Tuesday 18 August 2020

ਗੁਰੂ ਨਾਨਕ ਦਾ ਹੋਕਾ-ਪਾਣੀ, ਹਵਾ ਤੇ ਧਰਤੀ ਬਚਾਓ

ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਸਾਰੇ ਵਹਿਮਾਂ-ਭਰਮਾਂ, ਪਾਖੰਡਾਂ ਅਤੇ ਉਨ੍ਹਾਂ ਸਾਰੀਆਂ ਫੋਕਟ ਰੀਤਾਂ-ਰਸਮਾਂ ਤੋਂ ਸੁਚੇਤ ਕੀਤਾ ਜਿਹੜੀਆਂ ਮਾਨਵੀ ਉਦੇਸ਼ਾਂ ਤੋਂ ਦੂਰ ਲੈ ਕੇ ਜਾਂਦੀਆਂ ਸਨ। ਉਨ੍ਹਾਂ ਨੇ ਊਚ-ਨੀਚ ਨੂੰ ਨਕਾਰਦੇ ਹੋਏ ਬਿਨਾਂ ਕਿਸੇ ਭੇਦ-ਭਾਵ ਤੋਂ ਮਾਨਵ ਧਰਮ ਦਾ ਪ੍ਰਚਾਰ ਕੀਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜੀਵਨ ਨੂੰ ਸਫ਼ਲ ਬਣਾ ਕੇ ਕੁਦਰਤ ਨਾਲ ਇਕਮਿਕ ਹੋਣ ਲਈ ਤਿੰਨ ਮੂਲ ਮੰਤਰ ਦਿੱਤੇ, ਕਿਰਤ ਕਰੋ-ਵੰਡ ਛਕੋ ਤੇ ਨਾਮ ਜਪੋ। ਉਨ੍ਹਾਂ ਨੇ ਉਸ ਸਮੇਂ ਦੀ ਗਲੀ-ਸੜੀ ਵਿਵਸਥਾ ਦਾ ਤਿਆਗ ਕਰਦੇ ਹੋਏ ਹੰਕਾਰੀ ਰਾਜਿਆਂ ਦੀ ਵੀ ਪ੍ਰਵਾਹ ਨਾ ਕੀਤੀ। ਉਨ੍ਹਾਂ ਨੇ ਉਸ ਸਮੇਂ ਦੇ ਜਾਬਰ ਰਾਜਿਆਂ ਨੂੰ ਵੀ ਆਪਣੀ ਤਰਕ ਤੇ ਦਲੀਲ ਨਾਲ ਸਾਂਝੀਵਾਲਤਾ ਦਾ ਪਾਠ ਪੜ੍ਹਾਇਆ। ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਚਾਰ ਉਦਾਸੀਆਂ ਕੀਤੀਆਂ। ਇਨ੍ਹਾਂ ਉਦਾਸੀਆਂ ਦੌਰਾਨ ਉਨ੍ਹਾਂ ਦੀ ਗਿਆਨ ਗੋਸ਼ਟੀ ਕਈ ਅਜਿਹੇ ਮਹਾਂਪੁਰਸ਼ ਵਿਦਵਾਨਾਂ ਨਾਲ ਹੋਈ ਜਿਹੜੇ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਪਹਿਲਾਂ ਹੀ ਮਾਨਵ ਧਰਮ ਦਾ ਪ੍ਰਚਾਰ-ਪ੍ਰਸਾਰ ਕਰ ਰਹੇ ਸਨ ਜਿਨ੍ਹਾਂ ਵਿੱਚੋਂ ਮੁੱਖ ਰੂਪ ਵਿੱਚ ਸ੍ਰੀ ਗੁਰੂ ਰਵਿਦਾਸ, ਸਤਿਗੁਰੂ ਕਬੀਰ ਆਦਿ ਮਹਾਂਪੁਰਸ਼ ਸਨ। ਅਜਿਹੇ ਮਹਾਂਪੁਰਸ਼ਾਂ ਦੇ ਨਾਲ ਗਿਆਨ ਚਰਚਾ ਦੌਰਾਨ ਇਨ੍ਹਾਂ ਦੀ ਗੁਰਬਾਣੀ ਅਤੇ ਹੋਰ ਵੀ ਅਜਿਹੇ ਮਹਾਂਪੁਰਸ਼ਾਂ ਦੇ ਨਾਲ ਗਿਆਨ ਗੋਸ਼ਟੀਆਂ ਕਰਕੇ ਇਕ ਅਜਿਹਾ ਫਲਸਫਾ ਤਿਆਰ ਕੀਤਾ ਜਿਸ ਤੋਂ ਸੇਧ ਲੈ ਕੇ ਅਨੇਕਾਂ ਮਨੁੱਖਾਂ ਨੇ ਮਹਾਨਤਾ ਦੇ ਉਸ ਸਿਖ਼ਰ ਨੂੰ ਛੋਹਿਆ ਜਿਸ ਦੀ ਕਲਪਨਾ ਕਰਨਾ ਵੀ ਆਮ ਮਨੁੱਖ ਦੇ ਵੱਸ ਦੀ ਗੱਲ ਨਹੀਂ ਸੀ। ਅੱਜ ਸਾਰਾ ਸੰਸਾਰ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਬੜੇ ਜ਼ੋਰਾਂ-ਸ਼ੋਰਾਂ, ਜੋਸ਼, ਸਤਿਕਾਰ ਅਤੇ ਲਗਨ ਨਾਲ ਮਨਾ ਰਿਹਾ ਹੈ। ਇਹ ਸਮਾਗਮ ਵਿਸ਼ਵ ਭਰ ਵਿੱਚ ਗੁਰੂ ਨਾਨਕ ਸਾਹਿਬ ਦੀਆਂ ਨਾਮ ਲੇਵਾ ਸੰਗਤਾਂ ਮਨਾ ਰਹੀਆਂ ਹਨ। ਜਿੱਥੇ ਗੁਰੂ ਨਾਨਕ ਸਾਹਿਬ ਨੇ ਕਿਰਤ ਕਰੋ-ਵੰਡ ਛਕੋ-ਨਾਮ ਜਪੋ ਦਾ ਮੂਲ ਮੰਤਰ ਦਿੱਤਾ ਉਥੇ ਉਨ੍ਹਾਂ ਨੇ ਪਵਨ ਗੁਰੂ, ਪਾਣੀ ਪਿਤਾ ਅਤੇ ਧਰਤ ਨੂੰ ਮਾਤਾ ਕਹਿ ਕੇ ਸੰਬੋਧਿਤ ਕੀਤਾ। ਹੁਣ ਵਿਚਾਰਨ ਵਾਲੀ ਗੱਲ ਹੈ ਕਿ ਗੁਰੂ ਨਾਨਕ ਮਹਾਰਾਜ ਜੀ ਦੇ ਨਾਮ ਤੇ ਉਸਾਰੇ ਗਏ ਗੁਰੂ ਘਰਾਂ ਵਿੱਚ ਬੜੀਆਂ ਰੌਣਕਾਂ, ਰੋਸ਼ਨੀਆਂ ਹਨ ਅਤੇ ਉਨ੍ਹਾਂ ਦੀ ਉਸਤਤ ਵਿੱਚ ਬਾਣੀ ਦੇ ਪਾਠ ਹੋ ਰਹੇ ਹਨ, ਲੰਗਰ-ਛਬੀਲਾਂ ਲਗਾਏ ਜਾ ਰਹੇ ਹਨ, ਹੋਰ ਵੀ ਕਈ ਤਰ੍ਹਾਂ ਦੇ ਧਾਰਮਿਕ, ਸਮਾਜਿਕ ਕੰਮਾਂ ਤੋਂ ਇਲਾਵਾ ਗਿਆਨ ਗੋਸ਼ਟੀਆਂ ਕਰਵਾਈਆਂ ਜਾ ਰਹੀਆਂ ਹਨ। ਪਰ ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਤੇ ਇਹ ਸਾਰੇ ਪ੍ਰੋਗਰਾਮ ਇਕ ਸਮਾਗਮ ਤੱਕ ਹੀ ਤਾਂ ਸੀਮਤ ਨਹੀਂ ਰਹਿ  ਜਾਣਗੇ। ਜੇ ਗੁਰੂ ਨਾਨਕ ਸਾਹਿਬ ਨੇ ਇਹ ਫੁਰਮਾਇਆ ਹੈ ਕਿ ਕਿਰਤ ਕਰੋ-ਵੰਡ ਛਕੋ-ਨਾਮ ਜਪੋ। ਤਾਂ ਅਸੀਂ ਇਸ ਸਿਧਾਂਤ ਨੂੰ ਲੈ ਕੇ ਖੜ੍ਹੇ ਕਿੱਥੇ ਹਾਂ। ਇਹ ਬੜੀ ਲੰਬੀ ਅਤੇ ਡੂੰਘੀ ਵਿਚਾਰ-ਚਰਚਾ ਦਾ ਵਿਸ਼ਾ ਹੈ ਇਸ ਵੱਲ ਪੂਰੀ ਇਮਾਨਦਾਰੀ ਨਾਲ ਧਿਆਨ ਦੇਣ ਦੀ ਲੋੜ ਹੈ। ਪਰ ਇਸ ਸਮੇਂ ਜਿਸ ਸੰਕਟ ਦੇ ਦੌਰ 'ਚੋਂ ਅਸੀਂ ਗੁਜਰ ਰਹੇ ਹਾਂ ਉਸ ਸੰਕਟ ਨੂੰ ਬਿਨਾਂ ਕਿਸੇ ਦੇਰੀ ਤੋਂ ਹੱਲ ਕਰਨ ਦੇ ਲਈ ਅਸੀਂ ਕੀ ਕਰ ਰਹੇ ਹਾਂ, ਕਿੰਨੀ ਜਲਦੀ ਇਸ ਦਾ ਹੱਲ ਲੱਭਾਂਗੇ, ਮੁੱਖ ਵਿਚਾਰ ਕਰਨ ਵਾਲੀ ਇਹ ਗੱਲ ਹੈ। ਮੇਰੇ ਕਹਿਣ ਦਾ ਭਾਵ ਕਿ ਗੁਰੂ ਨਾਨਕ ਸਾਹਿਬ ਦੇ ਵਾਕਾਂ ਅਨੁਸਾਰ ਧਰਤੀ ਮਾਤਾ, ਪਵਨ ਗੁਰੂ ਅਤੇ ਪਾਣੀ ਪਿਤਾ ਹੈ, ਪਰ ਦੁੱਖ ਦੀ ਗੱਲ ਇਹ ਹੈ ਕਿ ਜਿਸ ਮਹਾਨ ਗੁਰੂ ਨੇ ਸਾਨੂੰ ਕੁਦਰਤ ਨਾਲ ਪਿਆਰ ਅਤੇ ਉਸ ਦੀ ਰੱਖਿਆ ਕਰਨ ਦੇ ਲਈ ਕਿਹਾ ਅਸੀਂ ਸਾਰੀ ਕੁਦਰਤ ਤਾਂ ਛੱਡੋ ਉਸ ਮਹਾਨ ਗੁਰੂ ਸਾਹਿਬ ਦੀ ਚਰਨ ਛੋਹ ਧਰਤੀ ਨੂੰ, ਇਥੋਂ ਦੀ ਹਵਾ ਅਤੇ ਪਾਣੀ ਤਿੰਨੋਂ ਕੁਦਰਤ ਦੇ ਬੇਮਿਸਾਲ ਤੋਹਫਿਆਂ ਨੂੰ ਜ਼ਹਿਰੀਲਾ ਕਰ ਚੁੱਕੇ ਹਾਂ ਜਾਂ ਇੰਝ ਵੀ ਕਹਿ ਸਕਦੇ ਹਾਂ ਸਾਡਾ ਪਿਤਾ, ਮਾਤਾ ਅਤੇ ਗੁਰੂ ਤਿੰਨੋਂ ਹੀ ਸਖਤ ਬੀਮਾਰ ਹਨ ਤੇ ਇਨ੍ਹਾਂ ਦਾ ਇਲਾਜ ਕਰਨ ਵੱਲ ਕਿਸੇ ਦਾ ਖਿਆਲ ਨਹੀਂ ਹੈ। ਹਾਂ ਇੰਨਾ ਜ਼ਰੂਰ ਹੈ ਕਿ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਜਾਂ ਸਮਾਜ ਵਿੱਚ ਆਪਣਾ ਦਬਦਬਾ ਬਣਾਉਣ ਲਈ ਅਸੀਂ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਸਮਾਗਮ ਕਰਕੇ ਆਪਣੇ-ਆਪ ਨੂੰ ਨਾਨਕ ਨਾਮ ਲੇਵਾ ਸਾਬਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ। ਇਸ ਦੇ ਨਾਲ ਇਹ ਵੀ ਗੱਲ ਹੈ ਕਿ ਧਾਰਮਿਕ ਜਥੇਬੰਦੀਆਂ ਵੀ ਜ਼ਿਆਦਾਤਰ ਗੁਰੂ ਨਾਨਕ ਸਾਹਿਬ ਦੀ ਗੁਰਬਾਣੀ ਨੂੰ ਵਿਵਹਾਰਕ ਤੌਰ 'ਤੇ ਲਾਗੂ ਕਰਵਾਉਣ ਦੀ ਬਜਾਇ ਢੋਲਕੀ-ਛੈਣੇ ਵਜਾਉਣ ਵਿੱਚ ਹੀ ਰੁੱਝੀਆਂ ਹੋਈਆਂ ਹਨ। ਫਿਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਅਸੀਂ ਗੁਰੂ ਨਾਨਕ ਦੀ ਰਾਹ 'ਤੇ ਚੱਲ ਹੀ ਨਹੀਂ ਰਹੇ ਤਾਂ ਫਿਰ ਗੁਰੂ ਨਾਨਕ ਨਾਲ ਸਾਡਾ ਰਿਸ਼ਤਾ ਕੀ ਹੈ। ਗੁਰੂ ਨਾਨਕ ਨਾਲ ਸਾਡਾ ਕੀ ਵਾਸਤਾ ਹੈ। ਜੇ ਗੁਰੂ ਨਾਨਕ ਨਾਲ ਸਾਡਾ ਰਿਸ਼ਤਾ ਹੈ ਤਾਂ ਫਿਰ ਸਾਡੀ ਧਰਤੀ, ਹਵਾ ਤੇ ਪਾਣੀ ਜ਼ਹਿਰੀਲਾ ਕਿਉਂ ਹੈ। ਕੌਣ ਇਸ ਨੂੰ ਰੋਕੇਗਾ। ਕਿਵੇਂ ਤੇ ਕਦੋਂ ਮਾਤਾ, ਪਿਤਾ ਤੇ ਗੁਰੂ ਦਾ ਇਲਾਜ ਕਰਨ ਲਈ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜੰਗੀ ਪੱਧਰ 'ਤੇ ਇਕਜੁੱਟ ਹੋ ਕੇ ਸ਼ੁਰੂਆਤ ਕਰਨਗੀਆਂ। ਨਹੀਂ ਤਾਂ ਅਸੀਂ ਜੋ ਮਰਜ਼ੀ ਕਹੀ ਜਾਈਏ, ਜੋ ਮਰਜ਼ੀ ਕਰੀ ਜਾਈਏ, ਇਤਿਹਾਸ ਦੇ ਪੰਨਿਆਂ ਤੇ ਹਮੇਸ਼ਾ ਇਹੋ ਦਰਜ ਹੋਵੇਗਾ ਕਿ ਗੁਰੂ ਨਾਨਕ ਸਾਹਿਬ ਕੁਲ ਦੁਨੀਆਂ ਨੂੰ ਤਾਰਨ ਆਏ ਸਨ ਤੇ ਉਨ੍ਹਾਂ ਦੀਆਂ ਨਾਮ ਲੇਵਾ ਸੰਗਤਾਂ ਜ਼ਿਆਦਾਤਰ ਉਹੀ ਰੀਤੀ-ਰਿਵਾਜ਼ਾਂ, ਰਸਮਾਂ ਦੇ ਘੁੰਮਣ-ਘੇਰੇ ਵਿੱਚ ਫਸੀਆਂ ਹੋਈਆਂ ਹਨ ਜਿਨ੍ਹਾਂ ਦਾ ਖੰਡਨ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਤਾ-ਉਮਰ ਕੀਤਾ।

- ਅਜੇ ਕੁਮਾਰ

No comments:

Post a Comment