Tuesday 18 August 2020

ਬੇਦਮਪੁਰੇ ਤੋਂ ਬੇਗਮਪੁਰੇ ਤੱਕ

ਅੱਜ ਅਸੀਂ ਪੂਰੇ ਸੰਸਾਰ ਵਿੱਚ ਸਤਿਗੁਰ ਗੁਰੂ ਰਵਿਦਾਸ ਮਹਾਰਾਜ ਜੀ ਦਾ 643ਵਾਂ ਜਨਮ ਉਤਸਵ ਮਨਾ ਰਹੇ ਹਾਂ। ਜਿਸ ਵੇਲੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਹੋਇਆ ਸੀ ਉਸ ਸਮੇਂ ਭਾਰਤ ਵਿੱਚ ਪੂਰੀ ਤਰ੍ਹਾਂ ਜਾਤ-ਪਾਤ ਦਾ ਬੋਲਬਾਲਾ ਸੀ। ਉਹ ਯੁੱਗ ਪੱਥਰ ਯੁੱਗ ਸੀ, ਉਸ ਸਮੇਂ ਦੇ ਮਨੂੰਵਾਦੀ ਜ਼ਾਲਮ ਹਾਕਮਾਂ ਦਾ ਸਾਥ ਲੈ ਕੇ ਧਰਮ ਦੇ ਨਾਂ 'ਤੇ ਜਾਲਮ ਫਤਵੇ ਜਾਰੀ ਕਰ ਦਲਿਤਾਂ ਦਾ ਸ਼ੋਸ਼ਣ ਕਰਦੇ ਸਨ ਤੇ ਇਹ ਸਿਲਸਿਲਾ ਹਜ਼ਾਰਾਂ ਸਾਲਾਂ ਤੋਂ ਚੱਲਿਆ ਆ ਰਿਹਾ ਸੀ। ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਹਜ਼ਾਰਾਂ ਸਾਲਾਂ ਦੇ ਹਨੇਰੇ ਨੂੰ ਮਿਟਾਉਣ ਲਈ ਇਕ ਸੂਰਜ ਦੀ ਕਿਰਣ ਵਾਂਗੂੰ ਉੱਗ ਆਇਆ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਮਾਨਵਤਾਵਾਦੀ ਢੰਗ ਨਾਲ ਆਵਾਜ਼ ਉਠਾਈ, ਉਨ੍ਹਾਂ ਨੇ ਕਿਰਤ ਕਰਕੇ ਪ੍ਰਭੂ ਨਾਮ ਦੀ ਭਗਤੀ ਕਰਦੇ ਹੋਏ ਮਾਨਵਤਾਵਾਦ ਦਾ ਪ੍ਰਚਾਰ ਕੀਤਾ। ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਤਕਰੀਬਨ ਪੂਰੇ ਭਾਰਤ ਦਾ ਦੌਰਾ ਕੀਤਾ। ਜਿਨ੍ਹਾਂ ਵਿੱਚੋਂ ਕੁਝ ਥਾਵਾਂ ਇਸ ਸਮੇਂ ਮੌਜੂਦਾ ਭਾਰਤ ਦੀ ਸਰਹੱਦ ਤੋਂ ਬਾਹਰ ਹਨ। ਸਮਾਜ ਨੂੰ ਜਾਗ੍ਰਿਤ ਕਰਦੇ ਹੋਏ ਉਨ੍ਹਾਂ ਨੇ 52 ਰਾਜੇ-ਰਾਣੀਆਂ ਨੂੰ ਆਪਣੀ ਚਰਨ ਛੋਹ ਬਖਸ਼ਿਸ਼ ਕਰਕੇ ਮਾਨਵਤਾ ਦਾ ਪਾਠ ਪੜ੍ਹਾਇਆ। ਇਨ੍ਹਾਂ ਸਾਰੇ ਰਾਜੇ-ਮਹਾਰਾਜਿਆਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦਾ ਇੱਕੋ ਹੀ ਪੈਗਾਮ ਹੁੰਦਾ ਸੀ-

'ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨੁ।
ਛੋਟ ਬੜੇ ਸਭ ਸਮ ਵਸੈ ਰਵਿਦਾਸ ਰਹੇ ਪ੍ਰਸੰਨੁ।
ਗੁਰੁ ਰਵਿਦਾਸ ਮਹਾਰਾਜ ਬੇਗਮਪੁਰੇ ਦੀ ਕਲਪਨਾ ਕਰਦੇ ਹੋਏ ਕਹਿੰਦੇ ਸਨ ਕਿ ਉਹ ਇਸ ਤਰ੍ਹਾਂ ਦੇ ਰਾਜ ਦੇ ਸਮਰਥਕ ਹਨ ਜਿਸ ਰਾਜ ਵਿੱਚ ਕਿਸੇ ਨਾਲ ਊਚ-ਨੀਚ, ਭੇਦ-ਭਾਵ ਤੇ ਕੋਈ ਜ਼ੁਲਮ-ਜਬਰ ਨਾ ਹੋਵੇ, ਕਿਸੇ ਨੂੰ ਕਿਸੇ ਪ੍ਰਕਾਰ ਦਾ ਖੌਫ਼ ਨਾ ਹੋਵੇ, ਸਭ ਨੂੰ ਆਪਣੇ ਜੀਵਨ ਵਿੱਚ ਬਰਾਬਰ ਦੇ ਮੌਕੇ ਮਿਲਣ, ਜਾਤ-ਪਾਤ ਦੇ ਆਧਾਰ ਤੇ ਇਕ ਨੂੰ ਵਧਾਵਾ ਤੇ ਦੂਸਰੇ ਨੂੰ ਨਿੰਦਿਆ ਨਾ ਜਾਵੇ। ਗੁਰੂ ਰਵਿਦਾਸ ਮਹਾਰਾਜ ਜੀ ਦੇ ਬੇਗਮਪੁਰੇ ਦੇ ਸੁਪਨੇ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਬਾ ਸਾਹਿਬ ਅੰਬੇਡਕਰ ਨੇ ਭਾਰਤ ਦਾ ਸੰਵਿਧਾਨ ਬਣਾਇਆ। ਇਸ ਸੰਵਿਧਾਨ ਦਾ ਮੂਲ ਆਧਾਰ ਬੇਗਮਪੁਰਾ ਦੀ ਸੋਚ ਹੀ ਸੀ। ਬਾਬਾ ਸਾਹਿਬ ਨੇ ਭਾਰਤ ਦੇ ਸੰਵਿਧਾਨ ਵਿੱਚ ਹਰ ਇਕ ਭਾਰਤੀ ਨਾਗਰਿਕ ਨੂੰ ਬਰਾਬਰਤਾ ਦਾ ਦਰਜਾ ਦਿੱਤਾ, ਜਾਤ-ਪਾਤ, ਧਰਮ ਦੇ ਆਧਾਰ 'ਤੇ ਕਿਸੇ ਤਰ੍ਹਾਂ ਦੇ ਵਿਤਕਰੇ ਦੀ ਭਾਰਤੀ ਸੰਵਿਧਾਨ ਵਿੱਚ ਕੋਈ ਜਗ੍ਹਾ ਨਹੀਂ ਹੈ। ਭਾਰਤੀ ਸੰਵਿਧਾਨ ਦੇ ਸਦਕੇ ਅੱਜ ਅਸੀਂ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਉਤਸਵ ਇੰਨਾ ਖੁੱਲ੍ਹ ਕੇ, ਜੋਸ਼ੋ-ਖਰੋਸ਼ ਨਾਲ ਮਨਾ ਪਾਉਂਦੇ ਹਾਂ। ਆਪਣੇ ਕਿਸੇ ਵੀ ਬਜ਼ੁਰਗ ਕੋਲੋਂ ਪੁੱਛ ਕੇ ਦੇਖ ਲਓ, ਉਹ ਤੁਹਾਨੂੰ ਦੱਸੇਗਾ ਕਿ ਅੱਜ ਤੋਂ 50-60 ਸਾਲ ਪਹਿਲਾਂ ਤੱਕ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾਉਣਾ ਵੀ ਇਕ ਹਿੰਮਤ ਵਾਲਾ ਕੰਮ ਹੁੰਦਾ ਸੀ। ਮਨੂੰਵਾਦੀ ਤਾਕਤਾਂ ਨੂੰ ਇਹ ਬਰਦਾਸ਼ਤ ਨਹੀਂ ਸੀ ਕਿ ਅਸੀਂ ਆਪਣੇ ਗੁਰੂਆਂ-ਪੀਰਾਂ ਦੇ ਦਿਹਾੜੇ ਮਨਾ ਸਕੀਏ। ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ ਕਰਨ ਦੇ ਲਈ ਬਹੁਤ ਸਾਰੀਆਂ ਸੰਸਥਾਵਾਂ ਦਾ ਗਠਨ ਹੋ ਚੁੱਕਾ ਹੈ। ਹਰ ਇਕ ਪਿੰਡ, ਹਰ ਇਕ ਮੁਹੱਲਾ, ਜਿੱਥੇ ਗੁਰੂ ਰਵਿਦਾਸ ਨਾਮ ਲੇਵਾ ਸੰਗਤ ਮੌਜੂਦ ਹੈ ਉਥੇ ਗੁਰੂ ਮਹਾਰਾਜ ਜੀ ਦੇ ਨਾਂ 'ਤੇ ਸੰਸਥਾ ਦਾ ਗਠਨ ਹੋ ਚੁੱਕਾ ਹੈ ਜਿਨ੍ਹਾਂ ਦਾ ਮੁੱਖ ਮਕਸਦ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ ਕਰਨਾ ਹੈ। ਇਨ੍ਹਾਂ ਸੰਸਥਾਵਾਂ ਤੋਂ ਇਲਾਵਾ ਲਗਭਗ 178 ਡੇਰੇ ਵੀ ਬਣੇ ਹੋਏ ਹਨ, ਜਿਨ੍ਹਾਂ ਦੇ ਮੁਖੀ ਆਪਣੇ ਆਪ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੀ ਸੋਚ ਦੇ ਪਹਿਰੇਦਾਰ ਦੱਸਦੇ ਹਨ। ਪੂਰੇ ਪੰਜਾਬ ਵਿੱਚ ਲਗਭਗ 2 ਹਜ਼ਾਰ ਤੋਂ ਜ਼ਿਆਦਾ ਜਗ੍ਹਾ 'ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਬਹੁਤ ਸਾਰੀਆਂ ਸੰਸਥਾਵਾਂ ਦੇ ਮੁਖੀ ਜਾਂ ਕਮੇਟੀਆਂ ਦੇ ਮੈਂਬਰ ਮੇਰੇ ਮਿੱਤਰ ਹਨ। ਇਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਡੇਰਿਆਂ ਦੇ ਮੁਖੀਆਂ ਨੂੰ ਵੀ ਮੈਂ ਨਿੱਜੀ ਤੌਰ 'ਤੇ ਜਾਣਦਾ ਹਾਂ। ਬੜੇ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਇਸ ਸਮੇਂ ਜ਼ਿਆਦਾਤਰ ਸੁਸਾਇਟੀਆਂ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਿਆਂ ਵਿੱਚ ਗੁਰੂ ਰਵਿਦਾਸ ਜੀ ਦੇ ਫਲਸਫੇ ਦੀ ਗੱਲ ਨਹੀਂ ਬਲਕਿ ਆਪਣੇ-ਆਪਣੇ ਅਹਿਮ ਅਤੇ ਆਪੋ-ਆਪਣੀ ਹੋਂਦ ਦੀ ਗੱਲ ਹੋ ਰਹੀ ਹੈ। ਹਰ ਮੰਦਰ-ਗੁਰਦੁਆਰੇ ਵੱਚ ਧਾਰਮਿਕ ਆਗੂ ਨਹੀਂ ਬਲਕਿ ਰਾਜਨੀਤਿਕ ਪਾਰਟੀਆਂ ਦੇ ਅਹੁਦੇਦਾਰ ਆਪਣੇ ਪੈਰ ਮਜ਼ਬੂਤ ਕਰੀ ਬੈਠੇ ਹਨ। ਗੁਰੂ ਰਵਿਦਾਸ ਮਹਾਰਾਜ ਜੀ ਦੇ ਫਲਸਫੇ 'ਬੇਗਮਪੁਰਾ' ਨੂੰ ਡਾ. ਭੀਮ ਰਾਓ ਅੰਬੇਡਕਰ ਨੇ ਚੰਗੀ ਤਰ੍ਹਾਂ ਸਮਝਿਆ ਤੇ ਜਾਣਿਆ, ਉਨ੍ਹਾਂ ਨੇ ਬੇਗਮਪੁਰਾ ਨੂੰ ਅਧਾਰ ਮੰਨ ਕੇ ਭਾਰਤੀ ਸੰਵਿਧਾਨ ਵਿੱਚ ਮੂਲ ਅਧਿਕਾਰ ਅਤੇ ਮੂਲ ਕਰਤੱਵ ਲਿਖੇ ਤਾਂ ਜੋ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਅੱਗੇ ਵਧਾਇਆ ਜਾ ਸਕੇ। ਕਈ ਲੇਖਕਾਂ ਨੇ ਗੁਰੂ ਰਵਿਦਾਸ ਮਹਾਰਾਜ 'ਤੇ ਕਿਤਾਬਾਂ ਲਿਖੀਆਂ, ਕਈ ਗੀਤਕਾਰਾਂ ਨੇ ਕਵਿਤਾਵਾਂ ਰਚੀਆਂ ਤੇ ਕਈ ਗਾਇਕਾਂ ਨੇ ਬੇਗਮਪੁਰੇ ਦੇ ਗੀਤ ਗਾਏ। ਪਰ ਇਹ ਸਭ ਗੱਲਾਂ ਕਿਤਾਬਾਂ ਵਿੱਚ ਹੀ ਰਹਿ ਗਈਆਂ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸੁਪਨਿਆਂ ਦਾ ਬੇਗਮਪੁਰਾ ਅੱਜ ਤੱਕ ਸੁਪਨਿਆਂ ਵਿੱਚ ਹੀ ਹੈ। ਕਿਉਂਕਿ ਜਿਸ ਸੰਵਿਧਾਨ ਦੇ ਪੂਰੀ ਤਰ੍ਹਾਂ ਲਾਗੂ ਹੋਣ ਦੇ ਬਾਅਦ ਬੇਗਮਪੁਰਾ ਵਸਣ ਦੀ ਉਮੀਦ ਹੈ, ਉਸ ਸੰਵਿਧਾਨ ਨੂੰ ਲਾਗੂ ਕਰਵਾਉਣ ਵੱਲ ਇਸ ਸਮੇਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਕਿਸੇ ਵੀ ਪੈਰੋਕਾਰ ਦਾ ਧਿਆਨ ਨਹੀਂ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬੇਗਮਪੁਰਾ ਦੀ ਕਲਪਨਾ ਨੂੰ ਵਾਸਤਵਿਕ ਰੂਪ ਦੇਣ ਲਈ ਸਿਰਫ ਤੇ ਸਿਰਫ ਬਾਬਾ ਸਾਹਿਬ ਅੰਬੇਡਕਰ ਦਾ ਫਲਸਫਾ ਹੀ ਸਹਾਇਕ ਹੋ ਸਕਦਾ ਹੈ। ਅੱਜ ਦੇ ਹਾਲਾਤਾਂ ਵਿੱਚ ਅਜੇ ਦਮ ਘੁੱਟਦਾ ਹੈ, ਕਦੋਂ ਤੱਕ ਅਸੀਂ ਬੇਦਮਪੁਰੇ ਵਿੱਚ ਵਾਸ ਕਰਾਂਗੇ, ਕਦੋਂ ਗੁਰੂ ਮਹਾਰਾਜ ਜੀ ਦਾ ਬੇਗਮਪੁਰਾ ਕਿਤਾਬਾਂ 'ਚੋਂ ਨਿਕਲ ਕੇ ਵਾਸਤਵਿਕ ਰੂਪ ਅਖਤਿਆਰ ਕਰੇਗਾ। ਸਾਡੇ ਵਿੱਚ ਹਿੰਮਤ ਦੀ ਕਮੀ ਨਹੀਂ, ਅਸੀਂ ਬਹੁਤ ਲੰਬਾ ਸਫ਼ਰ ਤਹਿ ਕਰ ਕੇ ਆਏ ਹਾਂ ਤੇ ਹੁਣ ਬੇਗਮਪੁਰੇ ਦੀ ਮੰਜ਼ਿਲ ਜ਼ਿਆਦਾ ਦੂਰ ਨਹੀਂ। ਸਾਡੇ ਸਾਰਿਆਂ ਦੀ ਇਕੱਠੀ ਤਾਕਤ ਦਾ ਹੱਲਾ ਬੇਦਮਪੁਰੇ ਨੂੰ ਬੇਗਮਪੁਰੇ ਵਿੱਚ ਜ਼ਰੂਰ ਬਦਲ ਦੇਵੇਗਾ।
-ਅਜੇ ਕੁਮਾਰ,

No comments:

Post a Comment