Monday 10 August 2015

ਘੜੱਮ ਚੌਧਰੀਆਂ ਦੀਆਂ ਚਤੁਰਾਈਆਂ

ਅੱਜ ਤੋਂ ਤਕਰੀਬਨ 65 ਵਰ੍ਹੇ ਪਹਿਲਾਂ ਬਾਬਾ ਸਾਹਿਬ ਨੇ ਭਾਰਤ ਦਾ ਸੰਵਿਧਾਨ ਬਣਾ ਕੇ ਹਰ ਭਾਰਤੀ ਨੂੰ ਬਰਾਬਰ ਦਾ ਵੋਟ ਦਾ ਹੱਕ ਦਿੱਤਾ। ਕੋਈ ਚਾਹੇ ਜਿੰਨਾ ਮਰਜ਼ੀ ਅਮੀਰ ਹੋਵੇ ਜਾਂ ਗਰੀਬ, ਪੜ੍ਹਿਆ ਲਿਖਿਆ ਹੋਵੇ ਜਾਂ ਅਨਪੜ੍ਹ, ਰਾਜਾ-ਮਹਾਰਾਜਾ ਹੋਵੇ ਜਾਂ ਆਮ ਜਨਤਾ ਹਰ ਭਾਰਤੀ ਨਾਗਰਿਕ ਕੋਲ ਇਕ ਵੋਟ ਦਾ ਹੱਕ ਹੈ। ਵੋਟ ਦਾ ਹੱਕ ਮਿਲਣ ਤੋਂ ਪਹਿਲਾਂ ਗਰੀਬ ਦਲਿਤ ਦੀ ਰਾਜਨੀਤਿਕ ਖੇਤਰਾਂ 'ਚ ਕੋਈ ਪੁੱਛਗਿਛ ਨਹੀਂ ਸੀ ਤੇ ਉਸ ਵਕਤ ਦੇ ਸਾਰੇ ਮੁੱਖ ਰਾਜਨੀਤਿਕ ਦਲ ਜਾਂ ਉਨ੍ਹਾਂ ਦੇ ਲੀਡਰ ਦਲਿਤਾਂ ਨੂੰ ਚੌਥੇ ਦਰਜੇ ਦਾ ਨਾਗਰਿਕ ਮੰਨਦੇ ਸਨ। ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ ਅਚਾਨਕ ਹੀ ਚੌਥੇ ਦਰਜੇ ਦਾ ਭਾਰਤੀ ਨਾਗਰਿਕ ਪਹਿਲੀ ਕਤਾਰ ਵਿੱਚ ਆ ਗਿਆ। ਹਰ ਰਾਜਨੀਤਿਕ ਦਲ ਨੂੰ ਅਹਿਸਾਸ ਹੋ ਗਿਆ ਕਿ ਬਿਨਾਂ ਦਲਿਤਾਂ ਦਾ ਸਾਥ ਮਿਲੇ ਕੋਈ ਚੋਣਾਂ ਨਹੀਂ ਜਿੱਤ ਸਕਦਾ ਤੇ ਜੇ ਚੋਣਾਂ ਨਹੀਂ ਜਿੱਤ ਸਕਦਾ ਤਾਂ ਸਰਕਾਰ ਬਣਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਘਾਗ ਰਾਜਨੀਤਿਕ ਲੀਡਰਾਂ ਨੇ ਘਰ-ਘਰ ਜਾ ਕੇ ਦਲਿਤਾਂ ਦੇ ਦੁੱਖ-ਤਕਲੀਫ਼ ਦੂਰ ਕਰਨ ਦੀ ਬਜਾਏ ਦਲਿਤਾਂ ਵਿੱਚੋਂ ਚੌਧਰੀ ਬਣਾਉਣ 'ਚ ਤਵੱਜੋ ਦਿੱਤੀ। ਇਹ ਚੌਧਰੀ ਆਪਣੇ ਆਪ ਨੂੰ ਦਲਿਤ ਸਮਾਜ ਦਾ ਨੁਮਾਇੰਦਾ ਦੱਸਦੇ ਅਤੇ ਆਪੋ-ਆਪਣੇ ਇਲਾਕੇ 'ਚ ਪੈਂਦੀਆਂ ਦਲਿਤ ਵੋਟਾਂ ਦਾ ਸੌਦਾ ਆਪਣੇ ਆਕਾਵਾਂ ਨਾਲ ਕਰਦੇ। ਇਕ ਪਾਸੇ ਤਾਂ ਉਹ ਲੀਡਰਾਂ ਦੀ ਚਮਚਾਗਿਰੀ ਕਰਦੇ ਉਨ੍ਹਾਂ ਦੇ ਗੋਡੇ-ਗਿੱਟੇ ਘੁਟ ਆਪਣੇ ਆਪ ਨੂੰ ਉਨ੍ਹਾਂ ਦਾ ਖ਼ਾਸ ਦੱਸਦੇ ਤੇ ਦੂਜੇ ਪਾਸੇ ਗਰੀਬ, ਕਮਜ਼ੋਰ ਅਤੇ ਅਨਪੜ੍ਹ ਦਲਿਤ ਸਮਾਜ 'ਤੇ ਆਪਣੀ ਚੌਧਰ ਦੀ ਧੌਂਸ ਜਮਾਉਂਦੇ। 65 ਸਾਲ ਆਜ਼ਾਦੀ ਦੇ ਗੁਜ਼ਰ ਚੁੱਕੇ ਹਨ ਪਰ ਇਨ੍ਹਾਂ ਚੌਧਰੀਆਂ ਦੀ ਹੋਂਦ ਅਜੇ ਤੱਕ ਨਹੀਂ ਮੁੱਕੀ। ਹਰ ਦਲਿਤ ਬਸਤੀ, ਵਿਹੜੇ, ਪਿੰਡ ਵਿੱਚ ਕੋਈ ਨਾ ਕੋਈ ਚੌਧਰੀ ਜ਼ਰੂਰ ਬੈਠਾ ਹੈ ਜੋ ਆਪਣੇ ਆਪ ਨੂੰ ਦਲਿਤ ਵੋਟਾਂ ਦਾ ਠੇਕੇਦਾਰ ਦੱਸਦਾ ਹੈ ਅਤੇ ਦਲਿਤ ਵੋਟਾਂ ਨੂੰ ਆਪਣੀ ਨਿੱਜੀ ਜਗੀਰ ਸਮਝਦਾ ਹੈ ਤੇ ਦਾਅਵਾ ਕਰਦਾ ਹੈ ਕਿ ਮੇਰੇ ਇਸ਼ਾਰੇ 'ਤੇ  ਮੇਰੀਆਂ ਵੋਟਾਂ ਜਿੱਧਰ ਚਾਹਾਂ ਪੁਆ ਸਕਦਾ ਹਾਂ। ਵਕਤ ਬਦਲ ਗਿਆ ਹੈ, ਅੱਜ ਦਾ ਨੌਜਵਾਨ ਦਲਿਤ ਆਪਣੇ ਹੱਕ ਸਮਝਦਾ ਹੈ, ਉਹ ਵੋਟ ਦੀ ਤਾਕਤ ਪਹਿਚਾਣਦਾ ਹੈ ਪਰ ਚੌਧਰੀ ਅਜੇ ਵੀ ਬਾਜ਼ ਨਹੀਂ ਆਉਂਦੇ। ਆਪੋ-ਆਪਣੀਆਂ ਪਾਰਟੀਆਂ ਦੇ ਚਮਚੇ, ਪਿਛਲੱਗ, ਚੌਧਰੀ ਕਿਸਮ ਦੇ ਲੀਡਰ ਆਪਣੇ ਸਰਪ੍ਰਸਤ ਲੀਡਰਾਂ ਨੂੰ ਖੁਸ਼ ਕਰਨ ਦੀ ਖ਼ਾਤਿਰ ਦਲਿਤ ਸਮਾਜ ਵਿੱਚ ਆਪੋ-ਆਪਣੇ ਤਰੀਕੇ ਨਾਲ ਵੰਡ ਪਵਾਉਣ 'ਚ ਕੋਈ ਕਸਰ ਨਹੀਂ ਛੱਡਦੇ। ਇਨ੍ਹਾਂ ਚੌਧਰੀਆਂ ਦਾ ਮੁੱਖ ਸ਼ੁਗਲ ਹੈ, ਇਕ-ਦੂਜੇ ਦੀਆਂ ਲੱਤਾਂ ਖਿੱਚਣੀਆਂ, ਕੋਈ ਦਲਿਤ ਹਿਤ ਲਈ ਆਵਾਜ਼ ਉਠਾਉਂਦਾ ਹੋਵੇ ਓਹਦੀਆਂ ਰਾਹਾਂ 'ਚ ਰੋੜੇ ਅਟਕਾਉਣੇ, ਕਿਸੇ ਖੁਦਗਰਜ਼ ਦਲਿਤ ਨੂੰ ਸਿਰ ਚੁੱਕਣ ਤੋਂ ਪਹਿਲਾਂ ਹੀ ਰੋਕ ਲੈਣਾ ਅਤੇ ਕੁਲ ਮਿਲਾ ਕੇ ਹਰ ਉਹ ਕੰਮ ਕਰਨਾ ਜੋ ਦਲਿਤ ਹਿਤਾਂ ਦੇ ਵਿਰੁੱਧ ਹੋਵੇ। ਇਨ੍ਹਾਂ ਚੌਧਰੀਆਂ ਦੀ ਵਜ੍ਹਾ ਨਾਲ ਹੀ ਸਮਾਜ 'ਚ ਏਕਾ ਨਹੀਂ ਹੋ ਸਕਿਆ। ਚਿੱਟੇ ਚੂੜੀਦਾਰ ਪਜਾਮੇ ਪਾ ਕੇ, ਮੁੱਛਾਂ ਨੂੰ ਤਾਅ ਦੇ ਕੇ ਇਕ-ਦੂਜੇ ਦੀਆਂ ਲੱਤਾਂ ਖਿੱਚਣ 'ਚ ਮਸਤ ਚੌਧਰੀ ਭੁੱਲ ਰਹੇ ਹਨ ਕਿ ਦਲਿਤ ਹੁਣ ਉਨ੍ਹਾਂ ਦੇ ਹੱਥ ਦਾ ਖਿਡੌਣਾ ਨਹੀਂ ਰਿਹਾ। ਇਹ ਆਪਣੇ ਹੱਕ ਖੋਹਣਾ ਜਾਣਦਾ ਹੈ। ਇਸ ਨੂੰ ਪਤਾ ਹੈ ਕਿ ਵੋਟ ਦੀ ਕੀ ਤਾਕਤ ਹੁੰਦੀ ਹੈ। ਮੈਂ ਇਨ੍ਹਾਂ ਚੌਧਰੀਆਂ ਨੂੰ ਇਕ ਗੱਲ ਸਮਝਾਉਣਾ ਚਾਹੁੰਦਾ ਹਾਂ ਕਿ ਇਹੋ ਜਿਹੀਆਂ ਤਮਾਸ਼ਬੀਨੀਆਂ ਛੱਡ ਦਿਓ, ਜਿਸ ਨਾਲ ਸਮਾਜ ਵਿੱਚ ਵੰਡ ਪੈਂਦੀ ਹੋਵੇ। ਕੋਈ ਸੁਚੱਜਾ ਕੰਮ ਕਰ ਸਕਦੇ ਹੋ ਤਾਂ ਕਰੋ, ਨਹੀਂ ਕਰ ਸਕਦੇ ਤਾਂ ਆਪੋ-ਆਪਣੇ ਘਰ ਜਾ ਕੇ ਬੈਠ ਜਾਓ ਤਾਂ ਜੋ ਸਮਾਜ ਅੱਗੇ ਵਧ ਸਕੇ। ਤੁਹਾਡੀਆਂ ਆਪਸੀ ਲੜਾਈਆਂ ਕਾਰਣ ਪੰਜਾਬ ਵਿੱਚ ਬਹੁਗਿਣਤੀ ਹੋਣ ਦੇ ਬਾਵਜੂਦ ਅਜੇ ਤੱਕ ਦਲਿਤਾਂ ਦਾ ਰਾਜ ਨਹੀਂ ਆ ਸਕਿਆ। ਤੁਸੀਂ ਸਾਨੂੰ ਮਨੂੰਵਾਦੀ ਤਾਕਤਾਂ ਦਾ ਹੱਥਠੋਕਾ ਬਣਾ ਕੇ ਰੱਖ ਦਿੱਤਾ ਹੈ। ਤੁਹਾਡੀ ਦਲਾਲੀ ਦੀਆਂ ਆਦਤਾਂ ਕਾਰਣ ਵੰਡਿਆ-ਫਟਿਆ ਸਮਾਜ ਲਾਚਾਰ ਹੋ ਕੇ ਮਨੂੰਵਾਦੀ ਤਾਕਤਾਂ ਹੱਥੋਂ ਅਜੇ ਵੀ ਸ਼ੋਸ਼ਿਤ ਹੋ ਰਿਹਾ ਹੈ। ਅਜੇ ਵੀ ਆਪਣੀਆਂ ਹਰਕਤਾਂ ਸੁਧਾਰ ਲਓ, ਇਕ-ਦੂਸਰੇ ਦੀਆਂ ਲੱਤਾਂ ਖਿੱਚਣ ਦੀ ਬਜਾਏ ਗੱਲ ਕਰੋ ਗਰੀਬ ਦੀ ਪੜ੍ਹਾਈ ਦੀ, ਗਰੀਬ ਦੀ ਦਵਾਈ ਦੀ, ਗਰੀਬ ਦੀ ਰੋਟੀ ਦੀ, ਗਰੀਬ ਦੇ ਰਹਿਣ-ਸਹਿਣ ਦੀ ਤਾਂ ਜੋ ਤੁਹਾਡੀ ਮਾੜੀ-ਮੋਟੀ ਇੱਜ਼ਤ ਬਚੀ ਰਹਿ ਸਕੇ, ਨਹੀਂ ਤਾਂ ਸਤਿਆ-ਤਪਿਆ ਦਲਿਤ ਤੁਹਾਡਾ ਉਹ ਹਸ਼ਰ ਕਰੇਗਾ ਕਿ ਤੁਸੀਂ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਲ ਵੀ ਨਹੀਂ ਰਹਿਣਾ। ਆਪੋ-ਆਪਣੀਆਂ ਡਫ਼ਲੀਆਂ, ਆਪੋ-ਆਪਣੇ ਰਾਗ, ਆਪੋ-ਆਪਣੇ ਲੀਡਰ, ਆਪੋ-ਆਪਣੇ ਸਾਧ, ਆਪੋ-ਆਪਣੇ ਮੰਦਿਰ-ਗੁਰਦੁਆਰੇ, ਆਪੋ-ਆਪਣੇ ਚੌਧਰਪੁਣੇ ਛੱਡ ਦਿਓ, ਇਸ ਵਿੱਚ ਹੀ ਤੁਹਾਡਾ ਤੇ ਦਲਿਤ ਸਮਾਜ ਦਾ ਭਵਿੱਖ ਸੁਰੱਖਿਅਤ ਹੈ। ਨਹੀਂ ਤਾਂ ਯਾਦ ਰੱਖੀਓ ਜੇ ਹੌਲੀ-ਹੌਲੀ ਸਮਾਜ ਹੀ ਮੁਕ ਗਿਆ ਤਾਂ ਤੁਸੀਂ ਆਪਣਾ ਚੌਧਰਪੁਣਾ ਕਿਸ 'ਤੇ ਚਲਾਉਣਾ ਹੈ, ਫਿਲਹਾਲ ਤੁਹਾਡੀਆਂ ਕਰਤੂਤਾਂ ਉਸ ਲੱਕੜਹਾਰੇ ਵਾਂਗ ਹਨ, ਜਿਹੜਾ ਜਿਸ ਟਾਹਣੀ 'ਤੇ ਬੈਠਾ ਹੈ, ਉਸ ਨੂੰ ਹੀ ਵੱਢੀ ਜਾ ਰਿਹਾ ਹੈ। ਬਾਕੀ ਮੇਰੀ ਤਾਂ ਤੁਹਾਡੇ ਅੱਗੇ ਗੁਜਾਰਿਸ਼ ਹੀ ਹੈ, ਤੁਸੀਂ ਖੁਦ ਕਾਫ਼ੀ ਸਮਝਦਾਰ ਹੋ। ਕਿਤੇ ਇਹ ਨਾ ਹੋਵੇ ਕਿ ਤੁਹਾਡੀਆਂ ਜ਼ਿਆਦੀਆਂ ਚਤੁਰਾਈਆਂ ਤੁਹਾਡੇ ਬੱਚਿਆਂ ਅੱਗੇ ਵੀ ਕੰਢੇ ਬੀਜ ਦੇਣ, ਜਿਹੜੇ ਕੱਢਣੇ ਨਾਮੁਮਕਿਨ ਹੋ ਜਾਣ।
- ਅਜੇ ਕੁਮਾਰ

No comments:

Post a Comment