਵੇ, ਬਿਲਕੁਲ ਫ਼ਿਲਮੀ ਸੀਨ ਵਾਂਗ। ਇੱਥੇ ਮੈਂ ਨਤੀਜਾ ਇਹ ਕੱਢਿਆ ਹੈ ਕਿ ਪੂਜਾ-ਪਾਠ, ਮੰਦਿਰਾਂ-ਗੁਰਦੁਆਰਿਆਂ ਦੀਆਂ ਹਾਜ਼ਰੀਆਂ ਲਗਾਉਣ ਨਾਲੋਂ ਕਿਤੇ ਬਿਹਤਰ ਹੈ ਕਿ ਕਿਸੇ ਦਾ ਦਿਲ ਨਾ ਦੁਖਾਇਆ ਜਾਵੇ। ਵਾਤਾਵਰਣ ਨਾਲ ਪਿਆਰ ਕੀਤਾ ਜਾਵੇ। ਬਾਕੀ ਆਪਣੀ ਮਨਮਰਜ਼ੀ ਦਾ ਸਿਹਤ ਮੁਤਾਬਿਕ ਖਾਣਾ-ਪੀਣਾ ਚਾਹੀਦਾ ਹੈ, ਕਿਸੇ 'ਤੇ ਖਾਣ-ਪੀਣ ਦੀ ਪਾਬੰਦੀ ਲਗਾਉਣ ਦਾ ਸਾਨੂੰ ਕੋਈ ਹੱਕ ਨਹੀਂ ਹੈ। ਮੈਂ ਇਕ ਹੋਰ ਅਨੁਭਵ ਤੁਹਾਡੇ ਨਾਲ ਸਾਂਝਾ ਕਰਦਾ ਹਾਂ। ਥੋੜ੍ਹੇ ਦਿਨ ਪਹਿਲਾਂ ਇਕ 18-19 ਸਾਲ ਦਾ ਲੜਕਾ ਮੇਰੇ ਕੋਲ ਆਇਆ। ਉਹ ਮੈਨੂੰ ਕਹਿਣ ਲੱਗਾ ਬਾਊ ਜੀ ਮੈਂ ਤੁਹਾਡਾ ਬੜਾ ਨਾਂ ਸੁਣ ਕੇ ਆਇਆ ਹਾਂ, ਮੈਂ ਉਸ ਨੂੰ ਕਿਹਾ ਕਿ ਏਦਾਂ ਦੀ ਕੋਈ ਗੱਲ ਨਹੀਂ ਭਰਾਵਾ, ਮੈਂ ਕਿਹੜਾ ਕੋਈ ਮੰਤਰੀ ਜਾਂ ਅਫ਼ਸਰ ਹਾਂ ਪਰ ਦਸ ਮੈਨੂੰ ਕੀ ਚਾਹੁੰਦਾ ਹੈਂ ਮੇਰੇ ਤੋਂ, ਉਹ ਕਹਿੰਦਾ ਕਿ ਬਾਊ ਜੀ ਮੇਰੀ ਕੁਝ ਮਦਦ ਕਰੋ, ਮੈਨੂੰ ਜ਼ਿਆਦਾ ਪੈਸੇ ਨਹੀਂ ਚਾਹੀਦੇ, ਮੈਂ ਕਿਹਾ ਦਸ ਕੀ ਚਾਹੀਦਾ ਹੈ। ਉਹ ਕਹਿੰਦਾ ਕਿ ਮੈਂ ਫਿਰ-ਤੁਰ ਕੇ ਭੀਖ ਮੰਗਦਾ ਹਾਂ, ਮੰਗ-ਠੰਗ ਕੇ ਦਿਹਾੜੀ ਦਾ 4-5 ਸੌ ਰੁਪਿਆ ਬਣਾ ਲੈਂਦਾ ਹਾਂ ਪਰ ਕਾਫੀ ਸਮੇਂ ਤੋਂ ਬਹੁਤ ਲੋਕ ਮੈਨੂੰ ਇਹੋ ਕਹਿੰਦੇ ਹਨ ਕਿ ਹੱਟਾ-ਕੱਟਾ ਵਿਅਕਤੀ ਹੈਂ ਤੂੰ ਕੋਈ ਕੰਮ ਕਰਕੇ ਖਾ, ਤੈਨੂੰ ਸ਼ਰਮ ਚਾਹੀਦੀ ਹੈ ਅਤੇ ਕਾਫੀ ਦਿਨਾਂ ਤੋਂ ਗੁਰਦਾਸ ਮਾਨ ਦਾ ਲਿਖਿਆ ਗੀਤ 'ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਿਸ਼ਾਂ ਕਰੀਏ' ਇਹ ਗੀਤ ਮੈਨੂੰ ਚੈਨ ਨਹੀਂ ਲੈਣ ਦਿੰਦਾ। ਮੈਂ ਸੋਚਿਆ ਹੈ ਕਿ ਭੀਖ ਨਹੀਂ ਮੰਗਣੀ ਚਾਹੇ ਬੂਟ-ਪਾਲਿਸ਼ਾਂ 'ਚ 100-150 ਹੀ ਬਣੇ। ਮੈਂ ਤੁਹਾਡੇ ਕੋਲ ਆਇਆ ਹਾਂ, ਤੁਸੀਂ ਮੈਨੂੰ ਕਿਤੇ ਅੱਡਾ ਲਗਾਉਣ ਲਈ ਜਗ੍ਹਾ ਦੇ ਦਿਓ ਤਾਂ ਜੋ ਮੈਂ ਹੱਕ ਦੀ ਰੋਟੀ ਖਾ ਸਕਾਂ। ਮੈਂ ਉਸ ਨੂੰ ਕਿਹਾ ਕਿ ਤੈਨੂੰ ਮੈਂ ਨਗਰ ਨਿਗਮ ਵੱਲੋਂ ਮਨਜ਼ੂਰਸ਼ੁਦਾ ਅੱਡਾ ਲੈ ਕੇ ਦੇਵਾਂਗਾ। ਉਸ ਨੂੰ ਵੀ ਮੈਂ ਆਪਣੇ ਪਿਤਾ ਦੀ ਕਹਾਣੀ ਸੁਣਾਈ ਜਿਨ੍ਵਾਂ ਨੇ ਆਪਣੇ ਜੀਵਨ ਸੰਘਰਸ਼ ਦੀ ਸ਼ੁਰੂਆਤ ਸਟੇਸ਼ਨ ਤੇ ਬੂਟ ਪਾਲਿਸ਼ ਕਰਦਿਆਂ ਕੀਤੀ ਸੀ ਤੇ ਈਮਾਨਦਾਰੀ ਅਤੇ ਮਿਹਨਤ ਸਦਕਾ ਆਪਣਾ ਜੀਵਨ ਹੀ ਇੱਜ਼ਤ-ਮਾਣ ਨਾਲ ਨਹੀਂ ਕੱਟਿਆ ਬਲਕਿ ਸਾਨੂੰ ਵੀ ਇਕ ਐਸੀ ਨੀਂਹ ਦੇ ਗਏ ਜਿਸ ਉਤੇ ਅਸੀਂ ਆਪਣੇ ਸੁਪਨਿਆਂ ਦੇ ਮਹਿਲ ਦੀ ਉਸਾਰੀ ਕਰ ਸਕਦੇ ਹਾਂ। ਤੁਹਾਡੇ ਨਾਲ ਇਨ੍ਹਾਂ  ਅਨੁਭਵਾਂ ਨੂੰ  ਸਾਂਝੇ ਕਰਨ ਦਾ ਮੇਰਾ ਕੋਈ ਐਸਾ ਮਕਸਦ ਨਹੀਂ ਕਿ ਤੁਹਾਨੂੰ ਮੈਂ ਆਪਣੀ ਨਿੱਜੀ ਜਿੰਦਗੀ ਨਾਲ ਜਾਣੂ ਕਰਵਾਵਾਂ, ਇਹਦਾ ਇਕਮਾਤਰ ਮਕਸਦ ਇਹੋ ਹੈ ਕਿ ਤੁਸੀਂ ਜਾਣ ਸਕੋ ਕਿ ਆਪਣੇ ਜੀਵਨ ਦੀ ਰਾਹ 'ਚ ਮੈਂ ਕੈਸੇ ਅਨੁਭਵ ਲੈ ਕੇ ਚੱਲ ਰਿਹਾ ਹਾਂ ਅਤੇ ਜਿਹੜੇ ਅਨੁਭਵ ਮੈਨੂੰ ਪ੍ਰੇਰਣਾ ਦਿੰਦੇ ਹਨ ਸ਼ਾਇਦ ਤੁਹਾਡੇ ਵੀ ਪ੍ਰੇਰਣਾ ਸ੍ਰੋਤ ਬਣ ਸਕਣ।
                          - ਅਜੇ ਕੁਮਾਰ

Tuesday 27 October 2015

ਓਵਰ ਸਮਾਰਟ

ਇਸ ਲੇਖ ਵਿੱਚ ਮੈਂ ਓਵਰ ਸਮਾਰਟ (ਕਾਗਜ਼ੀ ਪਹਿਲਵਾਨ) ਜਲੰਧਰ ਸ਼ਹਿਰ ਦੇ ਸੱਤਾ ਧਿਰ ਦੇ ਰਾਜਨੀਤਿਕ ਨੇਤਾਵਾਂ ਨੂੰ ਕਹਿ ਰਿਹਾ ਹਾਂ। ਵੈਸੇ ਤਾਂ ਪੂਰੇ ਦੇਸ਼ 'ਚ ਜ਼ਿਆਦਾਤਰ ਰਾਜਨੀਤਿਕ ਨੇਤਾਵਾਂ ਨੂੰ ਓਵਰ ਸਮਾਰਟ ਕਿਹਾ ਜਾ ਸਕਦਾ ਹੈ ਪਰ ਦੇਸ਼ ਦੇ ਨੇਤਾਵਾਂ ਦੀ ਗੱਲ ਫਿਰ ਕਦੇ ਅੱਜ ਸਿਰਫ ਜਲੰਧਰ ਸ਼ਹਿਰ ਦੇ ਨੇਤਾਵਾਂ ਦੀ ਗੱਲ ਕਰਾਂਗੇ। ਅੱਜ-ਕੱਲ੍ਹ ਸੱਤਾਧਿਰ ਦੇ ਨੇਤਾਵਾਂ ਨੇ ਬਹੁਤ ਖਪ-ਰੌਲਾ ਪਾਇਆ ਹੋਇਆ ਹੈ ਕਿ ਸ਼ਹਿਰ ਨੂੰ ਸਮਾਰਟ ਬਣਾਵਾਂਗੇ, ਸੁਝਾਅ ਮੰਗੇ ਜਾ ਰਹੇ ਹਨ ਪੈਸੇ ਖਰਚ ਕੀਤੇ ਜਾ ਰਹੇ ਹਨ ਪਰ ਜ਼ਿਆਦਾਤਰ ਜਲੰਧਰ ਸ਼ਹਿਰ ਦੇ ਵਸਨੀਕ ਚੰਗੀ ਤਰ੍ਹਾਂ ਜਾਣਦੇ ਹੀ ਹਨ ਕਿ ਜਲੰਧਰ ਸ਼ਹਿਰ ਇਸ ਸਮੇਂ ਨਰਕ ਦਾ ਨਮੂਨਾ ਬਣਿਆ ਹੋਇਆ ਹੈ, ਕਿਉਂਕਿ ਉਹ ਇਸ ਨਰਕ ਰੂਪੀ ਸ਼ਹਿਰ ਨੂੰ ਆਪਣੇ ਸਰੀਰ 'ਤੇ ਹੰਢਾ ਰਹੇ ਹਨ। ਨਰਕ ਬਣਾਇਆ ਵੀ ਸੱਤਾਧਿਰ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਨੇ ਮਿਲ ਕੇ ਹੀ ਹੈ। ਆਓ ਜਲੰਧਰ ਸ਼ਹਿਰ 'ਤੇ ਇਕ ਉਡਦੀ-ਉਡਦੀ ਝਾਤ ਮਾਰੀਏ। ਬਰਸਾਤਾਂ ਦੇ ਦਿਨਾਂ ਵਿੱਚ ਜਲੰਧਰ ਸ਼ਹਿਰ 'ਚ ਲੱਗਭਗ 600 ਜਗ੍ਹਾ ਪਾਣੀ ਖੜ੍ਹਾ ਹੁੰਦਾ ਹੈ, ਸੀਵਰੇਜ਼ ਵਿਵਸਥਾ ਤਕਰੀਬਨ ਹਰ ਮੁਹੱਲੇ ਵਿੱਚ ਖਰਾਬ ਹੀ ਹੈ, ਜਿਸ ਕਾਰਣ ਸ਼ਹਿਰ ਵਾਸੀਆਂ ਨੂੰ ਅਨੇਕਾਂ ਕਿਸਮ ਦੀਆਂ ਮੁਸ਼ਕਿਲਾਂ ਤੇ ਬਿਮਾਰੀਆਂ ਘੇਰ ਲੈਂਦੀਆਂ ਹਨ। ਜਲੰਧਰ ਸ਼ਹਿਰ ਵਿੱਚ 25000 ਦੇ ਕਰੀਬ ਅਵਾਰਾ ਕੁੱਤੇ ਹਨ ਜੋ ਸਿਰਫ ਲੋਕਾਂ 'ਤੇ ਦਹਿਸ਼ਤ ਪਾਉਣ, ਕੱਟਣ ਅਤੇ ਗੰਦਗੀ ਫੈਲਾਉਣ ਤੋਂ ਇਲਾਵਾ ਕੁਝ ਨਹੀਂ ਕਰਦੇ। ਅਖਬਾਰਾਂ ਵਿੱਚ ਸਮਾਰਟ ਸਿਟੀ ਦੇ ਬਾਰੇ ਇਸ ਤਰ੍ਹਾਂ ਖਬਰਾਂ ਛਪਦੀਆਂ ਹਨ ਜਿਵੇਂ ਦੀਵਾਲੀ ਦੇ ਦਿਨਾਂ 'ਚ ਹਰ ਕੋਈ ਆਪਣੇ-ਆਪਣੇ ਢੰਗ ਨਾਲ, ਆਪਣੀਆਂ ਸ਼ੁਰਲੀਆਂ-ਪਟਾਕੇ ਚਲਾਉਂਦਾ ਹੈ ਅਤੇ ਉਹ ਪਟਾਕੇ ਚਲਾਉਣ ਦਾ ਕੁਲ ਮਿਲਾ ਕੇ ਇਸ ਗੱਲ ਨਾਲ ਖ਼ਾਤਮਾ ਹੁੰਦਾ ਹੈ ਕਿ ਕਈ ਥਾਵਾਂ 'ਤੇ ਦੁਰਘਟਨਾਵਾਂ ਵਾਪਰ ਜਾਂਦੀਆਂ ਹਨ, ਜਿਨ੍ਹਾਂ ਦਾ ਨੁਕਸਾਨ ਕਰੋੜਾਂ ਵਿੱਚ ਅਤੇ ਕਈ ਵਾਰ ਜਾਨੀ ਨੁਕਸਾਨ ਵੀ ਕਾਫ਼ੀ ਜ਼ਿਆਦਾ ਹੋ ਜਾਂਦਾ ਹੈ ਪਰ ਪਟਾਕੇ ਚਲਾਉਣ ਵਾਲੇ ਮੁੜਦੇ ਨਹੀਂ। ਅਨੇਕਾਂ ਦੁਰਘਟਨਾਵਾਂ ਹੋਣ ਦੇ ਬਾਵਜੂਦ ਉਹ ਅਗਲੀ ਦੀਵਾਲੀ ਦੀ ਉਡੀਕ ਵਿੱਚ ਇਕ-ਦੂਸਰੇ ਨੂੰ ਬੈਸਟ ਵਿਸ਼ਿਜ਼ ਦੇ ਮੈਸਿਜ ਕਰਦੇ ਹਨ। ਮੈਂ ਸਮਾਰਟ ਸਿਟੀ ਬਣਾਉਣ ਦਾ ਰੌਲਾ ਪਾਉਣ ਵਾਲਿਆਂ ਨੂੰ ਇਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਜਲੰਧਰ ਦੇ 60 ਵਾਰਡਾਂ 'ਚੋਂ, ਜਿੱਥੋਂ ਉਨ੍ਹਾਂ ਦਾ ਦਿਲ ਕਰਦਾ ਹੈ, ਕਿਸੇ ਵੀ ਜਗ੍ਹਾ ਤੋਂ ਉਹ ਨਗਰ ਨਿਗਮ ਵੱਲੋਂ ਮੁਹੱਈਆ ਕਰਵਾਇਆ ਗਿਆ ਪਾਣੀ ਆਪ ਪੀਣ ਲਈ ਇਸਤੇਮਾਲ ਕਰਨ ਤਾਂ ਉਨ੍ਹਾਂ ਨੂੰ ਅਸਲ 'ਚ ਆਪਣੀਆਂ ਕਰਤੂਤਾਂ ਦਾ ਪਤਾ ਲੱਗੇਗਾ ਕਿ ਉਹ ਕਿਸ ਤਰ੍ਹਾਂ ਸ਼ਹਿਰੀਆਂ ਦੇ ਸੁਖ-ਚੈਨ ਦਾ ਬਲਾਤਕਾਰ ਕਰ ਰਹੇ ਹਨ। ਖ਼ਾਸ ਕਰਕੇ ਗਰੀਬ ਦਲਿਤ ਬਸਤੀਆਂ ਦੇ ਹਾਲਾਤ ਤਾਂ ਹੱਦੋਂ ਵੱਧ ਮਾੜੇ ਹਨ। ਹਾਲਾਂਕਿ ਸਮਾਰਟ ਸਿਟੀ ਦੇ ਖਿਲਾਫ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਬੋਲਣਾ ਚਾਹੀਦਾ ਹੈ ਪਰ ਛੱਜ-ਛਾਨਣੀ ਨੂੰ ਕਿਵੇਂ ਮੇਹਣਾ ਮਾਰ ਸਕਦਾ ਹੈ, ਕਿਉਂਕਿ ਜਿਸ ਸ਼ਹਿਰ ਨੂੰ ਸੱਤਾਧਿਰ ਸਮਾਰਟ ਸਿਟੀ ਬਣਾਉਣ ਜਾ ਰਹੀ ਹੈ, ਇਸੇ ਸ਼ਹਿਰ ਨੂੰ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਪਾਰਟੀ ਇਸ ਸ਼ਹਿਰ ਨੂੰ ਪੈਰਿਸ ਬਨਾਉਣ ਦਾ ਦਾਅਵਾ ਕਰਦੀ ਸੀ। ਨਗਰ ਨਿਗਮ ਦੀਆਂ ਜ਼ਿਆਦਾਤਰ ਗਲ੍ਹੀਆਂ ਜਾਂ ਸੜਕਾਂ ਦੀ  ਸਹੀ ਤਰੀਕੇ ਨਾਲ ਚੈਕਿੰਗ ਹੋ ਜਾਵੇ ਤਾਂ 90 ਪ੍ਰਤੀਸ਼ਤ ਉਹ ਐਸਟੀਮੇਟ ਦੇ ਮੁਤਾਬਿਕ ਨਹੀਂ ਬਣੀਆਂ ਹੋਣਗੀਆਂ ਪਰ ਠੇਕੇਦਾਰ ਵੱਲੋਂ ਨਗਰ ਨਿਗਮ ਵਿਭਾਗ ਦੇ ਭ੍ਰਿਸ਼ਟ ਕਰਮਚਾਰੀਆਂ ਨੂੰ ਲੱਗਭਗ 30 ਪ੍ਰਤੀਸ਼ਤ ਕਮਿਸ਼ਨ ਦਿੱਤੀ ਜਾਣ ਕਰਕੇ ਸਮਾਰਟ ਸਿਟੀ ਦੇ ਵਾਰਿਸ ਮੌਨ ਧਾਰਨ ਕਰ ਲੈਂਦੇ ਹਨ। ਕੁਝ ਇਹੋ ਹੀ ਹਾਲ ਜ਼ਿਆਦਾਤਰ ਵਿਰੋਧੀ ਧਿਰ ਦੇ ਨੇਤਾਵਾਂ  ਦਾ ਵੀ ਰਿਹਾ ਹੈ। ਸਮਾਰਟ ਸਿਟੀ ਦੇ ਸੁਪਨੇ ਦਿਖਾ ਕੇ ਲੋਕਾਂ ਨੂੰ ਮੂਰਖ ਬਣਾਉਣ ਦਾ ਵਧੀਆ ਉਪਰਾਲਾ ਚੰਗੇ ਢੰਗ ਨਾਲ ਕੀਤਾ ਜਾ ਰਿਹਾ ਹੈ ਪਰ ਕੁਦਰਤ ਕਰੇ ਕਿਸੇ ਤਰੀਕੇ ਵੀ ਸਮਾਰਟ ਸਿਟੀ ਬਣ ਜਾਵੇ। ਹਾਲਾਂਕਿ ਓਨੀ ਦੇਰ ਤੱਕ ਇਸ ਸ਼ਹਿਰ ਦਾ ਸਮਾਰਟ ਬਣਨਾ ਮੁਸ਼ਕਿਲ ਹੈ, ਜਿੰਨੀ ਦੇਰ ਤੱਕ ਹਰ ਇਕ ਸ਼ਹਿਰੀ ਨਗਰ ਨਿਗਮ ਕਰਮਚਾਰੀ ਦਾ ਸਹਿਯੋਗ ਨਹੀਂ ਕਰਦਾ ਅਤੇ ਨਗਰ ਨਿਗਮ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਖਤਮ ਨਹੀਂ ਕਰਵਾਉਂਦਾ, ਏਨੀ ਗੱਲ ਜ਼ਰੂਰ ਹੈ ਸ਼ਹਿਰ ਸਮਾਰਟ ਬਣੇ ਜਾਂ ਨਾ ਬਣੇ। ਸਾਡੇ ਸ਼ਹਿਰ ਦੇ ਨੇਤਾ ਕਾਗਜ਼ੀ ਪਹਿਲਵਾਨ, ਓਵਰ ਸਮਾਰਟ ਜ਼ਰੂਰ ਹਨ। ਹੁਣ ਦੇਖਣਾ ਇਹ ਹੈ ਕਿ ਪੈਰਿਸ ਬਨਾਉਣ ਦਾ ਦਾਅਵਾ ਕਰਨ ਵਾਲੇ ਨੇਤਾ ਓਵਰ ਸਮਾਰਟ ਨੇਤਾਵਾਂ ਨੂੰ ਨੱਥ ਪਾਉਂਦੇ ਹਨ ਜਾਂ ਓਵਰ ਸਮਾਰਟ ਨੇਤਾ ਆਪਣੇ ਮੁੱਖ ਲੀਡਰ ਮੋਦੀ ਵਾਂਗ ਵਿਰੋਧੀ ਧਿਰ ਦੇ ਨਾਲ-ਨਾਲ, ਸ਼ਹਿਰ ਵਾਸੀਆਂ ਨੂੰ ਵੀ ਗੇੜਾ ਦੇਈ ਜਾਂਦੇ ਹਨ। ਸੱਤਾਧਿਰ ਦੇ ਨੇਤਾ ਸਕੀਮਾਂ 'ਤੇ ਸਕੀਮਾਂ ਅਨਾਊਂਸ ਕਰਕੇ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਤੋਂ ਲੋਕਾਂ ਦਾ ਧਿਆਨ ਹਟਾ ਰਹੇ ਹਨ। ਸਮਾਰਟ ਸਿਟੀ ਬਣੇ ਚਾਹੇ ਨਾ ਬਣੇ, ਇਹ ਗੱਲ ਯਕੀਨੀ ਹੈ ਕਿ ਸਾਡੇ ਸ਼ਹਿਰ ਦੇ ਨੇਤਾ ਜ਼ਰੂਰ ਓਵਰ ਸਮਾਰਟ ਹਨ। ਜਿੰਨੇ ਉਹ ਓਵਰ ਸਮਾਰਟ ਹਨ, ਜਨਤਾ ਓਨੀ ਹੀ ਭੋਲੀਭਾਲੀ ਹੈ। ਹੁਣ ਦੇਖਣਾ ਇਹ ਹੈ ਕਿ ਓਵਰ ਸਮਾਰਟ ਨੇਤਾ ਭੋਲੀਭਾਲੀ ਜਨਤਾ ਨੂੰ ਗੁੰਮਰਾਹ ਕਰਨ ਵਿੱਚ ਕਾਮਯਾਬ ਹੁੰਦੇ ਹਨ।
- ਅਜੇ ਕੁਮਾਰ

Monday 12 October 2015

ਗਾਂਧੀ ਤੇ ਗੰਦਗ਼ੀ

ਲੱਗਭਗ ਪਿਛਲੇ ਛੇ-ਸੱਤ ਦਹਾਕਿਆਂ ਤੋਂ ਗੰਦਗੀ ਦੇ ਖ਼ਿਲਾਫ ਅੰਬੇਡਕਰਵਾਦ ਅਤੇ ਗਾਂਧੀਵਾਦ ਲੜਾਈ ਲੜ ਰਿਹਾ ਹੈ। ਦੋਨਾਂ ਦੇ ਕੰਮ ਕਰਨ ਦੇ ਤਰੀਕੇ ਵਿੱਚ ਫਰਕ ਇੰਨਾ ਹੈ ਕਿ ਗਾਂਧੀ ਦਾ ਵਿਚਾਰ ਚਾਹੁੰਦਾ ਹੈ ਕਿ ਗੰਦਗੀ ਰੋਜ਼ ਸਾਫ ਹੋਵੇ ਤੇ ਅੰਬੇਡਕਰ ਦਾ ਵਿਚਾਰ ਕਹਿੰਦਾ ਹੈ ਕਿ ਗੰਦਗੀ ਪੈਣ ਹੀ ਨਹੀਂ ਦੇਣੀ। ਗਾਂਧੀ ਗੰਦਗੀ ਪਾਉਣ ਵਾਲਿਆਂ ਨੂੰ ਗੰਦਗੀ ਪਾਉਣ ਤੋਂ ਮਨ੍ਹਾ ਕਰਨ ਲਈ ਕੋਈ ਠੋਸ ਉਪਰਾਲਾ ਨਹੀਂ ਕਰਨਾ ਚਾਹੁੰਦਾ, ਅੰਬਡੇਕਰ ਗੰਦਗੀ ਪਾਉਣ ਵਾਲਿਆਂ ਖਿਲਾਫ ਹੰਟਰ ਵੀ ਇਸਤੇਮਾਲ ਕਰਨਾ ਚਾਹੁੰਦਾ ਹੈ। ਹੰਟਰ ਤੋਂ ਭਾਵ ਹੈ ਸਖਤ ਕਾਨੂੰਨ। ਗਾਂਧੀ ਝਾੜੂ ਮਾਰਨ ਵਾਲਿਆਂ ਲਈ ਉਨ੍ਹਾਂ ਦੇ ਜੀਵਨ ਵਿੱਚ ਸੁਧਾਰ ਲਿਆਉਣ ਲਈ ਕੋਈ ਠੋਸ ਨੀਤੀ ਨਹੀਂ ਅਪਣਾਉਂਦਾ, ਉਹ ਉਨ੍ਹਾਂ ਨੂੰ ਗੰਦਗੀ ਸਾਫ਼ ਕਰਨਾ ਪੁੰਨ ਦਾ ਕੰਮ ਦੱਸਦਾ ਹੈ ਤੇ ਵਿਚ-ਵਿਚਾਲੇ ਉਹ ਆਪ ਕਦੇ-ਕਦੇ ਝਾੜੂ ਮਾਰ ਕੇ ਸਫ਼ਾਈ ਕਰਮਚਾਰੀਆਂ ਦਾ ਰਹਿਬਰ ਤੇ ਰਹਿਨੁਮਾ ਹੋਣ ਦਾ ਦਾਅਵਾ ਵੀ ਕਰਦਾ ਹੈ, ਜਦਕਿ ਅੰਬੇਡਕਰ ਸਾਹਿਬ ਗੰਦਗੀ ਸਾਫ ਕਰਨਾ ਘਟੀਆ ਕੰਮ ਮੰਨਦੇ ਹਨ ਅਤੇ ਗੰਦਗੀ ਪਾਉਣਾ ਜ਼ੁਰਮ ਮੰਨਦੇ ਹਨ। ਗਾਂਧੀ ਜਿਵੇਂ ਗੰਦਗੀ ਵਾਲੇ ਪੇੜ ਤੋਂ ਗੰਦਗੀ ਝੜਨ 'ਤੇ ਰੋਜ਼ ਝਾੜੂ ਮਾਰ ਉਸ ਨੂੰ ਸਾਫ ਕਰਨਾ ਚਾਹੁੰਦਾ ਹੈ ਤੇ ਅੰਬੇਡਕਰ ਉਸ ਗੰਦਗੀ ਫੈਲਾਉਣ ਵਾਲੇ ਪੇੜ ਨੂੰ ਜੜੋਂ੍ਹ ਵੱਢਣਾ ਚਾਹੁੰਦਾ ਹੈ। ਅੱਜ-ਕੱਲ੍ਹ ਸਵੱਛ ਭਾਰਤ ਦਾ ਨਾਅਰਾ ਚੱਲ ਰਿਹਾ ਹੈ। ਅੱਜ-ਕੱਲ੍ਹ ਤਿਉਹਾਰਾਂ ਦੇ ਦਿਨ ਚੱਲ ਰਹੇ ਹਨ। ਧਰਮ ਦੇ ਨਾਂ 'ਤੇ ਪੂਜਾ-ਪਾਠ, ਰੰਗ-ਰੋਗਨ ਨਵੀਆਂ ਚੀਜ਼ਾਂ ਖਰੀਦਣ ਦਾ ਜ਼ੋਰ ਹੈ ਪਰ ਅਫਸੋਸ ਇਸ ਗੱਲ ਵੱਲ ਕਿਸੇ ਦਾ ਧਿਆਨ ਨਹੀਂ ਕਿ ਇਨ੍ਹਾਂ ਦਿਨਾਂ ਵਿੱਚ ਕੀਤੇ ਜਾ ਰਹੇ ਫਜ਼ੂਲ ਤੇ ਖਤਰਨਾਕ ਕੰਮ ਨਾਲ ਹੋਣ ਵਾਲੇ ਨੁਕਸਾਨ ਅਤੇ ਪੈਣ ਵਾਲੀ ਗੰਦਗੀ ਕਦੀ ਭਾਰਤ ਨੂੰ ਸਵੱਛ ਤੇ ਸਾਫ-ਸੁਥਰਾ ਨਹੀਂ ਹੋਣ ਦੇਵੇਗੀ। ਦੀਵਾਲੀ ਦੇ ਮੌਕੇ 'ਤੇ ਅਰਬਾਂ-ਖਰਬਾਂ ਦੇ ਪਟਾਕੇ ਚਲਾਏ ਜਾਂਦੇ ਹਨ, ਇਸ ਨਾਲ ਜਿੱਥੇ ਇਕ ਪਾਸੇ ਆਰਥਿਕ ਨੁਕਸਾਨ ਹੁੰਦਾ ਹੈ ਉਥੇ ਹੀ ਜਗ੍ਹਾ-ਜਗ੍ਹਾ ਗੰਦਗੀ ਫੈਲਦੀ ਹੈ ਅਤੇ ਪ੍ਰਦੂਸ਼ਣ ਫੈਲਦਾ ਹੈ ਜੋ ਕਿ ਲੋਕਾਂ ਦੀ ਸਿਹਤ ਨਾਲ ਬਹੁਤ ਵੱਡਾ ਖਿਲਵਾੜ ਹੈ। ਇਸ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਮੈਂ ਅਕਸਰ ਟੀ. ਵੀ., ਅਖਬਾਰਾਂ ਵਿੱਚ ਮੋਦੀ ਦੁਆਰਾ ਚਲਾਏ ਗਏ ਸਵੱਛ ਅਭਿਆਨ ਦੇ ਬਿਆਨ, ਲੀਡਰਾਂ ਦੇ ਜਗ੍ਹਾ-ਜਗ੍ਹਾ ਲੱਗੇ ਪੋਸਟਰ ਦੇਖਦਾ ਹਾਂ ਕਿ ਇਕ ਪਾਸੇ ਸਵੱਛ ਤੇ ਦੂਜੇ ਪਾਸੇ ਭਾਰਤ ਲਿਖਿਆ ਹੁੰਦਾ ਹੈ ਮੈਂ ਸੋਚਦਾ ਹਾਂ ਕਿ ਗਾਂਧੀ ਦੀ ਸੋਚ ਨਾਲ ਜੇ ਭਾਰਤ ਨੂੰ ਸਵੱਛ ਕਰਨ ਦਾ ਤਰੀਕਾ ਸਰਕਾਰ ਅਪਣਾਏਗੀ ਤਾਂ ਭਾਵੇਂ 100 ਸਾਲ ਲੱਗੀ ਰਹੇ ਭਾਰਤ ਕਦੇ ਸਵੱਛ ਨਹੀਂ ਹੋ ਸਕੇਗਾ, ਕਿਉਂਕਿ ਬਿਮਾਰੀ ਨੂੰ ਠੀਕ ਕਰਨ ਲਈ ਇਲਾਜ ਤਾਂ  ਜ਼ਰੂਰੀ ਹੈ ਪਰ ਇਲਾਜ ਨਾਲੋਂ ਪਰਹੇਜ਼ ਕਿਤੇ ਜ਼ਿਆਦਾ ਜ਼ਰੂਰੀ ਹੈ। ਜਿੰਨੀ ਦੇਰ ਤੱਕ ਗੰਦਗੀ ਪਾਉਣ ਵਾਲਿਆਂ ਨੂੰ ਸਖ਼ਤ ਸਜ਼ਾ ਨਹੀਂ ਦਿੱਤੀ ਜਾਂਦੀ, ਉਨ੍ਹਾਂ ਖ਼ਿਲਾਫ ਸਖਤ ਕਦਮ ਨਹੀਂ ਉਠਾਏ ਜਾਂਦੇ, ਜਿੰਨੀ ਦੇਰ ਤੱਕ ਗੰਦਗੀ ਪਾਉਣ ਵਾਲਿਆਂ ਦੀਆਂ ਆਦਤਾਂ 'ਚ ਸੁਧਾਰ ਨਹੀਂ ਲਿਆਇਆ ਜਾਂਦਾ, ਸਫ਼ਾਈ ਮਜ਼ਦੂਰ ਨੂੰ ਕੋਸਣ ਦੀ ਬਜਾਏ ਉਨ੍ਹਾਂ ਦੇ ਹਾਲਾਤਾਂ ਨੂੰ ਸੁਧਾਰਨ ਵੱਲ ਕੋਈ ਠੋਸ ਕਦਮ ਨਹੀਂ ਚੁੱਿਕਆ ਜਾਂਦਾ ਤਾਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਦੇਸ਼ ਗੰਦਾ ਹੀ ਰਹੇਗਾ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਬਜ਼ਾਰਾਂ, ਚੌਰਾਹਿਆਂ, ਘਰਾਂ ਦੇ ਸਾਹਮਣੇ ਕੂੜੇ ਦੇ ਢੇਰ ਲੱਗੇ ਹੁੰਦੇ ਹਨ ਲੋਕ ਜਦੋਂ ਦਿਲ ਕਰਦਾ ਹੈ ਜਿੱਥੇ ਦਿਲ ਕਰਦਾ ਹੈ ਕੂੜਾ ਸੁੱਟ ਜਾਂਦੇ ਹਨ ਤੇ ਮੀਡੀਆ ਵਾਲੇ ਵੀ ਕੂੜੇ ਦੇ ਢੇਰਾਂ ਦੀ ਫੋਟੋ ਅਖਬਾਰ ਵਿੱਚ ਲਾ ਕੇ ਨਗਰ ਨਿਗਮ ਦੇ ਅਧਿਕਾਰੀਆਂ ਜਾਂ ਸਫਾਈ ਕਰਮਚਾਰੀਆਂ ਦਾ ਤਵਾ ਲਾਉਂਦੇ ਰਹਿੰਦੇ ਹਨ ਪਰ ਅਸਲ ਵਿੱਚ ਉਹ ਇਹ ਗੱਲ ਭੁੱਲ ਜਾਂਦੇ ਹਨ ਕਿ ਗੰਦਗੀ ਪਾਉਣ ਵਾਲੇ ਇੰਨੇ ਬੇਦਰਦ ਤੇ ਬੇਖੌਫ ਹੋ ਚੁੱਕੇ ਹਨ ਕਿ ਉਹ ਗੰਦਗੀ ਪਾਉਣਾ ਆਪਣਾ ਧਰਮ ਤੇ ਗੰਦਗੀ ਸਾਫ ਕਰਨ ਵਾਲੇ ਨੂੰ ਨਫਰਤ ਕਰਨਾ ਤੇ ਗਾਲ੍ਹਾਂ ਕੱਢਣਾ ਆਪਣਾ ਹੱਕ ਸਮਝਦੇ ਹਨ। ਜੇਕਰ ਸੱਚੀ ਨੀਯਤ ਨਾਲ ਭਾਰਤ ਨੂੰ ਸਾਫ਼ ਕਰਨਾ ਹੈ ਤਾਂ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਦੇ ਨਾਲ ਇਹ ਨਾਟਕੀ ਢਕੋਂਸਲੇ ਕਰਨ ਦੀ ਬਜਾਏ ਟੀ.ਵੀ, ਅਖਬਾਰਾਂ ਮੀਡੀਆ ਵਿੱਚ ਗੰਦਗੀ ਪਾਉਣ ਵਾਲਿਆਂ ਨੂੰ ਸੈਨੀਟੇਸ਼ਨ ਦੇ ਕਾਨੂੰਨਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਤੇ ਕਸੂਰਵਾਰਾਂ ਨੂੰ ਇੰਨੀ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ ਕਿ ਇਹ ਮਿਸਾਲ ਬਣ ਜਾਵੇ। ਜਿਹੜੇ ਲੋਕ ਗੰਦਗੀ ਦੇ ਢੇਰਾਂ ਉੱਤੇ ਦੇਵੀ-ਦੇਵਤਿਆਂ, ਪਰਮਾਤਮਾ ਭਗਵਾਨਾਂ ਦੀਆਂ ਫੋਟੋਆਂ ਲਾ ਕੇ ਆਪਣੇ-ਆਪ ਨੂੰ ਉਸ ਕਬੂਤਰ ਵਾਂਗ ਬੇਫਿਕਰ ਸਮਝਦੇ ਹਨ ਜਿਹੜਾ ਬਿੱਲੀ ਨੂੰ ਦੇਖ ਕੇ ਅੱਖਾਂ ਬੰਦ ਕਰ ਲੈਂਦਾ ਹੈ। ਉਹ ਇਹ ਗੱਲ ਕਦੇ ਨਾ ਭੁੱਲਣ ਕਿ ਬਿੱਲੀ ਨੂੰ ਸਾਹਮਣੇ ਦੇਖ ਕੇ ਅੱਖਾਂ ਬੰਦ ਕਰਨ ਵਾਲੇ ਜ਼ਿਆਦਾਤਰ ਕਬੂਤਰਾਂ ਦੇ ਕੁਝ ਹੀ ਪਲਾਂ ਵਿੱਚ ਪ੍ਰਾਣ ਪਖੇਰੂ ਉੱਡੇ ਹੁੰਦੇ ਹਨ ਤੇ ਖੰਭ ਧਰਤੀ 'ਤੇ ਖਿਲਰੇ ਮਿਲਦੇ ਹਨ। ਅਗਰ ਝੰਡਾ ਗੱਡ ਕੇ ਕੁਛ ਲਾਉਣਾ ਹੀ ਹੈ ਤਾਂ ਸੈਨੀਟੇਸ਼ਨ ਦੇ ਕਾਨੂੰਨ ਲਾਏ ਜਾਣ, ਸਕੂਲਾਂ, ਸਰਕਾਰੀ ਦਫਤਰਾਂ, ਰੇਲਵੇ ਸਟੇਸ਼ਨਾਂ ਅਤੇ ਹੋਰ ਸਰਵਜਨਕ ਸਥਾਨਾਂ 'ਤੇ ਸੈਨੀਟੇਸ਼ਨ ਦੇ ਕਾਨੂੰਨਾਂ ਦੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਸਵੱਛ ਭਾਰਤ ਦਾ ਵਿਚਾਰ ਜ਼ਮੀਨੀ ਹਕੀਕਤ ਬਣ ਸਕੇ, ਜੇਕਰ ਇਵੇਂ ਹੀ ਗੰਦਗੀ ਸਾਫ ਕਰਨ ਦੇ ਫੋਕੇ ਉਪਰਾਲੇ ਹੁੰਦੇ ਰਹੇ ਤਾਂ ਅਨੇਕਾਂ ਬਿਮਾਰੀਆਂ ਦੇ ਮਾਲਕ ਤਾਂ ਤੁਸੀਂ ਰਹੋਗੇ ਹੀ।
- ਅਜੈ ਕੁਮਾਰ

Monday 5 October 2015

ਕੱਟੜਤਾ ਅਭਿਸ਼ਾਪ ਹੈ

ਜਵਾਹਰ ਲਾਲ ਨਹਿਰੂ ਦੁਆਰਾ ਲਿਖੀ ਕਿਤਾਬ 'ਡਿਸਕਵਰੀ ਆਫ ਇੰਡੀਆ', ਜਾਵੇਦ ਪਟੇਲ ਦੁਆਰਾ ਬਣਾਈ ਫਿਲਮ 'ਡਾ. ਅੰਬੇਡਕਰ' ਅਤੇ ਹੋਰ ਅਨੇਕਾਂ ਇਤਿਹਾਸਕ ਪੁਸਤਕਾਂ ਤੋਂ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਬ੍ਰਾਹਮਣ ਵਿਦੇਸ਼ੀ ਹਨ ਜਦਕਿ ਦਲਿਤ ਸਮਾਜ ਅਤੇ ਪੱਛੜੇ ਸਮਾਜ ਦੇ ਲੋਕ ਇਸ ਦੇਸ਼ ਦੇ ਮੂਲ ਨਿਵਾਸੀ ਹਨ। ਬ੍ਰਾਹਮਣ ਲੋਕ ਮੱਧ ਏਸ਼ੀਆ ਤੋਂ ਆਏ, ਇਨ੍ਹਾਂ ਨੇ ਆ ਕੇ ਭਾਰਤ 'ਤੇ ਆਪਣਾ ਰਾਜ ਸਥਾਪਿਤ ਕਰਕੇ ਆਪਣੀ ਸੰਸਕ੍ਰਿਤੀ ਅਤੇ ਆਪਣਾ ਸੱਭਿਆਚਾਰ ਵੀ ਸਥਾਪਿਤ ਕਰ ਦਿੱਤਾ । ਇਨ੍ਹਾਂ ਦੇ ਆਉਣ ਤੋਂ ਪਹਿਲਾਂ ਜਾਤ-ਪਾਤ ਨਾਂ ਦੀ ਚੀਜ਼ ਭਾਰਤ ਵਿੱਚ ਨਹੀਂ ਸੀ, ਕੋਈ ਵਰਣ ਵਿਵਸਥਾ ਨਹੀਂ ਸੀ ਪਰ ਇਨ੍ਹਾਂ ਦਾ ਰਾਜ ਸਥਾਪਿਤ ਹੁੰਦਿਆਂ ਹੀ ਮੂਲ ਨਿਵਾਸੀ ਲੋਕਾਂ ਨੂੰ ਗੁਲਾਮ ਬਣਾ ਲਿਆ ਗਿਆ ਸਰੀਰਿਕ ਰੂਪ 'ਚ ਗੁਲਾਮੀ ਦੇ ਨਾਲ-ਨਾਲ ਕਈ ਪ੍ਰਕਾਰ ਦੀਆਂ ਸਜ਼ਾਵਾਂ ਮੂਲ ਨਿਵਾਸੀਆਂ ਨੂੰ ਦਿੱਤੀਆਂ ਗਈਆਂ। ਉਨ੍ਹਾਂ ਸਜ਼ਾਵਾਂ ਨੂੰ ਚੰਗੀ ਤਰ੍ਹਾਂ ਲਾਗੂ ਕਰਨ ਲਈ ਅਨੇਕਾਂ ਕਹਾਣੀਆਂ ਘੜ੍ਹੀਆਂ ਗਈਆਂ, ਉਨ੍ਹਾਂ ਦੇ ਮਨ ਵਿੱਚ ਰੱਬ, ਭੂਤ, ਚੜੇਲ, ਜਾਦੂ-ਟੋਣਾ ਰਾਹੀਂ ਡਰ ਪੈਦਾ ਕੀਤਾ ਗਿਆ, ਮੂਰਤੀ ਪੂਜਾ ਅਤੇ ਹੋਰ ਕਈ ਤਰ੍ਹਾਂ ਦੇ ਪਾਖੰਡਾਂ, ਵਹਿਮਾਂ-ਭਰਮਾਂ ਰਾਹੀਂ ਮੂਲ ਨਿਵਾਸੀਆਂ ਨੂੰ ਮਾਨਸਿਕ ਗੁਲਾਮ ਬਣਾ ਦਿੱਤਾ ਗਿਆ, ਜਦਕਿ ਵਿਦੇਸ਼ੀ ਆਰੀਅਨ ਲੋਕਾਂ ਦੇ ਆਉਣ ਤੋਂ ਪਹਿਲਾਂ ਇਨਸਾਨ ਨੂੰ ਹੀ ਭਗਵਾਨ ਸਮਝਿਆ ਜਾਂਦਾ ਸੀ, ਇਨਸਾਨ ਦੇ ਕਰਮਾਂ ਨੂੰ ਹੀ ਧਰਮ ਸਮਝਿਆ ਜਾਂਦਾ ਸੀ ਉਥੇ ਪਾਖੰਡ ਵਹਿਮ-ਭਰਮ ਦਾ ਬੋਲਬਾਲਾ ਹੋ ਗਿਆ। ਇਸ ਦੇ ਵਿਰੋਧ ਵਿੱਚ ਮੂਲ ਨਿਵਾਸੀਆਂ ਦੇ ਰਹਿਬਰਾਂ ਨੇ ਘੋਰ ਸੰਘਰਸ਼ ਕੀਤਾ। ਇਹ ਸੰਘਰਸ਼ ਭਗਵਾਨ ਵਾਲਮੀਕਿ ਮਹਾਰਾਜ ਨੇ ਵੀ ਕੀਤਾ, ਜਿਨ੍ਹਾਂ ਨੇ ਯੋਗ ਵਸ਼ਿਸ਼ਟ ਵਿੱਚ ਆਪਣੇ ਉਪਦੇਸ਼ਾਂ ਰਾਹੀਂ ਲੋਕਾਂ ਨੂੰ ਸਮਝਾਇਆ ਕਿ ਜਨਨੀ ਅਤੇ ਜਨਮ ਭੂਮੀ ਸਵਰਗ ਤੋਂ ਸੁੰਦਰ ਹੈ, ਗਿਆਨ ਹੀ ਸੰਸਾਰ ਦਾ ਮੂਲ ਅਧਾਰ ਹੈ, ਉਨ੍ਹਾਂ ਨੇ ਬੇਸਹਾਰਾ ਲੋਕਾਂ ਦੀ ਸਹਾਇਤਾ ਕਰਨਾ ਅਤੇ ਉਨ੍ਹਾਂ ਨੂੰ ਗਿਆਨਵਾਨ ਬਣਾਉਣਾ ਮਨੁੱਖ ਦਾ ਪਰਮ ਧਰਮ ਦੱਸਿਆ। ਬੁੱਧ ਨੇ ਸਮਾਨਤਾ, ਭਾਈਚਾਰੇ ਦੇ ਉਪਦੇਸ਼ ਦਿੱਤੇ, ਸਤਿਗੁਰੂ ਕਬੀਰ ਮਹਾਰਾਜ ਜੀ ਨੇ ਕ੍ਰਾਂਤੀਕਾਰੀ ਸੋਚ ਰਾਹੀਂ ਭਾਰਤ ਦੇ ਮੂਲ ਨਿਵਾਸੀ ਨੂੰ ਜਾਗ੍ਰਿਤ ਕੀਤਾ, ਸਤਿਗੁਰੂ ਰਵਿਦਾਸ ਮਹਾਰਾਜ ਜੀ, ਸਤਿਗੁਰੂ ਸੈਨ, ਸਤਿਗੁਰੂ ਸਦਨਾ, ਸਤਿਗੁਰੂ ਨਾਮਦੇਵ, ਸ੍ਰੀ ਗੁਰੂ ਨਾਨਕ ਦੇਵ ਜੀ, ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੱਚ-ਹੱਕ ਨੂੰ ਕਾਇਮ ਕਰਨ ਲਈ ਅਨੇਕ ਪ੍ਰਕਾਰ ਦੀਆਂ ਕੁਰਬਾਨੀਆਂ ਦਿੱਤੀਆਂ। ਇਨ੍ਹਾਂ ਦੀਆਂ ਕੁਰਬਾਨੀਆਂ ਨੂੰ ਨਿਰੰਤਰ ਅੱਗੇ ਜਾਰੀ ਰੱਖਦੇ ਹੋਏ ਮਹਾਤਮਾ ਜੋਤੀ ਰਾਓ ਫੂਲੇ, ਡਾ. ਭੀਮ ਰਾਓ ਅੰਬੇਡਕਰ ਆਦਿ ਨੇ ਭਾਰਤ ਵਿੱਚ ਵਰਣ ਵਿਵਸਥਾ ਨੂੰ ਖਤਮ ਕਰਨ ਲਈ, ਸਮਾਨਤਾ, ਏਕਤਾ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ, ਭਾਰਤ ਦੇਸ਼ ਨੂੰ ਦੁਨੀਆਂ ਦੇ ਨਕਸ਼ੇ 'ਤੇ ਉਭਾਰਨ ਲਈ, ਭਾਰਤ ਨੂੰ ਸਵਰਗ ਬਣਾਉਣ ਲਈ, ਮਨੁੱਖਤਾ ਦੀ ਭਲਾਈ ਲਈ ਵਧੀਆ ਨਿਯਮ ਬਣਾ ਕੇ ਉਨ੍ਹਾਂ ਨੂੰ ਭਾਰਤੀ ਸੰਵਿਧਾਨ ਦੇ ਰੂਪ ਵਿੱਚ ਪੇਸ਼ ਕੀਤਾ। ਪਰ ਅਫਸੋਸ ਇਹ ਹੈ ਕਿ ਜਿਹੜੀ ਕੱਟੜਤਾ, ਅਸਮਾਨਤਾ ਦੇ ਖਿਲਾਫ ਸਾਡੇ ਰਹਿਬਰ ਲੜੇ ਉਸੇ ਕੱਟੜਤਾ ਨੂੰ ਭਾਰਤ ਦੇ ਮੂਲਨਿਵਾਸੀਆਂ ਨੇ ਅੱਜ-ਕੱਲ੍ਹ ਤਕਰੀਬਨ ਪੂਰੀ ਤਰ੍ਹਾਂ ਅਪਣਾਇਆ ਹੋਇਆ ਹੈ ਤੇ ਮੂਲ ਨਿਵਾਸੀਆਂ ਦੀਆਂ ਆਪਣੀਆਂ-ਆਪਣੀਆਂ ਡਫਲੀਆਂ ਤੇ ਆਪਣੇ-ਆਪਣੇ ਰਾਗ ਹਨ ਅਤੇ ਆਪਣੇ ਆਪਣੇ ਮਿਸ਼ਨ ਹਨ। ਇਸ ਦਾ ਹੀ ਮੁੱਖ ਕਾਰਣ ਅੱਜ ਇਹ ਹੈ ਕਿ ਭਾਰਤ ਦੇ ਮੂਲ ਨਿਵਾਸੀ ਸਫ਼ਾਈ ਕਰਮਚਾਰੀਆਂ ਦੇ ਹਾਲਾਤ ਇੰਨੇ ਚਿੰਤਾਜਨਕ ਹਨ, ਇੰਨੇ ਨਾਜ਼ੁਕ ਹਨ ਕਿ ਹਰ ਮਨੁੱਖ ਉਨ੍ਹਾਂ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖ ਰਿਹਾ ਹੈ। ਮੂਲ ਨਿਵਾਸੀਆਂ ਦੇ ਬੱਚੇ ਸਿੱਖਿਆ ਦੇ ਮੰਦਿਰ ਸਕੂਲਾਂ/ਕਾਲਜਾਂ, ਯੂਨੀਵਰਸਿਟੀਆਂ ਵਿੱਚ ਪੜ੍ਹਨ ਦੀ ਬਜਾਏ ਆਪਣੇ-ਆਪਣੇ ਅਨੁਸਾਰ ਆਪਣੇ ਬਣਾਏ ਡੇਰਿਆਂ, ਆਪਣੇ-ਆਪਣੇ ਗੋਤਰਾਂ, ਆਪਣੀਆਂ-ਆਪਣੀਆਂ ਉੱਪ ਜਾਤਾਂ ਦੇ ਬਣਾਏ ਧਾਰਮਿਕ ਸਥਾਨਾਂ ਵਿੱਚ ਬੁਰੀ ਤਰ੍ਹਾਂ ਉਲਝੇ ਹੋਏ ਹਨ ਅਤੇ ਆਪਣੀ -ਆਪਣੀ ਕੌਮ ਨੂੰ ਲੈ ਕੇ ਇੰਨੇ ਕੱਟੜ ਹੋਏ ਹਨ ਕਿ ਇੰਨਾ ਖਤਰਾ ਮੂਲ ਨਿਵਾਸੀਆਂ ਨੂੰ ਆਰੀਆ ਲੋਕਾਂ ਦੁਆਰਾ ਬਣਾਈਆਂ ਗਈਆਂ ਸੰਸਥਾਵਾਂ ਦਾ ਨਹੀਂ ਜਿੰਨਾ ਖਤਰਾ ਮੂਲ ਨਿਵਾਸੀਆਂ ਵੱਲੋਂ ਆਪਣੀਆਂ ਬਣਾਈਆਂ ਗਈਆਂ ਸੰਸਥਾਵਾਂ ਤੋਂ ਹੋ ਰਿਹਾ ਹੈ। ਇਹ ਸਮੇਂ ਦੀ ਮੰਗ ਹੈ ਅਤੇ ਪੰਜਾਬ ਵਿੱਚ ਇਸ ਦੀ ਖਾਸ ਜ਼ਰੂਰਤ ਹੈ ਕਿਉਂਕਿ ਪੰਜਾਬ ਵਿੱਚ ਲੱਗਭਗ 2 ਸਾਲਾਂ ਵਿੱਚ ਚੋਣਾਂ ਹੋਣ ਵਾਲੀਆਂ ਹਨ ਤੇ ਜਿੱਥੇ ਪੰਜਾਬ ਦੇ ਲੋਕਾਂ ਦਾ ਭਵਿੱਖ ਸੁਰੱਖਿਅਤ ਹੋਣਾ ਨਿਸ਼ਚਿਤ ਕੀਤਾ ਜਾਣਾ ਹੈ, ਉਸ ਵਿਧਾਨ ਸਭਾ ਵਿੱੱਚ ਅੰਬੇਡਕਰੀ ਸੋਚ ਦੇ ਲੋਕਾਂ ਦਾ ਪਹੁੰਚਣਾ ਬਹੁਤ ਜ਼ਰੂਰੀ ਹੈ ਪਰ ਨਾਲ ਹੀ ਇਹ ਵੀ ਖਿਆਲ ਰੱਖਣਾ ਪਵੇਗਾ ਕਿ ਅੰਬੇਡਕਰੀ ਸੋਚ ਦੇ ਨੁਮਾਇੰਦੇ ਉੱਥੇ ਪੁੱਜਣ ਕਿਵੇਂ। ਉਨ੍ਹਾਂ ਨੂੰ ਉੱਥੇ ਪਹੁੰਚਾਉਣ ਲਈ ਤਰੀਕਾ ਵੀ ਅੰਬੇਡਕਰੀ ਸੋਚ ਵਾਂਗ ਹੀ ਹੋਣਾ ਚਾਹੀਦਾ ਹੈ, ਕਿਉਂਕਿ ਜੇਕਰ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਕਿਸੇ ਦੇ ਮੋਢਿਆਂ 'ਤੇ ਜਾਂ ਕਿਸੇ ਦੀ ਝੋਲੀ ਵਿੱਚ ਬੈਠ ਕੇ ਵਿਧਾਨ ਸਭਾ ਵਿੱਚ ਪੁੱਜ ਕੇ ਗਰੀਬ ਸਮਾਜ ਦੀ ਗੱਲ ਕਰ ਸਕਦੇ ਹਾਂ ਤਾਂ ਇਹ ਭਲੇਖਾ ਸਾਨੂੰ ਆਪਣੇ ਦਿਲ-ਦਿਮਾਗ 'ਚੋਂ ਕੱਢ ਦੇਣਾ ਚਾਹੀਦਾ ਹੈ। ਇਸ ਦੀ ਤਾਜ਼ਾ ਉਦਾਹਰਣ ਇਹ ਹੈ ਕਿ ਪਿਛਲੇ ਦਿਨੀਂ ਪੰਜਾਬ ਵਿੱਚ 3 ਲੱਖ 5 ਹਜ਼ਾਰ ਬੱਚਿਆਂ ਦਾ ਭਵਿੱਖ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਅਧੀਨ ਖਤਰੇ ਵਿੱਚ ਸੀ। ਥੋੜ੍ਹੇ ਦਿਨ ਪਹਿਲਾਂ ਹੀ ਵਿਧਾਨ ਸਭਾ ਦਾ ਸੈਸ਼ਨ ਲੱਗਿਆ ਸੀ ਪਰ ਕਿਸੇ ਵੀ ਗੈਰ-ਦਲਿਤ ਐਮ. ਐਲ. ਏ ਜਾਂ ਦਲਿਤ ਐਮ. ਐਲ. ਏ ਨੇ ਦਲਿਤ ਵਿਦਿਆਰਥੀਆਂ ਦੇ ਭਵਿੱਖ ਦੀ ਚਿੰਤਾ ਨਹੀਂ ਕੀਤੀ ਕਿਉਂਕਿ ਉਹ ਵਿਧਾਨ ਸਭਾ ਵਿੱਚ ਦਲਿਤਾਂ ਦੇ ਨੁਮਾਇੰਦੇ ਵਜੋਂ ਨਹੀਂ ਬਲਕਿ ਆਪਣੀ ਪਾਰਟੀ ਦੇ ਨੁਮਾਇੰਦੇ ਵਜੋਂ ਬੈਠੇ ਸਨ। ਭਾਰਤ ਦੇ ਮੂਲ ਨਿਵਾਸੀਆਂ ਨੂੰ ਆਪਣੇ ਦਿਮਾਗ ਵਿੱਚੋਂ ਕੱਟੜਤਾ ਕੱਢ ਕੇ ਆਪਣੇ ਰਹਿਬਰਾਂ ਦੇ ਮਿਸ਼ਨ ਨੂੰ ਲੈ ਕੇ ਚੱਲਣਾ ਚਾਹੀਦਾ ਹੈ, ਨਹੀਂ ਤਾਂ ਦਲਿਤਾਂ ਨੂੰ ਕੋਈ ਹੱਕ ਨਹੀਂ ਕਿ ਉਹ ਕਿਸੇ ਨੂੰ ਗਾਲ੍ਹਾਂ ਕੱਢਣ ਕਿਉਂਕਿ ਜਿੰਨੀ ਦੇਰ ਤੱਕ ਅਸੀਂ ਆਪਣੇ ਆਪ ਨੂੰ ਬਰਾਬਰਤਾ ਦੇ ਮਿਸ਼ਨ ਨੂੰ ਸਮਰਪਿਤ ਨਹੀਂ ਕਰਦੇ ਓਨੀ ਦੇਰ ਤੱਕ ਦੇਸ਼, ਸਮਾਜ ਅਤੇ ਮਨੁੱਖ ਦਾ ਭਲਾ ਹੋਣ ਵਾਲਾ ਨਹੀ। ਕੱਟੜਤਾ ਤੁਹਾਡੇ ਅਤੇ ਦੇਸ਼ ਦੇ ਸੱਤਿਆਨਾਸ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੀ। ਬਰਾਬਰਤਾ ਤੁਹਾਡੀ ਅਤੇ ਦੇਸ਼ ਦੀ ਖੁਸ਼ਹਾਲੀ ਲੈ ਕੇ ਆ ਸਕਦੀ ਹੈ। ਸਿਰਫ ਭਾਰਤ ਦੇ ਸੰਵਿਧਾਨ ਨੂੰ ਹੀ ਇਮਾਨਦਾਰੀ ਨਾਲ ਲਾਗੂ ਕਰਵਾ ਦਿੱਤਾ ਜਾਵੇ ਤਾਂ ਇਹ ਵੀ ਬਰਾਬਰਤਾ ਵੱਲ ਇਕ ਬਹੁਤ ਵੱਡਾ ਕਦਮ ਹੋਵੇਗਾ। ਭਾਰਤੀ ਸੰਵਿਧਾਨ ਇਮਾਨਦਾਰੀ ਨਾਲ ਲਾਗੂ ਹੋਣ 'ਤੇ ਹੀ ਪੂਰਾ ਦੇਸ਼ ਖੁਸ਼ਹਾਲ ਹੋ ਸਕਦਾ ਹੈ। ਫ਼ੈਸਲਾ ਤੁਹਾਡੇ ਹੱਥ ਹੈ ਕਿ ਤੁਸੀਂ ਕੱਟੜ ਰਹਿਣਾ ਹੈ ਜਾਂ ਆਪਣੇ ਰਹਿਬਰਾਂ ਦਾ ਸਮਾਨਤਾ ਦਾ ਫਲਸਫਾ ਸਮਝ ਕੇ ਬਰਾਬਰਤਾ ਦਾ ਕੰਮ ਕਰਨਾ ਹੈ।
- ਅਜੇ ਕੁਮਾਰ

Sunday 27 September 2015

ਚਿੱਟੇ ਬੱਦਲ


ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੀ ਸਿਆਸਤ 'ਚ ਬਾਦਲ ਅਤੇ ਬਾਦਲ ਪਰਿਵਾਰ ਛਾਇਆ ਹੋਇਆ ਹੈ ਪਰ ਜਿੰਨੇ ਤਕੜੇ ਤਰੀਕੇ ਨਾਲ ਪੰਜਾਬ ਵਿੱਚ ਚਿੱਟੇ ਦਾ ਨਸ਼ਾ ਛਾਇਆ ਖਾਸ ਕਰਕੇ ਚਿੱਟਾ ਛਾਇਆ, ਉਸ ਮੂਹਰੇ ਕਿਸੇ ਵੀ ਚੰਗੇ ਸਿਆਸਤਦਾਨ ਦਾ, ਕਿਸੇ ਵੀ ਸਮਾਜਸੇਵੀ ਸੰਸਥਾ ਦਾ, ਕਿਸੇ ਵੀ ਸੂਝਵਾਨ ਦਾ ਟਿਕਣਾ ਮੁਸ਼ਕਿਲ ਹੋਇਆ ਪਿਆ ਹੈ। ਇਸ ਸਮੇਂ ਪੰਜਾਬ ਵਿੱਚ ਚਿੱਟਾ ਤਕਰੀਬਨ ਜੇ ਹਰ ਘਰ ਨਹੀਂ ਤਾਂ ਹਰ ਘਰ ਦੇ ਨੇੜੇ-ਤੇੜੇ ਜ਼ਰੂਰ ਪੁੱਜ ਗਿਆ ਹੈ। ਆਮ ਤੌਰ 'ਤੇ ਲੋਕ ਆਖਦੇ ਹਨ ਕਿ ਕਾਲੇ ਬੱਦਲ ਛਾਏ ਹੋਏ ਹਨ ਜਾਂ ਆਉਣ ਵਾਲੇ ਹਨ, ਇਹ ਜ਼ਰੂਰ ਕੋਈ ਵੱਡਾ ਨੁਕਸਾਨ ਕਰਨਗੇ ਪਰ ਜਿਹੜਾ ਚਿੱਟਾ ਪੰਜਾਬ 'ਚ ਛਾਇਆ ਹੋਇਆ ਹੈ, ਇਸ ਨੇ ਪੰਜਾਬ ਦਾ ਸਾਰਾ ਮਾਹੌਲ ਵੀ ਜ਼ਹਿਰੀਲਾ ਕੀਤਾ ਹੋਇਆ ਹੈ, ਕਿਤੇ ਲੁੱਟਾਂ-ਖੋਹਾਂ ਹੋ ਰਹੀਆਂ ਹਨ, ਔਰਤਾਂ ਨਾਲ ਬੱਦਤਮੀਜ਼ੀ ਹੋ ਰਹੀ ਹੈ, ਨੌਜਵਾਨ ਫਾਹੇ ਲੈ ਰਹੇ ਹਨ, ਕਿਤੇ ਬੈਂਕ ਲੁੱਟੇ ਜਾ ਰਹੇ ਹਨ, ਚੋਰੀਆਂ-ਡਕੈਤੀਆਂ ਹੋ ਰਹੀਆਂ ਹਨ, ਜੇਲ੍ਹਾਂ 'ਚ ਵੀ ਚਿੱਟਾ ਥੋਕ ਦੇ ਭਾਅ ਚੱਲ ਰਿਹਾ ਹੈ, ਕਈ ਜਗ੍ਹਾ ਏ. ਟੀ. ਐਮ. ਪੁੱਟੇ ਜਾ ਰਹੇ ਹਨ ਚੁੱਕੇ ਜਾ ਰਹੇ ਹਨ, ਚਿੱਟਾ ਵੇਚਣ ਖਰੀਦਣ ਤੋਂ ਗੈਂਗਵਾਰ ਹੋ ਰਹੀ ਹੈ। ਮੰਤਰੀਆਂ-ਸੰਤਰੀਆਂ ਅਫਸਰਾਂ ਦੇ ਨਾਂ ਲੱਗ ਰਹੇ ਹਨ, ਕੋਰਟਾਂ 'ਚ ਰਿੱਟਾਂ ਪਾਈਆਂ ਜਾ ਰਹੀਆਂ ਹਨ। ਸਕੂਲਾਂ-ਕਾਲਜਾਂ, ਹੋਸਟਲਾਂ, ਪੀਜੀ 'ਚ ਲੜਕੇ-ਲੜਕੀਆਂ ਨਸ਼ਿਆਂ 'ਚ ਆਮ ਦੇਖੀਆਂ ਜਾ ਸਕਦੀਆਂ ਹਨ। ਚੰਗੇ ਘਰਾਂ ਦੇ ਕਾਕੇ ਕੁਰਾਹੇ ਪਏ ਹੋਏ ਹਨ। ਕਹਿਣ ਦਾ ਭਾਵ ਚਿੱਟਾ ਪੂਰੀ ਤਰ੍ਹਾਂ ਛਾਇਆ ਹੋਇਆ ਹੈ। ਪੰਜਾਬ 'ਚ ਗਠਬੰਧਨ ਸਰਕਾਰ ਹੈ, ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਇਹ ਸਰਕਾਰ ਪੰਜਾਬ 'ਚ ਨਸ਼ਿਆਂ ਨੂੰ ਖਤਮ ਕਰਨ ਲਈ ਨਸ਼ਾਮੁਕਤ ਪੰਜਾਬ ਦਾ ਮੁੱਦਾ ਲੈ ਕੇ ਸੱਤਾ 'ਤੇ ਕਾਬਜ਼ ਹੋਈ ਸੀ, ਹੁਣ ਹਾਲਾਤ ਵੇਖ ਲਓ ਸ਼ਰੇਆਮ ਪੰਜਾਬ ਦੇ ਮੰਤਰੀਆਂ-ਸੰਤਰੀਆਂ, ਐਮ. ਐਲ. ਏ. ਅਫ਼ਸਰਾਂ ਦੇ ਚਿੱਟਾ ਵੇਚਣ ਵਾਲਿਆਂ ਨਾਲ ਭਾਈਵਾਲੀ ਦੇ ਇਲਜ਼ਾਮ ਲੱਗਦੇ ਹਨ ਪਰ ਇਸ ਨੂੰ ਕੰਟਰੋਲ ਕਰਨ ਲਈ ਨਾ ਕਿਸੇ ਪ੍ਰਸ਼ਾਸਨਿਕ ਅਧਿਕਾਰੀ, ਨਾ ਵਿਰੋਧੀ ਧਿਰ ਤੇ ਨਾ ਹੀ ਕਿਸੇ ਮੰਤਰੀ ਨੇ ਖੁੱਲ੍ਹੀ ਚਰਚਾ ਆਪਣੇ ਹਲਕੇ ਜਾਂ ਵਿਧਾਨ ਸਭਾ 'ਚ ਕੀਤੀ। ਅਸੀਂ 28 ਸਤੰਬਰ ਨੂੰ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮ ਦਿਨ ਮਨਾ ਰਹੇ ਹਾਂ, ਜਿਨ੍ਹਾਂ ਨੇ ਸਿਰਫ 23 ਸਾਲ 6 ਮਹੀਨੇ ਦੀ ਉਮਰ ਵਿੱਚ ਆਪਣੀ ਜਾਨ ਦੇਸ਼ ਤੋਂ ਵਾਰ ਦਿੱਤੀ। ਪੰਜਾਬ ਦੀ ਧਰਤੀ ਸਭ ਤੋਂ ਵੱਧ ਕ੍ਰਾਂਤੀਕਾਰੀਆਂ, ਗੁਰੂਆਂ-ਪੀਰਾਂ, ਫ਼ਕੀਰਾਂ ਦੀ ਕਰਮਭੂਮੀ ਰਹੀ ਹੈ। ਸਭ ਤੋਂ ਵੱਧ ਪੰਜਾਬ 'ਚ ਸ਼ਹੀਦ ਹੋਏ ਹਨ, ਤੁਸੀਂ ਵਿਚਾਰ ਕਰੋ ਕਿ ਅਸੀਂ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਕੀ ਮੁੱਲ ਪਾਇਆ ਉਨ੍ਹਾਂ ਪੀਰਾਂ-ਫ਼ਕੀਰਾਂ ਗੁਰੂਆਂ ਦੀ ਵਿਚਾਰਧਾਰਾ ਅਤੇ ਕ੍ਰਾਂਤੀ ਦਾ ਤੇ ਇਨ੍ਹਾਂ ਸ਼ਹੀਦਾਂ ਦਾ। ਆਓ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ 'ਚੋਂ ਚਿੱਟੇ ਅਤੇ ਹੋਰ ਨਸ਼ਿਆਂ ਨੂੰ ਜੜ੍ਹੋਂ ਉਖਾੜ ਕੇ ਭਗਤ ਸਿੰਘ ਦਾ ਪੰਜਾਬ ਸਿਰਜੀਏ। ਪਿਛਲੀ ਵਾਰ ਮੈਂ ਲੇਖ ਲਿਖਿਆ ਸੀ, 'ਬੋਤਲ 'ਚ ਬੰਦ ਹਾਥੀ'। ਬਹੁਤ ਸਾਰੇ ਬਹੁਜਨ ਸਮਾਜ ਪਾਰਟੀ ਦੇ ਭੇਡ ਚਾਲ 'ਚ ਵਿਸ਼ਵਾਸ ਰੱਖਣ ਵਾਲੇ ਲੀਡਰਾਂ ਨੇ ਲੇਖ ਦਾ ਸਿਰਫ ਹੈਡਿੰਗ ਪੜ੍ਹ ਕੇ ਹੀ ਮੇਰੇ ਖਿਲਾਫ ਟਿੱਪਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ, ਜਦੋਂ ਉਨ੍ਹਾਂ ਨੂੰ ਪੂਰਾ ਲੇਖ ਪੜ੍ਹਨ ਲਈ ਕਿਹਾ ਗਿਆ ਤਾਂ ਫਿਰ ਸ਼ਰਮਿੰਦਗੀ ਨਾਲ ਉਨ੍ਹਾਂ ਨੂੰ ਆਪਣੇ ਕੁਮੈਂਟ ਬਦਲਣੇ ਪਏ। ਇਸੇ ਤਰ੍ਹਾਂ ਹੋ ਸਕਦਾ ਹੈ ਕਿ ਮੌਜੂਦਾ ਸਰਕਾਰ ਦੇ ਚਹੇਤੇ ਵੀ ਮੇਰੇ ਲੇਖ ਦਾ ਹੈਡਿੰਗ ਪੜ੍ਹ ਕੇ ਕੱਪੜਿਆਂ ਤੋਂ ਬਾਹਰ ਹੋਣ ਨੂੰ ਫਿਰਨ, ਮੈਂ ਚਾਹੁੰਦਾ ਹਾਂ ਕਿ ਲੀਡਰ ਬੇਮਤਲਬ ਦੀ ਬਿਆਨਬਾਜ਼ੀ ਕਰਨ ਦੀ ਬਜਾਏ ਕਿਸੇ ਵੀ ਮੰਚ 'ਤੇ ਮੇਰੇ ਨਾਲ ਨਸ਼ੇ ਦੇ ਮੁੱਦੇ 'ਤੇ ਬਹਿਸ ਕਰ ਸਕਦੇ ਹਨ ਤੇ ਅਸੀਂ ਮਿਲਜੁਲ ਕੇ ਘੁਣ ਦੀ ਤਰ੍ਹਾਂ ਪੰਜਾਬ ਨੂੰ ਖਾ ਰਹੇ ਚਿੱਟੇ ਨਸ਼ੇ ਤੋਂ ਛੁਟਕਾਰਾ ਪਾਉਣ ਦਾ ਕੋਈ ਚੰਗਾ ਹੱਲ ਲੱਭ ਸਕਦੇ ਹਾਂ। ਮੈਨੂੰ ਪਤਾ ਹੈ ਕਿ ਜਦੋਂ ਅਸੀਂ ਚਿੱਟੇ ਦੇ ਖਿਲਾਫ ਮੂਵਮੈਂਟ ਚਲਾਉਣੀ ਹੈ ਤਾਂ ਵੱਡੇ-ਵੱਡੇ ਧਾਕੜ ਮੰਤਰੀਆਂ ਦਾ ਵਿਰੋਧ ਵੀ ਮੈਨੂੰ ਝੱਲਣਾ ਪੈਣਾ ਹੈ। ਸਾਨੂੰ ਪਤਾ ਹੈ ਕਿ ਜੇਕਰ ਅਸੀਂ ਭਗਤ ਸਿੰਘ ਦੇ ਨਾਮ ਦਾ ਪੰਜਾਬ ਨਹੀਂ ਸਿਰਜਾਂਗੇ ਤਾਂ ਹੋਰ ਕੌਣ ਸਿਰਜੇਗਾ? ਜੇਕਰ ਚਿੱਟਾ ਵੇਚਣ ਵਾਲੇ ਮੋਟੀਆਂ ਕਮਾਈਆਂ ਅਤੇ ਆਪਣੀਆਂ ਸੁੱਖ-ਸੁਵਿਧਾਵਾਂ ਲਈ ਜਾਨ ਦੀ ਬਾਜ਼ੀ ਵੀ ਲਗਾ ਸਕਦੇ ਹਨ ਤਾਂ ਅਸੀਂ ਅੰਬੇਡਕਰੀ ਸੋਚ ਵਾਲੇ ਆਪਣੀ ਆਤਮਾ ਦੀ ਖੁਰਾਕ ਲਈ, ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ, ਆਪਣੀਆਂ ਧੀਆਂ-ਭੈਣਾਂ ਦੀ ਇੱਜ਼ਤ ਨੂੰ ਕਾਇਮ ਰੱਖਣ ਲਈ ਨਸ਼ਾਮੁਕਤ ਪੰਜਾਬ ਕਿਉਂ ਨਹੀਂ ਬਣਾ ਸਕਦੇ? ਕਿਉਂ ਲੜਾਈ ਨਹੀਂ ਲੜ ਸਕਦੇ? ਇੱਥੇ ਮੈਨੂੰ ਪੁਰਾਣੀ ਕਹਾਵਤ ਯਾਦ ਆ ਰਹੀ ਹੈ ਜੋ ਸੀਨੀਅਰ ਦਲਿਤ ਨੇਤਾ ਬਿਸ਼ਨ ਦਾਸ ਸਹੋਤਾ ਸੁਣਾਇਆ ਕਰਦੇ ਹਨ, ਇਕ ਵਾਰ ਘੁਮਿਆਰ ਮਿੱਟੀ ਦੀਆਂ ਚਿਲਮਾਂ ਬਣਾ ਰਿਹਾ ਸੀ, ਜਿਸ ਵਿੱਚ ਤੰਬਾਕੂ ਪਾ ਕੇ ਲੋਕ ਪੀਂਦੇ ਸਨ, ਉਸ ਦੀ ਲੜਕੀ ਨੇ ਕਿਹਾ ਕਿ ਤੁਸੀਂ ਚਿਲਮ ਦੀ ਥਾਂ 'ਤੇ ਪਾਣੀ ਵਾਲੀ ਸੁਰਾਹੀ ਬਣਾਇਆ ਕਰੋ ਪਾਣੀ ਠੰਡਾ ਰਹੇ ਤੇ ਲੋਕ ਪਾਣੀ ਪੀਣ ਤੇ ਤੁਹਾਨੂੰ ਯਾਦ ਕਰਨ। ਘੁਮਿਆਰ ਨੇ ਥੋੜ੍ਹੀ ਜਿਹੀ ਮਿੱਟੀ ਲੈ ਕੇ ਉਸ ਚਿਲਮ ਦੀ ਸੁਰਾਹੀ ਬਣਾਉਣੀ ਸ਼ੁਰੂ ਕਰ ਦਿੱਤੀ, ਜਦੋਂ ਉਹ ਸੁਰਾਹੀ ਬਣ ਰਹੀ ਸੀ ਤਾਂ ਮਿੱਟੀ ਨੇ ਘੁਮਿਆਰ ਨੂੰ ਸਵਾਲ ਪੁੱਛਿਆ ਕਿ ਇਹ ਤੂੰ ਕੀ ਕਰ ਰਿਹਾ ਹੈਂ, ਤੂੰ ਮਿੱਟੀ 'ਤੇ ਹੋਰ ਮਿੱਟੀ ਪਾਈ ਜਾ ਰਿਹੈ ਹੈਂ ਤਾਂ ਘੁਮਿਆਰ ਨੇ ਕਿਹਾ ਕਿ ਪਹਿਲਾਂ ਮੈਂ ਚਿਲਮ ਬਣਾਈ ਸੀ, ਹੁਣ ਮੈਂ ਸੁਰਾਹੀ ਬਣਾਉਣੀ ਹੈ, ਮੇਰਾ ਵਿਚਾਰ ਬਦਲ ਗਿਆ। ਅੱਗੋਂ ਮਿੱਟੀ ਨੇ ਜਵਾਬ ਦਿੱਤਾ ਕਿ ਜੇ ਤੇਰਾ ਵਿਚਾਰ ਬਦਲ ਗਿਆ ਹੈ ਤਾਂ ਮੇਰਾ ਸੰਸਾਰ ਬਦਲ ਗਿਆ ਹੈ। ਆਓ ਆਪਣੇ ਵਿਚਾਰਾਂ ਨਾਲ ਪੰਜਾਬ ਦਾ ਮਾਹੌਲ ਬਦਲੀਏ ਅਤੇ ਖੁਸ਼ਨੁਮਾ ਸੰਸਾਰ ਸਿਰਜੀਏ। ਆਓ ਚਿੱਟੇ ਦੇ ਕਲੰਕ ਨੂੰ ਮਿਟਾ ਕੇ ਸ਼ਾਂਤੀ ਦਾ ਬੂਟਾ ਲਾਈਏ। ਪੰਜਾਬ ਨੇ ਸਿਕੰਦਰ ਤੋਂ ਲੈ ਕੇ ਪਾਕਿਸਤਾਨ ਤੱਕ ਸਦਾ ਤੋਂ ਵਿਦੇਸ਼ੀ ਤਾਕਤਾਂ ਦੇ ਹਮਲੇ ਝੱਲੇ। ਪੰਜਾਬ ਨੂੰ ਕਮਜ਼ੋਰ ਕਰਨ ਦੀ ਖ਼ਾਤਿਰ ਵਿਦੇਸ਼ੀ ਤਾਕਤਾਂ ਨੇ ਧਰਮ ਦੇ ਨਾਂ 'ਤੇ ਪੰਜਾਬ ਵਿੱਚ ਅੱਤਵਾਦ ਫੈਲਾਇਆ, ਜਿਸ ਦਾ ਦਰਦ 30 ਸਾਲਾਂ ਬਾਅਦ ਵੀ ਮਹਿਸੂਸ ਹੁੰਦਾ ਹੈ ਪਰ ਇਕ ਗੱਲ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਕੋਈ ਵੀ ਵਿਦੇਸ਼ੀ ਹਮਲਾ ਜਾਂ ਅੱਤਵਾਦ ਪੰਜਾਬ ਲਈ ਏਨਾ ਘਾਤਕ ਹੋਇਆ ਹੈ, ਜਿੰਨਾ ਚਿੱਟੇ ਦਾ ਨਸ਼ਾ ਘਾਤਕ ਸਿੱਧ ਹੋਵੇਗਾ। ਇਕ ਪੂਰੀ ਦੀ ਪੂਰੀ ਨੌਜਵਾਨ ਪੀੜ੍ਹੀ ਨਸ਼ੇ ਦੀ ਬਲੀਬੇਦੀ 'ਤੇ ਕੁਰਬਾਨ ਹੋ ਰਹੀ ਹੈ। ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਰਹੇ ਹਨ ਤੇ ਨਸ਼ਿਆਂ ਦੀ ਮਾਰ ਤੋਂ ਸੱਭਿਅਤਾ, ਸੰਸਕ੍ਰਿਤੀ ਬਚਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਨਸ਼ੇਬਾਜ਼ੀ ਅੰਦਰੋਂ-ਅੰਦਰੀ ਘੁਣ ਦੀ ਤਰ੍ਹਾਂ ਪੰਜਾਬ ਨੂੰ ਖਾ ਰਹੀ ਹੈ। ਉੱਪਰੋਂ ਦੇਖਣ ਨੂੰ ਮਜ਼ਬੂਤੀ ਪੂਰੀ ਹੈ ਪਰ ਜੇ ਉਂਗਲ ਲਗਾਈ ਤੇ ਝਰ-ਝਰ ਕਰਕੇ ਸਭ ਕੁਝ ਡਿੱਗ ਜਾਵੇਗਾ।
ਨਸ਼ਾ ਮੁਕਤ ਸਮਾਜ ਸਿਰਜਣ ਲਈ ਸੰਪਰਕ ਕਰੋ।
- ਅਜੇ ਕੁਮਾਰ

Sunday 20 September 2015

ਬੋਤਲ 'ਚ ਹਾਥੀ


ਵਿਹਲੇ ਖੱਪ-ਰੌਲੇ ਦੀ ਰਾਜਨੀਤੀ, ਬਿਨਾਂ ਸਿਰ-ਪੈਰ ਦੇ ਮੁੱਦੇ ਉਠਾਉਣ ਦੀ ਕਲਾ ਅਤੇ ਭਰਾ ਨੂੰ ਭਰਾ ਨਾਲ ਲੜਾਉਣ ਦੀ ਮੁਹਾਰਤ ਰੱਖਣ ਵਾਲਾ ਸਾਡੇ ਦੇਸ਼ ਵਿੱਚ ਲੀਡਰ ਅਖਵਾਉਂਦਾ ਹੈ। ਤੁਸੀਂ ਰਾਹ ਜਾਂਦੇ ਸੜਕਾਂ ਦੇ ਕੰਢੇ ਮਦਾਰੀਆਂ ਦੇ ਤਮਾਸ਼ੇ ਕਈ ਵਾਰ ਦੇਖੇ ਹੋਣਗੇ। ਮਜਮਾ ਲਾਉਣ ਦੀ ਖ਼ਾਤਿਰ ਮਦਾਰੀ ਡੁਗਡੁਗੀ ਵਜਾ ਕੇ ਲੋਕ ਇਕੱਠੇ ਕਰਦਾ ਹੈ। ਭੀੜ ਦੀ ਉਤੇਜਨਾ ਵਧਾਉਣ ਲਈ ਕਈ ਤਰ੍ਹਾਂ ਦੇ ਡਰਾਮੇ ਕੀਤੇ ਜਾਂਦੇ ਹਨ। ਮਦਾਰੀ ਨਾਲ ਆਇਆ ਬੱਚਾ ਪਹਿਲਾਂ ਤਾਂ ਉਛਲਕੂਦ ਕਰਕੇ ਭੀੜ ਦਾ ਮਨੋਰੰਜਨ ਕਰਦਾ ਹੈ, ਫਿਰ  ਮਦਾਰੀ ਉਸ ਬੱਚੇ ਨੂੰ ਚਾਕੂ ਮਾਰਦਾ ਹੈ, ਫਿਰ ਜਿਊਂਦਾ ਕਰਨ ਦੀ ਖ਼ਾਤਿਰ ਲੋਕਾਂ ਕੋਲੋਂ ਪੈਸੇ ਇਕੱਠੇ ਕਰਦਾ ਹੈ, ਅਖੀਰ 'ਚ ਪੈਸੇ ਇਕੱਠੇ ਕਰਕੇ ਬੱਚੇ ਨੂੰ ਦੁਬਾਰਾ ਜਿਊਂਦਾ ਖੜ੍ਹਾ ਕਰਕੇ ਚੱਲਦਾ ਬਣਦਾ ਹੈ। ਧਿਆਨ ਨਾਲ ਦੇਖੀਓ ਸਾਡੇ ਲੀਡਰਾਂ ਦੀਆਂ ਕਾਰਗੁਜ਼ਾਰੀਆਂ ਸੜਕ ਕੰਢੇ ਖੜ੍ਹੇ ਕਿਸੇ ਮਦਾਰੀ ਨਾਲੋਂ ਕੁਝ ਜ਼ਿਆਦਾ ਚੰਗੀਆਂ ਨਹੀਂ ਹੁੰਦੀਆਂ। ਇਹ ਵੀ ਉਸੇ ਤਰੀਕੇ ਨਾਲ ਵੱਡੀਆਂ-ਵੱਡੀਆਂ ਸਟੇਜਾਂ 'ਤੇ ਬੈਠ ਕੇ ਆਪੋ-ਆਪਣੀਆਂ ਪਾਰਟੀਆਂ ਬਣਾ ਮੀਡੀਏ ਨਾਲ ਸੈਟਿੰਗ ਕਰਕੇ ਕੁਝ ਮਦਾਰੀਆਂ ਵਾਲੀਆਂ ਹਰਕਤਾਂ ਹੀ ਕਰਦੇ ਹਨ। ਫ਼ਰਕ ਸਿਰਫ ਇਹ ਹੈ ਕਿ ਮਦਾਰੀ ਆਪਣਾ ਢਿੱਡ ਪਾਲਣ ਖ਼ਾਤਿਰ ਭੀੜ ਦੀ ਜੇਬ੍ਹ 'ਚੋਂ ਪੈਸੇ ਕਢਵਾਉਂਦਾ ਹੈ ਤੇ ਇਹ ਲੀਡਰ ਆਪਣਾ ਸਵਾਰਥ ਸਿੱਧ ਕਰਨ ਖ਼ਾਤਿਰ ਆਪਣੇ ਲੱਛੇਦਾਰਾਂ ਭਾਸ਼ਣਾਂ ਰਾਹੀਂ ਜਨਤਾ ਦਾ ਦਿਮਾਗ ਸਾਫ਼ ਕਰਕੇ ਉਨ੍ਹਾਂ ਦੀਆਂ ਵੋਟਾਂ ਹਥਿਆਉਂਦੇ ਹਨ। ਤੁਹਾਡੀਆਂ ਵੋਟਾਂ ਹਥਿਆਉਣ ਖ਼ਾਤਿਰ ਇਹ ਲੀਡਰ ਕਿਸੇ ਵੀ ਤਰ੍ਹਾਂ ਦਾ ਝੂਠ ਬੋਲਣ ਤੋਂ ਗੁਰੇਜ਼ ਨਹੀਂ ਕਰਦੇ। ਹੱਦ ਤਾਂ ਇਹ ਹੈ ਕਿ ਆਪਣੇ ਹਰ ਝੂਠ ਨੂੰ ਸੱਚ ਸਿੱਧ ਕਰਨ ਲਈ ਇਹ ਬਹੁਤ ਸਾਰੇ ਤਮਾਸ਼ੇ ਵੀ ਕਰਦੇ ਹਨ। ਮੇਰੇ ਮੁਹੱਲੇ 'ਚ ਬੜਾ ਹੀ ਚਾਲੂ ਕਿਸਮ ਦਾ ਮੁੰਡਾ ਰਹਿੰਦਾ ਸੀ ਰਾਕੇਸ਼, ਜਿਸ ਦਾ ਕੰਮ ਸੀ ਹਰ ਤੀਜੇ ਦਿਨ ਮੁਹੱਲੇ 'ਚ ਕੋਈ ਨਵਾਂ ਤਮਾਸ਼ਾ ਖੜ੍ਹਾ ਕਰ ਦੇਣਾ। ਉਸ ਦਾ ਇਕ ਤਮਾਸ਼ਾ ਮੈਨੂੰ ਅਜੇ ਤੱਕ ਯਾਦ ਹੈ, ਉਸ ਨੇ ਮੁਹੱਲੇ 'ਚ ਖੱਪ ਪਾ ਦਿੱਤੀ ਕਿ ਮੈਂ ਜਾਦੂ ਜਾਣਦਾ ਹਾਂ ਅਤੇ ਜਾਦੂ ਨਾਲ ਬੋਤਲ 'ਚ ਹਾਥੀ ਬੰਦ ਕਰ ਸਕਦਾ ਹਾਂ। ਉਸ ਦੇ ਦਾਅਵੇ ਦੀ ਸੱਚਾਈ ਪਰਖਣ ਖ਼ਾਤਿਰ ਨਾ ਕੇਵਲ ਮੁਹੱਲੇ ਦੇ ਸਾਰੇ ਬੱਚੇ, ਸਗੋਂ ਜਨਾਨੀਆਂ ਅਤੇ ਬਜ਼ੁਰਗ ਵੀ ਇਕੱਠੇ ਹੋ ਗਏ। ਜਦੋਂ ਮੁਹੱਲੇ ਦੇ ਸਾਰੇ ਲੋਕਾਂ ਨੇ ਰਾਕੇਸ਼ ਨੂੰ ਜਾਦੂ ਦਿਖਾਉਣ ਲਈ ਕਿਹਾ ਤੇ ਆਪਣੇ ਝੂਠੇ ਰੌਲੇ ਨੂੰ ਸੱਚ ਸਿੱਧ ਕਰਨ ਲਈ ਉਸ ਨੇ ਕਾਗਜ਼ 'ਤੇ ਹਾਥੀ ਦੀ ਫੋਟੋ ਬਣਾਈ ਤੇ ਉਸ ਨੂੰ ਬੋਤਲ 'ਚ ਪਾ ਦਿੱਤਾ, ਲਓ ਕਹਿੰਦਾ ਤੁਹਾਨੂੰ ਮੇਰੀ ਗੱਲ 'ਤੇ ਯਕੀਨ ਨਹੀਂ ਸੀ, ਮੈਂ ਹਾਥੀ ਬੋਤਲ 'ਚ ਪਾ ਦਿੱਤੈ, ਜੇ ਤੁਸੀਂ ਕਹੋਂ ਤਾਂ 10 ਹਾਥੀ ਹੋਰ ਬੋਤਲ 'ਚ ਪਾ ਸਕਦਾ ਹਾਂ। ਹੁਣ ਕੌਣ ਅਜਿਹੇ ਬੰਦੇ ਨਾਲ ਬਹਿਸ ਕਰੂ ਜੋ ਸ਼ਰੇਆਮ ਅੱਖਾਂ 'ਚ ਘੱਟਾ ਪਾਉਂਦਾ ਹੋਵੇ। ਅੱਜ ਜਦੋਂ ਮੋਦੀ ਦੇ ਭਾਸ਼ਣਾਂ, ਓਹਦੀ ਕਹਿਣੀ ਤੇ ਕਰਨੀ ਦੇ ਅੰਤਰ ਨੂੰ ਦੇਖਦਾ ਹਾਂ ਤਾਂ ਮੈਨੂੰ ਰਾਕੇਸ਼ ਯਾਦ ਆ ਜਾਂਦਾ ਹੈ। ਜਿਵੇਂ ਉਹ ਬੋਤਲ 'ਚ ਹਾਥੀ ਪਾਉਂਦਾ ਸੀ, ਕੁਝ ਉਸੇ ਤਰੀਕੇ ਨਾਲ ਮੋਦੀ ਵੀ ਜਨਤਾ ਲਈ ਚੰਗੇ ਦਿਨ ਲਿਆ ਰਿਹਾ ਹੈ। ਅੱਛੇ ਦਿਨਾਂ ਦਾ ਵਾਅਦਾ ਕਰਕੇ ਸੱਤਾ ਵਿੱਚ ਆਏ ਨਰਿੰਦਰ ਮੋਦੀ ਨੇ ਪਿਛਲੇ ਡੇਢ ਸਾਲਾਂ 'ਚ ਬਾਹਰਲੇ ਮੁਲਕਾਂ ਦੀਆਂ ਸੈਰਾਂ ਕਰਨ ਤੋਂ ਇਲਾਵਾ ਕੁਝ ਕੀਤਾ ਹੋਵੇ ਤਾਂ ਮੇਰੇ ਧਿਆਨ 'ਚ ਨਹੀਂ। ਹੋ ਸਕਦਾ ਹੈ ਕੁਝ ਗਿਣਤੀ ਦੇ ਵੱਡੇ ਘਰਾਣਿਆਂ ਦੇ ਜਾਂ ਮੋਦੀ ਦੇ ਸਾਥੀਆਂ ਦੇ ਅੱਛੇ ਦਿਨ ਆ ਗਏ ਹੋਣ ਪਰ ਬਹੁ-ਗਿਣਤੀ ਜਨਤਾ ਦੇ ਹਾਲਾਤਾਂ ਵਿੱਚ ਅਜੇ ਤੱਕ ਕੋਈ ਬਦਲਾਓ ਨਹੀਂ ਹੋਇਆ। ਗਰੀਬੀ ਉਦੋਂ ਵੀ ਸੀ, ਗਰੀਬੀ ਹੁਣ ਵੀ ਹੈ, ਭੁੱਖਮਰੀ ਉਦੋਂ ਵੀ ਸੀ, ਭੁੱਖਮਰੀ ਹੁਣ ਵੀ ਹੈ। ਆਮ ਬੰਦੇ ਦਾ ਪੜ੍ਹਾਈ, ਦਵਾਈ, ਰੋਟੀ, ਕੱਪੜਾ ਅਤੇ ਮਕਾਨ ਲਈ ਸੰਘਰਸ਼ ਉਦੋਂ ਵੀ ਚੱਲ ਰਿਹਾ ਸੀ ਅਤੇ ਹੁਣ ਵੀ ਜਾਰੀ ਹੈ। ਸਵੱਛ ਭਾਰਤ ਦਾ ਨਾਅਰਾ ਤਾਂ ਦਿੱਤਾ ਗਿਆ ਪਰ ਕਿ ਕੀ ਸਦੀਆਂ ਤੋਂ ਭਾਰਤ ਸਵੱਛ ਕਰਨ ਵਾਲੇ ਸਫਾਈ ਮਜ਼ਦੂਰਾਂ ਦੀ ਕੋਈ ਸੁੱਧ ਲਈ ਗਈ?ਤਾਂ ਜੋ ਭਾਰਤ ਦੀ ਸਵੱਛਤਾ ਦੇ ਨਾਲ-ਨਾਲ ਇਨ੍ਹਾਂ ਦੇ ਜੀਵਨ ਵਿੱਚ ਵੀ ਕੁਝ ਸਵੱਛਤਾ ਆ ਜਾਂਦੀ। ਇਨ੍ਹਾਂ ਦੇ ਜੀਵਨ 'ਚੋਂ ਕੁਝ ਗੰਦਗੀ ਤਾਂ ਸਾਫ਼ ਹੋ ਜਾਂਦੀ। ਕਾਲੇ ਧਨ ਦਾ ਜ਼ਿਕਰ ਤਾਂ ਕੀਤਾ ਗਿਆ ਅਤੇ ਭਾਸ਼ਣ ਦਿੱਤਾ ਗਿਆ ਕਿ ਵਿਦੇਸ਼ਾਂ ਤੋਂ ਕਾਲਾ ਧਨ ਮੁੜ ਦੇਸ਼ 'ਚ ਲਿਆਂਦਾ ਜਾਵੇਗਾ ਅਤੇ ਹਰ ਭਾਰਤੀ ਨੂੰ 15-15 ਲੱਖ ਮਿਲੇਗਾ। 15 ਲੱਖ ਤਾਂ ਕੀ ਮਿਲਣਾ ਸੀ, 15 ਰੁਪਏ ਵੀ ਨਾ ਮਿਲੇ। ਸਮਝ ਨਹੀਂ ਆਉਂਦਾ ਮੋਦੀ ਸਰਕਾਰ ਚਲਾ ਰਿਹਾ ਹੈ ਜਾਂ ਚੰਦੇ ਨਾਲ ਚੱਲਣ ਵਾਲੀ ਕੋਈ ਗ਼ੈਰ-ਸਰਕਾਰੀ ਸੰਸਥਾ! ਜਦੋਂ ਮੋਦੀ ਦੀ ਅਪੀਲ ਸੁਣਦਾ ਹਾਂ ਕਿ ਲੋਕ ਆਪਣੀ ਗੈਸ ਸਬਸਿਡੀ ਛੱਡਣ ਤਾਂ ਹਾਸਾ ਵੀ ਆਉਂਦਾ ਹੈ ਤੇ ਰੌਣਾ ਵੀ, ਇਹ ਕਿਹੋ ਜਿਹੀ ਸਰਕਾਰ ਹੈ ਜੋ ਲੋਕਾਂ ਤੋਂ ਦਾਨ ਲੈਣ ਖ਼ਾਤਿਰ ਕਰੋੜਾਂ ਰੁਪਏ ਦਾ ਇਸ਼ਤਿਹਾਰ 'ਤੇ ਪੈਸਾ ਖ਼ਰਚ ਰਹੀ ਹੈ ਤੇ ਦੂਜੇ ਪਾਸੇ ਵਿਰੋਧੀ ਧਿਰ ਕਾਂਗਰਸ ਦਾ ਵੀ ਮੁੱਖ ਕੰਮ ਖ਼ੱਪ-ਰੌਲਾ ਪਾਉਣਾ ਹੀ ਹੈ। ਜਿਨ੍ਹਾਂ ਨੇ ਸਹੁੰ ਖਾਧੀ ਹੈ ਕਿ ਕੁਝ ਵੀ ਹੋ ਜਾਵੇ ਸੰਸਦ ਨਹੀਂ ਚੱਲਣ ਦੇਣੀ। ਖ਼ੱਪ-ਰੌਲਾ ਪਾ ਕੇ ਕੋਈ ਵੀ ਕੰਮ ਚੱਲਦਾ ਹੋਵੇ, ਉਸ 'ਚ ਅੜਚਣ ਪਾਉਣੀ ਹੀ ਹੈ। ਤੁਸੀਂ ਦੇਸ਼ ਦੇ ਮੁੱਖ ਵਿਰੋਧੀ ਦਲ ਵਜੋਂ ਤਰਕ 'ਤੇ ਅਧਾਰਿਤ ਕੋਈ ਗੱਲ ਕਰੋਗੇ ਤਾਂ ਸਾਰਾ ਦੇਸ਼ ਉਸ ਨੂੰ ਸੁਣੇਗਾ ਪਰ ਜੇ ਸਿਰਫ਼ ਖ਼ੱਪ-ਰੌਲਾ ਪਾ ਕੇ ਕੰਮ 'ਚ ਵਿਘਨ ਹੀ ਪੈਦਾ ਕਰਨੇ ਹਨ ਤਾਂ ਤੁਹਾਡੀ ਰਾਜਨੀਤੀ ਜ਼ਿਆਦਾ ਦੇਰ ਨਹੀਂ ਚੱਲਣੀ ਜੇ ਤੁਹਾਨੂੰ ਡਰ ਹੈ ਤੇ ਬਾਬਾ ਸਾਹਿਬ ਦੇ ਜੀਵਨ 'ਤੇ ਇਕ ਝਾਤ ਜ਼ਰੂਰ ਮਾਰ ਲਈਓ, ਜਿਨ੍ਹਾਂ ਨੇ ਇਕੱਲੇ ਆਪਣੇ ਦਮ 'ਤੇ, ਆਪਣੀ ਤਰਕ ਸ਼ਕਤੀ ਨਾਲ, ਆਪਣੇ ਸਮਾਜ ਲਈ ਕ੍ਰਾਂਤੀ ਲਿਆ ਦਿੱਤੀ। ਬੋਤਲ 'ਚ ਹਾਥੀ ਪਾਉਣ ਵਾਲਿਓ ਬਹੁਤੀ ਦੇਰ ਤੱਕ ਤੁਹਾਡੀਆਂ ਇਹ ਤਮਾਸ਼ਬੀਨੀਆਂ ਚੱਲਣੀਆਂ ਨਹੀਂ।
- ਅਜੇ ਕੁਮਾਰ

Monday 24 August 2015

ਸੌ ਗੱਲਾਂ ਨਾਲੋਂ ਇਕ ਕਰਤੂਤ ਚੰਗੀ

ਹਰਿਆਵਲ ਘਾਹ 'ਚ ਲੁਕਿਆ ਹਰਾ ਸੱਪ ਮਰ ਚੁੱਕਾ ਹੈ ਤੇ ਫੁੰਕਾਰੇ ਮਾਰਦਾ ਕਾਲਾ ਕੋਬਰਾ ਹੋਰ ਤਾਕਤਵਰ ਹੋ ਚੁੱਕਾ ਹੈ। ਤੁਸੀਂ ਮੇਰਾ ਭਾਵ ਸਮਝ ਗਏ ਹੋਵੋਗੇ ਜੋ ਗੱਲ ਸਾਹਿਬ ਕਾਂਸ਼ੀ ਰਾਮ ਕਹਿੰਦੇ ਸਨ ਮੈਂ ਉਸੇ ਨੂੰ ਹੀ ਦੁਹਰਾ ਰਿਹਾ ਹਾਂ। 2014 ਦੀਆਂ ਚੋਣਾਂ 'ਚ ਪੂਰੇ ਭਾਰਤ 'ਚ ਜਿਸ ਤਰ੍ਹਾਂ ਕਾਂਗਰਸ ਦਾ ਬੁਰਾ ਹਾਲ ਹੋਇਆ ਉਹ ਦਰਸਾਉਂਦਾ ਹੈ ਕਿ ਕਾਂਗਰਸ ਖਾਤਮੇ ਦੇ ਕੰਢੇ ਖੜੀ ਹੈ। ਪਰ ਦੂਸਰੇ ਪਾਸੇ ਵਿਕਾਸ 'ਅੱਛੇ ਦਿਨ', ਬਰਾਬਰ ਦੇ ਮੌਕੇ ਤੇ ਹਰ ਕਿਸੇ ਨੂੰ ਚੋਰ ਕਹਿਣ ਦਾ ਨਾਅਰਾ ਦੇ ਕੇ ਭਾਜਪਾ ਰਿਕਾਰਡ ਤੋੜ ਜਿੱਤ ਨਾਲ ਸੱਤਾ ਸੰਭਾਲ ਚੁੱਕੀ ਹੈ। ਇਕ ਸਾਲ ਬੀਤਣ ਤੋਂ ਬਾਅਦ ਹਰ ਭਾਰਤੀ ਨੂੰ ਅਹਿਸਾਸ ਹੋ ਰਿਹਾ ਹੈ ਕਿ ਲੰਬੇ-ਲੰਬੇ ਭਾਸ਼ਣਾਂ ਤੇ ਇਲਜ਼ਾਮਬਾਜੀਆਂ ਨਾਲ ਸਾਨੂੰ ਕਿਸ ਤਰ੍ਹਾਂ ਮੋਦੀ ਵਲੋਂ ਮੂਰਖ ਬਣਾਇਆ ਗਿਆ। ਕਾਂਗਰਸ ਨੀਤੀਆਂ ਦੇ ਵਿਰੁਧ ਦਲਿਤ ਸੰਘਰਸ਼ ਨੂੰ ਲਗਭਗ 100 ਸਾਲ ਹੋ ਚੁੱਕੇ ਹਨ। ਅਸੀਂ ਜਾਣਦੇ ਹਾਂ ਕਿ ਗਾਂਧੀ ਦੀ ਕਾਂਗਰਸ ਵਿਰੁੱਧ ਕਿਵੇਂ ਬਾਬਾ ਸਾਹਿਬ ਨੇ ਸੰਘਰਸ਼ ਦੀ ਜੋਤੀ ਜਗਾਈ ਰੱਖੀ। ਬਾਬਾ ਸਾਹਿਬ ਦੇ ਜਾਣ ਤੋਂ ਬਾਅਦ ਸਾਹਿਬ ਕਾਂਸ਼ੀ ਰਾਮ ਦਾ ਸੰਘਰਸ਼ ਵੀ ਮੁੱਖ ਤੌਰ 'ਤੇ ਕਾਂਗਰਸ ਦੇ ਵਿਰੁੱਧ ਹੀ ਸੀ। ਕਿਉਂਕਿ ਬਹੁ-ਗਿਣਤੀ ਦਲਿਤ ਕਾਂਗਰਸ ਤੋਂ ਪ੍ਰਭਾਵਿਤ ਰਹੇ ਹਨ ਤੇ ਮੰਨਦੇ ਰਹੇ ਹਨ ਕਿ ਕਾਂਗਰਸ ਹੀ ਉਨ੍ਹਾਂ ਨੂੰ ਮਨੂੰਵਾਦੀ ਤਾਕਤਾਂ ਤੋਂ ਸੁਰੱਖਿਅਤ ਰੱਖ ਸਕਦੀ ਹੈ। ਇਸ ਦਲਿਤ ਸੋਚ ਨੂੰ ਬਦਲਣ ਵਿੱਚ ਮਹਾਂਪੁਰਖਾਂ ਨੇ ਬਹੁਤ ਗਹਿਰਾ ਸੰਘਰਸ਼ ਕੀਤਾ ਤੇ ਅੱਜ ਮੈਂ ਕਹਿ ਸਕਦਾ ਹਾਂ ਕਿ ਇਹ ਉਨ੍ਹਾਂ ਦੇ ਸੰਘਰਸ਼ ਦਾ ਹੀ ਨਤੀਜਾ ਹੈ ਕਿ ਅੱਜ ਕਾਂਗਰਸ ਸਭ ਤੋਂ ਕਮਜ਼ੋਰ ਹਾਲਾਤਾਂ 'ਚੋਂ ਨਿਕਲ ਰਹੀ ਹੈ। ਸਾਹਿਬ ਕਾਂਸ਼ੀ ਰਾਮ ਨੇ ਜਦੋਂ ਕਾਂਗਰਸ ਨੂੰ ਨਕਾਰਿਆ ਤਾਂ ਉਹਦੇ ਬਦਲ ਵਜੋਂ ਬਹੁਜਨ ਸਮਾਜ ਪਾਰਟੀ ਦੀ ਨੀਂਹ ਵੀ ਰੱਖੀ। ਬਸਪਾ ਨੇ ਥੋੜ੍ਹੇ ਸਾਲਾਂ 'ਚ ਮੁੱਖ ਤੌਰ 'ਤੇ ਉੱਤਰ ਭਾਰਤ 'ਚ ਆਪਣਾ ਅਸਰ ਵੀ ਦਿਖਾਇਆ। ਪੰਜਾਬ ਅਤੇ ਉੱਤਰ ਪ੍ਰਦੇਸ਼ ਸ਼ੁਰੂ ਤੋਂ ਬਸਪਾ ਦੇ ਮੁੱਖ ਕੇਂਦਰ ਰਹੇ। ਉੱਤਰ ਪ੍ਰਦੇਸ਼ ਜੋ ਕਾਂਗਰਸ ਦਾ ਸਦਾ ਤੋਂ ਮੁਖ ਗੜ੍ਹ ਰਿਹਾ ਹੈ ਉਥੋੰ ਕਾਂਗਰਸ ਦੀਆਂ ਨੀਹਾਂ ਬਸਪਾ ਕਾਰਣ ਹੀ ਹਿੱਲੀਆਂ। ਇਤਿਹਾਸ ਦੀਆਂ ਗੱਲਾਂ ਤਾਂ ਚਲਦੀਆਂ ਰਹਿਣਗੀਆਂ। ਇਤਿਹਾਸ ਸਾਨੂੰ ਦੱਸਦਾ ਹੈ ਕਿ ਅਸੀਂ ਕਿਹੜਾ ਪੈਂਡਾ ਪਾਰ ਕਰ ਚੁੱਕੇ ਹਾਂ ਤੇ ਅਗਾਂਹ ਆਪਣੀ ਮੰਜ਼ਿਲ ਕਿਸ ਤਰ੍ਹਾਂ ਪ੍ਰਾਪਤ ਕਰਨੀ ਹੈ। ਬਾਬਾ ਸਾਹਿਬ ਨੇ ਭਵਿੱਖਬਾਣੀ ਕੀਤੀ ਸੀ ਕਿ ਇਸ ਦੇਸ਼ ਵਿੱਚ ਇਕ ਦਿਨ ਮੂਲ ਨਿਵਾਸੀਆਂ ਦਾ ਰਾਜ ਆਵੇਗਾ, ਉਸ ਰਾਜ ਵਿੱਚ ਸਮਾਨਤਾ, ਸੁਰੱਖਿਆ ਅਤੇ ਹਰ ਮਨੁੱਖ ਦੀ ਆਜ਼ਾਦੀ ਯਕੀਨੀ ਹੋਵੇਗੀ। ਪਰ ਅਜੇ ਮੰਜ਼ਿਲ ਦੂਰ ਜਾਪਦੀ ਹੈ। ਜ਼ਿਆਦਾਤਰ ਦਲਿਤ ਨੇਤਾ ਅਜੇ ਵੀ 50 ਸਾਲ ਪੁਰਾਣੇ ਤੌਰ-ਤਰੀਕਿਆਂ ਨਾਲ ਚੱਲਣ ਵਿੱਚ ਯਕੀਨ ਰੱਖਦੇ ਹਨ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਸਮਾਂ ਬਦਲ ਗਿਆ ਹੈ, ਦੁਸ਼ਮਣਾਂ ਦੀਆਂ ਚਾਲਾਂ ਬਦਲ ਗਈਆਂ ਹਨ, ਘਾਹ ਦਾ ਸੱਪ ਕਮਜ਼ੋਰ ਪੈ ਚੁੱਕਾ ਹੈ, ਜਾਤ-ਪਾਤ ਦੀਆਂ ਜੜ੍ਹਾਂ ਉਨ੍ਹਾਂ ਦੇ ਸੰਘਰਸ਼ ਸਦਕਾ ਕਮਜ਼ੋਰ ਪੈ ਚੁੱਕੀਆਂ ਹਨ, ਵਿੱਦਿਆ-ਸਿੱਖਿਆ ਦਾ ਪ੍ਰਸਾਰ-ਪ੍ਰਚਾਰ ਦਿਨ ਪ੍ਰਤੀਦਿਨ ਵਧਦਾ ਜਾ ਰਿਹਾ ਹੈ। ਜਿਸਦਾ ਅਸਰ ਨਾ ਸਿਰਫ ਦਲਿਤ ਸਮਾਜ ਤੇ ਬਲਕਿ ਦੂਸਰੇ ਸਮਾਜ ਤੇ ਵੀ ਬਰਾਬਰ ਦਾ ਪੈ ਰਿਹਾ ਹੈ। ਕਿਉਂਕਿ ਬਾਬਾ ਸਾਹਿਬ ਨੇ ਕਿਹਾ ਸੀ ਕਿ ਦੋ ਦੁਨਿਆਵੀ ਅੱਖਾਂ ਦੂਜਿਆਂ ਦੀਆਂ ਕਮੀਆਂ ਲੱਭਣ ਨੂੰ ਹਨ, ਗਿਆਨ ਦਾ ਤੀਸਰਾ ਨੇਤਰ ਹੀ ਅਸਲੀਅਤ ਤੋਂ ਜਾਣੂ ਕਰਵਾਉਂਦਾ ਹੈ। ਮੇਰੇ ਸੰਪਰਕ 'ਚ ਬਹੁਤ ਸਾਰੇ ਅਜਿਹੇ ਗੈਰ-ਦਲਿਤ ਪਰਿਵਾਰ ਵੀ ਹਨ ਜਿਨ੍ਹਾਂ ਦੇ ਬਜ਼ੁਰਗ ਆਪਣੇ ਵਖਤਾਂ ਵਿੱਚ ਦਲਿਤਾਂ ਨੂੰ ਘ੍ਰਿਣਤ ਨਿਗਾਹ ਨਾਲ ਦੇਖਦੇ ਸਨ ਪਰ ਉਨ੍ਹਾਂ ਦੇ ਪੜ੍ਹੇ-ਲਿਖੇ ਬੱਚਿਆਂ ਦੀ ਨਿਗਾਹ ਵਿੱਚ ਫਰਕ ਹੈ। ਉਹੀ ਹਾਲਾਤ ਇਹੀ ਚੀਜ ਦਲਿਤ ਬੱਚਿਆਂ ਵਿੱਚ ਵੀ ਦੇਖਣ ਨੂੰ ਮਿਲਦੀ ਹੈ। ਪੜ੍ਹਿਆ-ਲਿਖਿਆ ਬੱਚਾ ਆਪਣੇ ਗਿਆਨ ਨੇਤਰ ਨਾਲ ਜਾਣਦਾ ਹੈ ਕਿ ਬਰਾਬਰਤਾ ਕੀ ਹੁੰਦੀ ਹੈ। ਉਹ ਆਪਣੇ ਹੱਕ ਪਹਿਚਾਣਦਾ ਹੈ ਤੇ ਜੇ ਕੋਈ ਉਸ ਦੇ ਹੱਕਾਂ ਤੇ ਕੈੜੀ ਨਜ਼ਰ ਰੱਖੇ ਤਾਂ ਉਸ ਨੂੰ ਢੁਕਵਾਂ ਜੁਆਬ ਦੇਣਾ ਵੀ ਜਾਣਦਾ ਹੈ। ਪਰ ਤਕਲੀਫ ਹੁੰਦੀ ਹੈ ਜਦੋਂ ਮੈਂ ਦੇਖਦਾ ਹਾਂ ਕਿ ਆਪਣੇ-ਆਪ ਨੂੰ ਸੀਨੀਅਰ ਆਗੂ ਕਹਾਉਣ ਵਾਲੇ ਦਲਿਤ ਨੇਤਾ ਆਪਣੀਆਂ ਕਮਜ਼ੋਰੀਆਂ ਛੁਪਾਉਣ ਖਾਤਰ ਦੂਜਿਆਂ 'ਤੇ ਇਲਜ਼ਾਮ ਲਗਾਉਂਦੇ ਹਨ। ਅਸਲ ਵਿੱਚ ਆਪਣੇ ਕੱਪੜੇ ਸਾਫ਼ ਦੱਸਣ ਖਾਤਰ ਲੋਕ ਦੂਸਰਿਆਂ 'ਤੇ ਚਿੱਕੜ ਸੁੱਟ ਹੀ ਦਿੰਦੇ ਹਨ। ਕਿਉਂਕਿ ਇਹ ਸਭ ਤੋਂ ਸੌਖਾ ਕੰਮ ਹੈ। ਸ਼ਾਇਦ ਇਨ੍ਹਾਂ ਕੋਲ ਸੋਚ ਦੀ ਕਮੀ ਹੈ ਜੋ ਇਹ ਸੰਘਰਸ਼ ਦੀ ਨਵੀਂ ਰਾਹ ਦੇ ਸਕਣ ਤਾਂ ਜੋ ਅਸੀਂ ਆਪਣੇ ਰਾਜ ਦੀ ਮੰਜਲ ਪ੍ਰਾਪਤ ਕਰ ਸਕੀਏ। ਸੰਘਰਸ਼ ਕਰਨਾ ਔਖਾ ਹੈ, ਸਟੇਜਾਂ ਤੇ ਭਾਸ਼ਣ ਝਾੜ ਕੇ, ਹੱਥ ਹਿਲਾ ਆਪਣੇ ਘਰ ਜਾ ਚਾਰ ਪ੍ਰੋਂਠੇ ਖਾਹ ਕੇ ਸਰਹਾਣੇ ਥੱਲੇ ਹੱਥ ਦੇ ਕੇ ਸੌਣਾ ਸਭ ਤੋਂ ਸੌਖਾ ਹੈ। ਚੰਨ ਗੁਰਾਇਆ ਵਾਲੇ ਨੇ ਬਾਬਾ ਸਾਹਿਬ ਨੂੰ ਸਮਰਪਿਤ ਇਕ ਗੀਤ ਵਿੱਚ ਲਿਖਿਆ ਸੀ ਜਿਸ ਨੂੰ ਅਮ੍ਰਿਤਾ ਵਿਰਕ ਨੇ ਬਾਖੂਬੀ ਗਾਇਆ ਹੈ। 'ਮੇਰਾ ਭਾਸ਼ਨ ਦੇਣ ਵਾਲਿਓ ਕੁਝ ਆਪ ਵੀ ਕਰ ਕੇ ਦੇਖ ਲਉ'। ਅੱਜ ਦੇ ਨੌਜਵਾਨ ਦੀ ਤਸੱਲੀ ਸਿਰਫ ਭਾਸ਼ਣ ਨਾਲ ਨਹੀਂ ਹੁੰਦੀ, ਉਸ ਦੀ ਸੋਚ ਵਿਗਿਆਨਿਕ ਹੈ, ਉਹ ਲੀਡਰਾਂ ਦੀਆਂ ਗੱਲਾਂ ਨੂੰ ਉਹਨਾਂ ਦੀਆਂ ਕਰਤੂਤਾਂ ਨਾਲ ਤੋਲ ਕੇ ਦੇਖਦਾ ਹੈ। ਤੇ ਜਦੋਂ ਕਰਤੂਤਾਂ ਦਾ ਪੱਲੜਾ ਅਸਮਾਨ ਤੇ ਅਤੇ ਗੱਲਾਂ ਦਾ ਪੱਲੜਾ ਜ਼ਮੀਨ 'ਤੇ ਦੇਖਦਾ ਹੈ ਤਾਂ ਫ਼ੈਸਲਾ ਕਰ ਲੈਂਦਾ ਹੈ ਕਿ ਲੀਡਰ ਕਿੱਥੇ ਖੜ੍ਹਾ ਹੈ। ਮੋਦੀ ਝੂਠ ਬੋਲ ਕੇ ਪੂਰੇ ਭਾਰਤ ਨੂੰ ਆਪਣੇ ਭਾਸ਼ਣਾਂ ਨਾਲ ਬੇਵਕੂਫ ਬਣਾ ਇਕ ਵਾਰ ਤਾਂ ਸੱਤਾ ਵਿੱਚ ਆ ਗਿਆ ਤੇ ਉਸ ਨੂੰ ਸੱਤਾ 'ਚ ਲਿਆਉਣ ਵਿੱਚ ਵੱਡਾ ਹੱਥ ਨੌਜਵਾਨਾਂ ਦਾ ਸੀ, ਪਰ ਜਦੋਂ ਇਸ ਦੇ ਭਾਸ਼ਣਾਂ ਨੂੰ ਕਰਤੂਤਾਂ ਨਾਲ ਤੋਲ ਕੇ ਦੇਖਿਆ ਗਿਆ ਤਾਂ ਹੱਥ ਨਿਰਾਸ਼ਾ ਹੀ ਲੱਗ ਰਹੀ ਹੈ। ਇਹੋ ਜਿਹੇ ਭਾਸ਼ਣ ਰਾਜ ਸੱਤਾ 'ਚ ਬੈਠੇ ਜਾਂ ਉਸ ਦੇ ਰਾਹ 'ਚ ਲੱਗੇ ਲੀਡਰਾਂ ਨੂੰ ਤਾਂ ਉਨ੍ਹਾਂ ਦਾ ਕੰਮ ਚਲਾਉਣ ਵਿੱਚ ਸਹਾਰਾ ਦਿੰਦੇ ਹਨ ਪਰ ਦਲਿਤ ਸੰਘਰਸ਼ ਨੂੰ ਇਹੋ ਜਿਹੀਆਂ ਭਾਸ਼ਣਬਾਜੀਆਂ ਕਮਜ਼ੋਰ ਹੀ ਕਰਦੀਆਂ ਹਨ। ਆਪਣੇ ਸਾਥੀਆਂ ਨੂੰ ਆਪਣਾ ਵਿਰੋਧੀ ਸਮਝਣਾ ਤੇ ਇਨ੍ਹਾਂ ਵਿਰੋਧੀਆਂ ਦੀਆਂ ਗਿਣ-ਗਿਣ ਕਮੀਆਂ ਗਿਣਾਉਣਾ ਤੇ ਆਪਣੇ ਆਪ ਨੂੰ ਸਭ ਤੋਂ ਵੱਡਾ ਅੰਬੇਡਕਰੀ ਦੱਸਣਾ ਇਕ ਅਜਿਹੀ ਬਿਮਾਰੀ ਦਲਿਤ ਲੀਡਰਾਂ ਵਿੱਚ ਘਰ ਕਰ ਚੁੱਕੀ ਹੈ ਜਿਸਦਾ ਤੁਰੰਤ ਇਲਾਜ ਕਰਨਾ ਬੇਹੱਦ ਜ਼ਰੂਰੀ ਹੈ। ਇਨ੍ਹਾਂ ਨੂੰ ਸਾਹਮਣੇ ਫਨ ਫੈਲਾਏ ਬੈਠਾ ਕੋਬਰਾ ਕਦੇ ਨਜ਼ਰ ਨਹੀਂ ਆਉਂਦਾ, ਇਨ੍ਹਾਂ ਨੂੰ ਨਜ਼ਰ ਆਉਂਦਾ ਹੈ ਆਪਣੇ ਨਾਲ ਚਲਦਾ ਸਾਥੀ ਤੇ ਉਸ ਦੀਆਂ ਕਮੀਆਂ ਤੇ ਆਪਣੀ ਸਾਰੀ ਸ਼ਕਤੀ ਇਹ ਆਪਣੇ ਸਾਥੀਆਂ ਨੂੰ ਕਮਜ਼ੋਰ ਕਰਨ ਵਿਚ ਹੀ ਲਗਾ ਦਿੰਦੇ ਹਨ। ਜਿਹੜੇ ਗਿਣ-ਗਿਣ ਕੇ ਵਿਰੋਧੀਆਂ ਦੀਆਂ ਕਮੀਆਂ ਗਿਣਾ ਆਪਣੇ ਆਪ ਨੂੰ ਸੱਚਾ ਅੰਬੇਡਕਰੀ ਦੱਸਦੇ ਹਨ ਜੇ ਉਸ ਤੋਂ ਉਸ ਦੀਆਂ ਕਰਤੂਤਾਂ ਬਾਰੇ ਪੁੱਛ ਲਿਆ ਜਾਵੇ ਤਾਂ ਉਹ ਬਗਲਾਂ ਝਾਕਣ ਲੱਗ ਜਾਂਦਾ ਹੈ। ਜਵਾਬ ਕੋਈ ਨਹੀਂ ਹੁੰਦਾ, ਕਰਤੂਤ ਵੀ ਕੋਈ ਨਹੀਂ ਹੁੰਦੀ ਪਰ ਉਸ ਨੂੰ ਸ਼ੀਸ਼ਾ ਦਿਖਾਉਣ ਵਾਲਾ ਉਸ ਦਾ ਵਿਰੋਧੀ ਨੰਬਰ ਇਕ ਬਣ ਜਾਂਦਾ ਹੈ ਤੇ ਅਜਿਹੇ ਹਵਾਈ ਲੀਡਰ ਨੂੰ ਸਟੇਜਾਂ ਤੇ ਭਾਸ਼ਣ ਦੇਣ ਦਾ ਇਕ ਹੋਰ ਮਸਲਾ ਮਿਲ ਜਾਂਦਾ ਹੈ। ਜੇ ਤੁਸੀਂ ਸੰਘਰਸ਼ ਦੀ ਰਾਹ ਵਿੱਚ ਜਿੱਤ ਹਾਸਲ ਕਰਨਾ ਚਾਹੁੰਦੇ ਹੋ ਤਾਂ ਉਸ ਦਾ ਇਕੋ ਨੁਕਤਾ ਹੈ, ਆਪਣੀਆਂ ਕਮੀਆਂ ਪਹਿਚਾਣੋ, ਆਪਣੇ ਸਾਥੀਆਂ ਦੀਆਂ ਖੂਬੀਆਂ ਜਾਣੋ, ਮੋਢੇ ਨਾਲ ਮੋਢਾ ਲਾ ਕੇ ਇਕ-ਦੂਜੇ ਦਾ ਸਾਥ ਦਿੰਦੇ ਹੋਏ, ਇਕ ਦੂਜੇ ਦਾ ਯਕੀਨ ਕਰਦੇ ਹੋਏ ਆਪਣੇ ਦੁਸ਼ਮਣ ਨੂੰ ਪਛਾਣਦੇ ਹੋਏ ਉਸ ਤੇ ਮਾਫਕ ਹਮਲਾ ਬੋਲੋ, ਤਾਂ ਜੋ ਜਿੱਤ ਯਕੀਨੀ ਹੋਵੇ। ਜੇ ਇਕ ਦੂਜੇ ਦੀਆਂ ਲੱਤਾਂ ਹੀ ਖਿੱਚਣੀਆਂ ਹਨ ਤਾਂ ਯਕੀਨ ਮੰਨੋ ਤੁਸੀਂ ਕਦੇ ਵੀ ਚਿੱਕੜ ਭਰੇ ਤਲਾਬ 'ਚੋਂ  ਬਾਹਰ ਨਹੀਂ ਨਿਕਲ ਸਕਦੇ। ਸੌ ਗੱਲਾਂ ਕਰਨ ਨਾਲੋਂ ਇਕ ਕਰਤੂਤ ਕਰ ਲਓ ਤਾਂ ਉਹ ਜ਼ਿਆਦਾ ਚੰਗੀ ਹੈ।
- ਅਜੇ ਕੁਮਾਰ

Monday 10 August 2015

ਘੜੱਮ ਚੌਧਰੀਆਂ ਦੀਆਂ ਚਤੁਰਾਈਆਂ

ਅੱਜ ਤੋਂ ਤਕਰੀਬਨ 65 ਵਰ੍ਹੇ ਪਹਿਲਾਂ ਬਾਬਾ ਸਾਹਿਬ ਨੇ ਭਾਰਤ ਦਾ ਸੰਵਿਧਾਨ ਬਣਾ ਕੇ ਹਰ ਭਾਰਤੀ ਨੂੰ ਬਰਾਬਰ ਦਾ ਵੋਟ ਦਾ ਹੱਕ ਦਿੱਤਾ। ਕੋਈ ਚਾਹੇ ਜਿੰਨਾ ਮਰਜ਼ੀ ਅਮੀਰ ਹੋਵੇ ਜਾਂ ਗਰੀਬ, ਪੜ੍ਹਿਆ ਲਿਖਿਆ ਹੋਵੇ ਜਾਂ ਅਨਪੜ੍ਹ, ਰਾਜਾ-ਮਹਾਰਾਜਾ ਹੋਵੇ ਜਾਂ ਆਮ ਜਨਤਾ ਹਰ ਭਾਰਤੀ ਨਾਗਰਿਕ ਕੋਲ ਇਕ ਵੋਟ ਦਾ ਹੱਕ ਹੈ। ਵੋਟ ਦਾ ਹੱਕ ਮਿਲਣ ਤੋਂ ਪਹਿਲਾਂ ਗਰੀਬ ਦਲਿਤ ਦੀ ਰਾਜਨੀਤਿਕ ਖੇਤਰਾਂ 'ਚ ਕੋਈ ਪੁੱਛਗਿਛ ਨਹੀਂ ਸੀ ਤੇ ਉਸ ਵਕਤ ਦੇ ਸਾਰੇ ਮੁੱਖ ਰਾਜਨੀਤਿਕ ਦਲ ਜਾਂ ਉਨ੍ਹਾਂ ਦੇ ਲੀਡਰ ਦਲਿਤਾਂ ਨੂੰ ਚੌਥੇ ਦਰਜੇ ਦਾ ਨਾਗਰਿਕ ਮੰਨਦੇ ਸਨ। ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ ਅਚਾਨਕ ਹੀ ਚੌਥੇ ਦਰਜੇ ਦਾ ਭਾਰਤੀ ਨਾਗਰਿਕ ਪਹਿਲੀ ਕਤਾਰ ਵਿੱਚ ਆ ਗਿਆ। ਹਰ ਰਾਜਨੀਤਿਕ ਦਲ ਨੂੰ ਅਹਿਸਾਸ ਹੋ ਗਿਆ ਕਿ ਬਿਨਾਂ ਦਲਿਤਾਂ ਦਾ ਸਾਥ ਮਿਲੇ ਕੋਈ ਚੋਣਾਂ ਨਹੀਂ ਜਿੱਤ ਸਕਦਾ ਤੇ ਜੇ ਚੋਣਾਂ ਨਹੀਂ ਜਿੱਤ ਸਕਦਾ ਤਾਂ ਸਰਕਾਰ ਬਣਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਘਾਗ ਰਾਜਨੀਤਿਕ ਲੀਡਰਾਂ ਨੇ ਘਰ-ਘਰ ਜਾ ਕੇ ਦਲਿਤਾਂ ਦੇ ਦੁੱਖ-ਤਕਲੀਫ਼ ਦੂਰ ਕਰਨ ਦੀ ਬਜਾਏ ਦਲਿਤਾਂ ਵਿੱਚੋਂ ਚੌਧਰੀ ਬਣਾਉਣ 'ਚ ਤਵੱਜੋ ਦਿੱਤੀ। ਇਹ ਚੌਧਰੀ ਆਪਣੇ ਆਪ ਨੂੰ ਦਲਿਤ ਸਮਾਜ ਦਾ ਨੁਮਾਇੰਦਾ ਦੱਸਦੇ ਅਤੇ ਆਪੋ-ਆਪਣੇ ਇਲਾਕੇ 'ਚ ਪੈਂਦੀਆਂ ਦਲਿਤ ਵੋਟਾਂ ਦਾ ਸੌਦਾ ਆਪਣੇ ਆਕਾਵਾਂ ਨਾਲ ਕਰਦੇ। ਇਕ ਪਾਸੇ ਤਾਂ ਉਹ ਲੀਡਰਾਂ ਦੀ ਚਮਚਾਗਿਰੀ ਕਰਦੇ ਉਨ੍ਹਾਂ ਦੇ ਗੋਡੇ-ਗਿੱਟੇ ਘੁਟ ਆਪਣੇ ਆਪ ਨੂੰ ਉਨ੍ਹਾਂ ਦਾ ਖ਼ਾਸ ਦੱਸਦੇ ਤੇ ਦੂਜੇ ਪਾਸੇ ਗਰੀਬ, ਕਮਜ਼ੋਰ ਅਤੇ ਅਨਪੜ੍ਹ ਦਲਿਤ ਸਮਾਜ 'ਤੇ ਆਪਣੀ ਚੌਧਰ ਦੀ ਧੌਂਸ ਜਮਾਉਂਦੇ। 65 ਸਾਲ ਆਜ਼ਾਦੀ ਦੇ ਗੁਜ਼ਰ ਚੁੱਕੇ ਹਨ ਪਰ ਇਨ੍ਹਾਂ ਚੌਧਰੀਆਂ ਦੀ ਹੋਂਦ ਅਜੇ ਤੱਕ ਨਹੀਂ ਮੁੱਕੀ। ਹਰ ਦਲਿਤ ਬਸਤੀ, ਵਿਹੜੇ, ਪਿੰਡ ਵਿੱਚ ਕੋਈ ਨਾ ਕੋਈ ਚੌਧਰੀ ਜ਼ਰੂਰ ਬੈਠਾ ਹੈ ਜੋ ਆਪਣੇ ਆਪ ਨੂੰ ਦਲਿਤ ਵੋਟਾਂ ਦਾ ਠੇਕੇਦਾਰ ਦੱਸਦਾ ਹੈ ਅਤੇ ਦਲਿਤ ਵੋਟਾਂ ਨੂੰ ਆਪਣੀ ਨਿੱਜੀ ਜਗੀਰ ਸਮਝਦਾ ਹੈ ਤੇ ਦਾਅਵਾ ਕਰਦਾ ਹੈ ਕਿ ਮੇਰੇ ਇਸ਼ਾਰੇ 'ਤੇ  ਮੇਰੀਆਂ ਵੋਟਾਂ ਜਿੱਧਰ ਚਾਹਾਂ ਪੁਆ ਸਕਦਾ ਹਾਂ। ਵਕਤ ਬਦਲ ਗਿਆ ਹੈ, ਅੱਜ ਦਾ ਨੌਜਵਾਨ ਦਲਿਤ ਆਪਣੇ ਹੱਕ ਸਮਝਦਾ ਹੈ, ਉਹ ਵੋਟ ਦੀ ਤਾਕਤ ਪਹਿਚਾਣਦਾ ਹੈ ਪਰ ਚੌਧਰੀ ਅਜੇ ਵੀ ਬਾਜ਼ ਨਹੀਂ ਆਉਂਦੇ। ਆਪੋ-ਆਪਣੀਆਂ ਪਾਰਟੀਆਂ ਦੇ ਚਮਚੇ, ਪਿਛਲੱਗ, ਚੌਧਰੀ ਕਿਸਮ ਦੇ ਲੀਡਰ ਆਪਣੇ ਸਰਪ੍ਰਸਤ ਲੀਡਰਾਂ ਨੂੰ ਖੁਸ਼ ਕਰਨ ਦੀ ਖ਼ਾਤਿਰ ਦਲਿਤ ਸਮਾਜ ਵਿੱਚ ਆਪੋ-ਆਪਣੇ ਤਰੀਕੇ ਨਾਲ ਵੰਡ ਪਵਾਉਣ 'ਚ ਕੋਈ ਕਸਰ ਨਹੀਂ ਛੱਡਦੇ। ਇਨ੍ਹਾਂ ਚੌਧਰੀਆਂ ਦਾ ਮੁੱਖ ਸ਼ੁਗਲ ਹੈ, ਇਕ-ਦੂਜੇ ਦੀਆਂ ਲੱਤਾਂ ਖਿੱਚਣੀਆਂ, ਕੋਈ ਦਲਿਤ ਹਿਤ ਲਈ ਆਵਾਜ਼ ਉਠਾਉਂਦਾ ਹੋਵੇ ਓਹਦੀਆਂ ਰਾਹਾਂ 'ਚ ਰੋੜੇ ਅਟਕਾਉਣੇ, ਕਿਸੇ ਖੁਦਗਰਜ਼ ਦਲਿਤ ਨੂੰ ਸਿਰ ਚੁੱਕਣ ਤੋਂ ਪਹਿਲਾਂ ਹੀ ਰੋਕ ਲੈਣਾ ਅਤੇ ਕੁਲ ਮਿਲਾ ਕੇ ਹਰ ਉਹ ਕੰਮ ਕਰਨਾ ਜੋ ਦਲਿਤ ਹਿਤਾਂ ਦੇ ਵਿਰੁੱਧ ਹੋਵੇ। ਇਨ੍ਹਾਂ ਚੌਧਰੀਆਂ ਦੀ ਵਜ੍ਹਾ ਨਾਲ ਹੀ ਸਮਾਜ 'ਚ ਏਕਾ ਨਹੀਂ ਹੋ ਸਕਿਆ। ਚਿੱਟੇ ਚੂੜੀਦਾਰ ਪਜਾਮੇ ਪਾ ਕੇ, ਮੁੱਛਾਂ ਨੂੰ ਤਾਅ ਦੇ ਕੇ ਇਕ-ਦੂਜੇ ਦੀਆਂ ਲੱਤਾਂ ਖਿੱਚਣ 'ਚ ਮਸਤ ਚੌਧਰੀ ਭੁੱਲ ਰਹੇ ਹਨ ਕਿ ਦਲਿਤ ਹੁਣ ਉਨ੍ਹਾਂ ਦੇ ਹੱਥ ਦਾ ਖਿਡੌਣਾ ਨਹੀਂ ਰਿਹਾ। ਇਹ ਆਪਣੇ ਹੱਕ ਖੋਹਣਾ ਜਾਣਦਾ ਹੈ। ਇਸ ਨੂੰ ਪਤਾ ਹੈ ਕਿ ਵੋਟ ਦੀ ਕੀ ਤਾਕਤ ਹੁੰਦੀ ਹੈ। ਮੈਂ ਇਨ੍ਹਾਂ ਚੌਧਰੀਆਂ ਨੂੰ ਇਕ ਗੱਲ ਸਮਝਾਉਣਾ ਚਾਹੁੰਦਾ ਹਾਂ ਕਿ ਇਹੋ ਜਿਹੀਆਂ ਤਮਾਸ਼ਬੀਨੀਆਂ ਛੱਡ ਦਿਓ, ਜਿਸ ਨਾਲ ਸਮਾਜ ਵਿੱਚ ਵੰਡ ਪੈਂਦੀ ਹੋਵੇ। ਕੋਈ ਸੁਚੱਜਾ ਕੰਮ ਕਰ ਸਕਦੇ ਹੋ ਤਾਂ ਕਰੋ, ਨਹੀਂ ਕਰ ਸਕਦੇ ਤਾਂ ਆਪੋ-ਆਪਣੇ ਘਰ ਜਾ ਕੇ ਬੈਠ ਜਾਓ ਤਾਂ ਜੋ ਸਮਾਜ ਅੱਗੇ ਵਧ ਸਕੇ। ਤੁਹਾਡੀਆਂ ਆਪਸੀ ਲੜਾਈਆਂ ਕਾਰਣ ਪੰਜਾਬ ਵਿੱਚ ਬਹੁਗਿਣਤੀ ਹੋਣ ਦੇ ਬਾਵਜੂਦ ਅਜੇ ਤੱਕ ਦਲਿਤਾਂ ਦਾ ਰਾਜ ਨਹੀਂ ਆ ਸਕਿਆ। ਤੁਸੀਂ ਸਾਨੂੰ ਮਨੂੰਵਾਦੀ ਤਾਕਤਾਂ ਦਾ ਹੱਥਠੋਕਾ ਬਣਾ ਕੇ ਰੱਖ ਦਿੱਤਾ ਹੈ। ਤੁਹਾਡੀ ਦਲਾਲੀ ਦੀਆਂ ਆਦਤਾਂ ਕਾਰਣ ਵੰਡਿਆ-ਫਟਿਆ ਸਮਾਜ ਲਾਚਾਰ ਹੋ ਕੇ ਮਨੂੰਵਾਦੀ ਤਾਕਤਾਂ ਹੱਥੋਂ ਅਜੇ ਵੀ ਸ਼ੋਸ਼ਿਤ ਹੋ ਰਿਹਾ ਹੈ। ਅਜੇ ਵੀ ਆਪਣੀਆਂ ਹਰਕਤਾਂ ਸੁਧਾਰ ਲਓ, ਇਕ-ਦੂਸਰੇ ਦੀਆਂ ਲੱਤਾਂ ਖਿੱਚਣ ਦੀ ਬਜਾਏ ਗੱਲ ਕਰੋ ਗਰੀਬ ਦੀ ਪੜ੍ਹਾਈ ਦੀ, ਗਰੀਬ ਦੀ ਦਵਾਈ ਦੀ, ਗਰੀਬ ਦੀ ਰੋਟੀ ਦੀ, ਗਰੀਬ ਦੇ ਰਹਿਣ-ਸਹਿਣ ਦੀ ਤਾਂ ਜੋ ਤੁਹਾਡੀ ਮਾੜੀ-ਮੋਟੀ ਇੱਜ਼ਤ ਬਚੀ ਰਹਿ ਸਕੇ, ਨਹੀਂ ਤਾਂ ਸਤਿਆ-ਤਪਿਆ ਦਲਿਤ ਤੁਹਾਡਾ ਉਹ ਹਸ਼ਰ ਕਰੇਗਾ ਕਿ ਤੁਸੀਂ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਲ ਵੀ ਨਹੀਂ ਰਹਿਣਾ। ਆਪੋ-ਆਪਣੀਆਂ ਡਫ਼ਲੀਆਂ, ਆਪੋ-ਆਪਣੇ ਰਾਗ, ਆਪੋ-ਆਪਣੇ ਲੀਡਰ, ਆਪੋ-ਆਪਣੇ ਸਾਧ, ਆਪੋ-ਆਪਣੇ ਮੰਦਿਰ-ਗੁਰਦੁਆਰੇ, ਆਪੋ-ਆਪਣੇ ਚੌਧਰਪੁਣੇ ਛੱਡ ਦਿਓ, ਇਸ ਵਿੱਚ ਹੀ ਤੁਹਾਡਾ ਤੇ ਦਲਿਤ ਸਮਾਜ ਦਾ ਭਵਿੱਖ ਸੁਰੱਖਿਅਤ ਹੈ। ਨਹੀਂ ਤਾਂ ਯਾਦ ਰੱਖੀਓ ਜੇ ਹੌਲੀ-ਹੌਲੀ ਸਮਾਜ ਹੀ ਮੁਕ ਗਿਆ ਤਾਂ ਤੁਸੀਂ ਆਪਣਾ ਚੌਧਰਪੁਣਾ ਕਿਸ 'ਤੇ ਚਲਾਉਣਾ ਹੈ, ਫਿਲਹਾਲ ਤੁਹਾਡੀਆਂ ਕਰਤੂਤਾਂ ਉਸ ਲੱਕੜਹਾਰੇ ਵਾਂਗ ਹਨ, ਜਿਹੜਾ ਜਿਸ ਟਾਹਣੀ 'ਤੇ ਬੈਠਾ ਹੈ, ਉਸ ਨੂੰ ਹੀ ਵੱਢੀ ਜਾ ਰਿਹਾ ਹੈ। ਬਾਕੀ ਮੇਰੀ ਤਾਂ ਤੁਹਾਡੇ ਅੱਗੇ ਗੁਜਾਰਿਸ਼ ਹੀ ਹੈ, ਤੁਸੀਂ ਖੁਦ ਕਾਫ਼ੀ ਸਮਝਦਾਰ ਹੋ। ਕਿਤੇ ਇਹ ਨਾ ਹੋਵੇ ਕਿ ਤੁਹਾਡੀਆਂ ਜ਼ਿਆਦੀਆਂ ਚਤੁਰਾਈਆਂ ਤੁਹਾਡੇ ਬੱਚਿਆਂ ਅੱਗੇ ਵੀ ਕੰਢੇ ਬੀਜ ਦੇਣ, ਜਿਹੜੇ ਕੱਢਣੇ ਨਾਮੁਮਕਿਨ ਹੋ ਜਾਣ।
- ਅਜੇ ਕੁਮਾਰ

Wednesday 5 August 2015

'ਖੋਹ ਲਓ ਆਪਣੇ ਹੱਕ'



ਕਹਾਣੀਆਂ, ਚੁਟਕਲੇ, ਲੋਕ ਕਥਾਵਾਂ, ਮੁਹਾਵਰੇ ਅਤੇ ਲੋਕ ਗੀਤ ਸਾਡੇ ਜੀਵਨ ਦਾ ਅਟੁੱਟ ਹਿੱਸਾ ਹਨ, ਇਹ ਬਹੁਤ ਕੁਝ ਸਮਝਾਉਂਦੀਆਂ ਹਨ, ਬਹੁਤ ਕੁਝ ਦਰਸਾਉਂਦੀਆਂ ਹਨ ਅਤੇ ਕਈ ਵਾਰ ਸਾਨੂੰ ਆਪਣੇ ਜੀਵਨ ਵਿੱਚ ਨਵੇਂ ਰਸਤੇ ਦਿਖਾਉਂਦੀਆਂ ਹਨ। ਬੈਠੇ-ਬੈਠੇ ਇਕ ਪੁਰਾਣੀ ਕਹਾਣੀ ਯਾਦ ਆ ਰਹੀ ਸੀ, ਜਿਸ ਨੂੰ ਤੁਸੀਂ ਵੀ ਸ਼ਾਇਦ ਕਈ ਵਾਰ ਸੁਣਿਆ ਹੋਵੇਗਾ। ਇਕ ਪਿੰਡ ਵਿੱਚ ਘੁਮਿਆਰ ਅਤੇ ਧੋਬੀ ਆਪੋ-ਆਪਣੇ ਖੋਤਿਆਂ ਨੂੰ ਕੱਪੜੇ ਅਤੇ ਮਿੱਟੀ ਦੇ ਭਾਂਡਿਆਂ ਨਾਲ ਲੱਦ ਕੇ ਰੋਜ਼ ਸ਼ਹਿਰ ਕੰਮ ਕਰਨ ਜਾਂਦੇ ਸਨ। ਇਕ ਪਾਸੇ ਘੁਮਿਆਰ ਆਪਣੇ ਖੋਤੇ 'ਤੇ ਘੱਟੋ-ਘੱਟ ਭਾਂਡੇ ਰੱਖਦਾ ਤਾਂ ਜੋ ਕਿਤੇ ਹੁਲਾਰਿਆਂ ਨਾਲ ਭਾਂਡੇ ਟੁੱਟ ਨਾ ਜਾਣ। ਬੜੇ ਪਿਆਰ ਨਾਲ ਥਾਪੀਆਂ ਦਿੰਦਾ ਖੋਤੇ ਨੂੰ ਸ਼ਹਿਰ ਵੱਲ ਲਿਜਾਂਦਾ। ਦੂਸਰੇ ਪਾਸੇ ਧੋਬੀ ਆਪਣੇ ਖੋਤੇ 'ਤੇ ਵੱਧ ਤੋਂ ਵੱਧ ਕੱਪੜੇ ਲੱਦ ਦਿੰਦਾ ਤੇ ਮਾਰ-ਮਾਰ ਸੋਟੀਆਂ ਸ਼ਹਿਰ ਵੱਲ ਤੁਰ ਪੈਂਦਾ। ਦੋਹਾਂ ਖੋਤਿਆਂ ਦੀ ਆਪਸ ਵਿੱਚ ਯਾਰੀ ਪੈ ਗਈ, ਘੁਮਿਆਰ ਦਾ ਖੋਤਾ ਧੋਬੀ ਦੇ ਖੋਤੇ ਨੂੰ ਸਮਝਾਉਂਦਿਆਂ ਕਹਿਣ ਲੱਗਾ ਕਿ ਤੂੰ ਕਿਹੜੇ ਕੁੱਤੇ ਕੰਮ 'ਚ ਫਸਿਆ ਹੋਇਆ ਹੈਂ, ਮੇਰੇ ਵੱਲ ਦੇਖ ਮੇਰੇ 'ਤੇ ਮਾਲਕ ਨਾ ਕੋਈ ਜ਼ਿਆਦਾ ਵਜ਼ਨ ਰੱਖਦਾ ਹੈ, ਨਾ ਹੀ ਕਦੇ ਸੋਟੀ ਦੀ ਮਾਰ ਪੈਂਦੀ ਹੈ। ਮਜ਼ੇ-ਮਜ਼ੇ ਕੰਮ ਕਰੀਦੈ ਤੇ ਇਕ ਤੂੰ ਹੈਂ, ਵਜ਼ਨ ਚੁਕ-ਚੁਕ ਕੁੱਬਾ ਹੋ ਗਿਐਂ ਤੇ ਖਾ-ਖਾ ਸੋਟੀਆਂ ਬੁਰਾ ਹਾਲ ਹੋ ਗਿਐ। ਛੱਡ ਧੋਬੀ ਦੀ ਨੌਕਰੀ ਕੋਈ ਚੰਗਾ ਕੰਮ ਕਰ ਲੈ। ਕੋਈ ਆਪਣੀ ਜ਼ਿੰਦਗੀ ਸਵਾਰ ਲੈ। ਧੋਬੀ ਦੇ ਖੋਤੇ ਨੇ ਆਪਣੇ ਚਿਹਰੇ 'ਤੇ ਕਮੀਨੀ ਜਿਹੀ ਮੁਸਕਰਾਹਟ ਲਿਆਉਂਦਿਆਂ ਦੱਸਿਆ ਯਾਰਾ ਤੈਨੂੰ ਕੀ ਪਤਾ ਅੰਦਰਲੀਆਂ ਗੱਲਾਂ ਦਾ, ਤੂੰ ਕੀ ਜਾਣੇ ਮੈਂ ਕਿਹੜੀਆਂ ਉਮੀਦਾਂ ਨਾਲ ਧੋਬੀ ਦੀ ਨੌਕਰੀ ਕਰਦਾ ਪਿਆਂ। ਅੱਜ ਤੂੰ ਦਿਲ ਦੀ ਗੱਲ ਛੇੜ ਲਈ ਤੇ ਹੁਣ ਸੁਣ ਲੈ, ਧੋਬੀ ਦੀ ਕੁੜੀ ਬਹੁਤ ਸੋਹਣੀ ਹੈ, ਇਹ ਧੋਬੀ ਰੋਜ਼ ਸ਼ਾਮ ਨੂੰ ਸ਼ਰਾਬ ਪੀ ਕੇ ਆਪਣੇ ਘਰ ਜਾਂਦਾ ਹੈ ਤੇ ਹਰ ਵਾਰ ਆਪਣੀ ਕੁੜੀ ਨੂੰ ਇੱਕੋ ਹੀ ਗੱਲ ਕਹਿੰਦਾ ਹੈ ਕਿ ਤੇਰੀ ਅਕਲ ਠਿਕਾਣੇ ਲਾਉਣ ਲਈ ਮੈਂ ਤੇਰਾ ਵਿਆਹ ਕਿਸੇ ਖੋਤੇ ਨਾਲ ਕਰ ਦੂੰ। ਮੈਂ ਸੋਚਦਾਂ ਹਾਂ ਕਿ ਘਰ ਦਾ ਖੋਤਾ ਛੱਡ ਧੋਬੀ ਕਿਤੇ ਬਾਹਰ ਥੋੜ੍ਹੀ ਜਾਊ, ਕਦੇ ਨਾ ਕਦੇ ਤਾਂ ਧੋਬੀ ਕੁੜੀ ਮੇਰੇ ਨਾਲ ਵਿਆਹ ਹੀ ਦਊ। ਇਸੇ ਉਮੀਦ 'ਤੇ ਮੈਂ ਧੋਬੀ ਦਾ ਸਾਥ ਨਹੀਂ ਛੱਡਦਾ। ਦੋਸਤੋ! ਜ਼ਰਾ ਗੌਰ ਕਰਕੇ ਵੇਖੋ ਸਾਡੇ ਵੀ ਹਾਲਾਤ ਕਿਸੇ ਧੋਬੀ ਦੇ ਖੋਤੇ ਨਾਲੋਂ ਖ਼ਾਸ ਚੰਗੇ ਨਹੀਂ। ਅਸੀਂ ਵੀ ਗਰੀਬੀ-ਕਮਜ਼ੋਰੀ ਦਾ ਬੋਝ ਤਾਂ ਚੁਕ-ਚੁਕ ਥੱਕ ਚੁੱਕੇ ਹਾਂ। ਚਾਹੇ ਸਾਡੇ ਕੋਲ ਪਿਛਲੇ 60 ਸਾਲਾਂ ਤੋਂ ਵੋਟ ਦਾ ਹੱਕ ਹੈ ਪਰ ਹਰ ਵਾਰ ਝੂਠੇ-ਮੂਠੇ, ਲਾਰੇ-ਲੱਪੇ ਲਾ ਕੇ ਨਾ ਪੂਰੀਆਂ ਹੋ ਸਕਣ ਵਾਲੀਆਂ ਉਮੀਦਾਂ ਦਿਖਾ ਸਾਡੀਆਂ ਵੋਟਾਂ ਮੋਮੋਠਗਣੀਆਂ ਗੱਲਾਂ ਸੁਣਾ ਤਥਾਕਥਿਤ ਲੀਡਰ ਖੋਹ ਲਿਜਾਂਦੇ ਹਨ। ਅਸੀਂ ਫਿਰ ਵਿਚਾਰਗੀ ਦੇ ਹਾਲਾਤ 'ਚ ਬੈਠੇ ਅਗਲੀਆਂ ਚੋਣਾਂ ਦੀ ਉਡੀਕ ਕਰਦੇ ਹਾਂ। ਕੋਈ ਨਹੀਂ! ਅਗਲੀਆਂ ਚੋਣਾਂ 'ਚ ਆਉਣਾ ਤਾਂ ਫਿਰ ਇਹਨੇ ਇੱਥੇ ਹੀ ਹੈ। ਕੁਲ ਮਿਲਾ ਕੇ ਜਿਸ 'ਤੇ ਵੀ ਅਸੀਂ ਯਕੀਨ ਕੀਤਾ, ਉਸੇ ਨੇ ਸਾਨੂੰ ਧੋਖਾ ਦਿੱਤਾ। ਠੱਗਾਂ ਦੇ ਰੂਪ-ਰੰਗ ਭਾਵੇਂ ਵੱਖਰੇ-ਵੱਖਰੇ ਹਨ, ਪਾਰਟੀਆਂ ਵੱਖੋ-ਵੱਖਰੀਆਂ ਹਨ ਪਰ ਦੱਬਿਆਂ-ਕੁਚਲਿਆਂ ਲੋਕਾਂ ਦੇ ਮਾਮਲੇ ਵਿੱਚ ਨੀਅਤਾਂ ਸਾਰਿਆਂ ਦੀਆਂ ਮਾੜੀਆਂ ਹਨ। ਕੋਈ ਨਹੀਂ ਚਾਹੁੰਦਾ ਸਾਡੇ ਹਾਲਾਤਾਂ ਵਿੱਚ ਸੁਧਾਰ ਹੋਵੇ। ਅਸੀਂ ਵੀ ਸੁੱਖ ਦਾ ਸਾਹ ਲੈ ਸਕੀਏ। ਅਸੀਂ ਵੀ ਇੱਜ਼ਤ-ਮਾਣ ਦੀ ਜ਼ਿੰਦਗੀ ਜੀਅ ਸਕੀਏ। 'ਅੱਛੇ ਦਿਨ ਆਨੇ ਵਾਲੇ ਹੈਂ' ਦਾ ਨਾਅਰਾ ਲਗਾ ਕੇ ਕਦੇ ਬੀ. ਜੇ. ਪੀ. ਸਾਨੂੰ ਲੁੱਟ ਲੈਂਦੀ ਹੈ, ਕਦੇ ਮੁਫ਼ਤ-ਆਟਾ ਦਾਲ ਦੇ ਕੇ ਅਕਾਲੀ ਸਾਡੀਆਂ ਵੋਟਾਂ ਲੈ ਜਾਂਦੇ ਹਨ ਤੇ ਕਦੇ ਗਰੀਬੀ ਹਟਾਓ ਦਾ ਨਾਅਰਾ ਦੇ ਕੇ ਕਾਂਗਰਸ ਸਾਨੂੰ ਬੇਵਕੂਫ਼ ਬਣਾ ਜਾਂਦੀ ਹੈ ਤੇ ਜਿਸ ਪਾਰਟੀ ਤੋਂ ਸਾਨੂੰ ਸਭ ਤੋਂ ਵੱਧ ਉਮੀਦਾਂ ਸਨ, ਲੱਗਦਾ ਸੀ ਇਹ ਸਾਡੀ ਆਪਣੀ ਪਾਰਟੀ ਹੈ, ਇਹ ਜ਼ਰੂਰ ਸਾਡੇ ਦੁੱਖ-ਦਰਦ ਪਹਿਚਾਣੇਗੀ। ਉਸ ਪਾਰਟੀ ਨੇ ਵੀ ਹਾਲੇ ਤੱਕ ਸਾਨੂੰ ਨਾ-ਉਮੀਦ ਹੀ ਕੀਤਾ ਹੈ। ਕਦੋਂ ਤੱਕ ਝੂਠੀਆਂ ਉਮੀਦਾਂ ਦੇ ਸਿਰ ਅਸੀਂ ਖੋਤੇ ਦੀ ਜੂਨ ਹੰਢਾਉਂਦੇ ਰਹਾਂਗੇ? ਕਦੋਂ ਤੱਕ ਅਸੀਂ ਇਨ੍ਹਾਂ ਲੀਡਰਾਂ ਦੇ ਅੱਤਿਆਚਾਰ ਬਰਦਾਸ਼ਤ ਕਰਾਂਗੇ? ਕਦੋਂ ਅਸੀਂ ਆਪਣੇ ਨਾਲ ਹੋ ਰਹੀਆਂ ਬੇਇਨਸਾਫ਼ੀਆਂ ਖਿਲਾਫ਼ ਆਵਾਜ਼ ਬੁਲੰਦ ਕਰਾਂਗੇ?ਪੰਜਾਬ ਵਿੱਚ 2017 'ਚ ਮੁੜ੍ਹ ਚੋਣਾਂ ਦਾ ਵਕਤ ਆ ਰਿਹਾ ਹੈ, ਡੇਢ ਸਾਲ ਤੋਂ ਵੀ ਘੱਟ ਵਖਵਾ ਰਹਿ ਗਿਐ ਆਉਂਦੀਆਂ ਚੋਣਾਂ ਦੀ ਤਿਆਰੀ ਕਰਨ ਲਈ। ਅਜੇ ਵੀ ਵਕਤ ਹੈ ਕਿ ਅਸੀਂ ਕੋਈ ਠੋਸ ਨੀਤੀ ਅਖ਼ਤਿਆਰ ਕਰਕੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਦੇ ਹੋਏ ਆਪਣੇ ਭਵਿੱਖ ਨੂੰ ਸੁਰੱਖਿਅਤ ਕਰੀਏ। ਨਹੀਂ ਤਾਂ ਯਕੀਨ ਮੰਨੋ ਇਕ ਵਾਰ ਫਿਰ ਉਨ੍ਹਾਂ ਹੀ ਹੱਥਾਂ 'ਚ ਤਾਕਤ ਜਾਵੇਗੀ, ਜਿਹੜੇ ਹੱਥ ਪਿਛਲੇ 60 ਸਾਲਾਂ ਤੋਂ ਸਾਨੂੰ ਲੁੱਟਦੇ ਰਹੇ ਹਨ। ਤੁਸੀਂ ਜਾਣਦੇ ਹੋ ਬੇਰਹਿਮੀ ਨਾਲ ਲੁੱਟਣ ਵਾਲੇ ਹੱਥ ਸਿਰਫ ਆਪਣਾ ਘਰ ਭਰਨਾ ਹੀ ਜਾਣਦੇ ਹਨ। ਆਪਣੇ ਆਲੇ-ਦੁਆਲੇ ਨਿਗ੍ਹਾ ਮਾਰੋ ਤੁਹਾਨੂੰ ਬਹੁਤ ਸਾਰੇ ਅਜਿਹੇ ਚਿਹਰੇ ਨਜ਼ਰ ਆਉਣਗੇ, ਜਿਨ੍ਹਾਂ ਨੇ ਸਾਡੇ ਹੱਕਾਂ 'ਤੇ ਡਾਕਾ ਮਾਰ ਆਪਣੀਆਂ ਕੁੱਲੀਆਂ ਨੂੰ ਮਹਿਲਾਂ 'ਚ ਬਦਲ ਦਿੱਤਾ ਅਤੇ ਅਸੀਂ ਡੰਗ-ਟਪਾਊ ਰੋਟੀ ਕਮਾਉਣ ਲਈ ਹਰ ਦਿਨ, ਹਰ ਪਲ ਸੰਘਰਸ਼ ਕਰਨ ਲਈ ਮਜਬੂਰ ਹਾਂ। ਸਾਡੇ ਬੱਚੇ ਪੜ੍ਹਾਈ ਤੋਂ ਵਾਂਝੇ ਹਨ। ਦਵਾਈ ਦੀ ਕਮੀ ਸਦਕਾ ਬਿਮਾਰੀਆਂ ਸਾਡੇ 'ਤੇ ਹਾਵੀ ਰਹਿੰਦੀਆਂ ਹਨ। ਚੰਗਾ ਪਾਉਣ, ਚੰਗੇ ਰਹਿਣ-ਸਹਿਣ ਅਤੇ ਚੰਗਾ ਖਾਣ ਨੂੰ ਅਸੀਂ ਤਰਸ ਚੁੱਕੇ ਹਾਂ। ਇਹ ਸਮਾਂ ਫੈਸਲੇ ਦਾ ਹੈ ਕਿ ਅਸੀਂ ਜਾਂ ਤਾਂ ਖੋਤੇ ਦੀ ਜੂਨ 'ਚ ਪੈ ਸੁਪਨੇ ਦੇਖੀਏ ਜਾਂ ਹੋਸ਼ ਵਿੱਚ ਆ ਕੇ ਵਕਤ ਰਹਿੰਦਿਆਂ ਆਪਣੇ ਹੱਕ ਖੋਹ ਲਈਏ। 
- ਅਜੇ ਕੁਮਾਰ

Monday 27 July 2015

'ਚੱਕ ਦੇ ਫੱਟੇ, ਚੱਕ ਦੇ ਫੱਟੇ'!

ਅੱਜ ਪੂਰੇ ਵਿਸ਼ਵ ਦੇ ਵਿਦਵਾਨ ਮੰਨਦੇ ਹਨ ਕਿ ਅੰਬੇਡਕਰਵਾਦ ਹੀ ਦੁਨੀਆਂ ਨੂੰ ਬਚਾਅ ਸਕਦਾ ਹੈ। ਪਰ ਕੀ ਕਾਰਣ ਹੈ ਕਿ ਭਾਰਤ ਵਿੱਚ ਅੰਬੇਡਕਰਵਾਦ ਮਜ਼ਬੂਤ ਹੋਣ ਦੀ ਬਜਾਏ ਦਿਨ-ਬ-ਦਿਨ ਕਮਜ਼ੋਰ ਹੋ ਰਿਹਾ ਹੈ। ਇਕ ਪਾਸੇ ਅੰਬੇਡਕਰ ਨੂੰ ਮੰਨਣ ਵਾਲਿਆਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ, ਦੂਸਰੇ ਪਾਸੇ ਅੰਬੇਡਕਰਵਾਦ ਦਾ ਪਤਨ ਹੋ ਰਿਹਾ ਹੈ। ਉਸ ਦਾ ਕਾਰਣ ਇਹ ਹੈ ਕਿ ਅਸੀਂ ਅੰਬੇਡਕਰ ਭਗਤੀ ਦੇ ਨਾਂ 'ਤੇ ਜੋ ਕੁਝ ਕਰਦੇ ਹਾਂ, ਉਸ ਨੂੰ ਅੰਬੇਡਕਰਵਾਦ ਸਮਝਦੇ ਹਾਂ, ਪਰ ਸੱਚ ਇਹ ਹੈ ਕਿ ਅੰਨ੍ਹੀ ਭਗਤੀ ਨਾਲ ਅੰਬੇਡਕਰਵਾਦ ਦਾ ਦੂਰ-ਦੂਰ ਤੱਕ ਕੋਈ ਸਬੰਧ ਨਹੀਂ। ਅੰਬੇਡਕਰ ਦੀ ਫੋਟੋ ਲਗਾਉਣਾ, ਜਗ੍ਹਾ-ਜਗ੍ਹਾ ਅੰਬੇਡਕਰ ਦੇ ਬੁਤ ਲਗਾਉਣਾ, ਅੰਬੇਡਕਰ ਦੀਆਂ ਸ਼ੋਭਾ ਯਾਤਰਾਵਾਂ ਕੱਢਣੀਆਂ, ਅੰਬੇਡਕਰ ਦੇ ਨਾਂ 'ਤੇ ਗੀਤ ਗਾਉਣਾ ਨੂੰ ਅੰਬੇਡਕਰ ਪ੍ਰਤੀ ਸ਼ਰਧਾ ਤਾਂ ਕਹਿ ਸਕਦੇ ਹਾਂ ਪਰ ਇਹ ਅੰਬੇਡਕਰਵਾਦ ਨਹੀਂ ਹੈ। ਅੰਬੇਡਕਰਵਾਦ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਅਸਫਲ ਰਹਿਣ ਦਾ ਮਤਲਬ ਮਨੂੰਵਾਦੀ ਤਾਕਤਾਂ ਨੂੰ ਮਜ਼ਬੂਤੀ ਦੇਣਾ ਹੈ। ਅੰਬੇਡਕਰਵਾਦ ਸਮੇਂ ਦੀ ਮੰਗ ਹੈ, ਇਸ ਨੂੰ ਆਉਣ ਤੋਂ ਕੋਈ ਨਹੀਂ ਰੋਕ ਸਕਦਾ। ਸਿਆਣੇ ਆਖਦੇ ਹਨ ਕਿ ਸਮੇਂ ਰਹਿੰਦਿਆਂ ਤੈਅ ਕਰ ਲੈਣਾ ਚਾਹੀਦਾ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਨਹੀਂ ਤਾਂ ਸਮਾਂ ਤੈਅ ਕਰ ਦੇਵੇਗਾ ਕਿ ਉਸ ਨੇ ਸਾਡਾ ਕੀ ਕਰਨਾ ਹੈ। ਜੇ ਅਸੀਂ ਨਾ ਸੰਭਲੇ ਤਾਂ ਸਮਾਂ ਸਾਨੂੰ ਅਜਿਹੀ ਦਲਦਲ ਵਿੱਚ ਸੁੱਟ ਦੇਵੇਗਾ, ਜਿੱਥੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਵੇਗਾ। ਆਓ ਵਿਚਾਰ ਕਰੀਏ ਕਿ ਇਸ ਤੋਂ ਪਹਿਲਾਂ ਸਮਾਂ ਤੈਅ ਕਰੇ ਕਿ ਤੁਹਾਡਾ ਕੀ ਬਣਨਾ ਹੈ, ਅਸੀਂ ਖੁਦ ਤੈਅ ਕਰੀਏ ਕਿ ਕਿਵੇਂ ਅੰਬੇਡਕਰਵਾਦ ਨੂੰ ਬੁਲੰਦ ਕਰਕੇ ਕਿਵੇਂ ਦੇਸ਼ ਵਿੱਚੋਂ ਗਰੀਬੀ, ਅਨਪੜ੍ਹਤਾ, ਸਵਾਰਥੀ ਨੇਤਾਵਾਂ ਨੂੰ ਟਿਕਾਣੇ ਲਗਾਉਣਾ ਹੈ ਤਾਂ ਜੋ ਸਾਡਾ ਭਵਿੱਖ ਸੁਰੱਖਿਅਤ ਬਣਿਆ ਰਹੇ ਜੇ ਅਸੀਂ ਆਪਣੇ ਕਾਰਜ 'ਚ ਅਸਫ਼ਲ ਰਹੇ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੀਆਂ ਨਾਕਾਮੀਆਂ ਕਾਰਣ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ। ਸਾਡਾ ਫ਼ਰਜ਼ ਹੈ ਕਿ ਆਉਣ ਵਾਲੀਆਂ ਨਸਲਾਂ ਲਈ ਫੁੱਲ ਬੋਈਏ ਤਾਂ ਜੋ ਉਹ ਖੁਸ਼ਬੂਦਾਰ ਆਜ਼ਾਦ ਹਵਾ ਵਿੱਚ ਸਾਹ ਲੈਂਦੇ ਰਹਿਣ ਪਰ ਜੋ ਅਜੇ ਅਸੀਂ ਕਰ ਰਹੇ ਹਾਂ, ਉਹ ਆਉਣ ਵਾਲੀਆਂ ਨਸਲਾਂ ਲਈ ਕੰਢੇ ਬੀਜਣ ਵਾਲਾ ਕੰਮ ਹੈ ਜੋ ਉਨ੍ਹਾਂ ਦੇ ਆਤਮ ਸਨਮਾਨ ਨੂੰ ਛਲਣੀ ਕਰ ਦੇਵੇਗਾ। ਲੜਾਈ ਜਾਤ ਦੀ ਨਹੀਂ, ਜਮਾਤ ਦੀ ਹੈ ਜੇ ਅਸੀਂ ਲੜਾਈ ਜਾਤ ਦੀ ਲੜੀ ਤਾਂ ਮਨੂੰਵਾਦ ਦਾ ਹਿੱਸਾ ਬਣਾਂਗੇ ਅਤੇ ਜੇ ਲੜਾਈ ਜਮਾਤ ਦੀ ਲੜਦੇ ਹਾਂ ਤਾਂ ਅਸੀਂ ਅੰਬੇਡਕਰਵਾਦ ਨੂੰ ਮਜ਼ਬੂਤੀ ਦੇ ਰਹੇ ਹਾਂ। ਇਹ ਫੈਸਲਾ ਤੁਸੀਂ ਕਰਨਾ ਹੈ ਕਿ ਕਿਹੜੀ ਲੜਾਈ ਲੜਨੀ ਹੈ ਅਤੇ ਕਿਵੇਂ ਲੜਨੀ ਹੈ। ਏਨੀ ਗੱਲ ਪੱਕੀ ਹੈ ਕਿ ਆਪਣੇ ਹਾਲਾਤ ਸੁਧਾਰਣ ਲਈ ਲੜਾਈ ਲੜਨੀ ਪਵੇਗੀ। ਹੁਣ ਤੁਸੀਂ ਤੈਅ ਕਰਨਾ ਹੈ ਕਿ ਲੜਾਈ ਫੌਜ ਵਾਂਗ ਕਰਨੀ ਹੈ ਜਾਂ ਮੌਬ ਵਾਂਗੂ। ਫੌਜ ਦੀ ਲੜਾਈ ਤੁਸੀਂ ਜਾਣਦੇ ਹੋ। ਸਿਪਾਹੀ ਤੋਂ ਲੈ ਕੇ ਜਰਨੈਲ ਤੱਕ ਆਪੋ-ਆਪਣੀ ਡਿਊਟੀ ਸਮਝਦਾ ਹੈ, ਇਕ ਮੰਤਵ ਨੂੰ ਸਾਹਮਣੇ ਰੱਖਦੇ ਹੋਏ ਸਮੂਹ ਫੌਜ ਦਾ ਇਕ-ਇਕ ਸਿਪਾਹੀ ਆਪੋ-ਆਪਣਾ ਬਣਦਾ ਯੋਗਦਾਨ ਦਿੰਦਾ ਹੈ ਤੇ ਦੁਸ਼ਮਣ 'ਤੇ ਫ਼ਤਹਿ ਹਾਸਿਲ ਕਰਦੇ ਹੋਏ ਆਪਣੀ ਮੰਜ਼ਿਲ ਨੂੰ ਹਾਸਿਲ ਕਰਦਾ ਹੈ। ਦੂਸਰੇ ਪਾਸੇ ਹੁੰਦੀ ਹੈ ਮੌਬ ਦੀ ਲੜਾਈ। ਮੌਬ ਇਕ ਅੰਗਰੇਜ਼ੀ ਦਾ ਸ਼ਬਦ ਹੈ, ਜਿਸ ਦਾ ਇਸਤੇਮਾਲ ਬੇਕਾਬੂ ਭੀੜ ਲਈ ਕੀਤਾ ਜਾਂਦਾ ਹੈ। ਮੌਬ ਵੀ ਲੜਦਾ ਹੈ, ਅੱਗਾਂ ਲਗਾਉਂਦਾ ਹੈ, ਖੋਹਾਂ ਕਰਦਾ ਹੈ, ਵੱਡੇ-ਵੱਡੇ ਨਾਅਰੇ ਲਗਾਉਂਦਾ ਹੈ ਪਰ ਹੁੰਦਾ ਇਹ ਹੈ ਕਿ ਜ਼ਿਆਦਾਤਰ ਮੌਬ 'ਚ ਹਿੱਸਾ ਲੈਣ ਵਾਲੇ ਅਸਫ਼ਲ ਹੋ ਕੇ, ਜੁੱਤੀਆਂ ਖਾ ਕੇ ਆਪੋ-ਆਪਣੇ ਘਰ ਬੈਠੇ ਨਜ਼ਰ ਆਉਂਦੇ ਹਨ। ਜਿੱਥੇ ਫੌਜ ਦੀ ਲੜਾਈ ਕੌਮਾਂ ਨੂੰ ਮਜ਼ਬੂਤੀ ਦਿੰਦੀ ਹੈ, ਉੱਥੇ ਮੌਬ ਦੀ ਲੜਾਈ ਕੌਮਾਂ ਕਮਜ਼ੋਰ ਕਰ ਦਿੰਦੀ ਹੈ। ਮੌਬ ਦੀ ਲੜਾਈ ਤੋਂ ਮੈਨੂੰ ਆਪਣੇ ਮੁਹੱਲੇ 'ਚ ਰਹਿਣ ਵਾਲੇ ਤਾਏ ਲਾਹੌਰੀਏ ਦੀ ਇਤ ਕਹਾਣੀ ਯਾਦ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਇਕ ਵਾਰ ਕੁਸ਼ਤੀ ਦਾ ਜੋੜ ਮੇਲਾ ਲੱਗਿਆ ਤਾਂ ਮੈਂ ਕੁਸ਼ਤੀ ਕਰਨ ਚਲਾ ਗਿਆ। ਮੈਨੂੰ ਦੇਖਦਿਆਂ ਹੀ ਮੇਰੇ ਸਾਥੀ ਨਾਅਰੇ ਲਗਾਉਣ ਲੱਗੇ 'ਫੱਟੇ ਚੱਕ ਦਿਆਂਗੇ' 'ਫੱਟੇ ਚੱਕ ਦਿਆਂਗੇ'। ਮੈਂ ਵੀ ਆਪਣੇ ਸਾਥੀਆਂ ਦਾ ਜੋਸ਼ ਦੇਖ ਕੇ ਉਨ੍ਹਾਂ ਦੇ ਨਾਅਰਿਆਂ 'ਚ ਸਾਥ ਦੇਣ ਲੱਗਾ, 'ਚੱਕ ਦਿਓ ਫੱਟੇ' 'ਚੱਕ ਦਿਓ ਫੱਟੇ'। ਜੋਸ਼ 'ਚ ਆਏ ਮੇਰੇ ਸਾਥੀਆਂ ਨੇ ਮੈਨੂੰ ਆਪਣੇ ਮੋਢਿਆਂ 'ਤੇ ਚੁੱਕ ਲਿਆ, ਧੱਕਾ-ਮੁੱਕੀ ਵਿੱਚ ਮੈਂ ਮੂਧੇ-ਮੂੰਹ ਧੜੱਮ ਕਰਦਾ ਥੱਲੇ ਆ ਡਿੱਗਿਆ, ਜਿਸ ਕਾਰਣ ਮੇਰੇ ਬੁਲ੍ਹ ਫਟ ਗਏ ਅਤੇ ਮੇਰਾ ਸੱਜਾ ਗੁੱਟ ਵੀ ਟੁੱਟ ਗਿਆ। ਜਦੋਂ ਮੈਂ ਘਰ ਆਇਆ ਤਾਂ ਮੇਰੇ ਘਰਦੇ ਮਜ਼ਾਕ ਕਰਨ ਲੱਗੇ ਕਿ ਗਿਆ ਤਾਂ ਫੱਟੇ ਚੁੱਕਣ ਸੀ ਤੇ ਚੁੱਕ ਤੂੰ ਆਪਣੇ ਫੱਟੇ ਲਏ। ਸ਼ਾਬਾਸ਼ ਓਏ ਭਲਵਾਨਾ ਬੇਗਾਨਿਆਂ ਨਾਲ ਲੜਨ ਤੋਂ ਪਹਿਲਾਂ ਆਪਣਿਆਂ ਤੋਂ ਹੀ ਮਾਰ ਖਾ ਕੇ ਆ ਗਿਐਂ। ਕੁਝ ਅਜਿਹਾ ਹੀ ਹਾਲ ਸਾਡੇ ਦਲਿਤਾਂ ਦੀ ਲੜਾਈ ਦਾ ਹੈ। ਨਾਅਰੇ ਵੱਡੇ-ਵੱਡੇ ਲੱਗਦੇ ਹਨ। ਚੱਕਦੇ ਫੱਟੇ, ਚੱਕਦੇ ਫੱਟੇ ਦੀਆਂ ਆਵਾਜ਼ਾਂ ਆਉਂਦੀਆਂ ਹਨ ਪਰ ਪਤਾ ਲੱਗਦਾ ਹੈ ਕਿ ਆਪਣਿਆਂ ਨੇ ਹੀ ਆਪਣਿਆਂ ਨੂੰ ਮਾਰ ਦਿੱਤਾ। ਜੇ ਇਸੇ ਤਰ੍ਹਾਂ ਲੜਾਈਆਂ ਚੱਲਦੀਆਂ ਰਹੀਆਂ ਤਾਂ ਯਕੀਨ ਮੰਨੋ ਜੋ ਤਾਇਆ ਲਾਹੌਰੀਏ ਦਾ ਹਾਲ ਹੋਇਆ, ਉਸ ਤੋਂ ਮਾੜਾ ਹਾਲ ਸਾਡਾ ਹੁੰਦਾ ਰਹੇਗਾ। ਇਨ੍ਹਾਂ ਹਾਲਾਤਾਂ 'ਚ ਫੱਟੇ ਵੈਰੀਆਂ ਦੇ ਨਹੀਂ ਚੁੱਕੇ ਜਾਣੇ, ਆਪਣੇ ਹੀ ਚੁਕਾਏ ਜਾਣੇ ਹਨ।
- ਅਜੇ ਕੁਮਾਰ   

Monday 13 July 2015

''ਦੇਖੀ ਜਾ, ਛੇੜੀਂ ਨਾ''

2012 ਦੀਆਂ ਚੋਣਾਂ ਵਿੱਚ ਅਕਾਲੀ-ਭਾਜਪਾ ਨੂੰ ਇਕ ਵਾਰ ਫਿਰ ਪੰਜਾਬ 'ਚ ਸਰਕਾਰ ਬਣਾਉਣ ਦਾ ਮੌਕਾ ਮਿਲਿਆ, ਇਕ ਵਾਰ ਫਿਰ ਕਾਂਗਰਸ ਦੀ ਹਾਰ ਹੋਈ ਅਤੇ ਹੁਣ ਅਕਾਲੀ-ਭਾਜਪਾ ਸਰਕਾਰ ਨੂੰ ਰਾਜ ਕਰਦਿਆਂ 3 ਸਾਲ ਤੋਂ ਵੱਧ ਸਮਾਂ ਗੁਜ਼ਰ ਚੁੱਕਾ ਹੈ। ਸਿਆਣੇ ਦੱਸਦੇ ਹਨ ਕਿ ਜਿਉਂ-ਜਿਉਂ ਚੋਣਾਂ ਦਾ ਸਮਾਂ ਨੇੜੇ ਆਉਂਦਾ ਹੈ, ਤਿਉਂ-ਤਿਉਂ ਲੀਡਰਾਂ ਨੂੰ ਵੋਟਰਾਂ ਦੀ ਯਾਦ ਆਉਣ ਲੱਗ ਜਾਂਦੀ ਹੈ। ਆਕੜੀਆਂ ਗਰਦਨਾਂ ਝੁਕਣ ਲੱਗ ਜਾਂਦੀਆਂ ਹਨ, ਕੌੜੀਆਂ ਜੀਭਾਂ 'ਚ ਮਿਸ਼ਰੀ ਘੁਲ ਕੇ ਮਿੱਠੇ-ਮਿੱਠੇ ਬੋਲ ਮੂੰਹ 'ਚੋਂ ਨਿਕਲਣ ਲੱਗ ਜਾਂਦੇ ਹਨ। ਪੁਰਾਣੇ ਹੰਢੇ-ਛੰਢੇ ਵਰਕਰ, ਜਿਨ੍ਹਾਂ ਦੀ ਰਾਜ ਵਿੱਚ ਕਦੇ ਸੁੱਧ ਨਹੀਂ ਲਈ ਜਾਂਦੀ, ਉਹ ਵੀ ਸੁਪਨਿਆਂ 'ਚ ਆ-ਆ ਕੇ ਲੀਡਰਾਂ ਨੂੰ ਸਤਾਉਂਦੇ ਹਨ ਕਿ ਜੇ ਮੇਰੀ ਤੂੰ ਸੁੱਧ ਅਜੇ ਵੀ ਨਾ ਲਈ ਤਾਂ ਫਿਰ ਦੇਖ ਮੈਂ ਤੇਰਾ ਚੋਣਾਂ 'ਚ ਕੀ ਹਾਲ ਕਰਦਾਂ ਅਤੇ ਉਹੀ ਲੀਡਰ, ਜਿਸ ਨੂੰ ਜਨਤਾ ਤੋਂ ਬਦਬੂ ਆਉਂਦੀ ਸੀ, ਓਹਨੂੰ ਹੁਣ ਚੋਣਾਂ ਦੇ ਨੇੜੇ ਆਉਂਦਿਆਂ ਹੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਪੰਜਾਬ ਦੇ ਮੌਜੂਦਾ ਰਾਜਨੀਤਿਕ ਹਾਲਾਤ ਦਰਸਾਉਂਦੇ ਹਨ ਕਿ ਚੋਣਾਂ ਦੀ ਮਿੱਠੀ-ਮਿੱਠੀ ਹਵਾ ਵਹਿਣੀ ਸ਼ੁਰੂ ਹੋ ਗਈ ਹੈ। ਹੁਣ ਬਾਦਲ ਨਵੀਆਂ-ਨਵੀਆਂ ਸਕੀਮਾਂ ਲੈ ਕੇ ਆਉਣਗੇ, ਕੈਪਟਨ ਸਾਹਿਬ ਵੀ ਸੜਕਾਂ 'ਤੇ ਉਤਰ ਕੇ ਜਨ-ਸੰਪਰਕ ਅਭਿਆਨ ਚਲਾ ਰਹੇ ਹਨ ਅਤੇ ਲੱਗਦਾ ਇੰਝ ਹੈ ਕਿ ਭਾਜਪਾ ਵੀ ਇਕੱਲੇ ਚੋਣਾਂ ਲੜ ਕੇ ਸੱਤਾ 'ਤੇ ਕਾਬਜ਼ ਹੋਣ ਦੀ ਚਾਹਵਾਨ ਹੈ। ਇਨ੍ਹਾਂ ਸਾਰਿਆਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਿੱਚ ਇੱਕੋ-ਇਕ ਰੋੜਾ ਜਾਂ ਕਿਹਾ ਜਾਵੇ ਕਿ ਇੱਕੋ-ਇਕ ਆਸ਼ਾ ਦੀ ਕਿਰਨ ਹੈ ਦਲਿਤ ਵੋਟ। ਪੰਜਾਬ ਵਿੱਚ ਵੱਡੇ ਦਲਿਤ ਵੋਟ ਬੈਂਕ ਨੂੰ ਸਭ ਪਾਰਟੀਆਂ ਦੀਆਂ ਗਿੱਦ ਨਿਗਾਹਾਂ ਲੱਗੀਆਂ ਹੋਈਆਂ ਹਨ, ਕਿਸ ਤਰ੍ਹਾਂ ਦਲਿਤ ਵੋਟ ਨੂੰ ਭਰਮਾਇਆ ਜਾਵੇ, ਲਲਚਾਇਆ ਜਾਵੇ, ਘਬਰਾਇਆ ਜਾਵੇ ਤਾਂ ਜੋ ਵਿਰੋਧੀ ਨੂੰ ਹਰਾਇਆ ਜਾਵੇ। ਦਲਿਤ ਵੋਟ ਦੀ ਖ਼ਾਤਿਰ ਇਹ ਪਾਰਟੀਆਂ ਆਪਸ ਵਿੱਚ ਇੰਝ ਲੜਦੀਆਂ ਹਨ, ਜਿਵੇਂ ਕਸਾਈ ਦੀ ਦੁਕਾਨ ਦੇ ਬਾਹਰ ਛਿਛੜਿਆਂ ਨੂੰ ਖਾਣ ਲਈ ਕੁੱਤੇ। ਚਲੋ! ਵੋਟ ਦਲਿਤ ਦਾ ਹੱਕ ਹੈ, ਦਲਿਤ ਸ਼ਸ਼ੋਪੰਜ 'ਚ ਹੈ, ਕਿਸ 'ਤੇ ਯਕੀਨ ਕਰੇ, ਕਿਉਂਕਿ ਪੁਰਾਣਾ ਤਜ਼ਰਬਾ ਤਾਂ ਇਹੀ ਦੱਸਦਾ ਹੈ, ਜਿਸ 'ਤੇ ਵੀ ਯਕੀਨ ਕੀਤਾ, ਉਸ ਨੇ ਹੀ ਧੋਖਾ ਦਿੱਤਾ। ਇਕ ਪੁਰਾਣਾ ਮਜ਼ਾਕੀਆ ਕਿੱਸਾ ਯਾਦ ਆ ਰਿਹਾ ਹੈ ਇਕ ਮਹਾ ਕੰਜੂਸ ਬਾਣੀਏ ਦੇ ਬੱਚਿਆਂ ਨੂੰ ਜ਼ਿਦ ਕੀਤੀ ਕਿ ਸਾਡੇ ਗੁਆਂਢੀ ਦੇਸੀ ਘਿਓ 'ਚ ਚੋਪੜ ਕੇ ਰੋਟੀਆਂ ਖਾਂਦੇ ਹਨ, ਅਸੀਂ ਵੀ ਰੋਟੀ ਘਿਓ ਨਾਲ ਚੋਪੜ ਕੇ ਹੀ ਖਾਣੀ ਹੈ। ਬਾਣੀਏ ਦੀ ਪਤਨੀ ਵੀ ਬੱਚਿਆਂ ਨਾਲ ਸਹਿਮਤ ਸੀ। ਏਨਾ ਵਿਰੋਧ ਦੇਖਦੇ ਹੋਏ ਬਾਣੀਆ ਦੇਸੀ ਘਿਓ ਦਾ ਡੱਬਾ ਘਰ ਲੈ ਆਇਆ, ਬੱਚਿਆਂ ਨੂੰ ਹਦਾਇਤ ਦਿੱਤੀ ਕਿ ਜਦੋਂ ਤੁਹਾਡੀ ਮਾਂ ਰੋਟੀ ਬਣਾ ਕੇ ਲਿਆਵੇ ਤੇ ਘਿਓ ਦੇ ਡੱਬੇ ਕੋਲੋਂ ਕੱਢ ਲਿਆ ਕਰੋ, ਤੁਹਾਨੂੰ ਦੇਸੀ ਘਿਓ ਦਾ ਆਨੰਦ ਆ ਹੀ ਜਾਵੇਗਾ। ਬੱਚਿਆਂ ਦੀ ਤਸੱਲੀ ਤਾਂ ਨਹੀਂ ਸੀ ਪਰ ਗੁਜ਼ਾਰਾ ਕਰਨਾ ਸੀ, ਇਕ ਬੱਚੇ ਕੋਲੋਂ ਬਰਦਾਸ਼ਤ ਨਾ ਹੋਇਆ, ਉਸ ਨੇ ਰੋਟੀ ਘਿਓ ਦੇ ਡੱਬੇ ਨਾਲ ਰਗੜ ਕੇ ਕੱਢ ਲਈ, ਦੇਖਦੇ ਹੀ ਬਾਣੀਏ ਨੂੰ ਆ ਗਿਆ ਗੁੱਸਾ ''ਓਏ ਜੇ ਇਸ ਤਰ੍ਹਾਂ ਰੋਟੀ ਖਾਓਗੇ ਤਾਂ ਘਿਓ ਦਾ ਡੱਬਾ ਤਾਂ ਫਟਾਫਟ ਹੀ ਮੁਕ ਜਾਣੈ।'' ਅਤੇ ਬਾਣੀਏ ਨੇ ਡੱਬਾ ਚੁੱਕ ਕੇ ਅਲਮਾਰੀ 'ਚ ਰੱਖਿਆ ਤੇ ਬਾਹਰ ਤਾਲਾ ਲਗਾ ਦਿੱਤਾ। ਬੱਚੇ ਫਿਰ ਬੱਚੇ ਹਨ, ਇਕ ਬੱਚੇ ਕੋਲੋਂ ਰਿਹਾ ਨਾ ਗਿਆ, ਉਸ ਨੇ ਰੋਟੀ ਲਿਜਾ ਕੇ ਅਲਮਾਰੀ 'ਤੇ ਲੱਗੇ ਤਾਲੇ ਨਾਲ ਰਗੜ ਲਈ, ਜੋ ਦੇਖ ਬਾਣੀਏ ਨੂੰ ਗੁੱਸਾ ਆ ਗਿਆ, ਓਹਨੇ ਜੁੱਤੀ ਚੁੱਕੀ ਤੇ ਬੱਚੇ ਨੂੰ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ''ਓਏ ਬੜੇ ਹੀ ਨਾਲਾਇਕ ਅਤੇ ਬੱਦਨੀਅਤੇ ਬੱਚੇ ਹੋ, ਇਕ ਦਿਨ ਵੀ ਦੇਸੀ ਘਿਓ ਬਿਨਾਂ ਰੋਟੀ ਹਜਮ ਨਹੀਂ ਹੁੰਦੀ।'' ਕੁਝ ਬਾਣੀਏ ਦੇ ਬੱਚਿਆਂ ਵਾਲਾ ਹਾਲ ਦਲਿਤਾਂ ਦਾ ਵੀ ਹੈ। ਰੰਗ-ਬਰੰਗੇ ਦੇਸੀ-ਘਿਓ ਦੇ ਡੱਬੇ ਲੈ ਦਲਿਤਾਂ ਨੂੰ ਭਰਮਾਉਣ ਲਈ ਸਭ ਰਾਜਨੀਤਿਕ ਪਾਰਟੀਆਂ ਮੈਦਾਨ ਵਿੱਚ ਨਿਤਰ ਚੁੱਕੀਆਂ ਹਨ। ਕਿਸੇ ਕੋਲ ਤੱਕੜੀ ਮਾਰਕਾ ਘਿਓ ਹੈ, ਕਿਸੇ ਕੋਲ ਫੁੱਲ ਮਾਰਕਾ, ਕਿਸੇ ਕੋਲ ਗਾਂਧੀ ਟੋਪੀ ਮਾਰਕਾ ਤੇ ਕਿਸੇ ਕੋਲ ਪੰਜਾ ਮਾਰਕਾ। ਡੱਬੇ ਸਾਰੇ ਹੀ ਬਹੁਤ ਖੂਬਸੂਰਤ ਹਨ, ਉਨ੍ਹਾਂ ਨੂੰ ਵੇਚਣ ਵਾਲੀਆਂ ਸ਼ਕਲਾਂ ਵੀ ਬਹੁਤ ਖੂਬਸੂਰਤ ਹਨ। ਗੱਲਾਂ ਵੀ ਬਹੁਤ ਮਨ ਭਰਮਾਉਣ ਵਾਲੀਆਂ ਹਨ ਪਰ ਯਕੀਨ ਮੰਨੋ ਕਿ ਕਿਸੇ ਦਲਿਤ ਨੂੰ ਘਿਓ ਸੁੰਘਣ ਨੂੰ ਵੀ ਨਹੀਂ ਮਿਲਣਾ। ਦੂਰੋਂ-ਦੂਰੋਂ ਰੋਟੀ ਰਗੜੀ ਜਾ, ਡੱਬਾ ਬਾਹਰੋਂ-ਬਾਹਰ ਚੱਟੀ ਜਾ ਜੇ ਹੱਥ ਲਾਇਆ ਘਿਓ ਨੂੰ ਤਾਂ ਯਕੀਨ ਮੰਨੀ ਜੁੱਤੀਆਂ ਪੱਕੀਆਂ ਹਨ। ਇਹ ਹੈ ਦਲਿਤ ਦੀ ਤਕਦੀਰ। ਰਾਜ ਵਿੱਚ ਆਉਣ ਲਈ ਵੋਟਾਂ ਚਾਹੀਦੀਆਂ ਹਨ ਤੇ ਤੁਸੀਂ ਪਿਓ ਜੀ ਹੋ। ਨਹੀਂ ਤਾਂ ਜੁੱਤੀ 'ਤੇ ਰੱਖ ਕੇ ਵੀ ਖੀਰ ਨਹੀਂ ਜੇ ਮਿਲਣੀ। ਤੁਹਾਨੂੰ ਸਦਾ ਜੁੱਤੀਆਂ ਹੀ ਮਿਲਣੀਆਂ ਹਨ।  ਅਜੇ ਵੀ ਵਕਤ ਹੈ ਅਸੀਂ ਸੱਤਾ ਦੇ ਸੱਚੇ ਹੱਕਦਾਰ, ਸੱਤਾ ਹਥਿਆਉਣ ਲਈ ਕੋਈ ਪਾਲਿਸੀ,  ਕੋਈ ਰਣਨੀਤੀ, ਕੋਈ ਯੋਜਨਾ ਬਣਾਈਏ ਤਾਂ ਜੋ ਇਨ੍ਹਾਂ ਹੱਥਾਂ 'ਚ ਖੇਡਣ ਵਾਲੇ ਖਿਡਾਉਣੇ ਬਣਨ ਦੀ ਬਜਾਏ ਇਨ੍ਹਾਂ ਨੂੰ ਡਰਾਉਣ ਵਾਲੇ ਹਥਿਆਰ ਬਣ ਜਾਈਏ। ਜੇ ਅਸੀਂ ਨਾ ਸਮਝੇ ਤਾਂ ਸਾਡੇ ਹਾਲਾਤਾਂ ਵਿੱਚ ਸੁਧਾਰ ਹੋਣ ਦੇ ਆਸਾਰ ਬਹੁਤ ਘੱਟ ਹਨ। ਮੇਰੇ ਮਿੱਤਰ ਨੇ ਨਵੀਂ ਮੋਟਰ ਸਾਈਕਲ ਲਈ ਤਾਂ ਪਿੱਛੇ ਲਿਖਵਾ ਦਿੱਤਾ ''ਦੇਖੀ ਜਾ, ਛੇੜੀਂ ਨਾ।'' ਸਮਝ ਲਓ ਕੁਝ ਅਜਿਹੀ ਹੀ ਨੀਅਤ ਇਨ੍ਹਾਂ ਸਭ ਲੀਡਰਾਂ ਦੀ ਹੈ, ਦਿਖਾਉਣਗੇ ਬਹੁਤ ਕੁਝ ਪਰ ਹੱਥ ਨਹੀਂ ਲਾਉਣ ਦੇਣਾ। ਸੁੰਘਾਉਣਗੇ ਬਹੁਤ ਕੁਝ ਪਰ ਖਾਣ ਕੁਝ ਨਹੀਂ ਦੇਣਾ।       
- ਅਜੇ ਕੁਮਾਰ

Tuesday 12 May 2015

ਹੁਣ ਹੋਰ ਬਰਦਾਸ਼ਤ ਨਹੀਂ


ਪੰਜਾਬ ਦੀ ਲਗਭਗ 40% ਅਬਾਦੀ ਦਲਿਤਾਂ ਦੀ ਹੈ। ਦਲਿਤ ਅਬਾਦੀ ਦਾ ਵੱਡਾ ਹਿੱਸਾ ਆਰਥਿਕ ਤੇ ਸਮਾਜਿਕ ਤੌਰ ਤੇ ਕਮਜ਼ੋਰ ਹੈ। ਅੱਜ ਤੱਕ ਦੀਆਂ ਚੋਣਾਂ ਵਿੱਚ ਪੰਜਾਬ ਵਿੱਚ ਜਿਸ ਵੀ ਪਾਰਟੀ ਦੀ ਸਰਕਾਰ ਆਈ ਹੋਵੇ ਉਸ ਦੇ ਪਿੱਛੇ ਵੱਡਾ ਕਾਰਣ ਦਲਿਤ ਵੋਟਾਂ ਦਾ ਅਸਰ ਹੁੰਦਾ ਹੈ। ਸ਼ਾਇਦ ਇਹੀ ਕਾਰਣ ਹੈ ਕਿ ਦਲਿਤਾਂ ਵਿੱਚ ਅੱਜਕੱਲ੍ਹ ਵੱਡੀ ਚਰਚਾ ਚੱਲ ਰਹੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਅਜੇ ਤੱਕ ਦਲਿਤ ਕਿਉਂ ਨਹੀਂ ਬਣਿਆ, ਕਿਸ ਤਰ੍ਹਾਂ ਦਲਿਤ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ, 2017 ਦੀਆਂ ਚੋਣਾਂ ਵਿੱਚ ਹਰ ਹਾਲਤ 'ਚ ਦਲਿਤ ਮੁੱਖ ਮੰਤਰੀ ਬਣਨਾ ਚਾਹੀਦਾ ਹੈ। ਅਲੱਗ-ਅਲੱਗ ਜਥੇਬੰਦੀਆਂ ਦੇ ਆਗੂ, ਦਲਿਤ ਪੱਖੀ ਸੋਚ ਰੱਖਣ ਵਾਲੇ ਲੋਕ ਮੇਰੇ ਨਾਲ ਅਲੱਗ-ਅਲੱਗ ਮਾਧਿਅਮਾਂ ਰਾਹੀਂ ਜੁੜੇ ਰਹਿੰਦੇ ਹਨ।  ਸਭ ਦਾ ਇਕੋ ਨਾਅਰਾ ਹੁੰਦਾ ਹੈ '2017 'ਚ ਬਣੇਗਾ ਦਲਿਤ ਮੁੱਖ ਮੰਤਰੀ'। ਪਰ ਮੈਨੂੰ ਲੱਗਦਾ ਹੈ ਹੁਣ ਵਕਤ ਆ ਗਿਆ ਹੈ ਕਿ ਜਿਸ ਜਾਤ-ਪਾਤ ਦੀ ਲੜਾਈ ਵਿੱਚ ਦਲਿਤ ਫਸਿਆ ਰਿਹਾ, ਜਿਸ ਜਾਤ-ਪਾਤ ਦੇ ਬੰਧਨ ਤੋਂ ਮੁਕਤ ਕਰਾਉਣ ਲਈ ਬਾਬਾ ਸਾਹਿਬ ਅੰਬੇਡਕਰ ਨੇ ਸਾਰਾ ਜੀਵਨ ਸੰਘਰਸ਼ ਕੀਤਾ ਤੇ ਭਾਰਤੀ ਸੰਵਿਧਾਨ ਬਣਾ ਕੇ ਉਨ੍ਹਾਂ ਨੇ ਦਲਿਤ ਮੁਕਤੀ ਦੀ ਜਾਤ-ਪਾਤ ਤੋਂ ਮੁਕਤੀ ਦਾ ਨੀਂਹ ਪੱਥਰ ਰੱਖ ਦਿੱਤਾ। ਜਿਸ ਦਾ ਅਸਰ ਅੱਜ ਸੰਵਿਧਾਨ ਬਣਨ ਤੋਂ 65 ਸਾਲਾਂ ਬਾਅਦ ਸਪੱਸ਼ਟ ਤੌਰ 'ਤੇ ਨਜ਼ਰ ਆ ਰਿਹਾ ਹੈ। ਨਵੀਂ ਪੀੜ੍ਹੀ ਦਾ ਦਲਿਤ ਜੋ ਬੜੀ ਟੌਹਰ ਨਾਲ ਕਹਿੰਦਾ ਹੈ 'ਅਸੀਂ ਚਮਾਰ ਹੁੰਦੇ ਹਾਂ' । ਇਹ ਉਸ ਦੀ ਸਮਝ ਤੋਂ ਬਾਹਰ ਦੀ ਗੱਲ ਹੈ ਕਿ ਅੱਜ ਤੋਂ 40-50 ਸਾਲ ਪਹਿਲਾਂ ਤੱਕ ਚਾਮਾਰ ਕਹਾਉਣਾ ਕਿੱਡੀ ਵੱਡੀ ਲਾਹਨਤ ਹੁੰਦੀ ਸੀ। ਜਿਸ ਨਾਲ ਚਮਾਰ ਲੱਗਾ ਹੁੰਦਾ ਸੀ ਉਸ ਨੂੰ ਕਿਸ ਤਰ੍ਹਾਂ ਦੇ ਵਿਤਕਰੇ ਬਰਦਾਸ਼ਤ ਕਰਨੇ ਪੈਂਦੇ ਸਨ, ਕਿਸ ਤਰ੍ਹਾਂ ਸਮਾਜ ਵਿੱਚ ਉਹਦਾ ਰੁਤਬਾ ਚੌਥੇ ਦਰਜੇ ਦਾ ਹੋ ਜਾਂਦਾ ਸੀ। ਹੁਣ ਵਕਤ ਹੈ ਅਸੀਂ ਮੁੱਖ ਮੰਤਰੀ ਕਿਸੇ ਇਕ ਜਾਤ ਨਾਲ ਨਾ ਜੋੜ ਕੇ ਕਿਸੇ ਇਕ ਸੋਚ ਨਾਲ ਜੋੜਦੇ ਹੋਏ ਦੇਖੀਏ। ਸਪੱਸ਼ਟ ਤੌਰ ਤੇ ਕਿਹਾ ਜਾਵੇ ਤਾਂ ਸਾਨੂੰ ਜਾਤ ਦੇ ਤੌਰ 'ਤੇ ਜਨਮਿਆ ਦਲਿਤ ਮੁੱਖ ਮੰਤਰੀ ਨਹੀਂ ਚਾਹੀਦਾ ਸਾਨੂੰ ਅੰਬੇਡਕਰ ਦੀ ਸੋਚ ਮੰਨਣ ਵਾਲਾ, ਅੰਬੇਡਕਰ ਦੀ ਵਿਚਾਰਧਾਰਾ ਤੇ ਚੱਲਣ ਵਾਲਾ, ਅੰਬੇਡਕਰ ਦੀ ਜੀਵਨ ਯਾਤਰਾ ਨੂੰ ਸਮਝਣ ਵਾਲਾ ਮੁੱਖ ਮੰਤਰੀ ਚਾਹੀਦਾ ਹੈ। ਸੋਚ ਕੇ ਦੇਖੋ ਜੇ ਕਿਤੇ ਦਲਿਤ ਮੁੱਖ ਮੰਤਰੀ ਦੇ ਨਾਅਰੇ ਦੀ ਹਨੇਰੀ ਤੇ ਸਵਾਰ ਹੋ ਚੌਧਰੀ ਜਗਜੀਤ ਸਿੰਘ ਜਾਂ ਸਾਂਪਲਾ ਮੁੱਖ ਮੰਤਰੀ ਬਣ ਜਾਵੇ ਤਾਂ ਦਲਿਤਾਂ ਦੇ ਜਾਂ ਕਹੋ ਸਮੁੱਚੇ ਗਰੀਬ, ਕਮਜ਼ੋਰਾਂ ਦੇ ਹਾਲਾਤਾਂ 'ਚ ਕੀ ਸੁਧਾਰ ਹੋਵੇਗਾ। ਇਨ੍ਹਾਂ ਦੇ ਮੁੱਖ ਮੰਤਰੀ ਬਣਨ ਤੇ ਦਲਿਤਾਂ ਦੇ ਹਾਲਾਤ ਉਨੇ ਕੁ ਸੁਧਰ ਜਾਣਗੇ ਜਿੰਨੇ ਕਿ ਬਾਦਲਾਂ ਦੇ ਮੁੱਖ ਮੰਤਰੀ ਬਣਨ ਕਾਰਨ ਜੱਟਾਂ, ਜ਼ਮੀਂਦਾਰਾਂ ਜਾਂ ਸਮੂਹ ਕਿਸਾਨਾਂ ਦੇ ਸੁਧਰ ਚੁੱਕੇ ਹਨ। ਕਹਿਣ ਨੂੰ ਤਾਂ ਬਾਦਲ ਆਪਣੇ ਆਪ ਨੂੰ ਕਿਸਾਨਾਂ ਦੇ ਵੱਡੇ ਹਮਾਇਤੀ ਦੱਸਦੇ ਹਨ ਪਰ ਸਾਰੀ ਦੁਨੀਆਂ ਜਾਣਦੀ ਹੈ ਕਿ ਐਸ ਵੇਲੇ ਇਨ੍ਹਾਂ ਦਾ ਮੁੱਖ ਕਿੱਤਾ ਕਿਸਾਨੀ ਨਹੀਂ ਰਹਿ ਗਿਆ ਹੈ। ਇਹ ਤਾਂ ਰਾਜਨੀਤੀ ਰਸੂਖ ਦਾ ਫ਼ਾਇਦਾ ਲੈਂਦੇ ਹੋਏ  ਹਜ਼ਾਰਾਂ ਬੱਸਾਂ ਤੇ ਹਜ਼ਾਰਾਂ-ਕਰੋੜਾਂ ਦੇ ਹੋਟਲਾਂ ਦੇ ਮਾਲਕ ਬਣ ਚੁੱਕੇ ਹਨ। ਇਸੇ ਲਈ ਮੈਂ ਕਹਿੰਦਾ ਹਾਂ ਸਾਨੂੰ ਕੋਈ ਐਸਾ ਦਲਿਤ ਮੁੱਖ ਮੰਤਰੀ ਨਹੀਂ ਚਾਹੀਦਾ, ਜੋ ਸਾਡੇ ਮੋਢੇ ਤੇ ਚੜ੍ਹ ਮੰਜ਼ਿਲ ਤੇ ਪਹੁੰਚੇ ਤੇ ਉਥੇ ਪਹੁੰਚ ਕੇ ਸਭ ਤੋਂ ਪਹਿਲੀ ਲੱਤ ਸਾਡੇ ਮੱਥੇ 'ਤੇ ਹੀ ਮਾਰੇ। ਦੂਸਰੇ ਪਾਸੇ ਜੇ ਜ਼ਮੀਨੀ ਹਕੀਕਤ ਦੇਖੋ ਤਾਂ ਇੰਝ ਲਗਦਾ ਹੈ ਕਿ ਦਲਿਤ ਮੁੱਖ ਮੰਤਰੀ ਦਾ ਸੁਪਨਾ ਸ਼ੇਖ ਚਿੱਲੀ ਦੇ ਖੁਆਬ ਵਰਗਾ ਹੀ ਹੈ। ਜਿਸ ਤੇ ਵੀ ਅਸੀਂ ਉਮੀਦ ਰੱਖੀ ਉਸੇ ਨੇ ਸਾਨੂੰ ਧੋਖਾ ਦਿੱਤਾ। ਕੋਈ ਪਾਲਿਸੀ ਨਹੀਂ, ਕੋਈ ਪਾਲਿਟਿਕਸ ਨਹੀਂ, ਕੋਈ ਜਿੱਤਣ ਦਾ ਜ਼ਜ਼ਬਾ ਨਹੀਂ ਤੇ ਕੁੱਲ ਮਿਲਾ ਕੇ ਕੋਈ ਕਰਤੂਤ ਹੀ ਨਹੀਂ। ਤੁਸੀਂ ਸਮਝ ਰਹੇ ਹੋਵੋਗੇ ਮੈਂ ਗੱਲ ਬਸਪਾ ਦੀ ਹੀ ਕਰ ਰਿਹਾ ਹਾਂ। ਕਿਉਂਕਿ ਸਭ ਤੋਂ ਜ਼ਿਆਦਾ ਸਾਡੇ ਜਜ਼ਬਾਤਾਂ ਨੂੰ ਠੇਸ, ਸਾਡੀਆਂ ਉਮੀਦਾਂ ਤੇ ਪੋਚਾ ਇਨ੍ਹਾਂ ਨੇ ਹੀ ਫੇਰਿਆ ਹੈ। ਪਿਛਲੇ ਦਿਨੀਂ ਬਸਪਾ ਦਾ ਇਕ ਵੱਡਾ ਆਗੂ ਮੈਨੂੰ ਦੱਸ ਰਿਹਾ ਸੀ ਕਿ ਇਕ ਮੀਟਿੰਗ ਦੌਰਾਨ ਕਰੀਮਪੁਰੀ ਕੋਲੋਂ ਇਕ ਮੁੱਖ ਬਸਪਾ ਵਰਕਰ ਨੇ ਪੁੱਛਿਆ ਕਿ ਸਾਡਾ ਮਕਸਦ ਤਾਂ ਰਾਜਨੀਤਕ ਜਿੱਤ ਹਾਸਲ ਕਰਨਾ ਹੈ,ਪਰ ਤੁਸੀਂ ਦੱਸੋਗੇ ਕਿ ਸਾਡੀ ਪਾਲਿਸੀ ਕੀ ਹੈ। ਥੋੜੀ ਜੱਕੋ-ਤੱਕੋ ਕਰਨ ਤੋਂ ਬਾਅਦ ਕਰੀਮਪੁਰੀ ਸਾਹਿਬ ਦਾ ਜੁਆਬ ਸੀ ਕਿ ਵਕਤ ਆਉਣ ਤੇ ਪਾਲਿਸੀ ਦੱਸ ਦਿੱਤੀ ਜਾਵੇਗੀ। ਜੇ ਵਕਤ ਤੋਂ ਪਹਿਲਾਂ ਅਸੀਂ ਪਾਲਿਸੀ ਦੱਸ ਦਿੱਤੀ ਤਾਂ ਸਾਡੇ ਵਿੱਚ ਸ਼ਾਮਲ ਗੱਦਾਰ ਇਸ ਨੂੰ ਕਾਂਗਰਸ ਜਾਂ ਬੇਜੀਪੀ- ਅਕਾਲੀਆਂ ਅੱਗੇ ਲੀਕ ਕਰ ਦੇਣਗੇ। ਵਰਕਰ ਵਿਚਾਰਾ ਮੱਥੇ ਤੇ ਹੱਥ ਮਾਰਦਾ ਮੀਟਿੰਗ ਤੋਂ ਬਾਹਰ ਆ ਗਿਆ। ਬਸਪਾ ਦੇ ਇਕ ਹੋਰ ਸਾਬਕਾ ਪ੍ਰਧਾਨ ਗੁਰਲਾਲ ਸੈਲਾ ਨੇ ਪਿਛਲੇ ਦਿਨੀਂ ਬਿਆਨ ਦਿੱਤਾ ਕਿ ਸਾਡਾ ਕਿਸੇ ਵੀ ਗੈਰ-ਸਿਆਸੀ ਸੰਗਠਨ ਨਾਲ ਕੋਈ ਸਬੰਧ ਨਹੀਂ। ਇਕ ਹੋਰ ਕਰੀਮਪੁਰੀ ਦੇ ਖਾਸਮ-ਖਾਸ ਤੇ ਚੋਣਾਂ ਲੜ ਚੁੱਕੇ, ਆਪਣੇ ਆਪ ਨੂੰ ਲੀਡਰ ਕਹਾਉਣ ਦੇ ਸ਼ੌਕੀਨ ਨੇ ਬਿਆਨ ਦਿੱਤਾ ਸੀ ਕਿ ਸਾਡਾ ਕਿਸੇ ਇੱਕ ਡੇਰੇ ਨਾਲ ਕੋਈ ਸਬੰਧ ਨਹੀਂ ਹੈ, ਸਾਡੀ ਪਾਰਟੀ ਕਿਸੇ ਇਕ ਧਰਮ ਨਾਲ ਨਹੀਂ ਬੱਝੀ। ਦੂਜੇ ਪਾਸੇ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਕਿਸੇ ਵੀ ਰਾਜਨੀਤਕ ਵਿਚਾਰਧਾਰਾ ਜਾਂ ਗਠਬੰਧਨ ਨਾਲ ਵੀ ਬਸਪਾ ਦਾ ਕੋਈ ਸੰਬੰਧ ਨਹੀਂ। ਇਹ ਕਿਹੋ ਜਿਹੀ ਰਾਜਨੀਤਕ ਪਾਰਟੀ ਹੈ ਜਿਸਦਾ ਕਿਸੇ ਮੰਦਿਰ ਨਾਲ ਕੋਈ ਸਬੰਧ ਨਹੀਂ, ਗੁਰਦੁਆਰੇ ਨਾਲ ਸਬੰਧ ਨਹੀਂ, ਗੈਰ ਸਿਆਸੀ ਜਾਂ ਸਿਆਸੀ ਸੰਗਠਨ ਨਾਲ ਕੋਈ ਸਬੰਧ ਨਹੀਂ, ਕਿਸੇ ਡੇਰੇ ਨਾਲ ਸਬੰਧ ਨਹੀਂ, ਕੋਈ ਪਾਲਿਸੀ ਨਹੀਂ, ਕੋਈ ਵਿਚਾਰਧਾਰਾ ਨਹੀਂ, ਕੁੱਲ ਮਿਲਾ ਕੇ ਜਨਤਾ ਨਾਲ ਕੋਈ ਸਬੰਧ ਨਹੀਂੇ, ਫਿਰ ਵੀ ਇਹ ਕਹਿੰਦੀ ਹੈ ਕਿ ਅਸੀਂ ਰਾਜਨੀਤਕ ਤਾਕਤ ਲੈ ਕੇ ਰਹਾਂਗੇ ਤੇ 2017 ਦੀਆਂ ਵੋਟਾਂ ਸਾਡਾ ਮਿਸ਼ਨ ਹੈ। ਹਾਲਾਂਕਿ ਜ਼ਮੀਨੀ ਹਕੀਕਤ ਹੈ ਕਿ ਜੇਕਰ ਦਲਿਤ ਸਮਾਜਿਕ ਜਥੇਬੰਦੀਆਂ ਪੰਜਾਬ ਵਿੱਚ ਆਪਣਾ ਰੋਲ ਨਾ ਨਿਭਾਉਣ ਤਾਂ ਕਦੋਂ ਦਾ ਬਸਪਾ ਦਾ ਬਸਤਾ ਗੋਲ ਹੋ ਚੁੱਕਾ ਹੋਣਾ ਸੀ। ਇਨ੍ਹਾਂ ਸਭ ਵਿਚਾਰਹੀਣ ਲੀਡਰਾਂ ਨੂੰ ਮੇਰੀ ਇਕ ਸਲਾਹ ਹੈ ਸਾਹਿਬ ਕਾਂਸ਼ੀ ਰਾਮ ਦੀ ਮਿਹਨਤ ਦੇ ਸਦਕੇ, ਉਨ੍ਹਾਂ ਦੀ ਵਿਚਾਰਧਾਰਾ ਦੇ ਸਦਕੇ, ਉਨ੍ਹਾਂ ਦੀ ਵਿਰਾਸਤ ਦੇ ਸਿਰ ਤੇ ਮੌਜਾਂ ਬਹੁਤ ਮਾਣ ਲਈਆਂ, ਹੁਣ ਤਾਂ ਜਾਂ ਤਾਂ ਜ਼ਮੀਨੀ ਤੌਰ 'ਤੇ ਆ ਕੇ ਕੰਮ ਕਰੋ ਜਾਂ ਆਪਣੇ ਘਰਾਂ 'ਚ ਜਾ ਕੇ ਬੈਠ ਕੇ ਮੌਜਾਂ ਮਾਣੋ। ਹੁਣ ਦਲਿਤ ਦੇ ਮੋਢਿਆਂ 'ਚ ਇੰਨੀ ਤਾਕਤ ਨਹੀਂ ਕਿ ਕਿਸੇ ਵੀ ਨਿਕੰਮੇ ਦੀ ਘੋੜੀ ਬਣ ਉਸ ਨੂੰ ਗੱਦੀ ਤੱਕ ਪਹੁੰਚਾਵੇ, ਨਾ ਹੀ ਉਸ ਦੀ ਕੋਈ ਇੱਛਾ ਹੈ ਆਪਣੇ ਮੱਥੇ 'ਤੇ ਇਕ ਹੋਰ ਲੱਤ ਖਾਣ ਦੀ। ਹੁਣ ਹੋਰ ਬਰਦਾਸ਼ਤ ਨਹੀਂ ਹੁੰਦਾ। ਮੈਂ ਆਪਣੇ ਲੇਖ ਰਾਹੀਂ ਸਾਰੀਆਂ ਦਲਿਤ ਸਮਾਜਿਕ ਜਥੇਬੰਦੀਆਂ ਅਤੇ ਦੂਜੀਆਂ ਸਮਾਜਿਕ ਜਥੇਬੰਦੀਆਂ ਦੇ ਮੁਖੀਆਂ ਅਤੇ ਮੈਂਬਰਾਂ ਨੂੰ ਖੁੱਲ੍ਹਾ ਸੱਦਾ ਦਿੰਦਾ ਹਾਂ ਕਿ ਮੇਰੀ ਫੇਸਬੁੱਕ ਤੇ, ਮੇਰੇ ਈ ਮੇਲ ਤੇ, ਮੇਰੇ ਫੋਨ ਤੇ, ਆਪਣੇ ਵਿਚਾਰਾਂ ਨਾਲ ਮੈਨੂੰ ਜਾਣੂ ਕਰਵਾਓ, ਤਾਂ ਜੋ ਅਸੀਂ ਮਿਲ ਕੇ ਐਸੀ ਪਾਲਿਸੀ ਬਣਾਈਏ ਜੋ 2017 ਦੇ ਸਾਡੇ ਸੁਪਨਿਆਂ ਨੂੰ ਸੱਚ ਕਰ ਸਕੇ।
- ਅਜੇ ਕੁਮਾਰ

Monday 4 May 2015

ਰਾਜਨੀਤਿਕ ਰਾਖਵਾਂਕਰਨ


ਆਰੀਅਨ-ਬ੍ਰਾਹਮਣਾਂ ਦੇ ਦਬਦਬੇ ਅਤੇ ਬਣਾਏ ਹੋਏ ਕਾਲੇ ਕਾਨੂੰਨਾਂ ਕਾਰਣ ਮੂਲ ਨਿਵਾਸੀਆਂ ਦੀ ਡੇਢ ਸੌ ਪੀੜ੍ਹੀ ਲੱਗਭਗ 1200 ਸਾਲ ਜਾਨਵਰਾਂ ਤੋਂ ਵੀ ਬੱਦਤਰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਰਹੀ। ਆਖ਼ਿਰਕਾਰ 17 ਅਗਸਤ, 1932 ਨੂੰ ਦੂਜੀ ਗੋਲਮੇਜ਼ ਕਾਨਫਰੰਸ ਵਿੱਚ ਮੂਲ ਨਿਵਾਸੀਆਂ ਦੀਆਂ ਗੁਲਾਮੀ ਦੀਆਂ ਜੰਜ਼ੀਰਾਂ ਕੱਟਣ ਦਾ ਨੀਂਹ ਪੱਥਰ ਬਾਬਾ ਸਾਹਿਬ ਅੰਬੇਡਕਰ ਨੇ ਰੱਖਿਆ। ਮੂਲ ਨਿਵਾਸੀਆਂ ਨੂੰ ਗੁਲਾਮੀ ਦੀ ਜ਼ਿੰਦਗੀ 'ਚੋਂ ਕੱਢ ਕੇ ਬਾਬਾ ਸਾਹਿਬ ਨੇ ਸਮਾਨਤਾ ਦੀ ਜ਼ਿੰਦਗੀ ਜਿਊਣ ਦਾ ਮੌਕਾ ਦਿਵਾਇਆ। ਉਨ੍ਹਾਂ ਨੇ ਇਨ੍ਹਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਂਦਿਆਂ ਇਕ ਹੋਣ ਲਈ ਕਿਹਾ ਅਤੇ ਇਨ੍ਹਾਂ ਨੂੰ ਇਕ ਕਰਨ ਲਈ ਆਪਣਾ ਸਾਰਾ ਜੀਵਨ ਸੰਘਰਸ਼ ਵਿੱਚ ਹੀ ਬਿਤਾ ਦਿੱਤਾ। ਇਸ ਸੰਘਰਸ਼ ਦੌਰਾਨ ਉਹ 24 ਘੰਟਿਆਂ ਵਿੱਚ ਲੱਗਭਗ 22 ਘੰਟੇ ਕੰਮ ਕਰਦੇ ਸਨ ਅਤੇ ਇਸੇ ਸੰਘਰਸ਼ ਕਾਰਨ ਉਨ੍ਹਾਂ ਦੀ ਪਤਨੀ ਅਤੇ ਚਾਰ ਬੱਚੇ ਵੀ ਕੁਰਬਾਨ ਹੋ ਗਏ। ਅੱਜ ਭਾਰਤ ਵਿੱਚ ਲੱਗਭਗ ਇਕ ਹਜ਼ਾਰ ਤੋਂ ਉੱਪਰ ਮੂਲ ਨਿਵਾਸੀ ਐਮ. ਐਲ. ਏ. ਹਨ ਅਤੇ ਸੈਂਕੜੇ ਐਮ. ਪੀ. ਹਨ। ਲੱਖਾਂ ਪੰਚ-ਸਰਪੰਚ, ਕੌਂਸਲਰ ਹਨ ਜੋ ਰਾਖਵੇਂਕਰਨ ਦਾ ਫਾਇਦਾ ਲੈ ਕੇ ਆਪਣੀਆਂ ਕੁਰਸੀਆਂ 'ਤੇ ਬੈਠੇ ਹਨ, ਜਿਨ੍ਹਾਂ ਦਾ ਮੁੱਖ ਕੰਮ ਹੈ ਮੂਲ ਨਿਵਾਸੀਆਂ ਦੇ ਦੁੱਖ-ਦਰਦ ਦਾ ਨਿਵਾਰਨ ਕਰਨਾ। ਇਕ ਪਾਸੇ ਜਿੱਥੇ ਇਨ੍ਹਾਂ ਦੀ ਕੁਰਸੀ 'ਤੇ ਸਾਲਾਨਾ ਲੱਖਾਂ-ਕਰੋੜਾਂ ਰੁਪਏ ਖਰਚ ਆਉਂਦਾ ਹੈ, ਉਥੇ ਦੂਜੇ ਪਾਸੇ ਮੂਲ ਨਿਵਾਸੀਆਂ ਦੇ ਹਾਲਾਤ ਬਹੁਤ ਚਿੰਤਾਜਨਕ ਹਨ, ਉਸ ਦਾ ਇਕ ਜਲਦਾ ਉਦਾਹਰਣ ਇਹ ਹੈ ਕਿ ਮੂਲ ਨਿਵਾਸੀਆਂ ਵਿੱਚੋਂ ਹੀ ਜ਼ਿਆਦਾਤਰ ਗੰਦਗੀ ਸਾਫ਼ ਕਰਨ ਵਾਲੇ ਸਫ਼ਾਈ ਕਰਮਚਾਰੀ ਹਨ। ਅੰਕੜਿਆਂ ਦੇ ਮੁਤਾਬਿਕ 32000 ਦੇ ਕਰੀਬ ਗੰਦਗੀ ਸਾਫ਼ ਕਰਨ ਵਾਲੇ ਸਫ਼ਾਈ ਕਰਮਚਾਰੀ ਗੰਦਗੀ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਣ ਹਰ ਸਾਲ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਹਰ 30 ਮਿੰਟ ਬਾਅਦ ਇਕ ਗਰੀਬ ਕਿਸਾਨ ਮਜ਼ਦੂਰ ਆਤਮ-ਹੱਤਿਆ ਕਰ ਰਿਹਾ ਹੈ। 6 ਲੱਖ ਦੇ ਕਰੀਬ ਦੇਸ਼ ਵਿੱਚ ਹਰ ਸਾਲ ਕਤਲ ਹੁੰਦੇ ਹਨ, ਕਤਲ ਹੋਣ ਵਾਲਿਆਂ ਵਿੱਚੋਂ 80 ਪ੍ਰਤੀਸ਼ਤ ਗਿਣਤੀ ਦਲਿਤਾਂ ਦੀ ਹੁੰਦੀ ਹੈ ਅਤੇ ਦੇਸ਼ ਵਿੱਚ ਲੱਗਭਗ 100 ਤੋਂ ਉੱਪਰ ਬਲਾਤਕਾਰ ਰੋਜ਼ ਦਲਿਤ ਮਹਿਲਾਵਾਂ ਨਾਲ ਹੁੰਦੇ ਹਨ ਪਰ ਬਾਬਾ ਸਾਹਿਬ ਦੀ ਕੁਰਬਾਨੀ ਸਦਕਾ ਰਾਖਵੇਂਕਰਨ ਦਾ ਫਾਇਦਾ ਲੈ ਕੇ ਐਮ. ਪੀ., ਐਮ. ਐਲ. ਏ. ਬਣੇ ਲੀਡਰ ਆਪਣੀਆਂ-ਆਪਣੀਆਂ ਪਾਰਟੀਆਂ ਦੇ ਘੁੱਗੂ ਬਣੇ ਹੋਏ ਹਨ, ਇਨ੍ਹਾਂ ਵਿੱਚੋਂ ਕਿਸੇ ਨੇ ਕਦੇ ਮੂਲ ਨਿਵਾਸੀਆਂ ਦੇ ਏਨੇ ਮਾੜੇ ਹਾਲਾਤਾਂ 'ਤੇ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ, ਕਦੇ ਲੋਕ ਸਭਾ ਵਿੱਚੋਂ ਇਸ ਕਰਕੇ ਵਾਕ-ਆਊਟ ਨਹੀਂ ਕੀਤਾ ਕਿ ਅਜੇ ਤੱਕ ਸੰਵਿਧਾਨ ਦੀ ਧਾਰਾ 17, ਜਿਹੜੀ ਛੂਆਛਾਤ ਨੂੰ ਬਿਲਕੁਲ ਖਤਮ ਕਰਨ ਦਾ ਆਦੇਸ਼ ਦਿੰਦੀ ਹੈ, ਉਸ ਦਾ ਇਮਾਨਦਾਰੀ ਨਾਲ ਪਾਲਣ  ਨਹੀਂ ਹੋ ਰਿਹਾ। ਅੱਜ ਵੀ ਹਜ਼ਾਰਾਂ ਮੰਦਿਰ ਅਜਿਹੇ ਹਨ, ਜਿੱਥੇ ਬਾਹਰ ਲਿਖਿਆ ਹੈ ਕਿ ਸ਼ੂਦਰਾਂ ਦਾ ਜਾਣਾ ਮਨ੍ਹਾ ਹੈ। ਕਈ ਰਾਜ ਅਜਿਹੇ ਹਨ, ਜਿੱਥੇ ਸ਼ੂਦਰ ਘੋੜੀ 'ਤੇ ਨਹੀਂ ਬੈਠ ਸਕਦਾ, ਆਪਣੀ ਮਨਮਰਜ਼ੀ ਦਾ ਕੱਪੜਾ ਨਹੀਂ ਪਹਿਨ ਸਕਦਾ ਪਰ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਮੂਲ ਨਿਵਾਸੀਆਂ ਦੇ ਐਮ. ਐਲ. ਏ., ਐਮ. ਪੀ. ਇਕਜੁੱਟ ਹੋ ਕੇ ਕਦੇ ਇਨ੍ਹਾਂ ਮੁੱਦਿਆਂ 'ਤੇ ਵਿਚਾਰ ਕਰਨ ਲਈ ਪੂਰੇ ਦੇਸ਼ ਦਾ ਧਿਆਨ ਇਸ ਪਾਸੇ ਖਿੱਚਣ, ਜੇਕਰ ਇਨ੍ਹਾਂ ਦਾ ਰਵੱਈਆ ਇਹੋ ਜਿਹਾ ਹੀ ਰਹਿਣਾ ਹੈ ਤਾਂ ਕਿ ਫਾਇਦਾ ਹੈ ਰਾਜਨੀਤਿਕ ਰਿਜ਼ਰਵੇਸ਼ਨ ਦਾ। ਤਾਹੀਓਂ ਤਾਂ ਬਾਬਾ ਸਾਹਿਬ ਨੇ 30 ਸਤੰਬਰ, 1956 ਨੂੰ ਆਪਣੀ ਪ੍ਰਧਾਨਗੀ ਵਿੱਚ ਕੀਤੀ ਗਈ ਮੀਟਿੰਗ 'ਚ ਮਤਾ ਪਾਸ ਕੀਤਾ ਸੀ ਕਿ ਰਾਜਨੀਤਿਕ ਰਿਜ਼ਰਵੇਸ਼ਨ ਫੌਰੀ ਤੌਰ 'ਤੇ ਬੰਦ ਹੋ ਜਾਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਕੋਈ ਵੀ ਰਾਜਨੀਤਿਕ ਪਾਰਟੀ ਕਿਸੇ ਜਾਤ ਦੇ ਨਾਂਅ 'ਤੇ ਨਹੀਂ ਬਣਨੀ ਚਾਹੀਦੀ। ਇਸ ਨਾਲ ਦੇਸ਼ ਅਤੇ ਸਮਾਜ ਦਾ ਬਹੁਤ ਨੁਕਸਾਨ ਹੁੰਦਾ ਹੈ। ਇਸ ਕਰਕੇ ਉਨ੍ਹਾਂ ਨੇ ਅਛੂਤ ਫੈਡਰੇਸ਼ਨ ਨੂੰ ਭੰਗ ਕਰਕੇ ਆਪਣੀ ਨਵੀਂ ਰਾਜਨੀਤਿਕ ਪਾਰਟੀ 'ਰਿਪਬਲਿਕਨ ਪਾਰਟੀ ਆਫ ਇੰਡੀਆ' ਬਣਾਈ ਸੀ। ਹੁਣ ਇਹ ਸਮਾਂ ਬਹੁਤ ਗੰਭੀਰ ਹੋ ਕੇ ਵਿਚਾਰ ਕਰਨ ਦਾ ਹੈ ਕਿ ਜਿਹੜੇ ਲੋਕ ਰਾਖਵੀਆਂ ਸੀਟਾਂ 'ਤੇ ਚੋਣਾਂ ਲੜਦੇ ਹਨ, ਕਿਸ ਤਰ੍ਹਾਂ ਉਨ੍ਹਾਂ ਨੂੰ ਪੇ-ਬੈਕ ਟੂ ਸੁਸਾਇਟੀ ਦੇ ਲਈ ਕੰਮ ਕਰਨ ਲਈ ਮਜਬੂਰ ਕੀਤਾ ਜਾਵੇ, ਕਿਉਂਕਿ ਮੂਲ ਨਿਵਾਸੀਆਂ ਦੇ ਹਾਲਾਤ ਇਸ ਸਮੇਂ ਬਹੁਤ ਚਿੰਤਾਜਨਕ ਹਨ ਅਤੇ ਉਨ੍ਹਾਂ ਦੀ ਨੌਜਵਾਨ ਪੀੜ੍ਹੀ ਦਾ ਭਵਿੱਖ ਇਸ ਸਮੇਂ ਬਹੁਤ ਖ਼ਤਰੇ ਵਿੱਚ ਹੈ। ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਮੂਲ ਨਿਵਾਸੀਆਂ ਦੇ ਚਿੰਤਾਜਨਕ ਹਾਲਾਤਾਂ ਦਾ ਹੱਲ ਲੱਭਣ ਲਈ ਰਲ ਕੇ ਹੰਭਲਾ ਮਾਰੀਏ ਅਤੇ ਖ਼ਾਸ ਕਰਕੇ ਰਾਖਵਾਂਕਰਨ ਸੀਟਾਂ 'ਤੇ ਜਿੱਤੇ ਐਮ. ਐਲ. ਏ. ਅਤੇ ਐਮ. ਪੀਆਂ ਨੂੰ ਮਜਬੂਰ ਕਰੀਏ ਕਿ ਉਹ ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਮੂਲ ਨਿਵਾਸੀਆਂ ਦੇ ਹੱਕਾਂ ਲਈ ਇਮਾਨਦਾਰੀ ਖੜ੍ਹਨ ਅਤੇ ਲੜਨ ਤਾਂ ਜੋ ਮੂਲ ਨਿਵਾਸੀਆਂ ਨੂੰ ਇਨਸਾਫ਼ ਮਿਲ ਸਕੇ।
- ਅਜੇ ਕੁਮਾਰ

Monday 20 April 2015

ਸੰਘਰਸ਼ ਅਜੇ ਬਾਕੀ ਹੈ

ਅੱਜ ਤੋਂ 124 ਸਾਲ ਪਹਿਲਾਂ ਭਾਰਤ ਦੀ ਧਰਤੀ 'ਤੇ ਇਕ ਗਰੀਬ ਦਲਿਤ ਸੂਬੇਦਾਰ ਰਾਮ ਜੀ ਦੇ ਘਰ ਪੈਦਾ ਹੋਇਆ ਭੀਮ ਰਾਓ। ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਇਹ ਬੱਚਾ ਭਾਰਤ ਦੇ ਕਰੋੜਾਂ ਦਿਲਾਂ ਦੀ ਧੜਕਣ ਬਣ ਕੇ ਸੈਂਕੜੇ ਸਾਲਾਂ ਤੱਕ ਭਾਰਤੀ ਸਮਾਜ 'ਤੇ ਆਪਣੀ ਛਾਪ ਛੱਡੇਗਾ। ਬਾਬਾ ਸਾਹਿਬ ਦਾ ਜਨਮ ਦਿਨ ਰਾਸ਼ਟਰੀ ਤਿਉਹਾਰ ਬਣ ਚੁੱਕਾ ਹੈ। ਕੁਝ ਸਾਲ ਪਹਿਲਾਂ ਤੱਕ ਬਾਬਾ ਸਾਹਿਬ ਦੇ ਧੁਰ ਵਿਰੋਧੀ ਭਾਜਪਾ ਤੇ ਕਾਂਗਰਸ ਵੀ ਹੁਣ ਰਾਸ਼ਟਰੀ ਪੱਧਰ 'ਤੇ ਬਾਬਾ ਸਾਹਿਬ ਦਾ ਜਨਮ ਦਿਨ ਮਨਾਉਂਦੀਆਂ ਹਨ। ਬਾਬਾ ਸਾਹਿਬ ਦਾ ਇਕ ਹੋਰ ਵਾਕ ਸੱਚ ਹੁੰਦਾ ਨਜ਼ਰ ਆ ਰਿਹਾ ਹੈ 'ਜੇ ਤੁਸੀਂ ਇਮਾਨਦਾਰੀ ਨਾਲ ਸੱਚੇ ਦਿਲੋਂ ਆਪਣਾ ਕੰਮ ਕਰਦੇ ਹੋ, ਵਕਤ ਆਏਗਾ ਤੁਹਾਡੇ ਵਿਰੋਧੀ ਵੀ ਤੁਹਾਡਾ ਸਨਮਾਨ ਕਰਨਾ ਸਿੱਖ ਜਾਣਗੇ'। ਦੇਰ ਨਾਲ ਹੀ ਸਹੀ ਉਹ ਵਕਤ ਆ ਗਿਆ ਹੈ। ਜੋ ਲੋਕ ਬਾਬਾ ਸਾਹਿਬ ਅੰਬੇਡਕਰ ਦਾ ਨਾਮ ਸੁਣਨਾ ਵੀ ਪਸੰਦ ਨਹੀਂ ਕਰਦੇ ਸਨ ਉਹ ਬਾਬਾ ਸਾਹਿਬ ਦੀ ਸ਼ਖਸੀਅਤ ਮੂਹਰੇ ਮੱਥਾ ਟੇਕਦੇ ਹਨ। ਜੋ ਮਰਜ਼ੀ ਹੋ ਜਾਵੇ, ਝੂਠ ਜਿੰਨਾ ਮਰਜ਼ੀ ਗੱਜ ਲਵੇ, ਆਖਿਰ ਤਾਂ ਸੱਚ ਦੀ ਹੀ ਜਿੱਤ ਹੁੰਦੀ ਹੈ। ਜਿੱਥੇ ਇਕ ਪਾਸੇ ਮਨ ਨੂੰ ਤਸੱਲੀ ਹੁੰਦੀ ਹੈ ਕਿ ਆਖਿਰ ਸਭ ਭਾਰਤੀ ਮਨ ਰਹੇ ਹਨ ਕਿ ਬਾਬਾ ਸਾਹਿਬ ਹੀ ਸਾਡੇ ਸੱਚੇ ਮਾਅਨਿਆਂ 'ਚ ਲੀਡਰ ਹਨ, ਉੱਥੇ ਦਿਲ 'ਚ ਇਕ ਡਰ ਪੈਦਾ ਹੋ ਰਿਹਾ ਹੈ ਕਿ ਅਸੀਂ ਬਾਬਾ ਸਾਹਿਬ ਨੂੰ ਰੱਬ ਦਾ ਦਰਜਾ ਦੇ ਕੇ ਆਪਣੇ ਮੂਲ ਉਦੇਸ਼ਾਂ ਤੋਂ ਨਾ ਭਟਕ ਜਾਈਏ। ਕਿਧਰੇ ਬਾਬਾ ਸਾਹਿਬ ਦਾ ਜਨਮ ਦਿਨ ਮਨਾ ਕੇ ਬਾਬਾ ਸਾਹਿਬ ਦੇ ਧੁਰ ਵਿਰੋਧੀ ਦਲਿਤਾਂ ਨੂੰ ਭਰਮਾਉਣ ਦੀ ਇਕ ਹੋਰ ਚਾਲ ਤਾਂ ਨਹੀਂ ਚੱਲ ਰਹੇ?ਵੋਟ ਦੀ ਸ਼ਕਤੀ ਜੋ ਸਾਨੂੰ ਬਾਬਾ ਸਾਹਿਬ ਨੇ ਦਿੱਤੀ ਸੀ, ਕਿਤੇ ਉਸ ਵੋਟ ਦੀ ਸ਼ਕਤੀ ਨੂੰ ਮੱਥਾ ਟੇਕਿਆ ਜਾ ਰਿਹਾ ਹੈ ਜਾਂ ਬਾਬਾ ਸਾਹਿਬ ਦੀ ਸ਼ਖਸੀਅਤ ਮੂਹਰੇ ਨਾ ਝੁਕਣ ਵਾਲੇ ਸਿਰ ਨਤਮਸਤਕ ਹੋ ਰਹੇ ਹਨ। ਜੋ ਵੀ ਹੈ ਜੈਸਾ ਵੀ ਹੈ, ਜੇ ਦਲਿਤ ਆਪਣਾ ਹੋਸ਼ ਨਾ ਗੁਆਵੇ, ਆਪਣੀ ਤਾਕਤ ਨੂੰ ਜਾਣਦੇ ਹੋਏ ਉਸ ਦਾ ਗਲਤ ਹੱਥਾਂ ਵਿੱਚ ਇਸਤੇਮਾਲ ਨਾ ਹੋਣ ਦੇਵੇ ਫਿਰ ਕਿਸੇ ਵੀ ਤਰ੍ਹਾਂ ਦੀਆਂ ਡਰਾਮੇਬਾਜ਼ੀਆਂ ਦਾ ਸਾਨੂੰ ਕੋਈ ਡਰ ਨਹੀਂ। ਦੂਸਰੇ ਪਾਸੇ ਇੰਝ ਜਾਪਦਾ ਹੈ ਕਿ ਸਾਡੇ ਦਲਿਤ ਭਰਾ ਵੀ ਬਾਬਾ ਸਾਹਿਬ ਨੂੰ ਰੱਬ ਦਾ ਦਰਜਾ ਦੇ ਜਨਮ ਦਿਹਾੜੇ 'ਤੇ ਯਾਤਰਾਵਾਂ ਕੱਢ, ਨਾਅਰੇ ਲਗਾ, ਬਾਬਾ ਸਾਹਿਬ ਦੀਆਂ ਮੂਰਤੀਆਂ 'ਤੇ ਹਾਰ ਪਾ ਆਪਣੇ ਕਰਤਵ ਤਾਂ ਨਹੀਂ ਭੁੱਲ ਰਹੇ? ਅਜੇ ਬਾਬਾ ਸਾਹਿਬ ਦਾ ਸੁਪਨਾ ਪੂਰਾ ਕਰਨ ਲਈ ਸਾਨੂੰ ਬਹੁਤ ਲੰਬਾ ਸੰਘਰਸ਼ ਕਰਨ ਦੀ ਲੋੜ ਹੈ। ਅਜੇ ਸਾਡਾ ਕੰਮ ਮੁੱਕਿਆ ਨਹੀਂ। ਰੱਬ ਦਾ ਦਰਜਾ ਦੇ ਕੇ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਨਹੀਂ ਹੋ ਸਕਦੇ। ਅਸੀਂ ਕਹਿੰਦੇ ਹਾਂ ਬਾਬਾ ਸਾਹਿਬ ਸਾਡੇ ਰਹਿਬਰ ਹਨ। ਰਹਿਬਰ ਦਾ ਅਰਥ ਹੁੰਦਾ ਹੈ ਰਾਹ ਦਿਖਾਉਣ ਵਾਲਾ ਜਾਂ ਇਸ ਨੂੰ ਗਾਈਡ ਵੀ ਕਿਹਾ ਜਾਂਦਾ ਹੈ। ਬਾਬਾ ਸਾਹਿਬ ਨੇ ਸਾਡੇ ਲਈ ਮੰਜ਼ਿਲ ਨਿਸ਼ਚਿਤ ਕੀਤੀ ਹੈ, ਭਾਰਤ ਦੀ ਸੰਸਦ 'ਤੇ ਦਲਿਤਾਂ ਦਾ ਅਧਿਕਾਰ। ਵੋਟ ਦੀ ਸ਼ਕਤੀ ਦਾ ਇਸਤੇਮਾਲ ਕਰਦੇ ਹੋਏ ਆਪਣੇ ਇਕੱਠ ਦੀ ਤਾਕਤ ਦਿਖਾਉਂਦੇ ਹੋਏ ਅਸੀਂ ਉਸ ਮੰਜ਼ਿਲ ਨੂੰ ਪ੍ਰਾਪਤ ਕਰ ਸਕਦੇ ਹਾਂ। ਸਾਡੇ ਰਹਿਬਰ ਨੇ ਸਾਨੂੰ ਰਸਤੇ ਦੱਸੇ ਹੋਏ ਹਨ। ਆਪਣੇ ਰਹਿਬਰ ਨੂੰ ਪਹਿਚਾਨਣ ਦੇ ਦੋ ਤਰੀਕੇ ਹਨ, ਇਕ ਤਾਂ ਉਸ ਦੀ ਮੂਰਤੀ ਗਲ 'ਚ ਪਾ ਲਓ, ਮੱਥੇ ਟੇਕ ਲਓ, ਕਿਤਾਬ ਦਾ ਸਿਰਹਾਣਾ ਬਣਾ ਕੇ ਸਿਰ ਥੱਲੇ ਰੱਖ ਕੇ ਅਕਲ ਨਹੀਂ ਜੇ ਆਉਣੀ। ਜੇ ਅਕਲ ਲੈਣੀ ਹੈ ਤਾਂ ਉਸ ਦਾ ਇਕ-ਇਕ ਪੰਨਾ ਪੜ੍ਹਨਾ ਪਵੇਗਾ, ਇਕ-ਇਕ ਸ਼ਬਦ 'ਤੇ ਵਿਚਾਰ ਕਰਨਾ ਪਵੇਗਾ, ਉਸ ਵਿਚਾਰ ਦੇ ਅਰਥ ਸਮਝਦੇ ਹੋਏ ਅਗਲਾ ਰਸਤਾ ਤਲਾਸ਼ਣਾ ਪਵੇਗਾ। ਬਾਬਾ ਸਾਹਿਬ ਨੇ ਆਪਣੇ ਜੀਵਨ 'ਚ ਬਹੁਤ ਸੰਘਰਸ਼ ਕੀਤੇ ਅਤੇ ਬਹੁਤ ਸੰਘਰਸ਼ਾਂ ਦੇ ਵਿੱਚ ਉਨ੍ਹਾਂ ਨੂੰ ਨਾ-ਕਾਮਯਾਬੀ ਵੀ ਮਿਲੀ। ਉਨ੍ਹਾਂ ਨੇ ਆਪਣੇ ਸੰਘਰਸ਼ਪੂਰਣ ਜੀਵਨ ਤੋਂ ਸਾਨੂੰ ਕੁਝ ਸਿੱਖਿਆਵਾਂ ਦਿੱਤੀਆਂ ਹਨ। ਮੈਂ ਇਕ ਛੋਟੀ ਜਿਹੀ ਉਦਾਹਰਣ ਦੇਣਾ ਚਾਹੁੰਦਾ ਹਾਂ, ਸਾਡੇ ਇਕ ਵਿਗਿਆਨਕ ਹੋਇਆ ਹੈ ਥਾਮਸ ਐਡੀਸਨ। ਜਿਸ ਨੇ ਬਲਬ ਦਾ ਆਵਿਸ਼ਕਾਰ ਕੀਤਾ ਤੇ ਬਲਬ ਬਣਾਉਣ ਦੇ ਲਈ ਤਜ਼ਰਬੇ ਕਰਦੇ-ਕਰਦੇ ਉਸ ਦੇ ਕਈ ਸਾਲ ਨਿਕਲ ਗਏ। ਅਸੀਂ ਸਾਰੇ ਜਾਣਦੇ ਹਾਂ ਬਲਬ ਵਿੱਚ ਇਕ ਤਾਰ ਪਈ ਹੁੰਦੀ ਹੈ ਜਿਹੜੀ ਬਲ ਕੇ ਰੌਸ਼ਨੀ ਦਿੰਦੀ ਹੈ। ਉਹ ਵਾਰ-ਵਾਰ ਤਾਰ ਦੀ ਧਾਤੂ ਬਦਲਦਾ, ਕਦੇ ਸੋਨਾ ਲਾਉਂਦਾ, ਕਦੇ ਚਾਂਦੀ ਲਗਾਈ, ਕਦੇ ਲੋਹਾ ਲਗਾਇਆ, ਤਾਂਬਾ ਲਗਾਇਆ, ਕਦੀ ਪਿੱਤਲ ਲਗਾਇਆ। ਹਰ ਤਜ਼ਰਬੇ ਵਿੱਚ ਉਸ ਨੂੰ ਨਾ-ਕਾਮਯਾਬੀ ਮਿਲੀ। ਉਸ ਦੇ ਇਕ ਸਾਥੀ ਨੇ ਪੁੱਛਿਆ, 'ਇਹ ਤੂੰ ਕਿਹੜੇ ਕੰਮ 'ਚ ਪੈ ਗਿਆ ਏਂ, ਤਜ਼ਰਬੇ ਕਰਦੇ-ਕਰਦੇ ਤੇਰੀ ਜ਼ਿੰਦਗੀ ਨਿਕਲ ਜਾਣੀ, ਬਲਬ ਨਹੀਂ ਜੇ ਬਣਨਾ।' ਐਡੀਸਨ ਦਾ ਜਵਾਬ ਸੀ, 'ਹੋ ਸਕਦਾ ਹੈ ਮੈਂ ਆਪਣੀ ਜ਼ਿੰਦਗੀ ਵਿੱਚ ਬਲਬ ਨਾ ਬਣਾ ਸਕਾਂ, ਪਰ ਯਾਦ ਰੱਖੀਂ ਆਉਣ ਵਾਲੇ ਵਕਤ ਦੇ ਵਿੱਚ ਜਿਹੜਾ ਬਲਬ ਬਣਾਉਣ ਦੀ ਕੋਸ਼ਿਸ਼ ਕਰੇਗਾ ਉਸ ਦਾ ਰਸਤਾ ਬਹੁਤ ਸਾਫ਼ ਹੋਵੇਗਾ, ਉਸ ਨੂੰ ਪਤਾ ਲੱਗ ਜਾਵੇਗਾ ਕਿ ਇਹ ਧਾਤੂਆਂ ਵਰਤ ਕੇ ਬਲਬ ਨਹੀਂ ਬਣਨਾ, ਕੋਈ ਹੋਰ ਧਾਤੂ ਦੀ ਤਲਾਸ਼ ਕਰਨੀ ਪਵੇਗੀ।' ਕੁਝ ਉਸੇ ਤਰੀਕੇ ਨਾਲ ਸਾਨੂੰ ਬਾਬਾ ਸਾਹਿਬ ਦਾ ਜੀਵਨ ਅਤੇ ਉਨ੍ਹਾਂ ਦੇ ਸੰਘਰਸ਼ਾਂ ਦੀ ਕਹਾਣੀ ਸਮਝਣੀ ਪਵੇਗੀ। ਸਾਡਾ ਕੰਮ ਉਨ੍ਹਾਂ ਦੀਆਂ ਮੂਰਤੀਆਂ 'ਤੇ ਹਾਰ ਪਾ ਕੇ ਮੁੱਕ ਨਹੀਂ ਜਾਂਦਾ, ਬਲਕਿ ਅਸੀਂ ਉਨ੍ਹਾਂ ਦੀ ਅੰਤ੍ਰਿਕ ਸ਼ਕਤੀ, ਉਨ੍ਹਾਂ ਦੀ ਬੁੱਧੀ ਦੀ ਤਾਕਤ, ਉਨ੍ਹਾਂ ਦੀ ਵਾਕ ਸ਼ਕਤੀ, ਉਨ੍ਹਾਂ ਦੀ ਇਮਾਨਦਾਰੀ, ਉਨ੍ਹਾਂ ਦੀ ਸਪੱਸ਼ਟਵਾਦਤਾ, ਉਨ੍ਹਾਂ ਦੀ ਸੰਘਰਸ਼ਸ਼ੀਲਤਾ ਤੋਂ ਸਬਕ ਲੈਂਦੇ ਹੋਏ ਨਵੀਆਂ ਰਾਹਾਂ ਤਲਾਸ਼ ਕਰਨੀਆਂ ਹਨ ਤਾਂ ਜੋ ਜਿਹੜੇ ਮਕਸਦ ਉਨ੍ਹਾਂ ਦੇ ਅਧੂਰੇ ਰਹਿ ਗਏ, ਉਨ੍ਹਾਂ ਨੂੰ ਅਸੀਂ ਪੂਰਾ ਕਰ ਸਕੀਏ। ਉਨ੍ਹਾਂ ਨੇ ਕੋਸ਼ਿਸ਼ ਕੀਤੀ ਪਰ ਅਸੀਂ ਇਕੱਠੇ ਨਾ ਹੋਏ ਅਤੇ ਇਹ ਬਿਮਾਰੀ ਅਜੇ ਤੱਕ ਜਾਰੀ ਹੈ। ਉਸ ਵੇਲੇ ਵੀ ਸਾਨੂੰ ਦੂਸਰੀਆਂ ਪਾਰਟੀਆਂ ਭਰਮਾ ਲੈਂਦੀਆਂ ਸਨ, ਇਸ ਵੇਲੇ ਵੀ ਉਹੀ ਸਿਲਸਿਲਾ ਜਾਰੀ ਹੈ। ਉਸ ਵੇਲੇ ਵੀ ਸਾਡੇ ਸਿਰ 'ਤੇ ਹੱਥ ਫੇਰ ਕੇ ਸੀਰੀ ਕਰਵਾ ਲਈ ਜਾਂਦੀ ਸੀ, ਐਸ ਵੇਲੇ ਵੀ ਉਹੀ ਕੰਮ ਜਾਰੀ ਹੈ। ਉਸ ਵੇਲੇ ਵੀ ਅਸੀਂ ਆਪਸ ਵਿੱਚ ਲੜਦੇ ਸਾਂ, ਹੁਣ ਵੀ ਉਹੀ ਕੰਮ ਜਾਰੀ ਹੈ। ਫ਼ਰਕ ਕੀ ਪਿਆ? ਅਸੀਂ ਬਾਬਾ ਸਾਹਿਬ ਦੇ ਜੀਵਨ ਤੋਂ ਕੀ ਸਿੱਖਿਆ ਲਈ? ਅਜੇ ਵੀ ਜੇ ਤੁਸੀਂ ਸਹੀ ਮਾਅਨਿਆਂ 'ਚ ਬਾਬਾ ਸਾਹਿਬ ਨੂੰ ਪਿਆਰ ਕਰਦੇ ਹੋ ਤਾਂ, ਮੰਨਦੇ ਹੋ ਕਿ ਬਾਬਾ ਸਾਹਿਬ ਦੇ ਕੰਮਾਂ ਨੇ ਤੁਹਾਡੇ ਜੀਵਨ 'ਚ ਬਦਲਾਅ ਲਿਆਂਦਾ ਹੈ ਤਾਂ ਕੁਝ ਐਸੇ ਕੰਮ ਕਰਨ ਦੀ ਕੋਸ਼ਿਸ਼ ਜ਼ਰੂਰ ਕਰੋ ਜਿਸ ਨਾਲ ਤੁਹਾਡੀਆਂ ਆਉਣ ਵਾਲੀਆਂ ਜਿਣਸਾਂ ਦੇ ਜੀਵਨ ਵਿੱਚ ਕੁਝ ਸੁਧਾਰ ਆ ਸਕੇ। ਇਹੀ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

- ਅਜੇ ਕੁਮਾਰ

Thursday 16 April 2015

ਲੜਾਈ ਆਹਮੋ-ਸਾਹਮਣੇ ਦੀ

ਵੈਸੇ ਤਾਂ ਭਾਰਤ ਦੇ ਅਸਲੀ ਵਾਰਿਸ ਮੂਲ ਨਿਵਾਸੀ ਅਤੇ ਮਨੂੰਵਾਦੀਆਂ ਦੀ ਲੜਾਈ ਸਦੀਆਂ ਤੋਂ ਲੱਗੀ ਹੋਈ ਹੈ। ਕਈ ਵਾਰ ਅਜਿਹੀ ਸਥਿਤੀ ਵੀ ਬਣ ਜਾਂਦੀ ਹੈ ਕਿ ਇਹ ਲੜਾਈ ਆਹਮੋ-ਸਾਹਮਣੇ ਹੁੰਦੀ ਹੈ। ਮਨੂੰਵਾਦ ਟੋਲਾ ਬਹੁਤ ਸ਼ਾਤਿਰ ਹੈ। ਇਹ ਵਰਣ-ਵਿਵਸਥਾ 'ਤੇ ਟਿਕਿਆ ਹੋਇਆ ਹੈ ਅਤੇ ਇਸ ਵਰਣ-ਵਿਵਸਥਾ ਨੂੰ ਇਹ ਦੇਸ਼ ਵਿੱਚੋਂ ਖਤਮ ਨਹੀਂ ਹੋਣ ਦੇਣਾ ਚਾਹੁੰਦਾ। ਜਦਕਿ ਅੰਬੇਡਕਰਵਾਦੀ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਵਰਣ-ਵਿਵਸਥਾ ਨੂੰ ਖਤਮ ਕੀਤੇ ਬਿਨਾਂ ਦੇਸ਼ ਦਾ ਅਤੇ ਉਨ੍ਹਾਂ ਦਾ ਭਲਾ ਨਹੀਂ ਹੋ ਸਕਦਾ। ਹਾਲਾਂਕਿ ਵਿਸ਼ਵ ਦੇ ਬੁੱਧੀਜੀਵੀ ਮੰਨਦੇ ਹਨ ਕਿ ਭਾਰਤ ਵਿੱਚ ਜਾਤ-ਪਾਤ ਦੀ ਲੜਾਈ ਅਲੱਗ ਤਰ੍ਹਾਂ ਦੀ ਲੜਾਈ ਸੀ, ਭਾਰਤ ਵਿੱਚ ਜਾਤ-ਪਾਤ ਦੇ ਨਾਂ 'ਤੇ ਹੋਣ ਵਾਲਾ ਸ਼ੋਸ਼ਣ ਪੂਰੀ ਦੁਨੀਆਂ ਨਾਲੋਂ ਅਲੱਗ ਸੀ। ਵਿਸ਼ਵ ਦੇ ਬੁੱਧੀਮਾਨ ਇਹ ਵੀ ਮੰਨਦੇ ਹਨ ਕਿ ਜਾਤ-ਪਾਤ ਨੂੰ ਖਤਮ ਕਰਨ ਦਾ ਫਲਸਫਾ ਸਭ ਤੋਂ ਵਧੀਆ ਡਾ. ਭੀਮ ਰਾਓ ਅੰਬੇਡਕਰ ਨੇ ਦਿੱਤਾ ਹੈ। ਹੁਣ ਗੱਲ ਕਰਦੇ ਹਾਂ ਪੰਜਾਬ ਦੀ। ਹਾਲਾਂਕਿ ਭਾਰਤ ਵਿੱਚ ਅੱਜ ਵੀ ਜਾਤ-ਪਾਤ ਕਾਇਮ ਹੈ, ਵਰਣ ਵਿਵਸਥਾ ਪੂਰੇ ਜ਼ੋਰਾਂ 'ਤੇ ਹੈ। ਪਰ ਪੰਜਾਬ ਵਿੱਚ ਤਾਂ ਜਾਤ-ਪਾਤ ਅਤੇ ਵਰਣ-ਵਿਵਸਥਾ ਦੀ ਹਰ ਹੱਦ ਪਾਰ ਹੋ ਚੁੱਕੀ ਹੈ। ਏਕੇ ਦੇ ਵਾਰਿਸ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਪੰਜਾਬ ਦੀ ਧਰਤੀ ਜਿੱਥੇ ਆਪਣੇ-ਆਪਣੇ ਧਰਮ ਸਥਾਨ ਤੇ ਅਲੱਗ ਹੈ ਹੀ ਹਨ ਇੱਥੇ ਸ਼ਮਸ਼ਾਨ ਘਾਟ ਵੀ ਵੱਖੋ-ਵੱਖਰੇ ਹਨ। ਬਾਬਾ ਸਾਹਿਬ ਨੇ ਸ਼ੋਸ਼ਿਤ ਲੋਕਾਂ ਨੂੰ ਕਿਹਾ ਸੀ ਕਿ ਰਾਜਨੀਤਿਕ ਸੱਤਾ ਨਾਲ ਤੁਹਾਡੀ ਹਰ ਬਿਮਾਰੀ ਦਾ ਹੱਲ ਹੋ ਸਕਦਾ ਹੈ। ਬਹੁਜਨ ਮਹਾਨਾਇਕ ਅੰਬੇਡਕਰ ਤੋਂ ਬਾਅਦ ਸਾਹਿਬ ਸ੍ਰੀ ਕਾਂਸ਼ੀ ਰਾਮ ਨੇ ਸੱਤਾ ਨੂੰ ਹੀ ਸਮਾਜਿਕ ਪਰਿਵਰਤਨ ਦਾ ਅਧਾਰ ਮੰਨ ਕੇ ਪੂਰੇ ਦੇਸ਼ ਵਿੱਚ ਅੰਦੋਲਨ ਖੜ੍ਹਾ ਕੀਤਾ, ਜਿਸ ਦੀ ਸ਼ੁਰੂਆਤ ਪੰਜਾਬ 'ਚੋਂ ਹੋਈ ਪਰ ਅੱਜ ਉਸ ਅੰਦੋਲਨ ਤੇ ਖਤਰੇ ਦੇ ਬੱਦਲ ਛਾਏ ਹੋਏ ਹਨ। ਹਾਲਾਂਕਿ ਬਹੁਜਨ ਸਮਾਜ ਪਾਰਟੀ ਦੀਆਂ ਸੈਂਕੜੇ ਜਥੇਬੰਦੀਆਂ, ਬੁੱਧੀਜੀਵੀ, ਮਿਸ਼ਨਰੀ ਲੇਖਕ, ਗੀਤਕਾਰ, ਕਵੀ, ਪੰਜਾਬ ਵਿੱਚ ਬਹੁਜਨਾਂ ਦਾ ਰਾਜ ਲਿਆਉਣ ਲਈ ਯਤਨਸ਼ੀਲ ਹਨ। ਇਸ ਵਾਰ 2017 ਦੀਆਂ ਚੋਣਾਂ 'ਚ ਮਨੂੰਵਾਦੀ ਟੋਲਾ ਬੀਜੇਪੀ ਅਤੇ ਨਵੀਂ ਬਣੀ ਬੁੱਧੀਜੀਵੀਆਂ ਦੀ ਪਾਰਟੀ 'ਆਮ ਆਦਮੀ ਪਾਰਟੀ' ਪੰਜਾਬ ਵਿੱਚ ਸੱਤਾ ਪ੍ਰਾਪਤੀ ਲਈ ਬਹੁਤ ਉਤਸੁਕ ਹਨ। ਪੰਜਾਬ ਵਿੱਚ ਕਾਂਗਰਸ ਦਾ ਲੱਗਭਗ ਭੋਗ ਪੈ ਚੁੱਕਾ ਹੈ ਤੇ ਅਕਾਲੀ ਦਲ ਤੋਂ ਵੀ ਲੋਕ ਬਹੁਤ ਦੁਖੀ ਹਨ। ਆਮ ਆਦਮੀ ਪਾਰਟੀ ਦਾ ਵੀ ਦਿੱਲੀ ਚੋਣਾਂ ਤੋਂ ਬਾਅਦ ਗ੍ਰਾਫ ਥੱਲੇ ਡਿੱਗਦਾ ਨਜ਼ਰ ਆ ਰਿਹਾ ਹੈ। ਜੇਕਰ ਦੇਖਿਆ ਜਾਵੇ ਤਾਂ ਅਜਿਹੀ ਸਥਿਤੀ ਵਿੱਚ ਬਹੁਜਨ ਸਮਾਜ ਦਾ ਪੰਜਾਬ ਵਿੱਚ ਰਾਜ ਆਉਣਾ ਸੁਖਾਲਾ ਲੱਗਦਾ ਹੈ ਪਰ ਦੇਖਣਾ ਇਹ ਹੈ ਕਿ ਕੀ ਪੰਜਾਬ ਦੇ ਬੁੱਧੀਜੀਵੀ ਅੰਬੇਡਕਰੀ ਲੋਕ ਆਪਸੀ ਲੜਾਈ ਖਤਮ ਕਰਕੇ ਪੰਜਾਬ  'ਚ ਬਹੁਜਨ ਸਮਾਜ ਦਾ ਰਾਜ ਸਥਾਪਿਤ ਕਰਨ ਲਈ ਸੰਘਰਸ਼ ਕਰਦੇ ਹਨ ਜਾਂ ਆਪਸੀ ਲੜਾਈ ਵਿੱਚ ਹੀ ਸਮੇਂ ਨੂੰ ਇਕ ਵਾਰ ਫਿਰ ਵਿਅਰਥ ਗੁਆ ਕੇ 2017 ਵਿੱਚ ਫਿਰ ਲੋਟੂ ਟੋਲੇ ਨੂੰ ਹੀ ਲੁੱਟਣ ਦਾ ਮੌਕਾ ਦਿੰਦੇ ਹਨ।
- ਅਜੇ ਕੁਮਾਰ

Monday 6 April 2015

ਮੂਵਮੈਂਟ ਦਾ ਕਤਲ, ਹੋਰ ਨਹੀਂ


ਆਮ ਆਦਮੀ ਪਾਰਟੀ 'ਚ ਅੱਜ-ਕੱਲ੍ਹ ਇਕ ਤਮਾਸ਼ਾ ਚੱਲ ਰਿਹਾ ਹੈ, ਕੇਜਰੀਵਾਲ ਦੇ ਉਹ ਸਾਥੀ ਜੋ ਸੰਘਰਸ਼ ਦੌਰਾਨ ਉਸ ਦੇ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਸਨ। ਇਕ-ਇਕ ਕਰਕੇ ਪਾਰਟੀ 'ਚੋਂ ਬਾਹਰ ਹੋ ਰਹੇ ਹਨ। ਹੱਦ ਤਾਂ ਇਹ ਹੈ ਪ੍ਰਸ਼ਾਂਤ ਭੂਸ਼ਣ ਤੇ ਜੋਗਿੰਦਰ ਯਾਦਵ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦਾ ਮੁੱਖ ਚਿਹਰਾ ਸਮਝਿਆ ਜਾ ਰਿਹਾ ਸੀ, ਉਹ ਵੀ ਪਾਰਟੀ ਤੋਂ ਬਾਹਰ ਨਿਕਲ ਚੁੱਕੇ ਹਨ। ਆਪ ਪਾਰਟੀ ਲੋਕਾਂ ਨੂੰ ਇਮਾਨਦਾਰ, ਭ੍ਰਿਸ਼ਟਾਚਾਰ ਮੁਕਤ ਭਾਰਤ, ਆਮ ਆਦਮੀ ਦੀਆਂ ਦੁੱਖ-ਤਕਲੀਫਾਂ ਨੂੰ ਦੂਰ ਕਰਨ ਦਾ ਸੁਪਨਾ ਦਿਖਾ ਕੇ ਸੱਤਾ ਵਿੱਚ ਆਈ। ਉਸ ਨੇ ਦਿੱਲੀ ਦੀਆਂ ਚੋਣਾਂ ਵਿੱਚ ਹੂੰਝਾਫੇਰ ਜਿੱਤ ਹਾਸਲ ਕੀਤੀ। ਪਰ ਹੁਣ ਲੱਗ ਰਿਹਾ ਹੈ ਇਹ ਵੀ ਦੂਸਰੀਆਂ ਪਾਰਟੀਆਂ ਵਾਂਗੂੰ ਕੇਜਰੀਵਾਲ ਤੇ ਉਸ ਦੇ ਚਮਚਿਆਂ ਦੀ ਪਾਰਟੀ ਬਣ ਕੇ ਰਹਿ ਜਾਵੇਗੀ। ਮੈਨੂੰ ਸਮਝ ਨਹੀਂ ਆਉਂਦਾ ਹਰ ਮੂਵਮੈਂਟ ਦਾ ਅੰਤ ਸੰਘਰਸ਼ ਕਰਨ ਵਾਲਿਆਂ ਦੀ ਮੌਤ ਤੇ ਚਮਚਿਆਂ ਦੇ ਰਾਜ ਤੇ ਕਿਉਂ ਹੁੰਦਾ ਹੈ। ਇਤਿਹਾਸ 'ਤੇ ਝਾਤੀ ਮਾਰੀਏ, ਅੰਗਰੇਜ਼ਾਂ ਤੋਂ ਅਜ਼ਾਦੀ ਲਈ ਕਾਂਗਰਸ ਦੇ ਸੰਘਰਸ਼ ਨੂੰ ਪੂਰੀ ਤਰ੍ਹਾਂ ਨਕਾਰ ਨਹੀਂ ਸਕਦੇ ਤੇ ਇਸ ਗਾਂਧੀਵਾਦੀ ਪਾਰਟੀ ਨੇ ਅਜ਼ਾਦੀ ਤੋਂ ਬਾਅਦ ਕਿੰਨੀਆਂ ਕੁ ਲੁੱਟਾਂ ਪਾਈਆਂ ਹਨ, ਇਹ ਦੇਸ਼ ਦਾ ਬੱਚਾ-ਬੱਚਾ ਜਾਣਦਾ ਹੈ। ਮੁਲਾਇਮ ਸਿੰਘ, ਲਾਲੂ ਯਾਦਵ, ਨਿਤੀਸ਼ ਕੁਮਾਰ, ਸ਼ਰਦ ਯਾਦਵ, ਰਾਮ ਵਿਲਾਸ ਪਾਸਵਾਨ ਇਹ ਕੁਝ ਉਹ ਲੀਡਰ ਹਨ ਜਿਨ੍ਹਾਂ ਨੇ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਨਾਲ ਲੱਗ ਕੇ ਐਮਰਜੈਂਸੀ ਖਿਲਾਫ ਸੰਘਰਸ਼ ਕੀਤਾ ਤੇ ਅੱਜ ਇਨ੍ਹਾਂ ਦੀ ਮੂਵਮੈਂਟ ਕਿਹੜੇ ਮੋੜ 'ਤੇ ਆ ਖੜੀ ਹੋਈ ਹੈ ਇਹ ਸਾਡੇ ਸਾਹਮਣੇ ਹੈ। ਸਭ ਆਪੋ-ਆਪਣਾ ਘਰ ਭਰਨ ਨੂੰ ਬੈਠੇ ਹਨ। ਆਪਣੇ ਪਰਿਵਾਰ, ਆਪਣੇ ਭੈਣ-ਭਰਾ, ਰਿਸ਼ਤੇਦਾਰਾਂ ਦੀ ਸੇਵਾ ਕਰ ਰਹੇ ਹਨ। ਚਮਚਿਆਂ ਦੀਆਂ ਮੌਜਾਂ ਲੱਗੀਆਂ ਹੋਈਆਂ ਹਨ ਤੇ ਆਮ ਜਨਤਾ ਜਿਨ੍ਹਾਂ ਦੇ ਸੁਪਨਿਆਂ ਸਿਰ ਇਹ ਰਾਜ ਵਿੱਚ ਆਏ ਉਹ ਅਜੇ ਵੀ ਬਦਲਾਅ ਦੀ ਉਮੀਦ ਲਾਈ ਬੈਠੇ ਹਨ। ਪੰਜਾਬ ਵਿੱਚ ਅਕਾਲੀ ਦਲ ਦੇਖ ਲਓ, ਅਕਾਲੀ ਦਲ ਦੇ ਸੰਘਰਸ਼, ਅਕਾਲੀ ਦਲ ਦੇ ਮੋਰਚੇ, ਅਕਾਲੀ ਦਲ ਦੀ ਪੰਥਕ ਰਾਜਨੀਤੀ ਤੋਂ ਹਰ ਪੰਜਾਬੀ ਚੰਗੀ ਤਰ੍ਹਾਂ ਵਾਕਫ ਹੈ। ਉਹੀ ਅਕਾਲੀ ਦਲ ਜਿਸ ਨੇ ਪੰਥਕ ਰਾਜਨੀਤੀ ਦੇ ਨਾਂ 'ਤੇ ਲਗਾਤਾਰ ਸੰਘਰਸ਼ ਕੀਤੇ, ਜੇਲ੍ਹਾਂ ਭਰੀਆਂ, ਅੱਜ ਬਾਦਲਾਂ ਦੀ ਜਗੀਰ ਬਣ ਕੇ ਰਹਿ ਚੁੱਕਾ ਹੈ। ਪੰਜਾਬ ਵਿੱਚ ਅਕਾਲੀ ਦਲ ਜੋ ਪੰਥਕ ਏਕਤਾ ਹੇਤੂ ਅਤੇ ਹਿੰਦੂਵਾਦੀ ਸੰਗਠਨ ਸੰਘ ਦੇ ਵਿਰੋਧ ਵਿੱਚ ਪੈਦਾ ਹੋਇਆ ਸੀ ਉਹ ਸੰਘ ਦੀ ਪਾਰਟੀ ਭਾਜਪਾ ਦਾ ਝੋਲੀ ਚੁੱਕ ਬਣ ਰਾਜ ਦੀਆਂ ਮੌਜਾਂ ਲੈ ਰਿਹਾ ਹੈ। ਪੰਜਾਬ ਦੀ ਸੱਤਾ ਬਾਦਲ, ਬਾਦਲ ਦੇ ਬੇਟੇ ਸੁਖਬੀਰ, ਸੁਖਬੀਰ ਦੇ ਸਾਲੇ ਮਜੀਠੀਏ, ਮਜੀਠੀਏ ਦੀ ਭੈਣ ਹਰਸਿਮਰਤ ਕੌਰ ਤੇ ਸੁਖਬੀਰ ਦੇ ਜੀਜੇ ਕੈਰੋਂ ਤੱਕ ਸਿਮਟ ਕੇ ਰਹਿ ਗਈ ਹੈ। ਇਨ੍ਹਾਂ 5 ਬੰਦਿਆਂ ਤੋਂ ਇਲਾਵਾ ਕੋਈ ਹੋਰ ਅਕਾਲੀ ਦਲ ਦਾ ਚਿਹਰਾ ਸੋਚਣ ਲੱਗੇ ਦਿਮਾਗ 'ਤੇ ਜ਼ੋਰ ਪਾਉਣਾ ਪੈਂਦਾ ਹੈ। ਲੌਂਗੋਵਾਲ, ਟੌਹੜਾ, ਤਲਵੰਡੀ ਤੇ ਅਜਿਹੇ ਹੋਰ ਨੇਤਾ ਜੋ ਬਾਦਲ ਨਾਲ ਮੋਢੇ ਨਾਲ ਮੋਢਾ ਲਾ ਪੰਥਕ ਏਕਤਾ ਲਈ ਸੰਘਰਸ਼ ਕਰਦੇ ਸਨ ਉਨ੍ਹਾਂ 'ਚੋਂ ਜ਼ਿਆਦਾਤਰ ਰਾਜਨੀਤਕ ਹਾਸ਼ੀਏ 'ਚ ਜਾ ਕੇ ਵਾਹਿਗੁਰੂ ਨੂੰ ਪਿਆਰੇ ਹੋ ਚੁੱਕੇ ਹਨ। ਕਿਉਂਕਿ ਬਾਦਲ ਦੇ ਅਕਾਲੀ ਦਲ ਵਿੱਚ ਚਮਚਿਆਂ ਦੀਆਂ ਹੀ ਮੌਜਾਂ ਹਨ। ਹਾਲਾਤ ਅੱਜ ਇਹ ਹਨ ਕਿ ਧੂਰੀ ਦੀਆਂ ਚੋਣਾਂ ਵਿੱਚ ਬਾਦਲ ਅਕਾਲੀ ਦਲ ਦੇ ਸਾਹਮਣੇ ਕਾਂਗਰਸ ਵੱਲੋਂ ਬਰਨਾਲਾ ਦੇ ਪੋਤੇ ਨੂੰ ਚੋਣਾਂ ਵਿੱਚ ਉਤਾਰਿਆ ਗਿਆ ਹੈ ਤੇ ਹੁਣ ਜੇ ਗੱਲ ਕਰੀਏ ਦਲਿਤ ਹਿਤਾਂ ਖਾਤਰ ਹੋਂਦ ਵਿੱਚ ਆਈ ਬਸਪਾ ਦੀ, ਤੇ ਉਸ ਦੇ ਹਾਲਾਤ ਵੀ ਬਾਕੀ ਹੋਰ ਪਾਰਟੀਆਂ ਨਾਲੋਂ ਕੁਝ ਵੱਖਰੇ ਨਹੀਂ ਹਨ। ਅਸੀਂ ਸਾਰੇ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕਿਵੇਂ ਸਾਹਿਬ ਕਾਂਸ਼ੀ ਰਾਮ ਨੇ ਇਸ ਪਾਰਟੀ ਨੂੰ ਆਪਣਾ ਲਹੂ ਪਿਲਾ ਕੇ ਜਿਉਂਦਾ ਕੀਤਾ, ਕਿਵੇਂ ਇਕ-ਇਕ ਬਸਪਾ ਵਰਕਰ ਨੇ ਆਪਣੀ ਪੂਰੀ ਜ਼ਿੰਦਗੀ ਪਾਰਟੀ ਦੇ ਉਤੇ ਨਿਛਾਵਰ ਕਰ ਦਿੱਤੀ। ਮੈਨੂੰ ਅਕਸਰ ਮੌਕਾ ਮਿਲਦਾ ਰਹਿੰਦਾ ਹੈ, ਅਜਿਹੇ ਜੁਝਾਰੂ ਸਾਥੀਆਂ ਨਾਲ ਮਿਲਣ ਦਾ ਜਿਨ੍ਹਾਂ ਨੇ ਆਪਣੀ ਜਵਾਨੀ 'ਚ ਪੈਰ ਰੱਖਦੇ ਸਾਹਿਬ ਕਾਂਸ਼ੀ ਰਾਮ ਦੀ ਸੋਚ ਤੋਂ ਪ੍ਰਭਾਵਿਤ ਹੋ ਆਪਣਾ ਇਕ-ਇਕ ਸਾਹ ਨੀਲੇ ਝੰਡੇ ਨੂੰ ਸਮਰਪਿਤ ਕਰ ਦਿੱਤਾ। ਅੱਜ ਉਨ੍ਹਾਂ ਸਾਥੀਆਂ ਜਿਨ੍ਹਾਂ ਨੇ ਆਪਣੀਆਂ ਜਵਾਨੀਆਂ ਪਾਰਟੀ ਖਾਤਰ ਰੋਲ ਦਿੱਤੀਆਂ, ਉਹ ਬੇਇੰਤਹਾ ਗਰੀਬੀ ਹੱਥੋਂ ਮਜਬੂਰ ਹੋ ਲਾਚਾਰ ਹੋਏ ਬੈਠੇ ਹਨ। ਜਿਸ ਪਾਰਟੀ ਖਾਤਰ ਸੰਘਰਸ਼ ਕੀਤਾ ਸੀ, ਉਥੇ ਕੋਈ ਕਦਰ ਨਾ ਪਈ, ਜਿਸ ਪਰਿਵਾਰ ਨੂੰ ਪਾਰਟੀ ਖਾਤਰ ਛੱਡ ਦਿੱਤਾ ਉਹ ਹੁਣ ਜੁੱਤੀਆਂ ਮਾਰਦਾ ਹੈ ਤੇ ਪਾਰਟੀ ਦੀ ਅਹੁਦੇਦਾਰੀ ਲੈਣ ਦਾ ਇਕੋ-ਇਕ ਪੈਮਾਨਾ ਹੈ ਉਹ ਹੈ ਚਮਚਾਗਿਰੀ ਦੀ ਹੱਦ, ਜਿਹੜਾ ਜਿੰਨਾ ਵੱਡਾ ਚਮਚਾ, ਓਨਾ ਵੱਡਾ ਅਹੁਦੇਦਾਰ, ਕੋਈ ਜ਼ਰੂਰੀ ਨਹੀਂ ਕਿ ਤੁਸੀਂ ਅੰਬੇਡਕਰਵਾਦੀ ਵਿਚਾਰਧਾਰਾ ਦੇ ਜਾਣੂ ਹੋਵੋ, ਤੁਸੀਂ ਸਾਹਿਬ ਕਾਂਸ਼ੀ ਰਾਮ ਦੇ ਵਫਾਦਾਰ ਹੋਵੋ, ਤੁਹਾਡੇ ਦਿਲ ਵਿੱਚ ਦਲਿਤ ਹਿੱਤਾਂ ਲਈ ਦਰਦ ਹੋਵੇ, ਸਿਰਫ਼ ਇਕੋ ਕਾਬਲੀਅਤ ਦੀ ਲੋੜ ਹੈ ਕਿ ਤੁਸੀਂ ਕਿੰਨਾ ਕੁ ਆਪਣੇ ਪ੍ਰਧਾਨ ਨੂੰ ਸਾਹਿਬ-ਸਾਹਿਬ ਕਰ ਸਕਦੇ ਹੋ ਤੇ ਤੁਹਾਡਾ ਪ੍ਰਧਾਨ ਵੀ ਉਨੀ ਦੇਰ ਹੀ ਪ੍ਰਧਾਨਗੀ ਦੀ ਕੁਰਸੀ 'ਤੇ ਨਜ਼ਰ ਆਵੇਗਾ ਜਦੋਂ ਤੱਕ ਉਹ ਭੈਣ ਜੀ-ਭੈਣ ਜੀ ਕਰਦਾ ਰਹੇਗਾ ਤੇ ਅੱਖਾਂ ਮੀਚ ਕੇ ਤੇ ਕੰਨ ਬੰਦ ਕਰਕੇ ਭੈਣ ਜੀ ਦੇ ਹਰ ਫ਼ੈਸਲੇ ਨੂੰ ਸਿਰ ਮੱਥੇ 'ਤੇ ਰੱਖੇਗਾ ਤੇ ਵਰਕਰਾਂ 'ਤੇ ਕੁਝ ਅਜਿਹੇ ਫੈਸਲੇ ਵੀ ਲਾਗੂ ਕਰਵਾਏਗਾ ਜਿਹੜੇ ਭੈਣ ਜੀ ਨੇ ਸ਼ਾਇਦ ਕਦੇ ਸੁਣੇ ਵੀ ਨਾ ਹੋਣ ਪਰ ਭੈਣ ਜੀ ਦੇ ਨਾਂ ਦੀ ਮੋਹਰ ਲਾ ਕੇ ਵਰਕਰਾਂ ਦਾ ਲਹੂ ਚੂਸਣ ਲਈ ਲਾਗੂ ਕਰ ਦਿੱਤੇ ਜਾਂਦੇ ਹਨ। ਕੀ ਅਸੀਂ ਇਨ੍ਹਾਂ ਸਾਰੀਆਂ ਅਸਫਲਤਾਵਾਂ ਤੋਂ ਨਿਰਾਸ਼ ਹੋ ਕੇ ਆਪੋ-ਆਪਣੇ ਘਰਾਂ 'ਚ ਬੈਠ ਜਾਵਾਂਗੇ ਤੇ ਇਨ੍ਹਾਂ ਸਾਰੇ ਤਥਾਕਥਿਤ ਮੂਵਮੈਂਟ ਦੇ ਲੀਡਰਾਂ ਨੂੰ ਦੇਸ਼ ਲੁੱਟਣ ਦੀ ਪੂਰੀ ਛੁੱਟ ਦੇ ਦਿਆਂਗੇ, ਨਹੀਂ! ਇਹ ਕਦੇ ਵੀ ਨਹੀਂ ਹੋਵੇਗਾ। ਤਕਰੀਬਨ ਹਰ ਰੋਜ਼ ਮੈਨੂੰ ਇਕ ਜਾਂ ਦੋ ਨਵੇਂ ਸੰਗਠਨ ਬਣਨ ਦੀ ਜਾਣਕਾਰੀ ਮਿਲਦੀ ਹੈ। ਹਰ ਇਕ ਸੰਗਠਨ ਦਾਅਵਾ ਕਰਦਾ ਹੈ ਕਿ ਉਹ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ 'ਤੇ ਚੱਲੇਗਾ ਤੇ ਉਹ ਆਮ ਲੋਕਾਂ ਦੇ ਹਿੱਤਾਂ ਲਈ ਸੰਘਰਸ਼ ਕਰੇਗਾ। ਜਿੰਨੇ ਕੁ ਸੰਗਠਨ ਬਣਦੇ ਹਨ ਉਸ ਤੋਂ ਇੰਨਾ ਅਹਿਸਾਸ ਜ਼ਰੂਰ ਹੁੰਦਾ ਹੈ ਕਿਤੇ ਨਾ ਕਿਤੇ ਇਕ ਐਸੇ ਸੰਗਠਨ ਦੀ ਜ਼ਰੂਰਤ ਜ਼ਰੂਰ ਹੈ ਜੋ ਆਮ ਜਨਤਾ ਦਾ ਸੰਘਰਸ਼ ਇਮਾਨਦਾਰੀ ਨਾਲ ਕਰੇ, ਉਨ੍ਹਾਂ ਦੇ ਹਿੱਤਾਂ ਲਈ ਲੜੇ ਤੇ ਇਨ੍ਹਾਂ ਸਾਰੇ ਸਵਾਰਥੀ ਲੀਡਰਾਂ ਹੱਥੋਂ ਵੋਟ ਦੇ ਹਥਿਆਰ ਨਾਲ ਆਪਣੀ ਸੱਤਾ ਖੋਹ ਲਵੇ। ਮੈਂ ਆਪਣੇ ਇਸ ਲੇਖ ਰਾਹੀਂ ਆਪਣੇ ਹਰ ਇਕ ਉਸ ਸਾਥੀ ਨੂੰ ਖੁੱਲ੍ਹਾ ਸੱਦਾ ਦਿੰਦਾ ਹਾਂ 'ਆਪਣੀ ਮਿੱਟੀ ਆਪਣੇ ਲੋਕ' ਨਾਲ ਜੁੜਨ ਦਾ। 'ਆਪਣੀ ਮਿੱਟੀ ਆਪਣੇ ਲੋਕ' ਇਕ ਸੰਗਠਨ ਨਹੀਂ ਬਣ ਰਿਹਾ, ਇਕ ਮੂਵਮੈਂਟ ਬਣ ਰਹੀ ਹੈ ਜਿਸ ਵਿੱਚ ਲੋਕ ਹਿੱਤਾਂ ਲਈ ਸੰਘਰਸ਼ ਕਰ ਰਹੇ ਸਭ ਸੰਗਠਨਾਂ ਨੂੰ ਬਰਾਬਰ ਦੀ ਹਿੱਸੇਦਾਰੀ ਮਿਲੇਗੀ। ਤੁਸੀਂ ਜੇ ਆਪਣੇ ਸੰਗਠਨ ਜਾਂ ਸੰਘਰਸ਼ ਨੂੰ ਕਿਸੇ ਮੰਜ਼ਿਲ ਤੱਕ ਪਹੁੰਚਦੇ ਦੇਖਣਾ ਚਾਹੁੰਦੇ ਹੋ ਤਾਂ ਇਕ ਮੰਚ 'ਤੇ ਇਕੱਠੇ ਹੋ ਕੇ ਆਵਾਜ਼ ਦਿਉ 'ਆਪਣੀ ਮਿੱਟੀ ਆਪਣੇ ਲੋਕ' ਉਹ ਮੰਚ ਹੈ ਜਿੱਥੇ ਤੁਸੀਂ ਆਪਣੀ ਆਵਾਜ਼ ਆਪਣੇ ਲੋਕਾਂ ਤੱਕ ਪਹੁੰਚਾ ਸਕਦੇ ਹੋ। ਅਸੀਂ ਹੋਰ ਕਿਸੇ ਮੂਵਮੈਂਟ ਦਾ ਕਤਲ ਹੁੰਦੇ ਨਹੀਂ ਦੇਖ ਸਕਦੇ। 
- ਅਜੇ ਕੁਮਾਰ

Monday 23 March 2015

'ਆਪਣੀ ਮਿੱਟੀ ਆਪਣੇ ਲੋਕ'


ਬੀਤੀ 20 ਫਰਵਰੀ ਨੂੰ 'ਆਪਣੀ ਮਿੱਟੀ' ਦੇ ਮੁੱਖ ਸੰਪਾਦਕ ਅਜੇ ਕੁਮਾਰ ਨਾਲ ਇਕ ਹਾਦਸਾ ਵਾਪਰਿਆ, ਜਦ ਉਹ ਆਪਣੇ ਦਫ਼ਤਰ ਤੋਂ ਘਰ ਜਾਣ ਲੱਗੇ, ਚੱਕਰ ਆਏ ਅਤੇ ਉਹ ਆਪਣੇ ਦਫ਼ਤਰ 'ਚ ਹੀ ਡਿੱਗ ਕੇ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਜਲੰਧਰ ਦੇ ਛਾਬੜਾ ਹਸਪਤਾਲ ਲਿਜਾਇਆ ਗਿਆ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਨ੍ਹਾਂ ਦੇ ਸਰੀਰ ਦਾ ਖੱਬਾ ਪਾਸਾ ਕੁਝ ਕਮਜ਼ੋਰ ਹੈ ਜਾਂ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ। ਅਜੇ ਕੁਮਾਰ ਜੀ ਨੂੰ ਥੋੜ੍ਹੀ ਦੇਰ ਬਾਅਦ ਹੋਸ਼ ਆ ਗਿਆ ਪਰ ਡਾਕਟਰ ਦੀਆਂ ਹਦਾਇਤਾਂ ਮੁਤਾਬਿਕ ਉਨ੍ਹਾਂ ਨੂੰ ਹਸਪਤਾਲ 'ਚ ਰੱਖਿਆ ਗਿਆ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਅਜੇ ਕੁਮਾਰ ਜੀ ਨੂੰ 'ਬਰੇਨ ਹੈਮਰੇਜ' ਹੋਇਆ ਹੈ, ਜਿਸ ਕਰਕੇ ਉਨ੍ਹਾਂ ਦਾ ਆਪ੍ਰੇਸ਼ਨ ਕਰਨਾ ਲਾਜ਼ਮੀ ਹੋ ਗਿਆ ਸੀ। 24 ਫਰਵਰੀ ਨੂੰ ਅਜੇ ਕੁਮਾਰ ਜੀ ਨੂੰ ਗੁੜਗਾਉਂ ਦੇ ਮੇਦਾਂਤਾ ਹਸਪਤਾਲ ਲਿਜਾਇਆ ਗਿਆ, ਜਿੱਥੇ ਕਈ ਦਿਨਾਂ ਦੇ ਸੰਘਰਸ਼ ਤੋਂ ਬਾਅਦ ਅਜੇ ਕੁਮਾਰ ਵਾਪਸ ਆਪਣੇ ਘਰ ਪਰਤ ਆਏ। ਫਿਲਹਾਲ ਸਰੀਰਿਕ ਕਮਜ਼ੋਰੀ ਹੈ ਜੋ ਕਿ ਹੌਲੀ-ਹੌਲੀ ਠੀਕ ਹੋ ਰਹੀ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਆਮ ਲੋਕਾਂ ਨਾਲ ਮਿਲਣ ਤੋਂ ਮਨ੍ਹਾ ਕੀਤਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਇੰਫੈਕਸ਼ਨ ਤੋਂ ਬਚਿਆ ਜਾ ਸਕੇ। ਬਹੁਤ ਜਲਦ ਅਜੇ ਕੁਮਾਰ ਆਪਣੇ ਆਮ ਕੰਮਕਾਜ 'ਚ ਆ ਜਾਣਗੇ। ਉਨ੍ਹਾਂ ਨੇ ਆਪਣੇ ਲੋਕਾਂ ਨੂੰ ਹੇਠ ਲਿਖਿਆ ਸੁਨੇਹਾ ਭੇਜਿਆ ਹੈ :-
ਮੇਰੀ ਆਪਣੇ ਸਮਾਜ ਦੇ ਲਈ ਜੀਣ ਦੀ ਤੀਬਰ ਇੱਛਾ ਸ਼ਕਤੀ ਅਤੇ ਮੇਰੇ ਪਰਿਵਾਰਿਕ ਮੈਂਬਰਾਂ ਦਾ ਪਿਆਰ, ਮੇਰੇ ਦੋਸਤਾਂ-ਮਿੱਤਰਾਂ ਦੀ ਮਿਹਨਤ ਅਤੇ ਸਭ ਤੋਂ ਉੱਪਰ ਮੈਨੂੰ ਚਾਹੁਣ ਵਾਲਿਆਂ ਦੀਆਂ ਸ਼ੁਭਇੱਛਾਵਾਂ ਸਦਕਾ ਮੈਂ ਬਿਲਕੁਲ ਠੀਕ ਹੋ ਕੇ ਆਪਣੇ ਘਰ ਵਾਪਸ ਪਹੁੰਚ ਗਿਆ ਹਾਂ। ਮੇਰੇ ਬਹੁਤ ਸਾਰੇ ਚਾਹੁਣ ਵਾਲਿਆਂ ਨੇ ਮੇਰੇ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ, ਦੁਆ ਕੀਤੀ, ਮੈਂ ਉਨ੍ਹਾਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦੀ ਹਾਂ। ਮੈਂ ਕਿਸੇ ਤਰ੍ਹਾਂ ਦੇ ਪਖੰਡਾਂ ਨੂੰ ਤਾਂ ਨਹੀਂ ਮੰਨਦਾ ਪਰ ਏਨਾ ਜ਼ਰੂਰ ਮੰਨਦਾ ਹਾਂ ਕਿ ਕੋਈ ਤਾਕਤ ਹੈ ਜਿਹੜੀ ਸਾਡੇ ਸਾਹ ਚਲਾਉਂਦੀ ਹੈ ਅਤੇ ਹਰ ਵਿਅਕਤੀ ਦੇ ਜੀਣ ਦਾ ਕੋਈ ਨਾ ਕੋਈ ਮੰਤਵ ਜ਼ਰੂਰ ਹੈ। ਰੋਟੀਆਂ ਖਾਣਾ, ਬੱਚੇ ਜੰਮਣਾ ਹੀ ਜੇ ਇਨਸਾਨੀ ਮੰਤਵ ਹੋਵੇ ਤਾਂ ਜਾਨਵਰ ਤੇ ਇਨਸਾਨ ਵਿੱਚ ਕੀ ਫ਼ਰਕ ਰਹਿ ਜਾਂਦਾ ਹੈ?ਮੈਂ ਸਾਰਿਆਂ ਦੀਆਂ ਦਿਲੀ ਇੱਛਾਵਾਂ ਤੇ ਪਿਆਰ ਦੀ ਕਦਰ ਕਰਦਾ ਹਾਂ ਪਰ ਨਾਲ ਹੀ ਮੈਂ ਸਭ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੇਰੇ ਲਈ ਕੋਈ ਮੰਨਤ ਨਾ ਕਰੋ, ਕਿਉਂਕਿ ਮੇਰੇ ਜੀਣ ਦੀ ਸ਼ਕਤੀ ਹੈ ਤੁਹਾਡਾ ਮੇਰੇ ਲਈ ਪਿਆਰ ਤੇ ਮੇਰੇ ਜੀਵਨ ਦਾ ਮੰਤਵ ਹੈ ਸ਼ੋਸ਼ਿਤ ਲੋਕਾਂ ਦਾ ਰਾਜ ਸਥਾਪਿਤ ਕਰਨਾ। ਉਹ ਸ਼ੋਸ਼ਿਤ ਲੋਕ ਜਿਨ੍ਹਾਂ ਦਾ ਧਰਮ ਦੇ ਨਾਂ 'ਤੇ, ਜਾਤ ਦੇ ਨਾਂ 'ਤੇ ਹਜ਼ਾਰਾਂ ਸਾਲਾਂ ਤੋਂ ਸ਼ੋਸ਼ਣ ਹੁੰਦਾ ਆ ਰਿਹਾ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਮਾਤਮਾ ਦੀ ਉਸਤਤਿ ਜਾਂ ਪ੍ਰਾਰਥਨਾ ਕਰਨ ਦੀ ਬਜਾਏ ਮੇਰੇ ਮਿਸ਼ਨ ਵਿੱਚ ਮੇਰਾ ਸਾਥ ਦਿਓ। ਬਹੁਤ ਦਿਨਾਂ ਤੋਂ ਮੇਰੇ ਮਨ 'ਚ ਵਿਚਾਰ ਆ ਰਿਹਾ ਸੀ ਕਿ ਇਸ ਵੇਲੇ ਸਾਡੇ ਸਮਾਜ ਨੂੰ ਇਕ ਅਜਿਹੇ ਮੰਚ, ਇਕ ਅਜਿਹੇ ਸੰਗਠਨ ਦੀ ਲੋੜ ਹੈ, ਜਿੱਥੇ ਆਪੋ-ਆਪਣੀ ਸਵਾਰਥ ਭਾਵਨਾ ਤੋਂ ਉੱਪਰ ਉੱਠ ਕੇ ਸਮਾਜ ਖ਼ਾਤਿਰ ਸੰਘਰਸ਼ ਕੀਤਾ ਜਾਵੇ। ਬਹੁਤ ਸਾਰੇ ਸਵਾਰਥੀ ਤੱਤ, ਬਹੁਤ ਸੰਗਠਨ ਬਣਾ ਕੇ ਆਪੋ-ਆਪਣੀ ਰਾਜਨੀਤੀ ਦੀ ਦੁਕਾਨਦਾਰੀ ਚਲਾ ਚੁੱਕੇ ਹਨ, ਇਨ੍ਹਾਂ ਦੀ ਲੀਡਰੀ ਤਾਂ ਚੱਲ ਗਈ ਪਰ ਆਮ ਦਲਿਤ-ਗਰੀਬ ਦੇ ਹਾਲਾਤ ਨਾ ਬਦਲੇ। ਹੁਣ ਵਕਤ ਆ ਗਿਆ ਹੈ ਕਿ ਅਸੀਂ ਖੁਦ ਆਪਣਾ ਇਕ ਸੰਗਠਨ ਬਣਾਈਏ ਤਾਂ ਜੋ ਰਾਜ ਸੱਤਾ ਦੇ ਨਸ਼ੇ 'ਚ ਚੂਰ-ਗਰੂਰੀ ਲੀਡਰਾਂ ਨੂੰ ਨਕੇਲ ਪਾ ਕੇ ਆਪਣੇ ਬਣਦੇ ਹੱਕ ਖੋਹੇ ਜਾ ਸਕਣ। ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਮੈਂ ਅੱਜ ਇਕ ਸੰਗਠਨ ਦੀ ਘੋਸ਼ਣਾ ਕਰ ਰਿਹਾ ਹਾਂ, ਜਿਸ ਦਾ ਨਾਮ ਹੋਵੇਗਾ 'ਆਪਣੀ ਮਿੱਟੀ ਆਪਣੇ ਲੋਕ'। ਬਹੁਤ ਜਲਦ ਮੈਂ ਆਪਣਾ ਆਮ ਕੰਮਕਾਜ ਸ਼ੁਰੂ ਕਰ ਦਿਆਂਗਾ। ਮੈਂ ਮਹਿਸੂਸ ਕਰ ਰਿਹਾ ਹਾਂ ਕਿ ਰੱਬ ਨੇ ਵੀ ਮੇਰਾ ਮਿਸ਼ਨ ਪੂਰਾ ਹੋਏ ਬਿਨਾਂ ਮੇਰੇ ਸਾਹ ਨਹੀ  ਖਿੱਚਣੇ।
ਵੋਟ ਹਮਾਰਾ ਰਾਜ ਹਮਾਰਾ, ਯਹੀ ਚਲੇਗਾ ਯਹੀ ਚਲੇਗਾ
- ਅਜੇ ਕੁਮਾਰ 'ਆਪਣੀ ਮਿੱਟੀ ਆਪਣੇ ਲੋਕ'

ਜੇ ਤੁਸੀਂ 'ਆਪਣੀ ਮਿੱਟੀ ਆਪਣੇ ਲੋਕ' ਨਾਲ ਜੁੜਨਾ ਚਾਹੁੰਦੇ ਹੋ ਤਾਂ 98787-83135 'ਤੇ ਕਾਲ ਕਰੋ ਜਾਂ ਐਸ. ਐਮ. ਐਸ. ਕਰੋ ਜਾਂ ਆਪਣਾ ਈ-ਮੇਲ apnimitti@gmail.com 'ਤੇ ਭੇਜੋ।