Tuesday 6 December 2016

ਰੋਟੀ 'ਤੇ ਡਾਕਾ

ਸਾਡਾ ਸਮਾਜ ਹਜ਼ਾਰਾਂ ਸਾਲਾਂ ਤੋਂ ਬੜੀ ਬੁਰੀ ਤਰ੍ਹਾਂ ਵਰਣ-ਵਿਵਸਥਾ ਵਿੱਚ ਬੱਝਿਆ ਹੋਇਆ ਹੈ। ਵਰਣ-ਵਿਵਸਥਾ ਦੀ ਸ਼ੁਰੂਆਤ ਬੜੀ ਹੀ ਚਲਾਕੀ ਨਾਲ ਕਿੱਤਿਆਂ ਦੇ ਅਧਾਰ 'ਤੇ ਸਮਾਜ ਨੂੰ ਵੰਡਣ ਤੋਂ ਸ਼ੁਰੂ ਹੋਈ, ਜਿਸ ਵਿੱਚ ਹੱਥੀ ਕੰਮ ਕਰਨ ਵਾਲੇ ਸਮਾਜ ਦੇ ਬਹੁਤ ਵੱਡੇ ਹਿੱਸੇ ਨੂੰ ਨੀਵੀਂ ਜਾਤੀ ਕਹਿ ਦਿੱਤਾ ਗਿਆ। ਕਹਿਣ ਦਾ ਭਾਵ ਕਿ ਹਰ ਉਹ ਕੰਮ ਜੋ ਸਮਾਜ ਦੀ ਤਰੱਕੀ ਨਾਲ ਜੁੜਦਾ ਹੈ, ਹੋਂਦ ਨਾਲ ਜੁੜਦਾ ਹੈ, ਸਮਾਜ ਦੀ ਆਰਥਿਕਤਾ ਨਾਲ ਜੁੜਦਾ ਹੈ, ਉਸ ਨੂੰ ਮਨੂੰਵਾਦੀਆਂ ਨੇ ਵਰਣ-ਵਿਵਸਥਾ ਨਾਲ ਜੋੜ ਕੇ ਸਭ ਤੋਂ ਥੱਲੜੇ ਪੋਡੇ 'ਤੇ ਸੁੱਟ ਕੇ ਭਾਰਤੀ ਸਮਾਜ ਦੀ ਤਰੱਕੀ 'ਤੇ ਐਸਾ ਘਾਤ ਕੀਤਾ ਕਿ ਅਜੇ ਤੱਕ ਸਾਡਾ ਸਮਾਜ ਉਨ੍ਹਾਂ ਘਾਤਾਂ ਦੇ ਦਰਦਾਂ ਨਾਲ ਤੜਫ ਰਿਹਾ ਹੈ। ਹੱਥੀ ਕੰਮ ਕਰਨ ਵਾਲੇ ਸਾਰੇ ਕਿੱਤੇ ਖਾਸ ਕਰਕੇ ਗੰਦਗੀ ਸਾਫ ਕਰਨ ਦਾ ਕਿੱਤਾ ਕਰਨ ਵਾਲੇ ਲੋਕਾਂ ਨੂੰ ਚੌਥੇ ਪੋਡੇ ਦਾ ਦਰਜਾ ਦੇ ਕੇ ਨੀਵੀਂ ਜਾਤ ਨਾਲ ਜੋੜ ਦਿੱਤਾ। ਇਨ੍ਹਾਂ ਨਾਲ ਜੁੜੇ ਲੋਕਾਂ ਨੂੰ ਚੌਥੇ ਪੋਡੇ ਦਾ ਨਾਗਰਿਕ ਸਮਝ ਕੇ ਸਦਾ ਤੋਂ ਸ਼ੋਸ਼ਣ ਤੇ ਉੱਚ ਸਮਾਜ ਦੀਆਂ ਵਧੀਕੀਆਂ ਝੱਲਣ 'ਤੇ ਮਜ਼ਬੂਰ ਕਰ ਦਿੱਤਾ ਗਿਆ। ਦੁੱਖ ਦੀ ਗੱਲ ਇਹ ਹੈ ਕਿ ਆਜ਼ਾਦ ਭਾਰਤ ਵਿੱਚ ਵੀ ਸਭ ਤੋਂ ਮਹੱਤਵਪੂਰਨ ਕਿੱਤੇ ਕਰਨ ਵਾਲਿਆਂ ਨੂੰ ਅਜੇ ਤੱਕ ਬਣਦਾ ਸਨਮਾਨ ਨਹੀਂ ਮਿਲਿਆ। ਮੈਂ ਚਮੜੇ ਦੇ ਵਪਾਰ ਨਾਲ ਜਨਮ ਤੋਂ ਜੁੜਿਆ ਹੋਇਆ ਹਾਂ।  ਮੈਂ ਗੱਲ ਕਰ ਰਿਹਾ ਹਾਂ, ਭਾਰਤ 'ਚ ਰਹਿ ਰਹੇ ਉਨ੍ਹਾਂ 25 ਲੱਖ ਪਰਿਵਾਰਾਂ ਦੀ, ਜਿਹੜੇ ਚਮੜੇ ਦੇ ਮੁਢਲੇ ਕੰਮ ਨਾਲ ਜੁੜੇ ਹਨ ਅਤੇ ਇਸ ਕੰਮ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ਚੱਲਦੀ ਹੈ। ਇਹ ਆਪਣੇ ਪਿੰਡ ਜਾਂ ਆਲੇ-ਦੁਆਲਿਓਂ ਮਰੇ ਜਾਨਵਰ ਗਾਂ, ਮੱਝ, ਕੱਟਾ, ਵੱਛਾ ਚੁੱਕ ਕੇ ਲਿਆਉਂਦੇ ਹਨ ਤੇ ਪਿੰਡ ਦੀ ਹੱਡਾ-ਰੋੜੀ 'ਤੇ ਜਾਂ ਆਪਣੇ ਘਰ ਵਿੱਚ ਉਨ੍ਹਾਂ ਦੀ ਖਲ ਲਾਹ ਕੇ ਚਮੜਾ ਵਪਾਰੀਆਂ ਨੂੰ ਵੇਚ ਦਿੰਦੇ ਹਨ। ਇਹ ਚਮੜਾ ਕਈ ਹੱਥਾਂ ਵਿੱਚੋਂ ਨਿਕਲ ਕੇ ਚਮੜਾ ਕਾਰਖਾਨੇ 'ਚ ਪਹੁੰਚਦਾ ਹੈ ਤੇ ਇਸ ਚਮੜੇ ਦੇ ਵਪਾਰ ਨਾਲ ਜੁੜੇ ਲੋਕ ਇਕ ਪਾਸੇ ਆਪਣੀ ਰੋਜ਼ੀ-ਰੋਟੀ ਚਲਾਉਂਦੇ ਹਨ, ਦੂਸਰੇ ਪਾਸੇ ਇਹ ਸਮਾਜ ਨੂੰ ਉਨ੍ਹਾਂ ਬਿਮਾਰੀਆਂ ਤੋਂ ਬਚਾਉਂਦੇ ਹਨ ਜੋ ਮਰੇ ਜਾਨਵਰਾਂ ਨਾਲ ਫੈਲਦੀਆਂ ਹਨ। ਮਰੇ ਹੋਏ ਡੰਗਰ ਦੀ ਖਲ ਲਾਹ ਕੇ ਵੇਚਣਾ ਕੋਈ ਗੈਰ ਕਾਨੂੰਨੀ ਕੰਮ ਨਹੀਂ। ਇਹ ਕਿੱਤਾ ਉਦੋਂ ਦਾ ਚੱਲ ਰਿਹਾ ਹੈ, ਜਦੋਂ ਦਾ ਸਮਾਜ ਸ਼ੁਰੂ ਹੋਇਆ ਹੈ। ਮਾਨਵ ਦਾ ਪਾਇਆ ਪਹਿਲਾ ਵਸਤਰ ਚਮੜੇ ਦਾ ਹੀ ਬਣਿਆ ਸੀ। ਕੱਪੜਾ ਜਾਂ ਕਿਸੇ ਵੀ ਹੋਰ ਵਸਤਰ ਦੀ ਖੋਜ ਬਹੁਤ ਬਾਅਦ 'ਚ ਹੋਈ। ਇਸ ਸਭ ਤੋਂ ਪੁਰਾਣੇ ਕਿੱਤੇ ਨੂੰ ਅੱਜ ਧਰਮ ਨਾਲ ਜੋੜ ਕੇ ਆਪਣੇ ਆਪ ਨੂੰ ਸਮਾਜ ਦੇ ਠੇਕੇਦਾਰ ਕਹਿਣ ਵਾਲੇ ਕੁਝ ਗਲਤ ਅਨਸਰ ਚਮੜੇ ਦਾ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਵਪਾਰੀਆਂ ਨੂੰ ਡਰਾ-ਧਮਕਾ ਕੇ ਆਪਣਾ ਹਲਵਾ-ਮੰਡਾ ਚਲਾਉਂਦੇ ਹਨ। ਇਨ੍ਹਾਂ ਗਲਤ ਅਨਸਰਾਂ ਨੇ ਕਈ ਸੰਸਥਾਵਾਂ ਬਣਾਈਆਂ ਹੋਈਆਂ ਹਨ, ਇਹ ਧਰਮ ਦੇ ਠੇਕੇਦਾਰ ਬਣ ਕੇ ਚਮੜੇ ਦਾ ਕੰਮ ਕਰਨ ਵਾਲਿਆਂ ਦਾ ਜਿਊਣਾ ਔਖਾ ਕਰ ਰਹੇ ਹਨ। ਸਰਕਾਰਾਂ 'ਚ ਬੈਠੇ ਇਨ੍ਹਾਂ ਦੇ ਸਰਪ੍ਰਸਤ ਜਿਨ੍ਹਾਂ ਦੀ ਸ਼ੈਅ 'ਤੇ ਇਹ ਚਮੜੇ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਦੋਵੇਂ ਹੱਥਾਂ ਨਾਲ ਲੁੱਟ ਕੇ ਆਪਣੀ ਐਸ਼ਪ੍ਰਸਤੀ ਕਰ ਰਹੇ ਹਨ। ਸਰਕਾਰ ਕੋਈ ਅਜਿਹਾ ਠੋਸ ਹੱਲ ਨਹੀਂ ਲੱਭ ਰਹੀ, ਜਿਸ ਨਾਲ ਇਨ੍ਹਾਂ ਗਲਤ ਅਨਸਰਾਂ 'ਤੇ ਕਾਬੂ ਪਾ ਕੇ ਚਮੜੇ ਦਾ ਕੰਮ ਕਰਨ ਵਾਲੇ ਲੋਕਾਂ ਦਾ ਜੀਵਨ ਸੁਖਾਲਾ ਹੋ ਸਕੇ, ਕਦੋਂ ਤੱਕ ਇਹ ਚਮੜਾ ਵਪਾਰੀ ਇਨ੍ਹਾਂ ਮਨੂੰਵਾਦੀਆਂ ਦਾ ਜ਼ੁਲਮ ਬਰਦਾਸ਼ਤ ਕਰਦੇ ਰਹਿਣਗੇ? ਜੇਕਰ ਪੰਜਾਬ 'ਚ ਚਮੜੇ ਦਾ ਕੰਮ ਕਰਨ ਵਾਲਿਆਂ ਦੀ ਗੱਲ ਕਰੀਏ ਤਾਂ ਇਸ ਦੇ ਜ਼ਰੀਏ ਤਕਰੀਬਨ 50 ਹਜ਼ਾਰ ਲੋਕਾਂ ਦੇ ਪਰਿਵਾਰ ਪਲਦੇ ਹਨ ਪਰ ਅੱਜ-ਕੱਲ੍ਹ ਚਮੜੇ ਦਾ ਕੰਮ ਕਰਨ ਵਾਲੇ ਲੋਕਾਂ ਵਿੱਚ ਜਿੱਥੇ ਮੰਦੀ ਹੋਣ ਕਾਰਨ ਨਿਰਾਸ਼ਾ ਪਾਈ ਜਾ ਰਹੀ ਹੈ, ਉੱਥੇ ਲੋਟੂ ਟੋਲੇ ਦੀ ਪ੍ਰੇਸ਼ਾਨੀ ਵੀ ਇਨ੍ਹਾਂ ਨੂੰ ਦਿਨ-ਰਾਤ ਸਤਾਉਂਦੀ ਰਹਿੰਦੀ ਹੈ। ਇੰਨੇ ਮਾੜੇ ਹਾਲਾਤ ਹੋਣ ਦੇ ਬਾਵਜੂਦ ਚਮੜੇ ਦਾ ਕੰਮ ਕਰਨ ਵਾਲੇ ਲੋਕਾਂ ਦੇ ਹਾਲਾਤ ਸੁਧਾਰਨ ਲਈ ਨਾ ਤਾਂ ਪੰਜਾਬ ਸਰਕਾਰ ਨੇ ਕੁਝ ਕੀਤਾ ਹੈ ਤੇ ਨਾ ਹੀ ਸਰਕਾਰ 'ਚ ਬੈਠੇ ਦਲਿਤ ਸਮਾਜ ਦੇ ਨੁਮਾਇੰਦਿਆਂ ਨੇ ਇਨ੍ਹਾਂ ਬਾਰੇ ਕਦੀ ਹਾਅ ਦਾ ਨਾਅਰਾ ਮਾਰਿਆ ਹੈ। ਹਾਲਾਂਕਿ ਵਿਰੋਧੀ ਧਿਰ ਕਾਂਗਰਸ ਨੇ ਵੀ 2002 ਵਿੱਚ ਅਤੇ 2007 ਵਿੱਚ ਮੌਜੂਦਾ ਸਰਕਾਰ ਨੇ  ਚਮੜੇ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਇਹ ਭਰੋਸਾ ਦਿੱਤਾ ਸੀ ਕਿ ਕਿਸੇ ਵੀ ਪਿੰਡ ਵਿੱਚ ਹੱਡਾ ਰੋੜੀ ਵਾਲੀ ਥਾਂ ਬੰਦ ਨਹੀਂ ਕੀਤੀ ਜਾਵੇਗੀ ਤੇ ਜੇ ਹੱਡਾ ਰੋੜੀ ਵਾਲੀ ਥਾਂ ਪਿੰਡ ਦੀ ਵਸੋਂ ਵਿੱਚ ਆ ਗਈ ਹੈ ਤਾਂ ਉਸ ਦਾ ਬਦਲਵਾਂ ਪ੍ਰਬੰਧ ਕੀਤਾ ਜਾਵੇਗਾ ਪਰ ਨਾ ਤੇ ਕਾਂਗਰਸ ਨੇ ਤੇ ਨਾ ਹੀ ਮੌਜੂਦਾ ਸਰਕਾਰ ਨੇ ਆਪਣੇ ਕੀਤੇ ਗਏ ਵਾਅਦੇ ਨੂੰ ਪੂਰਾ ਕੀਤਾ। ਇਸ ਤੋਂ ਇਲਾਵਾ ਨਵੀਂ ਬਣੀ ਪਾਰਟੀ ਆਮ ਆਦਮੀ ਪਾਰਟੀ ਨੇ ਵੀ ਚਮੜੇ ਦਾ ਕੰਮ ਕਰਨ ਵਾਲੇ ਗਰੀਬ ਲੋਕਾਂ ਨੂੰ ਆਮ ਆਦਮੀ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸੇ ਲਈ ਉਨ੍ਹਾਂ ਨੇ ਕਦੇ ਇਨ੍ਹਾਂ ਲਈ ਹਾਅ ਦਾ ਨਾਅਰਾ ਨਹੀਂ ਮਾਰਿਆ। ਇੱਥੇ ਖਾਸ ਜ਼ਿਕਰਯੋਗ ਗੱਲ ਹੈ ਕਿ ਸਾਹਿਬ ਕਾਂਸ਼ੀ ਰਾਮ ਜੀ ਦੇ ਮੁਢਲੇ ਸਮੇਂ 'ਚ ਖ਼ਾਸ ਕਰਕੇ ਚਮੜੇ ਦਾ ਕੰਮ ਕਰਨ ਵਾਲੇ ਲੋਕਾਂ ਨੇ ਹੀ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਸੀ ਪਰ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਹਿਬ ਕਾਂਸ਼ੀ ਰਾਮ ਦੀ ਬਣਾਈ ਹੋਈ ਪਾਰਟੀ ਬਸਪਾ ਨੇ ਵੀ ਇਸ ਮਸਲੇ ਨੂੰ ਲੈ ਕੇ ਕਦੇ ਕਿਤੇ ਕੋਈ ਗੰਭੀਰ ਅੰਦੋਲਨ ਨਹੀਂ ਛੇੜਿਆ ਤੇ ਨਾ ਭਵਿੱਖ ਵਿੱਚ ਛੇੜਨ ਦੀ ਉਨ੍ਹਾਂ ਦੀ ਕੋਈ ਯੋਜਨਾ ਹੈ। ਮੈਂ ਪੂਰੇ ਪੰਜਾਬ ਵਿੱਚ ਚਮੜੇ ਦਾ ਕੰਮ ਕਰਨ ਵਾਲੇ ਮਜ਼ਦੂਰ ਅਤੇ ਵਪਾਰੀਆਂ ਦੇ ਸੰਪਰਕ ਵਿੱਚ ਲਗਾਤਾਰ ਹਾਂ। ਮੈਨੂੰ ਇਨ੍ਹਾਂ ਦੇ ਮਾੜੇ ਹਾਲਾਤਾਂ ਨੂੰ ਦੇਖਦੇ ਹੋਏ ਇਹ ਗੱਲ ਚਿੱਟੇ ਦਿਨ ਵਾਂਗ ਨਜ਼ਰ ਆ ਰਹੀ ਹੈ ਕਿ ਸਰਕਾਰਾਂ ਦੀ ਸ਼ੈਅ ਤਹਿਤ ਗਊ ਰੱਖਿਆ ਦੇ ਨਾਂ 'ਤੇ ਚਮੜੇ ਦਾ ਕੰਮ ਕਰਨ ਵਾਲਿਆਂ ਦੀ ਰੋਜ਼ੀ-ਰੋਟੀ 'ਤੇ ਡਾਕਾ ਮਾਰਿਆ ਜਾ ਰਿਹਾ ਹੈ। ਹੁਣ ਦੇਖਣਾ ਇਹ ਹੈ ਕਿ ਕਿੰਨੀ ਕੁ ਛੇਤੀ ਚਮੜੇ ਦਾ ਕੰਮ ਕਰਨ ਵਾਲੇ ਲੋਕ ਇਕੱਠੇ ਹੋ ਕੇ ਆਪਣੇ ਦੁੱਖ-ਤਕਲੀਫਾਂ ਨੂੰ ਦੂਰ ਕਰਨ ਦੇ ਲਈ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੋਈ ਯੋਜਨਾ ਬਣਾਉਂਦੇ ਹਨ ਜਾਂ ਨਹੀਂ? ਇੰਨਾ ਜ਼ਰੂਰ ਹੈ ਅਦਾਰਾ 'ਆਪਣੀ ਮਿੱਟੀ' ਪੂਰੀ ਇਮਾਨਦਾਰੀ ਨਾਲ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਚਮੜੇ ਦਾ ਕੰਮ ਕਰਨ ਵਾਲੇ ਸਾਰੇ ਲੋਕਾਂ ਦਾ ਸਾਥ ਦਿੰਦਾ ਰਹੇਗਾ, ਇਸ ਦੇ ਤਹਿਤ ਆਰੰਭੇ ਗਏ ਅੰਦੋਲਨ ਵਿੱਚ ਸਾਥ ਦੇਣ ਵਾਲੇ ਸਾਰੇ ਦਲਿਤ ਸੂਝਵਾਨਾਂ ਨੂੰ ਅਤੇ ਇਨਸਾਨੀਅਤ ਦੇ ਪੁਜਾਰੀਆਂ ਨੂੰ ਸਾਡਾ ਖੁੱਲ੍ਹਾ ਸੱਦਾ ਹੈ। ਉਮੀਦ ਹੈ ਤੁਸੀਂ ਸਾਰੇ ਰਲ ਕੇ ਸਾਡਾ ਸਾਥ ਦਿਓਗੇ ਤੇ ਯਕੀਨਨ ਅਸੀਂ ਚਮੜੇ ਦਾ ਕੰਮ ਕਰਨ ਵਾਲੇ ਲੋਕਾਂ ਦੀ ਰੋਜ਼ੀ-ਰੋਟੀ 'ਤੇ ਡਾਕਾ ਨਹੀਂ ਪੈਣ ਦਿਆਂਗੇ।
                                                                                                                   - ਅਜੇ ਕੁਮਾਰ

No comments:

Post a Comment