Wednesday 20 July 2016

ਨੱਕ ਬਚਾਇਆ ਲੱਕ ਤੁੜਾਇਆ

ਕੁਦਰਤ ਦੇ ਕੁਝ ਅਜਿਹੇ ਨਿਯਮ ਹਨ ਕਿ ਪੇੜ-ਪੌਦਿਆਂ ਤੋਂ ਲੈ ਕੇ ਜੀਵ-ਜੰਤੂਆਂ ਤੱਕ ਸਭ ਨਵਾਂ ਜੀਵਨ ਪੈਦਾ ਕਰਦੇ ਹਨ ਤੇ ਇਹ ਨਿਯਮ ਲੱਖਾਂ-ਕਰੋੜਾਂ ਸਾਲਾਂ ਤੋਂ ਚਲੇ ਆ ਰਹੇ ਹਨ ਤੇ ਜਦ ਤੱਕ ਜੀਵਨ ਹੈ ਉਦੋਂ ਤੱਕ ਚੱਲਦੇ ਰਹਿਣਗੇ। ਹਰ ਜੀਵ ਜਨਮਦਾ ਹੈ, ਸਾਹ ਲੈਂਦਾ ਹੈ, ਭੋਜਨ ਖਾਂਦਾ ਹੈ ਤੇ ਨਵਾਂ ਜੀਵਨ ਬਣਾ ਕੇ ਮੌਤ ਨੂੰ ਪ੍ਰਾਪਤ ਹੋ ਜਾਂਦਾ ਹੈ। ਆਦਮੀ ਤੇ ਹੋਰ ਜੀਵ-ਜੰਤੂਆਂ 'ਚ ਸਿਰਫ਼ ਇੰਨਾ ਹੀ ਫ਼ਰਕ ਹੈ ਕਿ ਆਦਮੀ ਚਿੰਤਨ ਕਰ ਸਕਦਾ ਹੈ, ਆਦਮੀ ਅਣਖ ਦੀ ਜ਼ਿੰਦਗੀ ਜਿਊਣਾ ਜਾਣਦਾ ਹੈ। ਉਸ ਦੇ ਵੀ ਨਿਯਮ ਹਨ, ਉਸ ਦਾ ਇਕ ਸਮਾਜਿਕ ਤਾਣਾ-ਬਾਣਾ ਹੈ, ਜਿਸ ਵਿੱਚ ਰਹਿ ਕੇ ਉਹ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦਾ ਹੈ, ਜਿਸ ਕਰਕੇ ਉਹ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ, ਇਸ ਸਮਾਜਿਕ ਤਾਣੇ-ਬਾਣੇ ਤੋਂ ਉਸ ਨੂੰ  ਸ਼ੌਹਰਤ ਵੀ ਮਿਲਦੀ ਹੈ। ਅਣਖ ਨਾਲ ਜਿਊਣ ਦਾ ਮਤਲਬ ਹੈ ਸਖ਼ਤ ਮਿਹਨਤ, ਚੰਗੇ ਸੰਸਕਾਰ, ਚੰਗੇ ਗੁਣ ਤੇ ਚੰਗੇ ਸਾਥੀਆਂ ਨਾਲ ਮਿਲ ਕੇ ਚੰਗਾ ਮਾਹੌਲ ਪੈਦਾ ਕਰਨਾ, ਜਿਸ ਨਾਲ ਮਨੁੱਖ ਆਪ ਵੀ ਅਤੇ ਸਮਾਜ ਨੂੰ ਵੀ ਚੰਗੀ ਰਾਹ 'ਤੇ ਚਲਾ ਸਕੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗੀ ਰਾਹ ਦੇ ਕੇ ਦੁਨੀਆਂ ਤੋਂ ਵਿਦਾ ਲੈ ਸਕੇ ਪਰ ਜੇ ਤੁਸੀਂ ਚੰਗੇ ਸਮਾਜ ਦੀ ਸਿਰਜਣਾ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਦੀ ਕੀਮਤ ਮਿਹਨਤ ਦੇ ਰੂਪ 'ਚ , ਤਿਆਗ ਦੇ ਰੂਪ 'ਚ ਚੁਕਾਉਣੀ ਪਵੇਗੀ ਤੇ ਸਹਿਣ-ਸ਼ਕਤੀ ਆਪਣੇ 'ਚ ਪੈਦਾ ਕਰਨੀ ਪਵੇਗੀ ਪਰ ਬੜੇ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਦੇ ਦੌਰ 'ਚ ਜ਼ਿਆਦਾਤਰ ਲੋਕ ਇੱਜ਼ਤ ਨਾਲ ਜਿਊਣ ਦਾ ਮਤਲਬ ਸਹੀ ਢੰਗ ਨਾਲ ਨਹੀਂ ਸਮਝ ਪਾ ਰਹੇ। ਉਹ ਅੱਖਾਂ ਮੀਚ ਕੇ ਅੰਧ-ਵਿਸ਼ਵਾਸਾਂ 'ਚ ਪੈ ਕੇ ਆਪਣੇ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਆਗੂਆਂ ਦੇ ਪਿੱਛੇ ਲੱਗ ਕੇ ਝੂਠੀਆਂ ਸ਼ਾਨੋ-ਸ਼ੌਕਤਾਂ ਨੂੰ ਹੀ ਆਪਣੀ ਇੱਜ਼ਤ ਸਮਝੀ ਬੈਠੇ ਹਨ। ਜ਼ਿਆਦਾਤਰ ਲੋਕ ਇਸ ਝੂਠੀ ਇੱਜ਼ਤ ਨੂੰ ਜੱਫਾ ਮਾਰ ਕੇ ਸਮਾਜ ਅੰਦਰ ਇਹੋ ਜਿਹੇ ਭਰਮ-ਭੁਲੇਖੇ ਪੈਦਾ ਕਰ ਬੈਠੇ ਹਨ, ਜਿਸ ਕਰਕੇ ਸਮਾਜ ਦਾ ਬਹੁਤ ਵੱਡਾ ਘਾਣ ਹੋ ਰਿਹਾ ਹੈ। ਅੱਜ-ਕੱਲ੍ਹ ਦੇ ਜ਼ਿਆਦਾਤਰ ਅਖੌਤੀ ਸੰਤਾਂ ਦੀ ਇੱਜ਼ਤ ਉਨ੍ਹਾਂ ਦੇ ਗਿਆਨ ਨਾਲ ਨਹੀਂ ਹੁੰਦੀ, ਬਲਕਿ ਇਸ ਨਾਲ ਹੁੰਦੀ ਹੈ ਕਿ ਉਹ ਕਿੱਡੇ ਵੱਡੇ ਡੇਰੇ ਵਿੱਚ ਬੈਠਾ ਹੈ। ਕਿਸੇ ਰਾਜਨੀਤਿਕ ਆਗੂ ਦੀ ਇੱਜ਼ਤ ਇਸ ਕਾਰਣ ਨਹੀਂ ਹੁੰਦੀ ਕਿ ਉਸ ਨੇ ਆਪਣੇ ਸਮਾਜ ਅਤੇ ਦੇਸ਼ ਲਈ ਕੀ ਕੀਤਾ ਹੈ, ਬਲਕਿ ਇਸ ਲਈ ਹੁੰਦੀ ਹੈ ਕਿ ਉਹ ਕਿੰਨੀ ਕੁ ਵੱਡੀ ਪਾਰਟੀ ਦਾ ਪਿਛਲੱਗੂ ਬਣ ਕੇ ਕਿਵੇਂ ਸਮਾਜ ਦਾ ਘਾਣ ਕਰਕੇ ਅੱਗੇ ਆਇਆ ਹੈ। ਮੌਜੂਦਾ ਸਮੇਂ ਸਮਾਜ 'ਚ ਧਰਮ, ਰਸਮਾਂ-ਰਿਵਾਜ਼ ਦੇ ਨਾਂ 'ਤੇ ਇਸ ਤਰ੍ਹਾਂ ਦੇ ਖੇਖਣ ਸ਼ੁਰੂ ਹੋ ਚੁੱਕੇ ਹਨ, ਜਿਸ ਨਾਲ ਮਨੁੱਖ ਦਾ ਬੁਰੀ ਤਰ੍ਹਾਂ ਕਚੂੰਮਰ ਨਿਕਲ ਜਾਂਦਾ ਹੈ। ਉਹ ਭਾਰੀ ਕਰਜ਼ੇ ਹੇਠ ਆ ਜਾਂਦਾ ਹੈ ਪਰ ਫਿਰ ਵੀ ਉਹ ਇਸ ਨੂੰ ਬੜੇ ਸ਼ਾਨ ਨਾਲ ਸਿਰਧੜ ਦੀ ਬਾਜ਼ੀ ਲਾ ਕੇ ਨਿਭਾਉਂਦਾ ਹੈ ਤੇ ਇਸ ਨੂੰ ਨਾਂ ਦਿੰਦਾ ਹੈ ਕਿ ਮੈਂ ਆਪਣੀ ਨੱਕ ਬਚਾਈ ਹੈ, ਉਹ ਕਹਿੰਦਾ ਹੈ ਮੈਂ ਕਿਸੇ ਕੀਮਤ 'ਤੇ ਆਪਣੀ ਨੱਕ ਕੱਟ ਹੋਣ ਨਹੀਂ ਦੇਣੀ। ਧਰਮ ਦੇ ਨਾਂ 'ਤੇ ਧਾਰਮਿਕ ਰੀਤੀ-ਰਿਵਾਜ਼ਾਂ 'ਤੇ ਆਪਣੇ-ਆਪਣੇ ਨੱਕ ਬਚਾਉਣ ਦੇ ਲਈ ਕੀਤੇ ਜਾਣ ਵਾਲੇ ਰਸਮਾਂ-ਰਿਵਾਜ਼ਾਂ ਨੇ ਆਮ ਗਰੀਬ ਆਦਮੀ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਜਿਹਦੇ ਕੋਲ ਚਾਰ ਪੈਸੇ ਹਨ ਉਹ ਰੀਤੀ-ਰਿਵਾਜ਼ ਨਿਭਾ ਦਿੰਦਾ ਹੈ, ਉਸ ਦੇ ਦੇਖਾ-ਦੇਖੀ ਜੇ ਕਮਜ਼ੋਰ ਆਦਮੀ ਰੀਤੀ-ਰਿਵਾਜ਼ ਨਿਭਾਉਂਦਾ ਹੈ, ਉਸ ਦਾ ਕਚੂੰਮਰ ਨਿਕਲ ਜਾਂਦਾ ਹੈ। ਇਹ ਫੋਕੇ ਰਿਵਾਜ਼ ਹਨ ਮਨੁੱਖ ਦੇ ਜਨਮ, ਨਾਮਕਰਣ, ਵਿਆਹ-ਸ਼ਾਦੀ ਅਤੇ ਇਸ ਦਰਮਿਆਨ ਹੋਰ ਆਉਂਦੇ ਰਸਮੋ-ਰਿਵਾਜ਼, ਜਿਹੜੇ ਕਿ ਮਰਨ ਤੋਂ ਬਾਅਦ ਵੀ ਮਨੁੱਖ ਦਾ ਪਿੱਛਾ ਨਹੀਂ ਛੱਡਦੇ ਹਨ। ਮੈਂ ਪਿਛਲੇ ਲੱਗਭਗ 20 ਸਾਲਾਂ ਤੋਂ ਸਮਾਜ ਦੇ ਜ਼ਮੀਨੀ ਹਾਲਾਤਾਂ ਨਾਲ ਚੰਗੀ ਤਰ੍ਹਾਂ ਜਾਣੂ ਹੋਇਆ ਹਾਂ ਤੇ ਹੋ ਰਿਹਾ ਹਾਂ। ਮੇਰੇ ਤਜ਼ਰਬੇ ਮੁਤਾਬਿਕ ਮਨੁੱਖ ਦੀ ਤਰੱਕੀ ਲਈ ਪੈਸਾ ਹੀ ਸਭ ਕੁਝ ਨਹੀਂ ਹੈ ਪਰ ਅੱਜ-ਕੱਲ੍ਹ ਦੇ ਦੌਰ ਵਿੱਚ ਪੈਸੇ ਬਿਨਾਂ ਵੀ ਕੁਝ ਨਹੀਂ। ਜਿੱਥੇ ਮਨੁੱਖ ਦੀ ਤਰੱਕੀ ਲਈ ਪੈਸਾ ਕਮਾਉਣਾ ਜ਼ਰੂਰੀ ਹੈ, ਉੱਥੇ ਮਨੁੱਖ ਦੀ ਤਰੱਕੀ ਲਈ ਫਜ਼ੂਲ ਖਰਚੇ ਨੂੰ ਬੰਦ ਕਰਕੇ ਪੈਸੇ ਭਵਿੱਖ ਲਈ ਜ਼ਰੂਰਤ ਅਨੁਸਾਰ ਬਚਾਉਣੇ ਵੀ ਬਹੁਤ ਜ਼ਰੂਰੀ ਹਨ ਪਰ ਮੈਂ ਦੇਖਿਆ ਹੈ ਕਿ ਅਸੀਂ ਲੋਕ ਜਨਮ, ਜਨਮ ਦਿਨ, ਵਿਆਹ-ਸ਼ਾਦੀਆਂ ਦੇ ਰੀਤੀ-ਰਿਵਾਜ਼, ਮਰਨ ਦੇ ਮੌਕੇ ਤੇ ਮਰਨ ਦੇ ਬਾਅਦ ਵੀ ਬੇਮਤਲਬੇ ਢੰਗ-ਤਰੀਕਿਆਂ ਨੂੰ ਅਪਣਾ ਕੇ ਉਨ੍ਹਾਂ ਨੂੰ ਆਪਣੇ ਬਜ਼ੁਰਗਾਂ ਦੀ ਚਲਾਈ ਰੀਤ ਨਾਲ ਜੋੜ ਕੇ ਇੰਨਾ ਫਜ਼ੂਲ ਖਰਚ ਕਰਦੇ ਹਾਂ ਕਿ ਕਈ ਵਾਰ ਤਾਂ ਅਸੀਂ ਆਲੇ-ਦੁਆਲੇ ਕੋਲੋਂ ਕਰਜ਼ਾ ਲੈ ਲੈਂਦੇ ਹਾਂ ਤੇ ਸਾਰੀ ਉਮਰ ਉਨ੍ਹਾਂ ਦੇ ਦਬਕੇ ਖਾਂਦੇ ਰਹਿੰਦੇ ਹਾਂ, ਕਿਉਂਕਿ ਅਸੀਂ ਉਨ੍ਹਾਂ ਨੂੰ ਇਸ ਗੱਲ ਦੀ ਛੋਟ ਦੇ ਦਿੰਦੇ ਹਾਂ ਕਿ ਤੁਸੀਂ ਸਮਾਜ ਵਿੱਚ ਸਾਡੀ ਨੱਕ ਬਚਾਉਣ ਲਈ ਸਾਡਾ ਸਾਥ ਦਿੱਤਾ ਸੀ। ਇਸ ਤੋਂ ਵੀ ਕਿਤੇ ਹੋਰ ਹਾਸੋਹੀਣੀ ਗੱਲ ਹੈ ਕਿ ਜਦੋਂ ਅਸੀਂ ਸਮਾਜਿਕ ਤਾਣੇ-ਬਾਣੇ 'ਚ ਉਲਝ ਕੇ ਫੋਕੇ ਰਿਵਾਜ਼ਾਂ ਨੂੰ ਆਪਣੀ ਨੱਕ ਨਾਲ ਜੋੜ ਕੇ ਪੈਸੇ ਬੈਂਕਾਂ, ਫਾਇਨਾਂਸ ਕੰਪਨੀਆਂ ਅਤੇ ਆਲੇ-ਦੁਆਲੇ ਦੇ ਸ਼ਾਹੂਕਾਰਾਂ ਤੋਂ ਵਿਆਜ 'ਤੇ ਚੁੱਕ ਕੇ ਉਹ ਰਿਵਾਜ਼ ਪੂਰੇ ਕਰਦੇ ਹਾਂ। ਮੈਂ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਆਪਣੇ ਮਾਂ-ਪਿਉ ਦੀ ਜਿਉਂਦੇ ਜੀਅ ਸੇਵਾ ਨਹੀਂ ਕੀਤੀ ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਅੰਤਿਮ ਸੰਸਕਾਰ, ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਉਨ੍ਹਾਂ ਦੇ ਭੋਗ ਅਤੇ ਭੋਗ ਤੋਂ ਬਾਅਦ ਵੀ ਮਾਸਿਕ, ਛਿਮਾਹੀ, ਸਾਲਾਨਾ ਉਨ੍ਹਾਂ ਦੇ ਨਾਂ 'ਤੇ ਸਮਾਜਿਕ ਰਿਵਾਜ਼ਾਂ ਨੂੰ ਪੂਰਾ ਕਰਨ ਲਈ ਆਪਣਾ ਨੱਕ ਬਚਾਉਣ ਦੀ ਖਾਤਰ ਮੋਟੇ ਕਰਜ਼ੇ ਲਏ ਹਨ, ਜਿਹੜੇ ਕਿ ਉਨ੍ਹਾਂ ਲਈ ਅਤੇ ਉਨ੍ਹਾਂ ਦੀ ਆਉਣ ਵਾਲੀ ਪੀੜ੍ਹੀ ਲਈ ਤਰੱਕੀ ਵਿੱਚ ਰੁਕਾਵਟ ਬਣ ਗਏੇ ਹਨ। ਕਹਿਣ ਦਾ ਭਾਵ ਉਹ ਆਪਣਾ ਨੱਕ ਤਾਂ ਜ਼ਰੂਰ ਬਚਾਅ ਲੈਂਦੇ ਹਨ ਪਰ ਲੱਕ ਤੁੜਾ ਲੈਂਦੇ ਹਨ। ਮੈਂ ਸਮਾਜ ਦੇ ਆਗੂਕਾਰਾਂ ਨੂੰ ਆਪਣੇ ਲੇਖ ਰਾਹੀਂ ਅਪੀਲ ਕਰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਸਾਨੂੰ ਝੂਠੇ ਰਸਮੋ-ਰਿਵਾਜ਼ਾਂ ਨੂੰ ਬੇਮਤਲਬੀ ਬੇਲੋੜੇ ਨਿਯਮਾਂ ਨੂੰ ਬੰਦ ਕਰਕੇ ਇਨ੍ਹਾਂ ਨੂੰ ਨਿਭਾਉਣ ਦੀ ਬਜਾਏ ਇਨ੍ਹਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ, ਕਿਉਂਕਿ ਫੋਕੀ ਸ਼ੌਹਰਤ ਲਈ ਇਸ ਨੂੰ ਨੱਕ ਬਚਾਉਣ ਦਾ ਨਾਂ ਦੇ ਕੇ ਲੱਕ ਤੁੜਾਉਣਾ ਬਹੁਤ ਮੰਦਭਾਗੀ ਗੱਲ ਹੈ। ਨਾਲ ਹੀ ਉਨ੍ਹਾਂ ਸ਼ਾਹੂਕਾਰਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਰੱਬ ਦਾ ਵਾਸਤਾ ਸਮਾਜ 'ਤੇ ਰਹਿਮ ਖਾਉ ਤੁਸੀਂ ਤਾਂ ਚਾਰ ਪੈਸੇ ਕਮਾ ਕੇ ਰੀਤੀ-ਰਿਵਾਜ਼ ਪੂਰੇ ਕਰ ਲਉਗੇ ਪਰ ਤੁਹਾਡਾ ਦੇਖਾ ਦੇਖੀ ਸਮਾਜ ਉਨ੍ਹਾਂ ਪਾਖੰਡਾਂ ਨੂੰ ਨਹੀਂ ਨਿਭਾ ਸਕਦਾ ਜੋ ਤੁਸੀਂ ਨਿਭਾ ਸਕਦੇ ਹੋ। ਇਸ ਲਈ ਕਿਰਪਾ ਕਰਕੇ ਉਸ ਤੋਂ ਪਹਿਲਾਂ ਤੁਸੀਂ ਇਹ ਢਕੋਸਲੇਬਾਜ਼ੀ ਬੰਦ ਕਰੋ ਤਾਂ ਜੋ ਸਮਾਜ ਨੂੰ ਨਵੀਂ ਸੇਧ ਮਿਲ ਸਕੇ, ਤੁਹਾਡੇ ਦੇਖਾ-ਦੇਖੀ ਸਮਾਜ ਨੂੰ ਵੀ ਸਮਝ ਆਵੇ ਤੇ ਪਾਖੰਡਬਾਜ਼ੀ ਦੀਆਂ ਕੁਰੀਤੀਆਂ ਖਤਮ ਹੋ ਸਕਣ, ਇਹੀ ਤੁਹਾਡੀ ਸਮਾਜ ਨੂੰ ਸਭ ਤੋਂ ਵੱਡੀ ਦੇਣ ਹੋਵੇਗੀ। ਜਿਹੜਾ ਪੈਸਾ ਤੁਸੀਂ ਢਕੋਸਲਿਆਂ 'ਤੇ ਖਰਚ ਕਰਨਾ ਚਾਹੁੰਦੇ ਹੋ ਚੰਗਾ ਹੋਵੇਗਾ ਸਮਾਜ ਦੀ ਭਲਾਈ ਲਈ ਖਰਚ ਕਰੋ, ਬੱਚਿਆਂ ਦੀ ਪੜ੍ਹਾਈ ਲਈ ਖਰਚ ਕਰੋ, ਕਿਸੇ ਗਰੀਬ ਬੀਮਾਰ ਦੀ ਦਵਾਈ 'ਤੇ ਖਰਚ ਕਰੋ, ਇਸ ਨਾਲ ਤੁਹਾਡਾ ਅੱਜ ਵੀ ਸੁਧਰੇਗਾ ਤੇ ਤੁਹਾਡੇ ਜਾਣ ਤੋਂ ਬਾਅਦ ਵੀ ਤੁਹਾਨੂੰ ਸਮਾਜ ਯਾਦ ਕਰੇਗਾ। ਇਹੋ ਜਿਹੇ ਮਨੁੱਖ ਦੀ ਇੱਜ਼ਤ ਜਿਊਂਦੇ ਜੀਅ ਵੀ ਹੁੰਦੀ ਹੈ, ਉਸ ਦਾ ਨਾਂ ਅਦਬ ਨਾਲ ਲਿਆ ਜਾਂਦਾ ਹੈ ਤੇ ਮਰਨ ਤੋਂ ਬਾਅਦ ਵੀ ਸਮਾਜ ਉਨ੍ਹਾਂ ਨੂੰ ਆਪਣੇ ਆਦਰਸ਼ ਵਜੋਂ ਯਾਦ ਕਰਦਾ ਹੈ। ਮਰਨ ਤੋਂ ਬਾਅਦ ਉਨ੍ਹਾਂ ਦੀਆਂ ਮੂਰਤਾਂ ਨੂੰ ਹੀ ਹਾਰ ਪੈਂਦੇ ਹਨ, ਜਿਨ੍ਹਾਂ ਨੇ ਸਮਾਜ ਲਈ ਕੁਝ ਕੀਤਾ ਹੋਵੇ। ਜਿਹੜਾ ਆਪਣੀ ਝੂਠੀ ਸ਼ਾਨੋ-ਸ਼ੌਕਤ ਖਾਤਿਰ ਲੱਖਾਂ ਰੁਪਏ ਖਰਚ ਕੇ ਮਰਦਾ ਹੈ, ਉਸ ਨੂੰ ਸ਼ਾਇਦ ਉਸ ਦੇ ਜੰਮੇ ਵੀ ਯਾਦ ਕਰਨ ਜਾਂ ਨਾ ਕਰਨ। ਆਉ ਨਵੇਂ ਸਮਾਜ ਦੀ ਸਿਰਜਣਾ ਕਰੀਏ। ਆਪਣੇ ਰਹਿਬਰਾਂ ਦੇ ਦੱਸੇ ਫਲਸਫੇ 'ਤੇ ਚੱਲਦੇ ਹੋਏ ਮਾਨਵਤਾ ਦੀ ਹੋਂਦ ਨੂੰ ਹੋਰ ਪੁਖਤਾ ਢੰਗ ਨਾਲ ਮਜ਼ਬੂਤ ਕਰਨ ਦੇ ਵਧੀਆ ਉਪਰਾਲੇ ਕਰੀਏ ਤੇ ਫੋਕੀਆਂ ਡਰਾਮੇਬਾਜ਼ੀਆਂ ਤੋਂ ਲਾਮ ਵੱਟੀਏ।                                                     - ਅਜੈ ਕੁਮਾਰ

No comments:

Post a Comment