Tuesday 18 August 2020

ਤੇਰੇ ਪੈਰੋਂ ਕੇ ਨੀਚੇ ਜ਼ਮੀਨ ਨਹੀਂ ਹੈ ਫਿਰ ਵੀ ਤੁਝੇ ਯਕੀਨ ਨਹੀਂ ਹੈ

'ਤੁਮਹਾਰੀ ਦਾਸਤਾਂ ਵੀ ਨਾ ਬਚੇਗੀ ਦਾਸਤਾਨੋਂ ਮੇਂ'

ਮੈਨੂੰ ਅੱਜ ਦੇ ਪੰਜਾਬ ਦੇ ਹਾਲਾਤ ਦੇਖ ਕੇ ਇਕਬਾਲ ਦਾ ਇਕ ਸ਼ੇਅਰ ਯਾਦ ਆਉਂਦਾ ਏ 'ਨਾ ਸਮਝੋਗੇ ਤੋ ਮਿਟ ਜਾਓਗੇ, ਹਿੰਦੁਸਤਾਨ ਵਾਲੋ ਤੁਮਹਾਰੀ ਦਾਸਤਾਂ ਵੀ ਨਾ ਬਚੇਗੀ ਦਾਸਤਾਨੋਂ ਮੇ'। ਹਿੰਦੁਸਤਾਨ ਦੇ ਹਾਲਾਤਾਂ ਬਾਰੇ ਫਿਰ ਕਦੀ ਗੱਲ ਕਰਾਂਗੇ ਪਰ ਅੱਜ ਦੇ ਪੰਜਾਬ ਦੇ ਹਾਲਾਤਾਂ 'ਤੇ ਇਹ ਸ਼ੇਅਰ ਪੂਰੀ ਤਰ੍ਹਾਂ ਸਹੀ ਢੁਕਦਾ ਹੈ। ਇਕ ਜ਼ਮਾਨਾ ਸੀ ਜਦੋਂ ਪੰਜਾਬ ਦਾ ਜ਼ਿਕਰ ਆਉਂਦੇ ਹੀ ਦਿਮਾਗ ਵਿੱਚ ਖੁਸ਼ਹਾਲੀ ਦੀ ਤਸਵੀਰ ਚਮਕ ਜਾਂਦੀ ਸੀ। ਪੰਜਾਬ ਦਾ ਮਤਲਬ ਸੀ, ਲਹਿਲਾਉਂਦੇ ਖੇਤ, ਹਰ ਘਰ ਧਨ ਦੀ ਆਵਕ, ਦੱਬ ਕੇ ਵਾਹ ਤੇ ਰੱਜ ਕੇ ਖਾਹ ਦੀ ਸੋਚ ਹਰ ਕਿਸਾਨ ਦੇ ਘਰ ਸੀ, ਸਨਅਤ ਵਧਦੀ-ਫੁੱਲਦੀ ਪਈ ਸੀ, ਲੁਧਿਆਣਾ ਸਾਈਕਲ, ਸਲਾਈ ਮਸ਼ੀਨ ਤੇ ਹੌਜਰੀ, ਜਲੰਧਰ ਸਪੋਰਟਸ ਇੰਡਸਟਰੀ, ਰਬੜ, ਹੈਂਡ ਟੂਲ ਦਾ ਧੁਰਾ ਸੀ, ਬਟਾਲਾ-ਗੋਬਿੰਦਗੜ੍ਹ ਲੋਹੇ ਦੇ ਕਾਰੋਬਾਰ ਲਈ ਦੁਨੀਆਂ ਭਰ 'ਚ ਮਸ਼ਹੂਰ ਸੀ, ਗੁਰੂ ਕੀ ਨਗਰੀ ਅੰਮ੍ਰਿਤਸਰ ਵਪਾਰ ਦਾ ਗੜ੍ਹ ਸੀ। ਸਾਰੀ ਦੁਨੀਆਂ ਦੀ ਅੱਖ ਦਾ ਤਾਰਾ ਸੀ ਪੰਜਾਬ, ਪੰਜਾਬ ਦੀ ਔਸਤ ਆਮਦਨ ਦੇਸ਼ ਭਰ ਵਿੱਚ ਨੰਬਰ ਇੱਕ ਹੁੰਦੀ ਸੀ, ਪੰਜਾਬ ਅਤੇ ਭੁੱਖਮਰੀ ਦਾ ਦੂਰ-ਦੂਰ ਦਾ ਤਾਅਲੁਕ ਨਹੀਂ ਸੀ। ਪੰਜਾਬ ਨੂੰ ਅੰਨ ਦਾ ਕਟੋਰਾ ਕਿਹਾ ਜਾਂਦਾ ਸੀ, ਸਾਰੇ ਦੇਸ਼ ਦਾ ਢਿੱਡ ਪੰਜਾਬ ਦੇ ਅੰਨ ਰਾਹੀਂ ਭਰਿਆ ਜਾਂਦਾ ਸੀ। ਇਤਿਹਾਸ ਦੱਸਦਾ ਹੈ ਕਿ ਪੰਜਾਬ ਨੇ 2500 ਸਾਲ ਪਹਿਲਾਂ ਸਿਕੰਦਰ ਦਾ ਮੁਕਾਬਲਾ ਕੀਤਾ ਤੇ ਮੁਗਲ ਹੋਣ ਜਾਂ ਹੋਰ ਹਰ ਤਰ੍ਹਾਂ ਦੇ ਬਾਹਰੀ ਹਮਲਿਆਂ ਦੀ ਸਭ ਤੋਂ ਵੱਧ ਪੀੜ ਪੰਜਾਬ ਨੂੰ ਝੱਲਣੀ ਪਈ, ਇਸ ਦੇ ਬਾਵਜੂਦ ਵੀ ਪੰਜਾਬ ਸਿਰਮੌਰ ਬਣਿਆ ਰਿਹਾ। ਇਹ 2500 ਸਾਲ ਦੇ ਹਮਲੇ ਪੰਜਾਬ ਤੇ ਪੰਜਾਬੀਆਂ ਦੀ ਹਿੰਮਤ ਨਾ ਤੋੜ ਸਕੇ ਪਰ ਪਿਛਲੇ 40 ਸਾਲਾਂ 'ਚ ਸਾਡੇ ਸਿਆਸਤਦਾਨਾਂ ਨੇ ਪੰਜਾਬ ਨੂੰ ਬਰਬਾਦੀ ਦੇ ਕੰਢੇ ਲਿਆ ਕੇ ਖੜ੍ਹਾ ਕਰ ਦਿੱਤਾ। ਮੈਂ ਕਿਸੇ ਪਾਰਟੀ ਦਾ ਨਾਮ ਨਹੀਂ ਲੈਣਾ ਚਾਹੁੰਦਾ ਪਰ ਇੰਨੀ ਗੱਲ ਜ਼ਰੂਰ ਕਹਾਂਗਾ ਦੋਹਾਂ ਹੀ ਪਾਰਟੀਆਂ ਨੇ ਪੰਜਾਬ ਦੀ ਸਿਆਸਤ ਕ੍ਰਿਕੇਟ ਦੇ ਟਵੰਟੀ-20 ਮੈਚ ਵਾਂਗ ਕੀਤੀ, ਪੰਜ ਸਾਲ ਤੇਰੀ ਵਾਰੀ, ਪੰਜ ਸਾਲ ਮੇਰੀ ਵਾਰੀ। ਅਤੇ ਦੋਹਾਂ ਟੀਮਾਂ ਦਾ ਕੰਮ ਹੈ ਗੇਂਦ ਦੀ ਰੱਜ ਕੇ ਠੁਕਾਈ ਕਰਨੀ। ਮੈਨੂੰ ਲੱਗਦਾ ਹੈ ਸ਼ਾਇਦ ਇਹ ਦੱਸਣਾ ਜ਼ਰੂਰੀ ਨਹੀਂ ਕਿ ਪੰਜਾਬ ਦੀ ਸਿਆਸਤ ਦੇ ਟਵੰਟੀ-20 ਮੈਚਾਂ ਵਿੱਚ ਗੇਂਦ ਪੰਜਾਬ ਦੀ ਜਨਤਾ ਹੀ ਰਹੀ ਹੈ, ਜਿਹਨੂੰ ਰੱਜ ਕੇ ਠੁਕਾਈ ਦਾ ਸਾਹਮਣਾ ਕਰਨਾ ਪਿਆ। ਪੰਜਾਬ ਦੇ ਤਾਜ਼ਾ ਬਜਟ ਮੁਤਾਬਕ ਪੰਜਾਬ 2.50 ਲੱਖ ਕਰੋੜ ਦਾ ਕਰਜ਼ਦਾਰ ਹੈ। ਪੰਜਾਬ 'ਚ ਰਹਿੰਦਾ ਹਰ ਇਕ ਪੰਜਾਬੀ ਉਹ 90 ਸਾਲ ਦਾ ਬਜ਼ੁਰਗ ਹੋਵੇ ਭਾਵੇਂ 9 ਮਹੀਨੇ ਦਾ ਬੱਚਾ ਹੋਵੇ ਉਹ ਤਕਰੀਬਨ 1 ਲੱਖ ਰੁਪਏ ਦਾ ਕਰਜ਼ਦਾਰ ਹੈ। 10 ਲੱਖ ਪੰਜਾਬੀ ਨੌਜਵਾਨ ਆਪਣੀ ਮਿੱਟੀ ਛੱਡ ਕੇ ਵਿਦੇਸ਼ਾਂ ਦੀ ਧੂੜ ਫੱਕ ਰਿਹਾ ਹੈ। ਜੇ ਇਕ ਬੱਚੇ ਦੇ ਬਾਹਰ ਜਾਣ ਦਾ ਖਰਚਾ 20 ਲੱਖ ਰੁਪਇਆ ਵੀ ਗਿਣਿਆ ਜਾਵੇ ਤਾਂ ਪੰਜਾਬ ਦਾ 2 ਲੱਖ ਕਰੋੜ ਰੁਪਇਆ ਵਿਦੇਸ਼ਾਂ ਵਿੱਚ ਪਹੁੰਚ ਚੁੱਕਾ ਹੈ। ਕਿਸੇ ਮੁਹੱਲੇ, ਕਿਸੇ ਪਿੰਡ 'ਚ ਜਾ ਕੇ ਦੇਖ ਲਓ ਜਹਾਜ਼ਾਂ ਵਾਲੀਆਂ ਕੋਠੀਆਂ 'ਚ ਬੁੱਢੇ ਮਾਂ-ਬਾਪ ਬੈਠੇ ਹਨ ਜਾਂ ਕੋਠੀਆਂ ਨੂੰ ਤਾਲੇ ਲੱਗੇ ਹੋਏ ਹਨ। ਆਪਣੀ ਰਾਜਨੀਤੀ ਚਮਕਾਉਣ ਦੀ ਖਾਤਰ ਲੀਡਰਾਂ ਨੇ ਨੌਜਵਾਨਾਂ ਨੂੰ ਨਸ਼ੇ ਦੀ ਲਤ ਲੁਆ ਦਿੱਤੀ ਤਾਂ ਜੋ ਇਨ੍ਹਾਂ ਖਾਤਰ ਜਾਨ ਦੇਣ ਲਈ ਗੈਂਗਸਟਰਾਂ ਦੀ ਫੌਜ ਤਿਆਰ ਹੋਵੇ। ਅਸੀਂ ਸਬਮਰਸੀਬਲ ਪੰਪ ਲਾ-ਲਾ ਕੇ ਧਰਤੀ ਦਾ ਪਾਣੀ ਖਤਮ ਕਰ ਦਿੱਤਾ, ਕੀਟਨਾਸ਼ਕ ਦਵਾਈਆਂ ਤੇ ਖਾਦਾਂ ਨੇ ਸਾਡੀ ਮਿੱਟੀ ਜ਼ਹਿਰੀਲੀ ਕਰ ਦਿੱਤੀ, ਬਲਦੀ ਪਰਾਲੀ ਨੇ ਸਾਡੀ ਆਬੋ-ਹਵਾ ਸਾਹ ਲੈਣ ਜੋਗੀ ਨਹੀਂ ਰਹਿਣ ਦਿੱਤੀ ਪਰ ਸਾਡੇ ਨੇਤਾ ਇਕੋ ਹੀ ਨਾਅਰੇ 'ਚ ਵਿਸ਼ਵਾਸ ਕਰਦੇ ਨੇ, 'ਆਪਣੀ ਵਾਰੀ ਆਈ ਤੇ ਰੱਜ ਕੇ ਲੁੱਟੋ ਤੇ ਰੱਜ ਕੇ ਕੁੱਟੋ'। ਪੰਜਾਬ ਦੇ ਹਰ ਛੋਟੇ ਤੋਂ ਛੋਟੇ ਪਿੰਡ ਵਿੱਚ ਦੋ-ਦੋ ਸ਼ਮਸ਼ਾਨ ਘਾਟ ਤਾਂ ਜ਼ਰੂਰ ਹਨ ਪਰ ਬੱਚਿਆਂ ਦੇ ਖੇਡਣ ਲਈ ਗਰਾਊਂਡ ਨਹੀਂ ਹੈ, ਬੱਚੇ ਖੇਡਣ ਨੂੰ ਤਰਸਦੇ ਹੀ ਰਹਿੰਦੇ ਨੇ। ਬਜ਼ੁਰਗ ਆਪਣੇ ਸਹਾਰੇ ਗੁਆ ਕੇ ਲਾਚਾਰ ਹਨ। ਪੰਜਾਬ ਦਾ ਬਚਿਆ ਨੌਜਵਾਨ ਚੰਗੇ ਰੁਜ਼ਗਾਰ ਨੂੰ ਤਰਸ ਗਿਆ ਹੈ  ਉਹ ਆਪਣੇ ਲੀਡਰਾਂ ਨੂੰ ਹੀ ਆਦਰਸ਼ ਮੰਨ ਕੇ ਉਨ੍ਹਾਂ ਦੇ ਸਹਾਰੇ ਲੁੱਟ-ਖਸੁੱਟ ਵਿੱਚ ਹੀ ਆਪਣਾ ਭਵਿੱਖ ਲੱਭ ਰਿਹਾ ਹੈ। ਕਿਸੇ ਵੇਲੇ ਔਸਤ ਆਮਦਨੀ ਵਿੱਚ ਅੱਵਲ ਪੰਜਾਬ ਆਮਦਨੀ ਦੇ ਮਾਮਲੇ 'ਚ ਅੱਜ 17ਵੇਂ ਨੰਬਰ 'ਤੇ ਹੈ। ਦੇਖਣ ਵਿੱਚ ਆਉਂਦਾ ਹੈ ਕਿ ਰਾਜ ਭਾਵੇਂ ਕਿਸੇ ਦਾ ਹੋਵੇ ਕੁਝ ਚਿਹਰੇ ਹੀ ਰੇਤ , ਸ਼ਰਾਬ, ਦੜਾ-ਸੱਟਾ, ਟਰਾਂਸਪੋਰਟ, ਨਸ਼ਾ ਮਾਫੀਆ ਨੂੰ ਚਲਾਉਂਦੇ ਹਨ। ਇਹ ਗੱਲ ਪੂਰੀ ਤਰ੍ਹਾਂ ਸਮਝ ਆਉਂਦੀ ਹੈ ਕਿ ਗਿਲਾਸ ਬਦਲ ਜਾਂਦੇ ਹਨ ਸ਼ਰਾਬ ਪੁਰਾਣੀ ਹੀ ਚਲਦੀ ਹੈ। ਲੀਡਰਾਂ ਨਾਲ ਸੈਟਿੰਗਾਂ ਹੋ ਹੀ ਜਾਂਦੀਆਂ ਹਨ। ਪੰਜਾਬੀ ਸੱਭਿਆਚਾਰ ਦੇ ਨਾਂ 'ਤੇ ਅੱਜ ਦੇ ਪੰਜਾਬੀ ਗਾਣੇ ਸੁਣ ਲਓ, ਅੱਜ ਦੇ ਪੰਜਾਬੀ ਗਾਣੇ ਸੁਣ ਕੇ ਤੇ ਸੁਰਿੰਦਰ ਕੌਰ, ਆਸਾ ਸਿੰਘ ਮਸਤਾਨਾ ਦੀ ਰੂਹ ਸਵਰਗਾਂ 'ਚ ਵੀ ਬੈਠ ਕੇ ਕੰਬਦੀ ਹੋਵੇਗੀ ਕਿਉਂਕਿ ਪੰਜਾਬੀ ਗਾਣਿਆਂ ਦੇ ਨਾਂ ਤੇ ਬੰਦੂਕਾਂ, ਸ਼ਰਾਬਾਂ ਤੇ ਨੰਗੇਜ਼ੀ ਦਾ ਪ੍ਰਦਰਸ਼ਨ ਇੰਝ ਦਰਸਾਉਂਦਾ ਹੈ ਕਿ ਪੰਜਾਬ 'ਚ ਸਿਰਫ ਮਾਫੀਆ ਦਾ ਹੀ ਰਾਜ ਚਲਦਾ ਹੈ, ਗੈਂਗਸਟਰਾਂ ਦੀ ਹੀ ਜੈ-ਜੈ ਕਾਰ ਹੈ ਤੇ ਅਸੀਂ ਬੇਖ਼ਬਰ ਅਜੇ ਵੀ ਹਿੱਕ ਤਾਣ ਕੇ ਕਹਿੰਦੇ ਹਾਂ ਕਿ ਅਸੀਂ ਪੰਜਾਬੀ ਹੁੰਦੇ ਆਂ। ਅੰਤ ਵਿੱਚ ਮੈਂ ਇਕੋ ਗੱਲ ਕਹਾਂਗਾ ਤੇਰੇ ਪੈਰੋਂ ਕੇ ਨੀਚੇ ਜ਼ਮੀਨ ਨਹੀਂ ਹੈ, ਫਿਰ ਵੀ ਤੁਝੇ ਯਕੀਨ ਨਹੀਂ ਹੈ।


-ਅਜੇ ਕੁਮਾਰ 

No comments:

Post a Comment