Tuesday 18 August 2020

ਬੁੱਢਾ ਤੇ ਬੀਮਾਰ ਪੰਜਾਬ

ਪੰਜਾਬ ਇਸ ਵਕਤ ਬੁੱਢਾ ਤੇ ਬੀਮਾਰ ਹੈ। ਅਜਿਹੇ ਫਿਕਰੇ ਬਾਰੇ ਸੋਚਦਿਆਂ ਹੀ ਕਲੇਜਾ ਮੂੰਹ ਨੂੰ ਆਉਂਦਾ ਹੈ। ਪਰੰਤੂ ਕਬੂਤਰ ਵਾਂਗ ਅੱਖਾਂ ਮੀਟਿਆਂ ਵੀ ਕਦੋਂ ਤੱਕ ਗੁਜ਼ਾਰਾ ਹੋਵੇਗਾ। ਪੰਜਾਬ ਦੀ ਜਵਾਨੀ ਜਾਂ ਤਾਂ 'ਬ੍ਰੇਨ ਡ੍ਰੇਨ' ਹੋ ਗਈ ਤੇ ਵਿਦੇਸ਼ੀਂ ਜਾ ਬੈਠੀ। ਜਾਂ ਫਿਰ ਬੇਰੁਜ਼ਗਾਰੀ ਦੇ ਥਪੇੜੇ ਸਹਿੰਦਿਆਂ ਫਰਸਟਰੇਟ ਹੋ ਕੇ ਨਸ਼ੇ ਦੀ ਗ੍ਰਿਫ਼ਤ 'ਚ ਆ ਗਈ। ਮਾਲਵੇ ਦੀ ਕੈਂਸਰ ਪੱਟੀ ਨੇ ਹਰ ਘਰ ਨੂੰ ਆਪਣੇ ਲਪੇਟੇ 'ਚ ਲੈ ਲਿਆ। ਕਾਰਪੋਰੇਟ ਘਰਾਣਿਆਂ ਨੇ ਜ਼ਹਿਰਾਂ ਦਾ ਹੜ ਲਿਆ ਦਿੱਤਾ ਤੇ ਪੰਜਾਬ ਦੀ ਸਿਹਤ ਨੂੰ ਕੱਖੋਂ ਹੌਲੀ ਕਰ ਦਿੱਤਾ। ਛੋਟੇ-ਛੋਟੇ ਬੱਚਿਆਂ ਦੇ ਦਿਲ ਦੇ ਰੋਗਾਂ ਨਾਲ ਪੀੜਤ ਹੋ ਜਾਣਾ, ਮੰਦਬੁੱਧੀ ਬੱਚੇ ਪੈਦਾ ਹੋਣੇ, ਲਕਵੇ ਦਾ ਮਾਰਿਆ ਜਾਣਾ, ਕੁਪੋਸ਼ਣ ਉਹ ਅਲਾਮਤਾਂ ਨੇ ਜਿਹੜੀਆਂ ਕਿਸੇ ਵੇਲੇ ਹਿੰਮਤੀ ਪੰਜਾਬ ਤੋਂ ਕੋਹਾਂ ਦੂਰ ਸਨ ਤੇ ਉਹ ਆਪਣੀ ਹੱਡ ਭੰਨਵੀਂ ਮਿਹਨਤ ਨਾਲ ਦੇਸ਼ ਦੇ ਅਨਾਜ ਭੰਡਾਰ ਭਰ ਰਿਹਾ ਸੀ। ਅੱਜ ਉਹੀ ਅਣਖੀ ਕਿਸਾਨ, ਉਹੀ ਖੇਤ ਮਜ਼ਦੂਰ ਆਤਮ ਹੱਤਿਆਵਾਂ ਕਰਨ ਲਈ ਮਜ਼ਬੂਰ ਹੈ। ਇਕ ਗੇੜੀ ਮਾਰਿਆਂ ਪੰਜਾਬ ਦੇ ਪਿੰਡਾਂ 'ਚੋਂ ਜੋ ਤਸਵੀਰ ਸਾਹਮਣੇ ਆਉਂਦੀ ਹੈ ਉਹ ਬੁੱਢੇ ਤੇ ਇਕੱਲਤਾ ਦੇ ਮਾਰੇ ਪੰਜਾਬ ਦੀ ਹੀ ਆਉਂਦੀ ਹੈ। ਜਿਸ ਤਰੀਕੇ ਨਾਲ ਜ਼ਮੀਨ ਹੇਠਲੇ ਪਾਣੀ ਦੀ ਤੱਗੀ ਲਾਲ ਲਕੀਰ ਤੱਕ ਪਹੁੰਚ ਗਈ ਹੈ 80 ਫੀਸਦ ਪੰਜਾਬ ਬੰਜਰ ਹੋਣ ਕਿਨਾਰੇ ਹੈ। ਇਹ ਤੱਥ ਵੀ ਕੌੜੀ ਸੱਚਾਈ ਹੈ ਕਿ ਪੀਣ ਵਾਲੇ ਪਾਣੀ ਦੇ ਸੰਕਟ ਨੂੰ ਲੈ ਕੇ ਪੰਜਾਬ ਭਾਰਤ ਭਰ ਵਿੱਚ ਪਹਿਲੇ ਨੰਬਰ 'ਤੇ ਹੈ।

ਇਸੇ ਤਸਵੀਰ ਦਾ ਇਕ ਪਹਿਲੂ ਇਹ ਵੀ ਹੈ ਕਿ ਅੰਕੜਿਆਂ ਮੁਤਾਬਕ ਇਸ ਸਮੇਂ ਪੰਜਾਬ ਦਾ ਤਕਰੀਬਨ 7 ਲੱਖ ਵਿਦਿਆਰਥੀ ਵਿਦੇਸ਼ਾਂ ਵਿੱਚ ਔਸਤਨ 25 ਤੋਂ 50 ਲੱਖ ਰੁਪਏ ਖਰਚ ਕਰਕੇ ਪੜ੍ਹਨ ਗਿਆ ਹੋਇਆ ਹੈ। ਉਥੇ ਜਾ ਕੇ ਉਹ ਕੁਝ ਸਮਾਂ ਕੱਢ ਕੇ ਮਜ਼ਦੂਰੀ ਕਰਦਾ ਹੈ ਤੇ ਪੜ੍ਹਾਈ ਦੇ ਨਾਲ-ਨਾਲ ਆਪਣਾ ਖਰਚਾ ਚਲਾਉਂਦਾ ਹੈ। ਜਦਕਿ 70% ਵਿਦਿਆਰਥੀ ਆਪਣੇ ਮਾਂ-ਪਿਉ ਤੋਂ ਹੀ ਪੈਸਾ ਮੰਗਵਾਉਂਦੇ ਹਨ। ਜੇ ਇਸ ਦਾ ਜੋੜ ਕਰੀਏ ਤਾਂ ਕਰੀਬ 5 ਲੱਖ ਕਰੋੜ ਰੁਪਏ ਖਰਚ ਕੇ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਮਜ਼ਦੁਰੀ ਕਰ ਰਹੇ ਹਨ, ਇਸ ਦਾ ਮਤਲਬ 5 ਲੱਖ ਕਰੋੜ ਪੰਜਾਬ ਦੀ ਅਰਥ ਵਿਵਸਥਾ ਵਿੱਚੋਂ ਬਾਹਰ ਜਾ ਚੁੱਕਾ ਹੈ। ਦੂਜੇ ਪਾਸੇ 25 ਲੱਖ ਪ੍ਰਵਾਸੀ ਮਜ਼ਦੂਰ ਪੰਜਾਬ ਵਿੱਚ ਕੰਮ ਕਰਦਾ ਹੈ ਜਿਹੜਾ ਕਿ ਤਕਰੀਬਨ ਔਸਤਨ 1000 ਰੁਪਏ ਮਹੀਨਾ ਵੀ ਘਰ ਭੇਜਦਾ ਹੋਵੇ ਤਾਂ ਇਸ ਦਾ ਮਤਲਬ ਲਗਭਗ 30 ਹਜ਼ਾਰ ਕਰੋੜ ਸਲਾਨਾ। ਦੂਜੇ ਪਾਸੇ 20 ਸਾਲ ਅੱਤਵਾਦ ਨਾਲ ਲੜਨ ਵਾਲਾ ਪੰਜਾਬ ਹਾਲੇ ਵੀ ਉਸ ਕਰਜ਼ੇ ਦਾ ਵਿਆਜ ਦੇ ਰਿਹਾ ਹੈ ਜਿਹੜਾ ਕਿ ਸਹੀ ਮਾਅਨਿਆਂ ਵਿੱਚ ਕਰਜ਼ਾ ਬਣਦਾ ਹੀ ਨਹੀਂ ਸੀ, ਉਹ ਤਾਂ ਕੇਂਦਰ ਸਰਕਾਰ ਨੇ ਪੰਜਾਬ ਨਾਲ ਬੇਰੁਖੀ ਦਿਖਾਉਂਦੇ ਹੋਏ ਪੰਜਾਬ ਵੱਲ 30 ਹਜ਼ਾਰ ਕਰੋੜ ਰੁਪਏ ਕਰਜ਼ਾ ਕੱਢ ਦਿੱਤਾ ਜੋ ਕਿ ਅੱਜ ਵਧ ਕੇ ਤਕਰੀਬਨ 2.25 ਲੱਖ ਕਰੋੜ ਰੁਪਏ ਹੋ ਗਿਆ ਹੈ। ਜਾਤ ਦੇ ਅਧਾਰ 'ਤੇ ਗੁਰਦੁਆਰੇ ਤਾਂ ਛੱਡੋ ਸ਼ਮਸ਼ਾਨ ਵੀ ਬਣੇ ਹੋਏ ਹਨ ਜੋ ਗੁਰੂ ਨਾਨਕ ਸਾਹਿਬ ਦੇ ਫੁਰਮਾਨ ਸਾਂਝੀਵਾਲਤਾ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਕੁਰਬਾਨੀ ਨੂੰ ਵੀ ਠੇਂਗਾ ਦਿਖਾਉਂਦੇ ਨਜ਼ਰ ਆ ਰਹੇ ਹਨ।
ਪਰ ਸਮੇਂ ਦੀਆਂ ਘੁਕ ਸੁੱਤੀਆਂ ਸਰਕਾਰਾਂ ਪੰਜਾਬ ਤੋਂ ਇੰਝ ਪਾਸਾ ਵੱਟੀ ਬੈਠੀਆਂ ਹਨ ਜਿਵੇਂ ਕਿ ਉਨ੍ਹਾਂ ਨੇ ਮੰਨ ਲਿਆ ਹੋਵੇ ਕਿ ਪੰਜਾਬ ਨੂੰ ਤਬਾਹ ਕਰਨਾ ਉਨ੍ਹਾਂ ਦਾ ਪਹਿਲਾ ਕਰਮ ਤੇ ਮੁੱਖ ਧਰਮ ਹੈ। ਨਹੀਂ ਤਾਂ ਅਜਿਹੀ ਕੁਦਰਤ ਦੀ ਬੇਸ਼ਕੀਮਤੀ ਵਰਦਾਨ ਪ੍ਰਾਪਤ ਜ਼ਮੀਨ ਅਤੇ ਹੱਡ ਤੋੜਵੀਂ ਮਿਹਨਤ ਕਰਨ ਵਾਲੇ ਲੋਕਾਂ ਦਾ ਇਸ ਕਦਰ ਘਾਣ ਹੁੰਦਾ ਹੋਵੇ ਤਾਂ ਕੋਈ ਵੀ ਹਾਅ ਦਾ ਨਾਅਰਾ ਨਾ ਮਾਰੇ, ਕੋਈ ਵੀ ਉਸ ਨੌਜਵਾਨ ਨਸਲ ਵੱਲ ਬਾਂਹ ਨਾ ਵਧਾਵੇ ਜੋ ਗਹਿਰੀ ਖਾਈ 'ਚ ਡੁੱਬਦੀ ਜਾ ਰਹੀ ਹੈ ਤਾਂ ਇਹ ਗੱਲ ਸਾਫ ਚਿੱਟੇ ਦਿਨ ਵਾਂਗੂੰ ਸਮਝ ਆ ਰਹੀ ਹੈ ਕਿ ਸਰਕਾਰਾਂ ਯੋਜਨਾਬੱਧ ਤਰੀਕੇ ਨਾਲ ਪੰਜਾਬ ਨੂੰ ਤਬਾਹ ਕਰਨ 'ਤੇ ਤੁਲੀਆਂ ਹੋਈਆਂ ਹਨ ਤੇ ਪੰਜਾਬ ਦਾ ਬੁੱਧੀਜੀਵੀ ਕੋਈ ਆਪਣੇ-ਆਪ ਨੂੰ ਗੁਰੂ ਨਾਨਕ ਨਾਮ ਲੇਵਾ, ਕੋਈ ਗੁਰੂ ਰਵਿਦਾਸ ਨਾਮ ਲੇਵਾ, ਕੋਈ ਕਬੀਰ ਪੰਥੀਆ, ਕੋਈ ਅੰਬੇਡਕਰੀ ਤੇ ਕੋਈ ਹੋਰ ਤਗਮਾ ਲੈ ਕੇ ਆਪਣੇ ਛੋਟੇ-ਛੋਟੇ ਮਨੋਰਥਾਂ ਨੂੰ ਸਾਧਣ 'ਚ ਹੀ ਲੱਗੇ ਹੋਏ ਹਨ। ਸਿਰਫ਼ ਤੇ ਸਿਰਫ਼ ਏ. ਸੀ. ਕਮਰਿਆਂ ਵਿੱਚ ਬੈਠ ਕੇ ਗੱਲਾਂ ਕਰੀ ਜਾਣ ਨਾਲ ਹੀ ਕੁਝ ਨਹੀਂ ਸੁਧਰਨਾ, ਸਾਨੂੰ ਜ਼ਮੀਨੀ ਪੱਧਰ 'ਤੇ ਉਤਰਨਾ ਪਵੇਗਾ। ਇਸ ਵਕਤ ਤਾਂ ਖ਼ਾਸ ਕਰਕੇ ਪੰਜਾਬ, ਪੰਜਾਬੀ, ਪੰਜਾਬੀਅਤ ਨੂੰ ਬਣਾਈ ਰੱਖਣ ਲਈ ਵੀ ਮੈਦਾਨ 'ਚ ਆਉਣਾ ਪਵੇਗਾ, ਜਦੋਂ ਆਰ. ਐਸ. ਐਸ. ਆਪਣੇ ਮਨਸੂਬਿਆਂ ਨੂੰ ਲਾਗੂ ਕਰਵਾਉਣ ਲਈ ਪੰਜਾਬੀ ਭਾਸ਼ਾ 'ਤੇ ਜਾਂ ਖੇਤਰੀ ਭਾਸ਼ਾਵਾਂ 'ਤੇ ਜਿਵੇਂ ਧੌਂਸ ਦੀ ਰਾਜਨੀਤੀ ਕਰ ਰਹੀ ਹੈ, ਉਹਦੇ ਮੱਦੇਨਜ਼ਰ।
-ਅਜੇ ਕੁਮਾਰ

No comments:

Post a Comment