Monday 12 December 2016

ਦਲਿਤ ਲੀਡਰ ਦਾ ਏਜੰਡਾ

ਪਿਛਲੇ ਦਿਨੀਂ ਮੇਰਾ ਇਕ ਪੁਰਾਣਾ ਮਿੱਤਰ ਜੋ ਕਿ 'ਆਪਣੀ ਮਿੱਟੀ' ਅਖ਼ਬਾਰ ਦਾ ਮੁੱਖ ਸਹਿਯੋਗੀ ਅਤੇ ਪਾਠਕ ਵੀ ਹੈ, ਮੇਰੇ ਦਫ਼ਤਰ ਆਇਆ। ਹਾਲ-ਚਾਲ ਪੁੱਛਣ ਤੋਂ ਬਾਅਦ ਗੱਪ-ਸ਼ੱਪ ਸ਼ੁਰੂ ਹੋ ਗਈ। ਗੱਪਾਂ-ਸ਼ੱਪਾਂ ਮਾਰਦੇ-ਮਾਰਦੇ ਸਿਆਸਤ ਦੀਆਂ ਅਤੇ ਦਲਿਤਾਂ ਦੇ ਮੌਜੂਦਾ ਹਾਲਾਤਾਂ ਦੀਆਂ ਗੱਲਾਂ ਸ਼ੁਰੂ ਹੋ ਗਈਆਂ। ਦਲਿਤ ਰਾਜਨੀਤੀ 'ਤੇ ਚਰਚਾ ਕਰਦੇ-ਕਰਦੇ ਉਹ ਕਹਿਣ ਲੱਗਾ, ਅਜੇ ਕੁਮਾਰ ਤੂੰ ਵੀ ਤਾਂ ਯਾਰ ਦਲਿਤਾਂ ਦਾ ਲੀਡਰ ਬਣੀ ਫਿਰਦਾ ਏਂ, ਦਲਿਤ ਪੱਖੀ ਅਖ਼ਬਾਰ ਵੀ ਚਲਾਉਂਦਾ ਏਂ, ਚੋਣਾਂ ਇਸ ਸਮੇਂ ਸਿਰ 'ਤੇ ਹਨ ਕਮਲਿਆ ਤੂੰ ਵੀ ਕਿਤੇ ਹੱਥ-ਪੈਰ ਮਾਰ ਲੈ। ਮੈਂ ਗੌਰ ਨਾਲ ਉਸ ਦੇ ਮੂੰਹ ਵੱਲ ਦੇਖਿਆ, ਥੋੜ੍ਹਾ ਜਿਹਾ ਮੁਸਕੁਰਾਇਆ। ਉਹ ਹੋਰ ਜੋਸ਼ ਨਾਲ ਮੈਨੂੰ ਕਹਿਣ ਲੱਗਾ ਛੱਡ ਬੇਵਕੂਫੀਆਂ! ਐਵੇਂ ਕਮਲੀਆਂ ਨਾ ਮਾਰਿਆ ਕਰ। ਪਿਛਲੇ 15 ਸਾਲਾਂ ਤੋਂ ਮੈਂ ਤੇਰੇ ਨਾਲ ਹੀ ਹਾਂ। 8-10 ਦਲਿਤ ਲੀਡਰ ਐਮ. ਐਲ. ਏ., ਮੰਤਰੀ ਬਣਦੇ ਦੇਖੇ ਹਨ, ਐਰਾ-ਗੈਰਾ ਨੱਥੂ ਖੈਰਾ ਐਮਐਲਏ ਬਣ ਕੇ ਮੌਜਾਂ ਮਾਣਦਾ ਹੈ। ਲਾਲ ਬੱਤੀ ਵਾਲੀ ਗੱਡੀ 'ਚ ਘੁੰਮਦੇ ਹਨ, ਤੂੰ ਵੀ ਕਿਸੇ ਪਾਰਟੀ ਦੀ ਟਿਕਟ ਲੈ ਲੈ ਯਾਰ, ਜੇ ਨਹੀਂ ਐਮ. ਐਲ. ਏ. ਬਣਨਾ ਤਾਂ ਘੱਟੋ-ਘੱਟ ਕਿਸੇ ਪਾਰਟੀ ਦੇ ਲਈ ਦਲਿਤ ਲੀਡਰ ਦੀ ਦਲਾਲੀ ਹੀ ਕਰ ਲੈ। ਤੈਨੂੰ ਚੰਗਾ ਭਲਾ ਪਤਾ ਤਾਂ ਹੈ ਕਿ ਦਲਿਤਾਂ ਬਿਨਾਂ ਕਿਸੇ ਪਾਰਟੀ ਦੀ ਸਰਕਾਰ ਨਹੀਂ ਬਣਨੀ। ਮੈਨੂੰ ਸਾਰੀਆਂ ਗੱਲਾਂ ਸੁਣ ਕੇ ਇੰਨਾ ਗੁੱਸਾ ਆਇਆ, ਦਿਲ ਕਰੇ ਇਹਨੂੰ ਕਾਲਰੋਂ ਫੜ ਕੇ ਦਫ਼ਤਰੋਂ ਬਾਹਰ ਕੱਢਾਂ। ਪਰ ਮੈਂ ਚੁੱਪ-ਚਾਪ ਉਸ ਦੀਆਂ ਗੱਲਾਂ ਸੁਣਦਾ ਰਿਹਾ ਤੇ ਕੁਝ ਹੀ ਮਿੰਟਾਂ ਬਾਅਦ ਮੈਂ ਗੌਰ ਨਾਲ ਸੋਚਿਆ ਯਾਰ ਇਕ ਪਾਸੇ ਦੇਖਿਆ ਜਾਵੇ ਹਾਲਾਤਾਂ ਮੁਤਾਬਿਕ ਤਾਂ ਇਹ ਗੱਲ ਠੀਕ ਹੀ ਕਰ ਰਿਹਾ ਹੈ, ਕਿਉਂਕਿ ਬਹੁਤ ਸਾਰੇ ਦਲਿਤ ਲੀਡਰਾਂ ਨੇ ਦਲਿਤ ਰਾਜਨੀਤੀ ਨੂੰ ਦਲਾਲਪੁਣਾ ਹੀ ਤਾਂ ਬਣਾ ਕੇ ਰੱਖ ਦਿੱਤਾ ਹੈ। ਨਾ ਇਨ੍ਹਾਂ ਲੀਡਰਾਂ ਦਾ ਦੀਨ ਹੈ, ਨਾ ਧਰਮ ਹੈ, ਨਾ ਕੋਈ ਵਿਚਾਰਧਾਰਾ ਹੈ, ਨਾ ਕਿਸੇ ਕਮਜ਼ੋਰ-ਮਜ਼ਦੂਰ ਲਈ ਦਿਲ 'ਚ ਦਰਦ ਹੈ, ਨਾ ਅੰਬੇਡਕਰੀ ਵਿਚਾਰਧਾਰਾ, ਨਾ ਸਾਹਿਬ ਕਾਂਸ਼ੀ ਰਾਮ ਦੀ ਕੁਰਬਾਨੀ ਦੇ ਪ੍ਰਤੀ ਸਤਿਕਾਰ ਦੀ ਭਾਵਨਾ, ਬਸ ਇੱਕੋ ਚਾਅ ਹੈ ਕਿਵੇਂ ਐਮ. ਐਲ. ਏ. ਬਣ ਜਾਈਏ , ਮੰਤਰੀ ਬਣ ਜਾਈਏ, ਲਾਲ ਬੱਤੀ ਵਾਲੀ ਗੱਡੀ ਮਿਲ ਜਾਵੇ, ਕਾਲੇ ਕੱਪੜਿਆਂ ਵਾਲੇ ਬਾਡੀਗਾਰਡ ਮਿਲ ਜਾਣ, ਇਹ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਦਲਿਤ ਲੀਡਰ ਇੰਨੇ ਕੁ ਸਵਾਰਥੀ ਤੇ ਹੁਸ਼ਿਆਰ ਹੋ ਚੁੱਕੇ ਹਨ ਕਿ ਆਪਣੇ ਸਮਾਜ ਨੂੰ ਪਸ਼ੂਆਂ ਤੋਂ ਵੀ ਬੱਦਤਰ ਹਾਲਾਤ ਵਿੱਚ ਪਹੁੰਚਾ ਕੇ ਵੀ ਚੈਨ ਨਹੀਂ ਲੈ ਰਹੇ। ਇਨ੍ਹਾਂ ਦਲਿਤ ਲੀਡਰਾਂ ਦੀ ਬੇਰੁਖੀ ਕਰਕੇ 80% ਦਲਿਤਾਂ ਦੇ ਹਾਲਾਤ ਆਈਸੀਯੂ 'ਚ ਦਾਖਲ ਵੈਂਟੀਲੇਟਰ 'ਤੇ ਪਏ ਮਰੀਜ਼ ਵਾਂਗ ਹਨ, ਜਿਸ ਦੇ ਕਿਸੇ ਵੇਲੇ ਵੀ ਸਾਹ ਰੁਕ ਸਕਦੇ ਹਨ। ਕਹਿਣ ਦਾ ਭਾਵ ਕਿ ਉਹ ਜ਼ਿੰਦਗੀ ਦੀਆਂ ਮੁਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਹਨ। ਬਾਬਾ ਸਾਹਿਬ ਅੰਬੇਡਕਰ ਨੇ ਵੋਟ ਦੀ ਤਾਕਤ ਦਿੱਤੀ, ਸਾਹਿਬ ਕਾਂਸ਼ੀ ਰਾਮ ਨੇ ਉਸ ਤਾਕਤ ਦੀ ਪਹਿਚਾਣ ਕਰਵਾ ਦਿੱਤੀ, ਆਪਣੇ-ਆਪ ਨੂੰ ਕਾਂਸ਼ੀ ਰਾਮ ਦਾ ਚੇਲਾ ਕਹਿਣ ਵਾਲੇ, ਘੰਟੇਬੱਧੀ ਕਾਂਗਰਸੀਆਂ-ਅਕਾਲੀਆਂ ਨੂੰ ਗਾਲ੍ਹਾਂ ਕੱਢਣ ਵਾਲੇ ਅੱਜ ਇਨ੍ਹਾਂ ਪਾਰਟੀਆਂ ਦੇ ਹੀ ਸਿਪਾਸਲਾਰ ਬਣੇ ਹੋਏ ਹਨ ਤੇ ਪਾਰਟੀ ਹਾਈਕਮਾਂਡ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ। ਪੰਜਾਬ 'ਚ ਕਾਂਗਰਸ ਅਤੇ ਅਕਾਲੀ ਦਲ ਹੀ ਦੋ ਪ੍ਰਮੁੱਖ ਧਿਰਾਂ ਰਹੀਆਂ ਹਨ। ਜੇ ਇਨ੍ਹਾਂ ਪਾਰਟੀਆਂ ਅਤੇ ਭਾਜਪਾ ਵਿੱਚ ਬੈਠੇ ਦਲਿਤ ਲੀਡਰਾਂ 'ਤੇ ਝਾਤ ਮਾਰੀਏ ਤਾਂ ਬਹੁਗਿਣਤੀ ਦਲਿਤ ਲੀਡਰ ਸਾਹਿਬ ਕਾਂਸ਼ੀ ਰਾਮ ਦੇ ਚੰਡੇ ਹੋਏ ਹਨ। ਜਿਹੜੇ ਬਹੁਤ ਚੰਗੀ ਤਰ੍ਹਾਂ ਸਾਹਿਬ ਕਾਂਸ਼ੀ ਰਾਮ ਦੀ ਭਾਸ਼ਾ ਤਾਂ ਬੋਲਣੀ ਜਾਣਦੇ ਹਨ ਪਰ ਆਪਣੇ ਵੱਲੋਂ ਸਾਹਿਬ ਕਾਂਸ਼ੀ ਰਾਮ ਦੀ ਸੋਚ ਦਾ ਕਦੋਂ ਦਾ ਕਤਲ ਕਰ ਚੁੱਕੇ ਹਨ। ਇਹ ਦਲਿਤ ਲੀਡਰ ਆਪਣੀ ਸਵਾਰਥ ਦੀ ਭੁੱਖ ਵਿੱਚ ਇੰਨੇ ਕੁ ਅੰਨ੍ਹੇ ਹੋ ਚੁੱਕੇ ਹਨ ਕਿ ਕਦੋਂ ਆਪਣੀ ਪਾਰਟੀ ਬਦਲ ਲੈਣ ਇਸ ਬਾਰੇ ਵੀ ਨਹੀਂ ਕਿਹਾ ਜਾ ਸਕਦਾ। ਹੋ ਸਕਦਾ ਸਵੇਰੇ ਤੱਕੜੀ ਵਾਲੇ ਦੀਆਂ ਸਿਫ਼ਤਾਂ ਕਰਦੇ ਹੋਏ, ਸ਼ਾਮ ਨੂੰ ਗਾਂਧੀ ਪਰਿਵਾਰ ਦੇ ਗੁਣ ਗਾਉਂਦੇ ਹੋਣ, ਅਗਲੇ ਦਿਨ ਮੋਦੀ ਦਾ ਢੋਲ ਗਲ 'ਚ ਪਾ ਕੇ ਘੁੰਮਦੇ ਹੋਣ, ਇਹ ਵੀ ਨਹੀਂ ਕਿਹਾ ਜਾ ਸਕਦਾ ਕਦੋਂ ਇਹ ਝਾੜੂ ਨੂੰ ਜੱਫਾ ਪਾ ਲੈਣ। ਅਫਸੋਸ ਦੀ ਗੱਲ ਇਹ ਹੈ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਤਾਂ ਦਲਿਤ ਦੀ ਤਾਕਤ ਪਹਿਚਾਣ ਗਈਆਂ ਹਨ ਪਰ ਰਾਜਨੀਤਿਕ ਪਾਰਟੀਆਂ 'ਚ ਬੈਠੇ ਦਲਿਤ ਲੀਡਰ ਆਪਣੀ ਤਾਕਤ ਨਹੀਂ ਪਹਿਚਾਣ ਪਾ ਰਹੇ। ਇਹ ਦਲਿਤ ਲੀਡਰ ਆਪਣੀਆਂ-ਆਪਣੀਆਂ ਰਾਜਨੀਤਿਕ ਪਾਰਟੀਆਂ ਨਾਲ ਦਲਿਤ ਸਮਾਜ ਦਾ ਸੌਦਾ ਕਰ-ਕਰ ਕੇ ਇੰਨੇ ਕੁ ਕਮਜ਼ੋਰ ਹੋ ਜਾਂਦੇ ਹਨ ਕਿ ਸਮਾਜ ਦੇ ਹਿਤ ਦੀ ਗੱਲ ਕਰਨ ਲਈ ਇਨ੍ਹਾਂ 'ਚ ਤਾਕਤ ਨਹੀਂ ਬਚਦੀ। ਅਕਸਰ ਰਾਜਨੀਤਿਕ ਪਾਰਟੀਆਂ 'ਚ ਬੈਠੇ ਦਲਿਤ ਲੀਡਰਾਂ ਨਾਲ ਮੇਰੀ ਮੁਲਾਕਾਤ ਹੁੰਦੀ ਰਹਿੰਦੀ ਹੈ। ਕਾਂਗਰਸੀਆਂ ਕੋਲੋਂ ਪੁੱਛ ਲਉ ਤਾਂ ਉਹ ਆਖਦੇ ਹਨ ਕੈਪਟਨ ਸਾਡੀ ਗੱਲ ਨਹੀਂ ਸੁਣਦਾ, ਰਾਹੁਲ ਗਾਂਧੀ ਨੂੰ ਤਾਂ ਅਸੀਂ ਮਿਲ ਹੀ ਨਹੀਂ ਸਕਦੇ, ਭਾਜਪਾ ਦੇ ਜ਼ਿਆਦਾਤਰ ਦਲਿਤ ਲੀਡਰ ਤਾਂ ਕਈ ਵਾਰ ਸਿੱਧਾ ਹੀ ਕਹਿ ਦਿੰਦੇ ਹਨ ਅਜੇ ਜੀ ਤੁਹਾਨੂੰ ਪਤਾ ਹੀ ਹੈ ਕਿ ਭਾਜਪਾ ਤਾਂ ਸ਼ੁਰੂ ਤੋਂ ਹੀ ਦਲਿਤ ਵਿਰੋਧੀ ਰਹੀ ਹੈ। ਅਕਾਲੀਆਂ ਤੋਂ ਪੁੱਛ ਲਉ ਤਾਂ ਉਹ ਆਖਦੇ ਹਨ ਕਿ ਪਿਓ-ਪੁੱਤਰ ਸਾਡੀ ਗੱਲ ਹੀ ਨਹੀਂ ਸੁਣਦੇ ਪਰ ਜਦੋਂ ਮੈਂ ਵਿਸਥਾਰ ਵਿੱਚ ਇਨ੍ਹਾਂ ਨਾਲ ਵਿਚਾਰਾਂ ਦੀ ਸਾਂਝ ਪਾਵਾਂ ਤਾਂ ਬਹੁਤੀ ਵਾਰ ਇਹ ਗੱਲ ਪਤਾ ਚੱਲਦੀ ਹੈ ਕਿ ਇਨ੍ਹਾਂ ਦੀਆਂ ਮੰਗਾਂ ਕਦੇ ਵੀ ਨਿੱਜੀ ਪੱਧਰ ਤੋਂ ਉੱਪਰ ਉੱਠ ਕੇ ਸਮਾਜਿਕ ਪੱਧਰ ਤੱਕ ਪਹੁੰਚੀਆਂ ਹੀ ਨਹੀਂ। ਇਨ੍ਹਾਂ ਨੂੰ ਤਾਂ ਸਮਾਜ ਦੀ ਸੇਵਾ ਕਰਨ ਲਈ ਚੰਡੀਗੜ੍ਹ ਕੋਠੀ ਚਾਹੀਦੀ ਹੈ, ਮੰਤਰੀ ਪਦ ਚਾਹੀਦਾ ਹੈ, ਆਪਣੇ ਮਨਪਸੰਦ ਦਾ ਥਾਣੇਦਾਰ ਚਾਹੀਦਾ ਹੈ, ਆਪਣੀ ਮਰਜ਼ੀ ਦਾ ਅਫ਼ਸਰ ਚਾਹੀਦਾ ਹੈ। ਬਹੁਤ ਸਾਰੇ ਮਾਮਲਿਆਂ ਵਿੱਚ ਦੂਜੇ ਸਮਾਜ ਦੇ ਐਮ. ਐਲ. ਏ ., ਮੰਤਰੀਆਂ ਵਾਂਗੂੰ ਇਨ੍ਹਾਂ ਸਭ ਦਾ ਵੀ ਅਫ਼ਸਰਾਂ ਨਾਲ ਮਹੀਨਾ ਸੈੱਟ ਹੈ। ਕਹਿਣ ਦਾ ਭਾਵ ਮਹੀਨਾਬੱਧੀ ਪੈਸੇ ਲੈਂਦੇ ਹਨ, ਇਹ ਹੈ ਇਨ੍ਹਾਂ ਦੀ ਸਮਾਜ ਸੇਵਾ ਪਰ ਲਾਚਾਰ ਦਲਿਤ ਵੋਟਰ ਦੁਚਿੱਤੀ 'ਚ ਫਸਿਆ ਹੋਇਆ ਹੈ। ਇਕ ਪਾਸੇ ਮਨੂੰਵਾਦੀ ਪਾਰਟੀਆਂ 'ਚ ਬੈਠੇ ਆਪਣੇ ਦਲਿਤ ਲੀਡਰ ਭਰਾ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਵੋਟਾਂ ਠੱਗ ਲੈਂਦੇ ਹਨ, ਦੂਜੇ ਪਾਸੇ ਸਾਹਿਬ ਕਾਂਸ਼ੀ ਰਾਮ ਦੀ ਜੈ-ਜੈ ਬੁਲਾਉਣ ਵਾਲੇ ਲੋਕ ਵੀ ਪਰਦੇ ਪਿੱਛੇ ਕੁਝ ਹੋਰ ਹੀ ਖੇਡ ਖੇਡਣ 'ਚ ਮਸਤ ਹੋਏ ਹਨ। ਦਲਿਤ ਵੋਟਰ ਜਾਵੇ ਤਾਂ ਕਿੱਥੇ ਜਾਵੇ? ਮੈਂ ਤਾਂ ਆਪਣੇ ਲੇਖ ਰਾਹੀਂ ਦਲਿਤ ਵੋਟਰਾਂ ਨੂੰ ਇਹੋ ਕਹਿਣਾ ਚਾਹਾਂਗਾ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਦਲਿਤ ਲੀਡਰ ਤੁਹਾਡੇ ਵਿਹੜਿਆਂ ਜਾਂ ਘਰਾਂ 'ਚ ਆਵੇ ਉਸ ਨੂੰ ਸਰਵਜਨਕ ਜਗ੍ਹਾ 'ਤੇ ਮੀਟਿੰਗ ਜਾਂ ਜਲਸੇ ਵਿੱਚ ਸ਼ਰੇਆਮ ਤੇ ਸਾਫ ਕਿਹਾ ਜਾਵੇ, ਭਾਈ ਬਹੁਤ ਹੋ ਗਿਆ, ਬਹੁਤ ਤੇਰੀ ਰਾਜਨੀਤਿਕ ਪਾਰਟੀ ਦੇ ਭਾਸ਼ਣ, ਚੋਣ ਮਨੋਰਥ-ਪੱਤਰ, ਵਾਅਦੇ ਸੁਣ ਲਏ, ਦੇਖ ਲਏ, ਤੂੰ ਆਪਣੀ ਪਾਰਟੀ ਦੇ ਏਜੰਡੇ ਨੂੰ ਛੱਡ ਤੂੰ ਸਾਨੂੰ ਆਪਣਾ ਏਜੰਡਾ ਦੱਸ, ਤੇਰਾ ਸਮਾਜ ਲਈ ਏਜੰਡਾ ਕੀ ਹੈ ਤੇ ਨਾਲੇ ਆਪਣਾ ਰਿਪੋਰਟ ਕਾਰਡ ਭਾਵ ਉਹ ਵੀ ਸਾਰੀਆਂ ਸੁੱਖ-ਸਹੂਲਤਾਂ ਦੀ ਲਿਸਟ ਲਿਖਤੀ ਰੂਪ ਵਿੱਚ ਸਾਡੇ ਸਾਹਮਣੇ ਰੱਖ ਜਿਹੜੀਆਂ ਸਹੂਲਤਾਂ ਤੇਰੀ ਮਿਹਨਤ ਸਦਕਾ ਸਾਨੂੰ ਮਿਲੀਆਂ ਹਨ। ਉਸ ਨੂੰ ਇਹ ਵੀ ਗੱਲ ਜ਼ਰੂਰ ਪੁੱਛੋ ਕਿ ਇਸ ਵੇਲੇ ਦੁਨੀਆਂ ਚੰਨ 'ਤੇ ਜਾ ਰਹੀ ਹੈ ਤੇ ਤੇਰੇ ਵਰਗੇ ਸਵਾਰਥੀ ਲੀਡਰਾਂ ਨੇ ਹਾਲੇ ਵੀ ਸਾਨੂੰ ਆਟਾ-ਦਾਲ, ਸਕੂਲ ਦੀਆਂ ਫੀਸਾਂ, ਦਵਾਈਆਂ, ਬਾਲਿਆਂ ਵਾਲੀਆਂ ਛੱਤਾਂ ਬਦਲ ਕੇ ਲੈਂਟਰ ਪੁਆਉਣ ਤੱਕ ਹੀ ਸੀਮਿਤ ਰੱਖਿਆ ਹੋਇਆ ਹੈ। ਮੈਂ ਇਕ ਗੱਲ ਹੋਰ ਵੀ ਸੋਚਦਾ ਹਾਂ ਕਿ ਮੈਂ ਦਲਿਤ ਸਮਾਜ ਦੇ ਸਾਰੇ ਸੂਝਵਾਨ ਸਾਥੀਆਂ ਨੂੰ, ਵੋਟਰਾਂ ਨੂੰ ਅਤੇ ਸਮਾਜਿਕ ਜਥੇਬੰਦੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਕਿਉਂ ਨਾ ਪੁਰਾਣੇ 500-1000 ਵਾਲੇ ਨੋਟਾਂ ਵਾਂਗ ਆਪਣੇ ਦਲਿਤ ਸਮਾਜ ਦੇ ਪੁਰਾਣੇ ਲੀਡਰਾਂ ਨੂੰ ਵੀ ਬਦਲ ਕੇ ਨਵੇਂ ਲੀਡਰ ਅੱਗੇ ਲੈ ਕੇ ਆਈਏ ਤਾਂ ਜੋ ਸਮਾਜ ਦੀ ਦਸ਼ਾ ਤੇ ਦਿਸ਼ਾ ਵਿੱਚ ਸੰਤੋਖਜਨਕ ਫਰਕ ਨਜ਼ਰ ਆਵੇ ਤੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋਵੇ।                                                                        -   ਅਜੇ ਕੁਮਾਰ

No comments:

Post a Comment