Sunday 18 December 2022

ਝਾੜੂ ਅਤੇ ਹੰਟਰ


ਭਾਵੇਂ ਭਾਰਤੀ ਸੰਵਿਧਾਨ ਲਿਖਣ ਸਮੇਂ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਅਖੌਤੀ ਦੇਸ਼ ਪ੍ਰੇਮੀ ਉਨ੍ਹਾਂ ਦੇ ਵਿਰੋਧੀਆਂ ਨੇ ਬਹੁਤ ਸਾਰੀਆਂ ਰੁਕਾਟਵਾਂ ਪਾਈਆਂ ਪਰ ਫਿਰ ਵੀ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਪਾਸ ਹੋ ਜਾਣ ’ਤੇ ਸੰਵਿਧਾਨ ਸਭਾ ’ਚ ਇਹ ਗੱਲ ਕਹੀ ਸੀ ਕਿ ਭਾਰਤੀ ਸੰਵਿਧਾਨ ਯੁੱਧ ਤੇ ਸ਼ਾਂਤੀ ਦੋਨੋਂ ਵੇਲੇ ਤਰਕਸੰਗਤ ਹੈ। ਪਰ ਸ਼ਰਤ ਇਹ ਹੈ ਕਿ ਇਸ ਨੂੰ ਲਾਗੂ ਕਰਨ ਵਾਲੇ ਲੋਕ ਇਮਾਨਦਾਰ ਹੋਣ ਤੇ ਪੂਰੀ ਤਰ੍ਹਾਂ ਲਾਗੂ ਕਰਨ। ਉਨ੍ਹਾਂ ਨੇ ਨਾਲ ਇਹ ਵੀ ਕਿਹਾ ਸੀ ਕਿ ਭਾਰਤ ਨੂੰ ਸਹੀ ਦਿਸ਼ਾ ਵੱਲ ਲੈ ਜਾਣ ਲਈ ਇਕ ਹੱਥ ਵਿੱਚ ਝਾੜੂੁ ਤੇ ਦੂਜੇ ਹੱਥ ਵਿੱਚ ਹੰਟਰ ਹੋਣਾ ਚਾਹੀਦਾ ਹੈ। ਕਹਿਣ ਦਾ ਭਾਵ ਕਿ ਝਾੜੂ ਨਾਲ ਗੰਦਗੀ ਸਾਫ ਕਰਨੀ ਹੈ ਤੇ ਹੰਟਰ ਨਾਲ ਗੰਦਗੀ ਪਾਉਣ ਵਾਲੇ ਹੱਥਾਂ ਨੂੰ ਰੋਕਣਾ ਹੋਵੇਗਾ। ਅੱਜ ਬਾਬਾ ਸਾਹਿਬ ਅੰਬੇਡਕਰ ਦੇ ਇਨ੍ਹਾਂ ਕਥਨਾਂ ਨੂੰ ਸੰਪੂਰਣ ਰੂਪ ਦੇਣਾ ਦੇਸ਼ ਲਈ ਅਤੀ ਜ਼ਰੂਰੀ ਹੈ ਅਤੇ ਅਤਿ ਫਾਇਦੇਮੰਦ ਹੋਵੇਗਾ ਕਿਉਂਕਿ ਦੇਸ਼ ਇਸ ਸਮੇਂ ਜਿਹੜੀ ਅੰਨੀ ਗੁਫਾ ਵੱਲ ਵਧ ਰਿਹਾ ਹੈ ਜਿਸ ਵਿੱਚ ਦੁੱਖ, ਦਰਦ, ਗਰੀਬੀ, ਬੇਰੁਜ਼ਗਾਰੀ, ਅੱਤਿਆਚਾਰ, ਦੰਗੇ-ਫਸਾਦ ਅਤੇ ਬਰਬਾਦੀ ਤੋਂ ਇਲਾਵਾ ਕੁਝ ਨਜ਼ਰ ਨਹੀਂ ਆ ਰਿਹਾ। ਕਿਉਂਕਿ ਲੋਕਤੰਤਰ ਦਾ ਪੂਰੀ ਤਰ੍ਹਾਂ ਘਾਣ ਹੋ ਚੁੱਕਿਆ ਹੈ। ਮੀਡੀਆ ਨੇ ਜਿੱਥੇ ਸੱਤਾਧਿਰ ਦੇ ਲਈ ਮੋਮਬੱਤੀ ਦਾ ਕੰਮ ਕਰਨਾ ਸੀ ਉਥੇ ਉਹ ਅਗਰਬੱਤੀ ਦਾ ਕੰਮ ਕਰ ਰਿਹਾ ਹੈ। ਦੇਸ਼ ਦੀ ਗੱਲ ਆਉਣ ਵਾਲੇ ਦਿਨਾਂ ਵਿੱਚ ਕਰਾਂਗੇ। ਅੱਜ ਅਸੀਂ ਗੱਲ ਕਰਦੇ ਹਾਂ ਜਿੱਥੇ ਸਭ ਤੋਂ ਵੱਧ ਖਤਰਾ ਮੰਡਰਾ ਰਿਹਾ ਹੈ ਕਹਿਣ ਦਾ ਭਾਵ ਪੰਜਾਬ। ਪੰਜਾਬ ’ਚ ਇਸ ਵਾਰ ਦੀਆਂ ਚੋਣਾਂ ’ਚ ਇਕ ਨਵਾਂ ਤਜ਼ਰਬਾ ਹੋਇਆ ਹੈ ਤੇ ਨਵੇਂ ਨਤੀਜੇ ਸਾਹਮਣੇ ਆਏ ਹਨ। ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਚਾਰੇ ਖਾਨੇ ਚਿੱਤ ਕਰ ਦਿੱਤਾ ਹੈ। ਲੋਕਾਂ ਨੇ ਡੇਰੇ, ਸੰਤ, ਧਰਮ, ਜਾਤ, ਮਜਹਬ ਸਭ ਨੂੰ ਨਕਾਰ ਕੇ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਨਾਲ ਜਿਤਾਇਆ ਹੈ ਤੇ ਹੁਣ ਆਮ ਆਦਮੀ ਪਾਰਟੀ ਦੇ ਸਾਹਮਣੇ ਪੰਜਾਬ ਨੂੰ ਤਬਾਹੀ ਤੋਂ ਬਚਾਉਣ ਲਈ ਬਹੁਤ ਸਾਰੀਆਂ ਮੁਸ਼ਕਲਾਂ ਫਨੀਅਰ ਸੱਪ ਵਾਂਗੂੰ ਫੁੰਕਾਰੇ ਮਾਰ ਰਹੀਆਂ ਹਨ। ਸਭ ਤੋਂ ਪਹਿਲਾਂ ਪੰਜਾਬ ਦਾ 3 ਲੱਖ ਕਰੋੜ ਦਾ ਕਰਜ਼ਾ ਤੇ ਉਸ ’ਤੇ ਸਾਲ ਦਾ ਲਗਭਗ 28 ਹਜ਼ਾਰ ਕਰੋੜ ਰੁਪਇਆ ਕਰਜ਼ੇ ਦੀ ਰਕਮ ਦੇ ਵਿਆਜ ਦਾ ਭੁਗਤਾਨ ਕਰਨਾ, ਲੰਬਾ-ਚੌੜਾ ਰਕਬਾ ਗੁਆਂਢੀ ਘਟੀਆ ਮੁਲਕ ਪਾਕਿਸਤਾਨ ਨਾਲ ਬਾਰਡਰ ਲੱਗਣ ਕਾਰਣ ਅੱਤਵਾਦ, ਜਾਅਲੀ ਕਰੰਸੀ, ਨਸ਼ੇ ਦੀ ਤਸਕਰੀ, ਹਰ ਵੇਲੇ ਡਰ-ਖੌਫ, ਡੇਢ ਲੱਖ ਨੌਜਵਾਨ ਚਿੱਟੇ ਅਤੇ ਹੋਰ ਕੈਮੀਕਲਾਂ ਦੇ ਨਸ਼ੇ ਕਰਕੇ ਆਪਣੀ ਜ਼ਿੰਦਗੀ ਤਾਂ ਬਰਬਾਦ ਕਰ ਹੀ ਰਿਹਾ ਹੈ ਨਾਲ ਆਲੇ-ਦੁਆਲੇ ਦੇ ਮਹੌਲ ਨੂੰ ਵੀ ਭਿਆਨਕ ਬਣਾ ਰਿਹਾ ਹੈ। ਕਿਉਂਕਿ ਡੇਢ ਲੱਖ ਲੱਖ ਨਸ਼ੇੜੀ ਦਾ ਮਤਲਬ ਹੈ ਘੱਟੋ-ਘੱਟ 15 ਲੱਖ ਬੰਦਾ ਉਸ ਨਸ਼ੇੜੀ ਕਰਕੇ ਸਹਿਮਿਆ ਡਰਿਆ ਤੇ ਚਿੰਤਤ ਰਹਿਣਾ, ਜਿਹਦੇ ਕਰਕੇ ਉਸ ਨੂੰ ਵੀ ਅਨੇਕਾਂ ਬਿਮਾਰੀਆਂ ਲੱਗ ਜਾਣੀਆਂ ਹਨ। ਉਸ ਨੂੰ ਬਚਾਉਣ ਵਾਲੀ ਜਾਂ ਸੇਧ ਦੇਣ ਵਾਲੀ ਪੰਜਾਬ ਪੁਲਿਸ ਜਿਸ ਦੇ ਮੁਲਾਜ਼ਮਾਂ ਦੀ ਗਿਣਤੀ ਵੀ ਇੰਨੀ ਘੱਟ ਹੈ ਕਿ 1 ਹਜ਼ਾਰ ਬੰਦੇ ਮਗਰ 1 ਪੁਲਿਸ ਮੁਲਾਜ਼ਮ ਆਉਂਦਾ ਹੈ ਤੇ ਉਸ ਕੋਲ ਵੀ ਲੋਕਾਂ ਦੀ ਰੱਖਿਆ ਤਾਂ ਛੱਡੋ ਆਪਣੀ ਰੱਖਿਆ ਦੇ ਵੀ ਪੂਰੇ ਅਤੇ ਭਰੋਸੇਯੋਗ ਸਾਧਨ ਨਹੀਂ ਹਨ। ਮੌਜੂਦਾ ਪੁਲਿਸ ’ਚੋਂ ਵੀ 80 ਪ੍ਰਤੀਸ਼ਤ ਪੁਲਿਸ ਮੁਲਾਜ਼ਮ ਬੀ.ਪੀ., ਸ਼ੂਗਰ, ਟੈਂਸ਼ਨ ਅਤੇ ਹੋਰ ਬਿਮਾਰੀਆਂ ਨਾਲ ਪੀੜਤ ਹਨ। ਜਿਸਦਾ ਮੁੱਖ ਕਾਰਣ ਉਸ ਦੀ ਡਿਊਟੀ ਦਾ, ਖਾਣ-ਪੀਣ, ਸੌਣ ਤੇ ਘਰ-ਪਰਿਵਾਰ ਜਾਣ ਦਾ ਪੱਕਾ ਸਮਾਂ ਨਾ ਹੋਣਾ ਹੈ। ਉਸ ਨੂੰ ਬਣਦਾ ਮਾਨ-ਸਨਮਾਨ ਨਹੀਂ ਕੀ ਮਿਲਣਾ ਬਲਕਿ ਲੋਕਾਂ ਦੀਆਂ ਅੱਖਾਂ ’ਚ ਉਨ੍ਹਾਂ ਦੀ ਰੱਤੀ ਭਰ ਵੀ ਇੱਜ਼ਤ ਨਹੀਂ ਹੈ ਤੇ ਆਏ ਦਿਨ ਲੀਡਰ ਤੇ ਉਨ੍ਹਾਂ ਦੇ ਚੇਲੇ-ਚਪਾਟੇ ਤੇ ਗੰਦੇ ਗੁੰਡਾ ਅਨਸਰ ਉਨ੍ਹਾਂ ਨੂੰ ਜਲੀਲ ਵੀ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਪੰਜਾਬ ਗੈਂਗਸਟਰ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਦਾ ਸਭ ਤੋਂ ਵੱਡਾ ਅੱਡਾ ਬਣਦਾ ਜਾ ਰਿਹਾ ਹੈ। 40 ਲੱਖ ਪੜਿ੍ਹਆ-ਲਿਖਿਆ ਪੰਜਾਬੀ ਨੌਜਵਾਨ ਬੇਰੁਜ਼ਗਾਰੀ ਦੀ ਦਲਦਲ ਵਿੱਚ ਫਸ ਕੇ ਹਰ ਰੋਜ਼ ਨਿਰਾਸ਼ਾ ਭਰੀ ਜ਼ਿੰਦਗੀ ਜਿਊਣ ਤੇ ਮਜ਼ਬੂਰ ਹੈ। ਪਿਛਲੇ 10 ਸਾਲਾਂ ’ਚ ਪੰਜਾਬ ਦਾ ਤਕਰੀਬਨ 15 ਲੱਖ ਨੌਜਵਾਨ 3 ਲੱਖ ਕਰੋੜ ਰੁਪਇਆ ਖਰਚ ਕੇ ਪੜ੍ਹਾਈ ਦੇ ਬਹਾਨੇ ਬਾਹਰ ਮਜ਼ਦੂਰੀ ਕਰਨ ਨੂੰ ਮਜ਼ਬੂਰ ਹੋਇਆ ਪਿਆ ਹੈ ਤੇ ਉਥੇ ਦਿਨ-ਰਾਤ ਕੰਮ-ਕਾਰ ਕਰ ਰਿਹਾ ਹੈ ਤੇ ਪਿੱਛੇ ਆਪਣੇ ਬੁੱਢੇ ਮਾਂ-ਬਾਪ ਦੀ ਚਿੰਤਾ ਉਸ ਨੂੰ ਸਤਾ ਰਹੀ ਹੈ ਕਿਉਂਕਿ ਇਸ ਸਮੇਂ ਪੰਜਾਬ ’ਚ ਕੋਈ ਵੀ ਸੁਰੱਖਿਅਤ ਨਹੀਂ ਹੈ। ਪੰਜਾਬ ਦੀ ਖੇਤੀਯੋਗ ਧਰਤੀ 80 ਪ੍ਰਤੀਸ਼ਤ ਜ਼ਹਿਰੀਲੀ ਹੋ ਗਈ ਹੈ, ਪਾਣੀ ਮੁੱਕਣ ਕੰਢੇ ਹੈ, ਮਜ਼ਦੂਰ, ਕਿਸਾਨ ਆਤਮਹੱਤਿਆ ਕਰ ਰਹੇ ਹਨ।  ਪਰਾਲੀ ਦਾ ਉਚਿਤ ਪ੍ਰਬੰਧ ਨਾ ਹੋਣ ਕਾਰਣ ਹਵਾ ਵੀ ਸਾਰੀ ਜ਼ਹਿਰੀਲੀ ਹੋ ਗਈ ਹੈ। ਧਰਮ ਦੇ ਨਾਂ ’ਤੇ ਵੀ ਅੱਜਕੱਲ੍ਹ ਤਿੱਖੀਆਂ ਬਿਆਨਬਾਜ਼ੀਆਂ ਆਉਣ ਵਾਲੇ ਕਾਲੇ ਦਿਨਾਂ ਦੀ ਕਨਸੋਅ ਦੇ ਰਹੀਆਂ ਹਨ। ਇਨ੍ਹਾਂ ਸਭ ਕੁਝ ਮੁਸ਼ਕਲਾਂ ਨੂੰ ਠੀਕ ਕਰਨ ਲਈ ਪੰਜਾਬ ਸਰਕਾਰ ਨੂੰ ਝਾੜੂ ਅਤੇ ਹੰਟਰ ਦਾ ਬਾਖੂਬੀ ਬੜੀ ਤੇਜ਼ੀ ਨਾਲ ਇਸਤੇਮਾਲ ਕਰਨਾ ਪਵੇਗਾ। ਭਾਵੇਂ ਸੱਤਾਧਿਰ ਪਾਰਟੀ ਦਾ ਚੋਣ ਨਿਸ਼ਾਨ ਝਾੜੂ ਹੈ ਤੇ ਉਨ੍ਹਾਂ ਨੇ ਰਾਜਨੀਤਕ ਗੰਦਗੀ ਨੂੰ ਲੱਗਭਗ ਟਿਕਾਣੇ ਲਾ ਦਿੱਤਾ ਹੈ ਪਰ ਹੁਣ ਉਨ੍ਹਾਂ ਦਾ ਇਮਤਿਹਾਨ ਇਹ ਹੈ ਕਿ ਕਿਵੇਂ ਉਹ ਝਾੜੂ ਨਾਲ ਸਮਾਜਿਕ ਗੰਦਗੀ ਨੂੰ ਸਾਫ ਕਰਦੇ ਹਨ ਤੇ ਕਿਵੇਂ ਉਹ ਹੰਟਰ ਦਾ ਇਸਤੇਮਾਲ ਕਹਿਣ ਦਾ ਭਾਵ ਕਨੂੰਨ ਦਾ ਸਖਤੀ ਨਾਲ ਇਸਤੇਮਾਲ ਕਰਕੇ ਪੰਜਾਬ ਨੂੰ ਸ਼ਾਂਤਮਈ, ਕਰਜ਼ਾ ਮੁਕਤ ਅਤੇ ਤਰੱਕੀ ਵੱਲ ਤੋਰਦੇ ਹੋਏ ਦੇਸ਼ ਦਾ ਸਿਰਮੌਰ ਸੂਬਾ ਤੇ ਵਿਸ਼ਵ ਦਾ ਬਿਹਤਰੀਨ ਸਥਾਨ ਬਣਾ ਕੇ ਬਾਬੇ ਨਾਨਕ ਦਾ ਪੰਜਾਬ ਤੇ ਭਗਤ ਸਿੰਘ ਦੇ ਖੁਆਬ ਨੂੰ ਸਿਰਜਦੇ ਹਨ। ਇਹ ਸਮਾਂ ਪੰਜਾਬ ਲਈ ਬਹੁਤ ਨਾਜ਼ੁਕ ਹੈ, ਜਿੱਥੇ ਸਰਕਾਰ ਨੇ ਝਾੜੂ ਤੇ ਹੰਟਰ ਦਾ ਸਹੀ ਇਸਤੇਮਾਲ ਕਰਨਾ ਹੈ ਉਥੇ ਸਾਨੂੰ ਸਾਰੇ ਪੰਜਾਬੀਆਂ ਨੂੰ ਵੀ ਚਾਹੀਦਾ ਹੈ ਕਿ ਇਸ ਸਮੇਂ ਅਸੀਂ ਆਪਣੇ ਫਰਜ਼ ਨਿਭਾਈਏ ਤੇ ਸ਼ਾਸ਼ਨ-ਪ੍ਰਸ਼ਾਸਨ ਦਾ ਵੀ ਸਹਿਯੋਗ ਕਰੀਏ ਕਿਉਂਕਿ ਪੰਜਾੱਬ ’ਚ ਰਿਵਾਇਤੀ ਪਾਰਟੀਆਂ ਵੱਲੋਂ ਪਾਈ ਹੋਈ ਲੰਬੇ ਸਮੇਂ ਦੀ ਗੰਦਗੀ ਝੱਟਪਟ ਸਾਫ ਨਹੀਂ ਹੋ ਸਕਦੀ ਇਸ ਨੂੰ ਸਾਫ ਕਰਨ ਲਈ ਕੁਝ ਸਮਾਂ ਲੱਗਣਾ ਜ਼ਰੂਰ ਹੈ ਪਰ ਜੇਕਰ ਜ਼ਿਆਦਾ ਲੰਬਾ ਸਮਾਂ ਲੱਗ ਗਿਆ ਤਾਂ ਉਹ ਬਹੁਤ ਭਿਅੰਕਰ ਤੇ ਦਮ ਘੋਟੂ ਹੋਵੇਗਾ ਜਿਸ ਵਿੱਚ ਪੰਜਾਬ ਦੁਨੀਆਂ ਦੇ ਨਕਸ਼ੇ ’ਤੇ ਸ਼ਾਇਦ ਨਜ਼ਰ ਨਾ ਆਵੇ ਤੇ ਪੰਜਾਬੀ ਵੀ ਦੁਨੀਆਂ ਦੇ ਕੋਨੇ ਤੇ ਬੈਠ-ਬੈਠ ਕੇ ਪੰਜਾਬ ਨੂੰ ਭਰੀਆਂ ਅੱਖਾਂ ਨਾਲ ਯਾਦ ਕਰਦੇ ਨਜ਼ਰ ਆਉਣ।

                                                                                                                                -ਅਜੈ ਕੁਮਾਰ