Tuesday 3 January 2017

ਨਾ ਜਾਤ ਨਾ ਜਮਾਤ

ਕੁਦਰਤ ਨੇ ਭਾਰਤ ਨੂੰ ਹਰ ਉਸ ਨਿਆਮਤ ਨਾਲ ਨਿਵਾਜਿਆ ਹੈ, ਜਿਸ ਕਰਕੇ ਦੇਸ਼ ਨੂੰ ਸਵਰਗ ਕਿਹਾ ਜਾ ਸਕਦਾ ਹੈ ਪਰ ਧਰਮ ਦੇ ਠੇਕੇਦਾਰਾਂ ਨੇ  ਆਪਣੇ ਸਵਾਰਥ ਹਿਤ ਭਾਰਤ ਦੇ ਲੋਕਾਂ ਨੂੰ ਗੋਤਰ, ਉੱਪ ਜਾਤ, ਜਾਤ, ਜਮਾਤ, ਵਰਗ, ਵਰਣ-ਵਿਵਸਥਾ ਵਿੱਚ ਵੰਡ ਕੇ ਦੇਸ਼ ਦੇ ਹਾਲਾਤ ਅਜਿਹੇ ਕਰ ਦਿੱਤੇ ਹਨ ਕਿ ਇਸ ਸਮੇਂ ਭੇਦਭਾਵ, ਨਾ-ਬਰਾਬਰੀ ਦੇ ਘਾਤਕ ਰੋਗ ਨੇ ਭਾਰਤ ਦਾ ਅਤੇ ਭਾਰਤ ਦੇ ਲੋਕਾਂ ਦਾ ਇੰਨਾ ਭਾਰੀ ਨੁਕਸਾਨ ਕੀਤਾ ਹੈ, ਜਿਸ ਦੀ ਭਰਪਾਈ ਹਾਲੇ ਘੱਟੋ-ਘੱਟ ਨੇੜਲੇ 2-3 ਦਹਾਕਿਆਂ 'ਚ ਹੁੰਦੀ ਨਜ਼ਰ ਨਹੀਂ ਆ ਰਹੀ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾ ਲੈਣਾ ਚਾਹੀਦਾ ਹੈ ਕਿ ਜਿਨ੍ਹਾਂ ਮੁਗਲਾਂ ਅਤੇ ਅੰਗਰੇਜ਼ਾਂ ਦੀ ਗੁਲਾਮੀ ਦੀ ਦਾਸਤਾਨ ਸੁਣ ਕੇ ਜਾਂ ਕਿਤਾਬਾਂ 'ਚ ਪੜ੍ਹ ਕੇ ਰੂਹ ਕੰਬ ਉੱਠਦੀ ਹੈ, ਉਨ੍ਹਾਂ ਦੇ ਮੁਲਕਾਂ 'ਚ ਜਾ ਕੇ ਮਜ਼ਦੂਰੀ ਕਰਨ ਦੇ ਲਈ ਭਾਰਤ ਦਾ ਨੌਜਵਾਨ ਇੰਨਾ ਉਤਾਵਲਾ ਹੈ ਕਿ ਉੱਥੇ ਪਹੁੰਚਣ ਲਈ ਉਹ ਆਪਣੀ ਜ਼ਿੰਦਗੀ ਵੀ ਦਾਅ 'ਤੇ ਲਾਉਣ ਤੋਂ ਨਹੀਂ ਹਟਦਾ। ਕਈਆਂ ਨੇ ਤਾਂ ਵਿਦੇਸ਼ ਜਾਣ ਲਈ ਆਪਣੇ ਸਕੇ ਭੈਣ-ਭਰਾਵਾਂ ਨੂੰ ਮੀਆਂ-ਬੀਬੀ ਦੇ ਰਿਸ਼ਤਿਆਂ ਵਿੱਚ ਵੀ ਤਬਦੀਲ ਕਰ ਲਿਆ ਹੈ। ਮਾਨਵਤਾ ਦੇ ਰਹਿਬਰਾਂ ਵੱਲੋਂ ਚਲਾਏ ਗਏ ਅੰਦੋਲਨ ਦੇ ਨਤੀਜੇ ਵਜੋਂ ਹੋਂਦ 'ਚ ਭਾਰਤੀ ਸੰਵਿਧਾਨ ਆਇਆ, ਜਿਸ ਵਿੱਚ ਸਾਂਝੀਵਾਲਤਾ ਦੀ ਗੱਲ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਾਰੇ ਨਿਯਮ-ਉੱਪ ਨਿਯਮ, ਤੌਰ-ਤਰੀਕੇ, ਹਦਾਇਤਾਂ ਦਰਜ ਹਨ ਪਰ ਜਿਨ੍ਹਾਂ ਲੋਕਾਂ ਉੱਪਰ ਮੁੱਖ ਰੂਪ ਵਿੱਚ ਇਸ ਸੰਵਿਧਾਨ ਨੂੰ ਲਾਗੂ ਕਰਾਉਣ ਦੀ ਜ਼ਿੰਮੇਵਾਰੀ ਸੀ, ਕਹਿਣ ਦਾ ਭਾਵ ਰਾਜਨੀਤਿਕ ਲੋਕ, ਉਨ੍ਹਾਂ ਲੋਕਾਂ ਨੇ ਇਸ ਸੰਵਿਧਾਨ ਨੂੰ ਅਮਲੀ ਜਾਮਾ ਪਹਿਨਾਉਣ ਦੀ ਬਜਾਏ ਇਸ ਨੂੰ ਆਪਣੇ ਹਿਤ ਲਈ ਲੋਕਾਂ ਦੀ ਨਿਗ੍ਹਾ ਵਿੱਚ ਇਵੇਂ ਪੇਸ਼ ਕੀਤਾ ਕਿ ਧਰਮ ਦੇ ਨਾਂ 'ਤੇ ਪਖੰਡ ਕਰਨ ਵਾਲੇ ਲੋਕ ਸੰਵਿਧਾਨ ਦੀ ਪਾਲਣਾ ਕਰਨ ਵਾਲੇ ਲੋਕਾਂ ਨੂੰ ਨਾਸਤਿਕ ਹੀ ਕਹਿਣ ਲੱਗ ਪਏ। ਨਤੀਜੇ ਵਜੋਂ ਅੱਜ ਦੇਸ਼ ਦਾ ਬਹੁ-ਗਿਣਤੀ ਨਾਗਰਿਕ ਦੁੱਖ-ਤਕਲੀਫ਼ਾਂ ਨਾਲ ਆਪਣਾ ਜੀਵਨ ਇੰਝ ਗੁਜ਼ਾਰ ਰਿਹਾ ਹੈ, ਜਿਵੇਂ ਕੋਹਲੂ ਵਿੱਚ ਬੀੜਿਆ ਗਿਆ ਹੋਵੇ। ਮੈਂ ਆਪਣੇ ਪਾਠਕਾਂ ਨਾਲ ਇਸ ਲੇਖ ਵਿੱਚ ਰਾਜਨੀਤਿਕ ਲੋਕਾਂ ਵੱਲੋਂ ਜਾਤ ਦੇ ਨਾਂ 'ਤੇ ਕੀਤੀ ਜਾਣ ਵਾਲੀ ਰਾਜਨੀਤੀ 'ਤੇ ਵਿਚਾਰ-ਚਰਚਾ ਕਰਨਾ ਚਾਹੁੰਦਾ ਹਾਂ। ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਦੇਸ਼ ਦੀ ਅਜ਼ਾਦੀ ਤੋਂ ਬਾਅਦ ਹੁਣ ਤੱਕ ਸਾਡੇ ਉੱਪਰ ਰਾਜ ਕਰਨ ਵਾਲੇ ਲੋਕ ਜੁਲਮ-ਜਬਰ ਦੇ ਮਾਮਲੇ ਵਿੱਚ ਮੁਗਲਾਂ ਨੂੰ ਅਤੇ ਅੰਗਰੇਜ਼ਾਂ ਨੂੰ ਕਿਤੇ ਪਿੱਛੇ ਛੱਡ ਚੁੱਕੇ ਹਨ। ਇਸ ਦਾ ਮੁੱਖ ਕਾਰਣ ਇਹ ਹੈ ਕਿ ਰਾਜਨੀਤਿਕ ਆਗੂਆਂ ਨੇ ਮਨੁੱਖ ਦੀ ਬੁੱਧੀ ਦੇ ਵਿਕਾਸ, ਦੇਸ਼ ਦੇ ਵਿਕਾਸ ਅਤੇ ਦੇਸ਼ ਦੀ ਆਰਥਿਕ ਖੁਸ਼ਹਾਲੀ ਨੂੰ ਮੁੱਦੇ ਬਣਾ ਕੇ ਰਾਜਨੀਤੀ ਕਰਨ ਦੀ ਬਜਾਏ ਧਰਮ ਅਤੇ ਜਾਤ ਦੇ ਨਾਂ 'ਤੇ ਰਾਜਨੀਤੀ ਕਰਨ ਨੂੰ ਹੀ ਬਿਹਤਰ ਸਮਝਿਆ ਤੇ ਰੱਜ ਕੇ ਕੀਤੀ ਅਤੇ ਹੁਣ ਤੱਕ ਕਰ ਰਹੇ ਹਨ। ਇਸ ਗੱਲ ਨੂੰ ਲੈ ਕੇ ਪੂਰੇ ਦੇਸ਼ ਨੇ ਅਤੇ ਖ਼ਾਸ ਕਰਕੇ ਪੰਜਾਬ ਨੇ ਬੜਾ ਸੰਤਾਪ ਝੇਲਿਆ ਪਰ ਫਰਵਰੀ 2017 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਰਾਜਨੀਤੀ 'ਚ ਜਾਤ ਦੀ ਰਾਜਨੀਤੀ ਇੰਨੀ ਭਾਰੀ ਹੋ ਚੁੱਕੀ ਹੈ ਕਿ ਹਰ ਬੰਦਾ ਆਪਣੀ ਜਾਤ ਅਤੇ ਆਪਣੀ ਜਮਾਤ ਦੇ ਲੀਡਰ ਤੋਂ ਇਲਾਵਾ ਕਿਸੇ ਨੂੰ ਦੇਖਣਾ ਹੀ ਪਸੰਦ ਨਹੀਂ ਕਰਦਾ। ਕੋਈ ਕਹਿ ਰਿਹਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਜੱਟ ਹੋਣਾ ਚਾਹੀਦਾ ਹੈ, ਕੋਈ ਕਹਿ ਰਿਹਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਹੋਣਾ ਚਾਹੀਦਾ ਹੈ, ਦਲਿਤ ਹੋਣਾ ਚਾਹੀਦਾ ਹੈ ਤੇ ਦਲਿਤਾਂ ਵਿੱਚੋਂ ਵੀ ਕੋਈ ਕਹਿ ਰਿਹਾ ਹੈ ਕਿ ਚਮਾਰ ਹੋਣਾ ਚਾਹੀਦਾ ਹੈ, ਵਾਲਮੀਕਿ ਹੋਣਾ ਚਾਹੀਦਾ ਹੈ, ਮਜ੍ਹਬੀ ਹੋਣਾ ਚਾਹੀਦਾ ਹੈ, ਭਗਤ ਹੋਣਾ ਚਾਹੀਦਾ ਹੈ। ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕਿਵੇਂ ਪੰਜਾਬ ਦੀ ਰਾਜਨੀਤੀ 'ਚ ਬਦਲਾਅ ਲਿਆਉਣ ਲਈ ਆਉਣ ਵਾਲੀਆਂ ਚੋਣਾਂ ਵਿੱਚ ਜਾਤ ਤੋਂ ਉੱਪਰ ਉੱਠ ਕੇ ਇਸ ਵਿਚਾਰ 'ਤੇ ਲੀਡਰ ਰਾਜਨੀਤੀ ਕਰਨ ਕਿ ਪੰਜਾਬ ਦਾ ਮੁੱਖ ਮੰਤਰੀ ਉਹ ਚਾਹੀਦਾ ਹੈ, ਜਿਸ ਦੇ ਆਉਣ ਨਾਲ ਪੰਜਾਬ 'ਚ ਕੋਈ ਵੀ ਭੁੱਖਾ ਨਾ ਸੌਵੇਂ, ਕੋਈ ਬੇਘਰਾ ਨਾ ਹੋਵੇ, ਕੋਈ ਵੀ ਪੈਸੇ ਦੁੱਖੋਂ ਅਨਪੜ੍ਹ ਨਾ ਰਹਿ ਜਾਵੇ, ਹਰ ਬੰਦਾ ਆਪਣਾ ਇਲਾਜ ਕਰਾਉਣ ਵਿੱਚ ਸਮਰੱਥ ਹੋਵੇ, ਬੇਰੋਜ਼ਗਾਰੀ ਨਾ ਹੋਵੇ, ਪੰਜਾਬੀ ਵਿਦੇਸ਼ਾਂ ਵਿੱਚ ਧੱਕੇ ਖਾਣ ਦੀ ਬਜਾਏ ਪੰਜਾਬ 'ਚ ਹੀ ਆਪਣੇ ਕੰਮ-ਧੰਦੇ ਇੰਨੇ ਵਧਾ ਲੈਣ ਕਿ ਬਾਹਰਲੇ ਦੇਸ਼ਾਂ ਦੇ ਲੋਕ ਵੀ ਪੰਜਾਬ 'ਚ ਵਪਾਰ ਕਰਨ ਨੂੰ ਤਰਜ਼ੀਹ ਦੇਣ। ਅਧਿਆਪਕਾਂ ਦੀ ਇੱਜ਼ਤ ਹੋਵੇ, ਸੁਰੱਖਿਆ ਕਰਮਚਾਰੀਆਂ ਤੇ ਪੁਲਿਸ ਦਾ ਮਾਣ-ਸਨਮਾਨ ਹੋਵੇ, ਹਰ ਵਿਅਕਤੀ ਭੈਅ-ਮੁਕਤ ਹੋਵੇ, ਹਰ ਵਿਅਕਤੀ ਕੋਲ ਅੱਗੇ ਵਧਣ ਦੇ ਬਰਾਬਰ ਦੇ ਮੌਕੇ ਹੋਣ ਤਾਂ ਜੋ ਬਾਬੇ ਨਾਨਕ ਦਾ ਸਿਧਾਂਤ ਸਰਬੱਤ ਦਾ ਭਲਾ, ਗੁਰੂ ਰਵਿਦਾਸ ਮਹਾਰਾਜ ਜੀ ਦੀ ਸੋਚ ਬੇਗਮਪੁਰਾ ਵਸਾਇਆ ਜਾ ਸਕੇ ਅਤੇ ਡਾ. ਬੀ. ਆਰ. ਅੰਬੇਡਕਰ ਦੇ ਸੁਪਨਿਆਂ ਦਾ ਪੰਜਾਬ ਬਣ ਸਕੇ। ਫੈਸਲਾ ਅਸੀਂ ਸਾਰਿਆਂ ਨੇ ਰਲ-ਮਿਲ ਕੇ ਕਰਨਾ ਹੈ ਤੇ ਰਲ ਕੇ ਪਹਿਰਾ ਦੇਣਾ ਹੈ। ਸਾਡੇ ਸੁਪਨਿਆਂ ਦਾ ਸਮਾਜ ਨਾ ਜਾਤ ਨਾ ਜਮਾਤ।                                                                 -ਅਜੇ ਕੁਮਾਰ

No comments:

Post a Comment