Monday 25 July 2016

ਦੇਸ਼ ਧਰਮ

ਵਿਸ਼ਵ ਪ੍ਰਸਿੱਧ ਵਿਦਵਾਨ, ਯੁਗਪੁਰਸ਼ ਡਾ. ਭੀਮ ਰਾਓ ਅੰਬੇਡਕਰ ਜੀ ਨੇ ਆਪਣੇ ਜੀਵਨ ਦੇ ਅਧਿਐਨ ਦਾ ਨਿਚੋੜ ਸਾਡੇ ਸਾਹਮਣੇ ਰੱਖਦੇ ਹੋਏ ਕਿਹਾ ਕਿ ਸਾਰੇ ਧਾਰਮਿਕ ਸ਼ਾਸਤਰ ਪੁਰਾਣੇ ਜ਼ਮਾਨੇ ਦੇ ਕਾਨੂੰਨ ਹਨ ਅਤੇ ਕਾਨੂੰਨਾਂ ਨੂੰ  ਮਨੁੱਖਤਾ ਦੀ ਭਲਾਈ ਲਈ ਹੋਰ ਵੀ ਵਧੀਆ ਢੰਗ ਨਾਲ ਬਦਲਿਆ ਜਾ ਸਕਦਾ ਹੈ। ਭਾਰਤੀ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਭਾਰਤ ਦਾ ਸੰਵਿਧਾਨ ਹੀ ਦੇਸ਼ ਦਾ ਸਰਵਪ੍ਰਿਯ ਗ੍ਰੰਥ ਹੈ ਅਤੇ ਸਾਰੇ ਭਾਰਤੀਆਂ ਨੂੰ ਸੰਵਿਧਾਨ ਦੇ ਮੁਤਾਬਿਕ ਹੀ ਚੱਲਣਾ ਹੋਵੇਗਾ। ਸਾਰੇ ਪ੍ਰਸ਼ਾਸਨਿਕ ਅਧਿਕਾਰੀ ਇਸ ਨੂੰ ਮੰਨਣਗੇ ਅਤੇ ਇਮਾਨਦਾਰੀ ਨਾਲ ਲਾਗੂ ਕਰਨਗੇ ਅਤੇ ਸੰਵਿਧਾਨ ਬਾਰੇ ਆਮ ਨਾਗਰਿਕਾਂ ਨੂੰ ਜਾਗ੍ਰਿਤ ਵੀ ਕਰਨਗੇ ਤਾਂ ਜੋ ਉਹ ਆਪਣੇ ਹੱਕ ਲੈ ਸਕਣ ਅਤੇ ਫਰਜ਼ ਨਿਭਾ ਸਕਣ। ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦਿਆਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਭਾਰਤ ਦੇ ਸੰਵਿਧਾਨ ਦੀ ਰੱਖਿਆ ਕਰਨ ਅਤੇ ਉਸ ਨੂੰ ਇਮਾਨਦਾਰੀ ਨਾਲ ਲਾਗੂ ਕਰਵਾਉਣ ਲਈ ਪੂਰੇ ਯਤਨ ਕਰਨ। ਭਾਰਤ ਦਾ ਸੰਵਿਧਾਨ ਹੀ ਦੇਸ਼ ਦਾ ਗ੍ਰੰਥ ਹੈ। ਦੇਸ਼ ਭਗਤੀ ਹੀ ਸਭ ਤੋਂ ਉੱਤਮ ਧਰਮ ਹੈ। ਕਹਿਣ ਦਾ ਭਾਵ ਇਹ ਹੈ ਕਿ ਸਾਰੇ ਮਨੁੱਖ ਆਪਣੇ-ਆਪਣੇ ਧਰਮ ਨੂੰ ਮੰਨ ਤਾਂ ਸਕਦੇ ਹਨ, ਆਪਣੇ ਰਹਿਬਰਾਂ ਦੀ ਪੂਜਾ-ਉਸਤਤ ਜਾਂ ਉਨ੍ਹਾਂ ਦਾ ਪ੍ਰਚਾਰ-ਪ੍ਰਸਾਰ ਤਾਂ ਕਰ ਸਕਦੇ ਹਨ ਪਰ ਸਮਾਜਿਕ ਤੌਰ 'ਤੇ ਉਨ੍ਹਾਂ ਨੂੰ ਸੰਵਿਧਾਨ ਦੇ ਮੁਤਾਬਿਕ ਹੀ ਚੱਲਣਾ ਪਵੇਗਾ। ਤੁਹਾਡਾ ਆਪਣਾ ਧਰਮ, ਰੀਤੀ-ਰਿਵਾਜ਼, ਤੌਰ-ਤਰੀਕਾ ਹੋ ਸਕਦਾ ਹੈ, ਤੁਸੀਂੇ ਆਪਣੀ ਅਜ਼ਾਦੀ ਦਾ ਆਪਣੇ ਧਰਮ 'ਚ ਰਹਿ ਕੇ ਅਨੰਦ ਤਾਂ ਮਾਣ ਸਕਦੇ ਹੋ, ਪਰ ਆਪਣੀ ਧਾਰਮਿਕ ਕੱਟੜਤਾ ਕਿਸੇ 'ਤੇ ਥੋਪ ਨਹੀਂ ਸਕਦੇ ਤੇ ਕਿਸੇ ਦੇ ਧਰਮ ਅਤੇ ਕਿਸੇ ਦੀ ਆਸਥਾ ਨੂੰ ਠੇਸ ਨਹੀਂ ਪਹੁੰਚਾ ਸਕਦੇ ਪਰ ਮੌਜੂਦਾ ਸਮੇਂ ਭਾਰਤ 'ਚ ਧਰਮ ਦੇ ਠੇਕੇਦਾਰਾਂ ਨੇ ਆਪਣੇ-ਆਪਣੇ ਧਰਮ, ਆਪੋ-ਆਪਣੀਆਂ ਕੌਮਾਂ ਦੇ ਪੈਰੋਕਾਰ ਬਣ ਕੇ ਅੰਧ-ਵਿਸ਼ਵਾਸ ਫੈਲਾਉਣਾ ਮੁੱਖ ਧੰਦਾ ਬਣਾ ਲਿਆ ਹੈ। ਜਿਨ੍ਹਾਂ ਦਾ ਇੱਕੋ-ਇਕ ਕੰਮ ਹੈ ਕਿ ਕਿਵੇਂ ਇਕ-ਦੂਜੇ ਪ੍ਰਤੀ ਵੱਧ ਤੋਂ ਵੱਧ ਨਫ਼ਰਤ ਪੈਦਾ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੀ ਝੂਠੀ ਸ਼ਾਨੋ-ਸ਼ੌਕਤ ਅਤੇ ਉਨ੍ਹਾਂ ਦਾ ਹਲਵਾ-ਮੰਡਾ ਚੱਲਦਾ ਰਹੇ। ਇਸ ਸਮੇਂ ਬਹੁਤ ਸਾਰੇ ਦਾਰਸ਼ਨਿਕ, ਬੁੱਧੀਮਾਨ ਅਤੇ ਮੀਡੀਆ ਨਾਲ ਜੁੜੇ ਲੋਕ ਮੌਜੂਦਾ ਹਾਲਾਤ ਨੂੰ ਗ੍ਰਹਿ ਯੁੱਧ ਵਜੋਂ ਦੇਖ ਰਹੇ ਹਨ। ਮੈਂ ਮੌਜੂਦਾ ਦੌਰ ਨੂੰ ਦੇਸ਼ ਦਾ ਬਹੁਤ ਮਾੜਾ ਦੌਰ ਤਾਂ ਮੰਨਦਾ ਹਾਂ ਪਰ ਇਸ ਨੂੰ ਗ੍ਰਹਿ ਯੁੱਧ ਵਜੋਂ ਨਹੀਂ ਦੇਖ ਰਿਹਾ। ਕਿਉਂਕਿ ਗ੍ਰਹਿ ਯੁੱਧ ਲੱਗਣ ਦੇ ਲਈ ਦੋ ਵਿਚਾਰਧਾਰਾਵਾਂ ਚਾਹੀਦੀਆਂ ਹਨ ਪਰ  ਇਸ ਸਮੇਂ ਦੇਸ਼ ਵਿੱਚ ਅਣਗਿਣਤ ਕਹਿਣ ਦਾ ਭਾਵ ਲੱਖਾਂ ਵਿਚਾਰਧਾਰਾਵਾਂ ਚੱਲ ਰਹੀਆਂ ਹਨ। ਜਿਸ ਕਰਕੇ ਆਮ ਆਦਮੀ ਦਾ ਬਹੁਤ ਮਾੜਾ ਹਾਲ ਹੈ। ਉਸ ਦਾ ਕਚੂੰਮਰ ਨਿਕਲਿਆ ਹੈ ਉਹ ਤ੍ਰਾਹੀ-ਤ੍ਰਾਹੀ ਕਰ ਰਿਹਾ ਹੈ। ਇਸ ਲਈ ਹਰ ਇਕ ਭਾਰਤੀ ਦਾ ਫਰਜ਼ ਬਣਦਾ ਹੈ ਕਿ ਉਹ ਦੇਸ਼ ਦਾ ਧਰਮ ਨਿਭਾਉਣ ਲਈ ਜਾਗਰੂਕ ਹੋਵੇ। ਇਸ ਸਮੇਂ ਜ਼ਿਆਦਾਤਰ ਪ੍ਰਸ਼ਾਸਨਿਕ ਅਧਿਕਾਰੀ ਦੇਸ਼ ਦਾ ਧਰਮ ਨਿਭਾਉਣ ਵਿੱਚ ਅਸਫਲ ਹਨ। ਹਾਲਾਂਕਿ ਭਾਰਤੀ ਸੰਵਿਧਾਨ ਨੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਲੋਕਾਂ ਵੱਲੋਂ ਨੁਮਾਇੰਦੇ ਚੁਣੇ ਜਾਣ ਦੀ ਵਿਵਸਥਾ ਵੀ ਕੀਤੀ ਹੋਈ ਹੈ ਤੇ ਇਨ੍ਹਾਂ ਚੁਣੇ ਹੋਏ ਨੁਮਾਇੰਦਿਆਂ ਨੂੰ ਹਦਾਇਤਾਂ ਵੀ ਹਨ ਕਿ ਉਹ ਇਸ ਗੱਲ 'ਤੇ ਚੌਕਸ ਰਹਿਣ ਕਿ ਪ੍ਰਸ਼ਾਸਨਿਕ ਅਧਿਕਾਰੀ ਭਾਰਤੀ ਸੰਵਿਧਾਨ ਦੀ ਉਲੰਘਣਾ ਨਾ ਕਰਨ, ਕਿਤੇ ਉਹ ਲੋਕਾਂ ਦੇ ਹਿਤਾਂ ਨਾਲ ਖਿਲਵਾੜ ਤਾਂ ਨਹੀਂ ਕਰ ਰਹੇ?ਇਸ ਗੱਲ ਦਾ ਖਿਆਲ ਵੀ ਚੁਣੇ ਹੋਏ ਨੁਮਾਇੰਦਿਆਂ ਨੇ ਰੱਖਣਾ ਹੈ ਪਰ ਇਸ ਸਮੇਂ ਲੋਕਤੰਤਰ ਦਾ ਬੁਰੀ ਤਰ੍ਹਾਂ ਵਾਜਾ ਵੱਜਿਆ ਹੋਇਆ ਹੈ ਕਿਉਂਕਿ ਚੁਣੇ ਹੋਏ ਨੁਮਾਇੰਦੇ ਆਪਣੇ ਨਿੱਜੀ ਸਵਾਰਥ ਤੋਂ ਉੱਪਰ ਨਹੀਂ ਉੱਠ ਪਾ ਰਹੇ। ਉਹ ਆਪਣੀ ਜਾਤ, ਧਰਮ ਦੇ ਗੁਣਗਾਨ ਵਿੱਚ ਹੀ ਇੰਨੇ ਮਸਤ ਹੋ ਚੁੱਕੇ ਹਨ ਕਿ ਭੁੱਲ ਗਏ ਹਨ ਕਿ ਉਨ੍ਹਾਂ ਦਾ ਆਪਣੇ ਦੇਸ਼ ਪ੍ਰਤੀ ਵੀ ਕੁਝ ਫਰਜ਼ ਹੈ, ਨਾਲ ਉਹ ਇਹ ਵੀ ਭੁੱਲ ਗਏ ਹਨ ਕਿ ਉਹ ਵੀ ਆਮ ਨਾਗਰਿਕ ਹੀ ਹਨ ਜਿਨ੍ਹਾਂ ਨੂੰ ਭਾਰਤ ਦੇ ਸੰਵਿਧਾਨ ਮੁਤਾਬਿਕ ਹੀ ਚੱਲਣਾ ਪੈਣਾ ਹੈ। ਦੂਸਰੇ ਦੀ ਦੁਖਦੀ ਰਗ ਛੇੜ ਕੇ ਕੋਈ ਸਮਾਜ ਅੱਗੇ ਨਹੀਂ ਵਧ ਸਕਦਾ। ਪਰ ਮੌਜੂਦਾ ਦੌਰ 'ਚ ਜ਼ਿਆਦਾਤਰ ਲੋਕਾਂ ਨੇ ਧਾਰਨਾ ਇਸ ਪ੍ਰਕਾਰ ਦੀ ਬਣਾਈ ਹੋਈ ਹੈ ਕਿ ਜੇਕਰ ਜ਼ਿਕਰ ਕਮਿਊਨਿਸਟਾਂ ਦਾ ਹੁੰਦਾ ਹੈ ਤਾਂ ਗੱਲ ਨਕਸਲੀਆਂ 'ਤੇ ਆ ਕੇ ਰੁਕ ਜਾਂਦੀ ਹੈ, ਜਦੋਂ ਰਾਹੁਲ ਗਾਂਧੀ ਜਾਂ ਸੋਨੀਆ ਦਾ ਨਾਂ ਆਉਂਦਾ ਹੈ ਤਾਂ ਧਿਆਨ ਇਟਲੀ ਵੱਲ ਜ਼ਰੂਰ ਜਾਂਦਾ ਹੈ, ਚਰਚਾ ਮੋਦੀ ਦੀ ਹੋਵੇ ਤਾਂ ਦੰਗਿਆਂ ਦਾ ਜ਼ਿਕਰ ਜ਼ਰੂਰ ਹੋਵੇਗਾ, ਜੇਕਰ ਸੰਘ ਦਾ ਰਾਗ ਸ਼ੁਰੂ ਕਰੀਏ ਤਾਂ ਖਾਖੀ ਨਿੱਕਰ ਤੋਂ ਲੈ ਕੇ ਗੋਡਸੇ ਤੱਕ ਦਾ ਜ਼ਿਕਰ ਹੁੰਦਾ ਹੈ, ਇਸੇ ਤਰ੍ਹਾਂ ਮਹਾਤਮਾ ਗਾਂਧੀ ਦੀ ਗੱਲ ਹੋਵੇ ਤਾਂ ਬ੍ਰਹਮਚਾਰਿਆ, ਬੱਕਰੀ ਦੇ ਢੋਂਗ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਇਸੇ ਕੜੀ ਦੇ ਵਿੱਚ ਜੇਕਰ ਗੱਲ ਡਾ. ਭੀਮ ਰਾਓ ਅੰਬੇਡਕਰ ਦੀ ਹੋਵੇ ਤਾਂ ਬਹਿਸ ਦਲਿਤਾਂ ਵੱਲ ਮੁੜ ਜਾਂਦੀ ਹੈ। ਸਾਨੂੰ ਸਭ ਦੀਆਂ ਖਾਮੀਆਂ ਨਜ਼ਰ ਆਉਂਦੀਆਂ ਹਨ, ਕਿਉਂਕਿ ਖੂਬੀਆਂ ਦੇਖਣ ਵਾਲੀ ਨਜ਼ਰ ਧੁੰਦਲੀ ਪੈ ਚੁੱਕੀ ਹੈ। ਮੌਜੂਦਾ ਸਮੇਂ ਵਿੱਚ ਦਲਿਤ ਦਾ ਮਤਲਬ ਹੈ ਕੋਟਾ, ਮੁਸਲਮਾਨ ਦਾ ਮਤਲਬ ਹੈ ਪਾਕਿਸਤਾਨ, ਬ੍ਰਾਹਮਣ ਦਾ ਮਤਲਬ ਹੈ ਮਨੂੰ, ਬਣੀਏ ਦਾ ਮਤਲਬ ਖੂਨ ਚੂਸਣ ਵਾਲਾ ਲਾਲਾ, ਕਸ਼ਮੀਰੀ ਦਾ ਅਰਥ ਹੈ ਅਲਗਾਵਵਾਦੀ, ਨੇਪਾਲੀ ਸਭ ਲਈ ਬਹਾਦਰ ਹੋ ਗਿਆ,  ਠਾਕੁਰ ਜੇ ਰਸੂਖਦਾਰ ਹੈ ਤਾਂ ਸ਼ੋਸ਼ਕ ਹੈ, ਕਹਿਣ ਦਾ ਭਾਵ ਹਰ ਜਾਤ-ਪਾਤ ਦੀਆਂ ਕਮੀਆਂ ਤੇ ਖਾਮੀਆਂ ਹਮੇਸ਼ਾ ਸਾਡੀ ਜ਼ੁਬਾਨ 'ਤੇ ਰਹਿੰਦੀਆਂ ਹਨ, ਫਰਕ ਸਿਰਫ ਇੰਨਾ ਹੈ ਕਿ ਕੁਝ ਲੋਕ ਮੂੰਹ 'ਤੇ ਬੋਲ ਦਿੰਦੇ ਹਨ ਤੇ ਜ਼ਿਆਦਾਤਰ ਪਿੱਠ 'ਤੇ। ਸਾਰਿਆਂ ਦੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਕਿਵੇਂ ਸਾਹਮਣੇ ਵਾਲੇ ਦੀ ਕਮਜ਼ੋਰ ਨਸ ਨੂੰ ਦਬਾਇਆ ਜਾਵੇ ਤਾਂ ਕਿ ਉਸ ਦਾ ਤ੍ਰਾਹ ਨਿਕਲ ਜਾਵੇ। ਜੇ ਪੱਤਰਕਾਰ ਹੈ ਤਾਂ ਉਹ ਬਲੈਕਮੇਲਰ ਹੈ, ਪੁਲਿਸ ਵਾਲਾ ਹੈ ਤਾਂ ਠੁੱਲਾ ਹੈ, ਸਰਕਾਰ 'ਚ ਅਫਸਰ ਜਾਂ ਲੀਡਰ ਹੈ ਤਾਂ ਕਰਪਟ ਹੈ, ਡਾਕਟਰ ਹੈ ਤਾਂ ਲੁਟੇਰਾ ਹੈ, ਵਪਾਰੀ ਠੇਕੇਦਾਰ ਜਾਂ ਸਾਹੂਕਾਰ ਹੈ ਤਾਂ ਜ਼ਰੂਰ ਗੁੰਡਾ ਹੋਵੇਗਾ, ਜੇ ਕੋਈ ਲੜਕੀ ਮਾਡਲ, ਐਂਕਰ, ਹੋਸਟਸ, ਰਿਸੈਪਸ਼ਨਿਸਟ, ਲੀਡਰ ਤਲਾਕਸ਼ੁਦਾ ਹੈ ਤਾਂ ਸਾਡੇ ਕੋਲ ਬੇਸਿਰ ਪੈਰ ਦੀਆਂ ਟਿੱਪਣੀਆਂ ਦੀ ਕੋਈ ਕਮੀ ਨਹੀਂ। ਸਰਵਜਨਕ ਤੌਰ 'ਤੇ ਭਾਵੇਂ ਇਸ ਘਟੀਆ ਸੋਚ ਨੂੰ ਢਕ ਲਈਏ ਪਰ ਅੰਦਰ ਹੀ ਅੰਦਰ ਇਹ ਸੋਚ ਸਾਡੇ ਸਮਾਜ ਨੂੰ, ਸਾਡੇ ਦੇਸ਼ ਨੂੰ ਖਾਈ ਜਾ ਰਹੀ ਹੈ ਤੇ ਕੁਲ ਮਿਲਾ ਕੇ ਮੇਰੀ ਤਕਲੀਫ ਦਾ ਮੁੱਖ ਕਾਰਣ ਇਹ ਹੈ ਕਿ ਅਜ਼ਾਦੀ ਦੇ 70 ਸਾਲ ਬਾਅਦ ਵੀ ਮਾੜੀ ਸੋਚ ਦੀ ਬਿਮਾਰੀ ਘਟਣ ਦੀ ਬਜਾਏ ਵਧਦੀ ਜਾ ਰਹੀ ਹੈ। ਦਲਿਤ ਢਿੱਡੋਂ ਸਵਰਨਾਂ ਨਾਲ ਨਫਰਤ ਕਰਦੇ ਹਨ ਜਿਵੇਂ ਸਾਹਮਣੇ ਬੈਠਾ ਹਿੰਦੂ ਹੀ ਮੇਰੀਆਂ ਸਭ ਤਕਲੀਫਾਂ ਲਈ ਜ਼ਿੰਮੇਵਾਰ ਹੈ। ਬ੍ਰਾਹਮਣ ਅਜੇ ਤੱਕ ਆਪਣੇ ਆਪ ਨੂੰ ਚਾਣੱਕਿਆ ਸਮਝਦਾ ਹੈ। ਜੱਟ, ਠਾਕੁਰ, ਖੱਤਰੀ ਖਬਰੇ ਕਿਹੜੇ ਨਸ਼ੇ 'ਚ ਮਗਰੂਰ ਹੈ ਆਪੋ-ਆਪਣੀਆਂ ਜਾਤਾਂ, ਮੁਹੱਲੇ ਇਕੱਠ ਬਣਦੇ ਹਨ ਤੇ ਆਪਣੀ ਜਾਤ ਦੇ ਮੁਹੱਲੇ ਵਿੱਚ ਰਹਿ ਕੇ ਹੀ ਹਰ ਕਿਸੇ ਨੂੰ ਤਸੱਲੀ ਮਿਲਦੀ ਹੈ। ਮੋਦੀ ਭਾਰਤ ਦੇਸ਼ ਨੂੰ ਕਾਂਗਰਸ ਮੁਕਤ ਦੇਖਣਾ ਚਾਹੁੰਦਾ ਹੈ, ਸੋਨੀਆਂ ਨੂੰ ਹਰ ਕੀਮਤ 'ਤੇ ਸੱਤਾ ਚਾਹੀਦੀ ਹੈ, ਬਾਦਲਾਂ ਨੂੰ ਆਪਣੇ ਪਰਿਵਾਰ ਵਿੱਚ ਹੀ ਪੰਜਾਬ ਨਜ਼ਰ ਆਉਂਦਾ ਹੈ, ਕੇਜਰੀਵਾਲ ਨੇ ਸਾਰਿਆਂ ਨੂੰ 'ਟੋਪੀਆਂ ਪਾਉਣ' ਦਾ ਜ਼ਿੰਮਾ ਚੁੱਕ ਲਿਆ ਹੈ। ਭਾਜਪਾ ਵੈਸੇ ਤਾਂ ਆਪਣੇ-ਆਪ ਨੂੰ ਬੜੀ ਦੇਸ਼ ਭਗਤ ਪਾਰਟੀ ਮੰਨਦੀ ਹੈ ਪਰ ਸੱਤਾ ਦਾ ਮਜ਼ਾ ਲੈਣ ਲਈ ਉਹ ਭ੍ਰਿਸ਼ਟ ਅਕਾਲੀਆਂ ਦਾ ਸਾਥ ਵੀ ਲੈਂਦੀ ਹੈ ਤੇ ਲੋੜ ਪੈਣ 'ਤੇ ਕਸ਼ਮੀਰ ਵਿੱਚ ਪੀਡੀਪੀ ਨਾਲ ਵੀ ਸਮਝੌਤਾ ਕਰ ਲੈਂਦੀ ਹੈ। ਮੈਨੂੰ ਨਜ਼ਰ ਨਹੀਂ ਆਉਂਦੀ ਕਿ ਕੋਈ ਅਜਿਹਾ ਹੈ ਜੋ ਸਾਨੂੰ ਦੱਸੇ ਕਿ ਅਸੀਂ ਭਾਰਤੀ ਹਾਂ, ਅਸੀਂ ਇੱਕੋ-ਮਿੱਟੀ ਦੇ ਬਣੇ ਹਾਂ, ਸਾਡੇ ਆਪਸੀ ਹਾਲਾਤਾਂ ਵਿੱਚ ਕੋਈ ਖਾਸ ਲੰਬਾ-ਚੌੜਾ ਫਰਕ ਨਹੀਂ ਹੈ। ਸਭ ਨੂੰ ਇੱਕੋ ਜਿਹੀ ਭੁੱਖ ਲੱਗਦੀ ਹੈ, ਸਭ ਨੂੰ ਇੱਕੋ ਜਿਹੇ ਬਰਾਬਰੀ ਦੇ ਮੌਕੇ ਮਿਲਣੇ ਚਾਹੀਦੇ ਹਨ ਪਰ ਅਸੀਂ ਆਦਤ ਤੋਂ ਮਜਬੂਰ ਸਾਹਮਣੇ ਵਾਲੇ ਦੀ ਥਾਲੀ, ਉਸ ਦੀ ਜੇਬ੍ਹ 'ਤੇ ਜ਼ਰੂਰ ਨਿਗਾਹ ਰੱਖਦੇ ਹਾਂ। ਕਹਿੰਦੇ ਹਨ ਆਪਣੀ ਅਕਲ , ਬੇਗਾਨਾ ਧਨ ਸਦਾ ਜ਼ਿਆਦਾ ਹੀ ਲੱਗਦਾ ਹੈ। ਦੇਸ਼ ਇਕ ਰੇਲ ਗੱਡੀ ਹੈ, ਜਿਸ ਦੇ ਵੱਖਰੇ-ਵੱਖਰੇ ਡਿੱਬੇ ਇਕ ਸਾਂਝੇ ਉਦੇਸ਼ ਨੂੰ ਸਾਹਮਣੇ ਰੱਖ ਕੇ ਇਕੱਠੇ ਟੀਚੇ ਵੱਲ ਵੱਧਦੇ ਰਹਿਣੇ ਚਾਹੀਦੇ ਹਨ ਪਰ ਇੰਝ ਲੱਗਦਾ ਹੈ ਕਿ ਹਰ ਡੱਬਾ ਆਪਣੇ-ਆਪ 'ਚ ਗੱਡੀ ਬਣਨ ਨੂੰ ਕਾਹਲਾ ਹੈ। ਹਰ ਡੱਬਾ ਆਪਣੀ ਦਿਸ਼ਾ, ਆਪਣਾ ਟੀਚਾ ਵੱਖਰਾ ਨਿਰਧਾਰਿਤ ਕਰਨਾ ਚਾਹੁੰਦਾ ਹੈ। ਆਪੋ-ਆਪਣੇ ਰਾਹ ਤੇ ਸੋਚ ਦੇ ਚੱਕਰ ਵਿੱਚ ਗੱਡੀ ਇਕ ਜਗ੍ਹਾ 'ਤੇ ਖੜ ਹੀ ਨਹੀਂ ਗਈ ਬਲਕਿ ਡੱਬਿਆਂ ਵਿੱਚ ਵੀ ਬਿਖਰਾਅ ਆ ਗਿਆ ਹੈ। ਸੋਚ ਕੇ ਦੇਖੋ ਕਿਧਰੇ ਤੁਸੀਂ ਵੀ ਬੇਤਰਤੀਬ ਗੱਡੀ ਦੇ ਕਿਸੇ ਡੱਬੇ ਵਿੱਚ ਬੰਦ ਹੋ ਕੇ ਤਾਂ ਨਹੀਂ ਰਹਿ ਗਏ। ਜਿੱਥੇ ਬਾਹਰਲੀ ਸੋਚ ਦੇ ਸਭ ਖਿੜਕੀਆਂ-ਦਰਵਾਜ਼ੇ ਬੰਦ ਹਨ ਤੇ ਤੁਸੀਂ ਇਸ ਵਿੱਚ ਬੈਠ ਕੇ ਸੜ ਰਹੇ ਹੋ। ਜੀਵਨ ਨੂੰ ਜਿਉਣ ਲਈ ਠਹਿਰਾਅ ਨਹੀਂ ਨਿਰੰਤਰਤਾ ਦੀ ਜ਼ਰੂਰਤ ਹੈ। ਹਰ ਨਵੇਂ ਸਾਹ ਦੇ ਨਾਲ ਸਾਨੂੰ ਤਾਜ਼ੀ ਨਵੀਂ ਹਵਾ ਦੀ ਲੋੜ ਹੈ। ਇਕ ਜਗ੍ਹਾ 'ਤੇ ਖੜਾ ਪਾਣੀ ਬੋਅ ਮਾਰਨ ਲੱਗ ਜਾਂਦਾ ਹੈ ਤੇ ਪੀਣ ਯੋਗ ਨਹੀਂ ਰਹਿੰਦਾ। ਇਹ ਗੱਲ ਸਹੀ ਹੈ ਕਿ ਜੇਕਰ ਅਸੀਂ ਭਾਰਤ ਦੇ ਸੰਵਿਧਾਨ ਦੇ ਮੁਤਾਬਿਕ ਇਮਾਨਦਾਰੀ ਨਾਲ ਚੱਲਦੇ ਤਾਂ ਸਾਡਾ ਦੇਸ਼ ਖੁਸ਼ਹਾਲੀ, ਏਕਤਾ, ਪ੍ਰੇਮ-ਭਾਈਚਾਰੇ ਦੇ ਨਾਲ ਤਰੱਕੀ ਦੀਆਂ ਲੀਹਾਂ ਵੱਲ ਚੱਲ ਕੇ ਇਕ ਖੂਬਸੂਰਤ ਵਧੀਆ ਸੰਗੀਤਕਾਰ ਦੀ ਟੀਮ ਵਾਂਗੂੰ ਹੋਣਾ ਸੀ ਪਰ ਜਿਹੜਾ ਹੁਣ ਸਬਜ਼ੀ ਮੰਡੀ ਦਾ ਰੌਲਾ ਜਿਹਾ ਬਣ ਕੇ ਰਹਿ ਗਿਆ ਹੈ। ਇਸ ਬੇਮਤਲਬ ਦੇ ਰੌਲੇ ਨੇ ਹਰ ਭਾਰਤੀ ਦਾ ਜੀਵਨ ਔਖਾ ਕਰ ਦਿੱਤਾ ਹੈ। ਹੁਣ ਦੇਖਣਾ ਇਹ ਹੈ ਸਮਾਂ ਰਹਿੰਦੇ ਮੌਜੂਦਾ ਸਰਕਾਰਾਂ ਤੇ ਪ੍ਰਸ਼ਾਸਨਿਕ ਅਧਿਕਾਰੀ ਦੇਸ਼ ਦਾ ਧਰਮ ਨਿਭਾਉਂਦੇ ਹਨ ਜਾਂ ਸਾਰੇ ਦੇਸ਼ ਵਾਸੀਆਂ ਨੂੰ ਆਪਸ 'ਚ ਟੱਕਰਾਂ ਮਾਰਨ ਲਈ ਖੁੱਲ੍ਹੇ ਛੱਡ ਦਿੰਦੇ ਹਨ। ਆਉ ਦੇਸ਼ ਧਰਮ ਨਿਭਾਈਏ ਤੇ ਇਸ ਦੀ ਸ਼ੁਰੂਆਤ ਆਪਣੇ ਆਪ ਤੋਂ, ਆਪਣੇ ਪਰਿਵਾਰ ਤੋਂ, ਗਲ੍ਹੀ-ਮੁਹੱਲੇ, ਪਿੰਡ, ਸਮਾਜ, ਸ਼ਹਿਰ ਤੋਂ ਕਰੀਏ।                                                                                                             - ਅਜੇ ਕੁਮਾਰ

No comments:

Post a Comment