Monday 15 August 2016

ਅਜ਼ਾਦੀ?

ਅੱਜ ਅਸੀਂ ਸਾਰੇ ਭਾਰਤ ਵਾਸੀ ਅਜ਼ਾਦੀ ਦੀ 70ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਜਗ੍ਹਾ-ਜਗ੍ਹਾ 'ਤੇ ਮੰਤਰੀ-ਸੰਤਰੀ, ਪ੍ਰਸ਼ਾਸਨਿਕ ਅਧਿਕਾਰੀ ਤਿਰੰਗਾ ਝੰਡਾ ਲਹਿਰਾ ਕੇ ਕਈ ਦਹਾਕਿਆਂ ਦੇ ਸੰਘਰਸ਼ ਤੋਂ ਬਾਅਦ ਗੋਰਿਆਂ ਕੋਲੋਂ ਲਈ ਅਜ਼ਾਦੀ ਦੇ ਜਸ਼ਨ ਮਨਾਉਣਗੇ, ਦੇਸ਼ 'ਤੇ ਕੁਰਬਾਨ ਹੋਣ ਵਾਲੇ ਸ਼ਹੀਦਾਂ ਨੂੰ ਪ੍ਰਣਾਮ ਕਰਨਗੇ। ਅਗਲੇ ਦਿਨ ਅਖਬਾਰਾਂ ਦੀਆਂ ਸੁਰਖੀਆਂ, ਟੀ. ਵੀ. ਚੈਨਲ ਦੀਆਂ ਸਕਰੀਨਾਂ ਵੀ ਤਿਰੰਗੀਆਂ ਦਿਖਾਈਆਂ ਜਾਣਗੀਆਂ। ਕਹਿਣ ਦਾ ਭਾਵ ਲੋਕਾਂ ਨੂੰ ਅਹਿਸਾਸ ਕਰਵਾਇਆ ਜਾਵੇਗਾ ਕਿ ਅਸੀਂ ਸਾਰੇ ਆਜ਼ਾਦ ਹਾਂ ਪਰ ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਕੀ ਅਸੀਂ ਸਚਮੁੱਚ ਅਜ਼ਾਦ ਹਾਂ? ਅਜ਼ਾਦੀ ਦਾ ਭਾਵ ਹੈ ਗੁਲਾਮੀ ਤੋਂ ਛੁਟਕਾਰਾ। ਗੁਲਾਮੀ ਕਈ ਪ੍ਰਕਾਰ ਦੀ ਹੁੰਦੀ ਹੈ, ਸਰੀਰਿਕ ਗੁਲਾਮੀ, ਮਾਨਸਿਕ ਗੁਲਾਮੀ ਆਦਿ। ਅੱਜ ਭਾਰਤ ਨੂੰ ਚਾਹੇ 70 ਵਰ੍ਹੇ ਹੋ ਗਏ ਹਨ ਅਜ਼ਾਦ ਹੋਏ ਪਰ 98% ਭਾਰਤੀਆਂ ਲਈ ਅੱਜ ਵੀ ਅਜ਼ਾਦੀ ਗੁਰਦਾਸ ਰਾਮ ਆਲਮ ਸਾਹਿਬ ਦੀ ਕਵਿਤਾ ਵਾਂਗ ਹੀ ਲੱਗਦੀ ਹੈ, ਜਿਸ ਵਿੱਚ ਉਸ ਨੇ ਆਜ਼ਾਦੀ ਤੋਂ ਬਾਅਦ ਵੀ ਪ੍ਰਸ਼ਾਸਨ ਅਤੇ ਆਪਣੇ ਹੀ ਮੁਲਕ ਦੇ ਨੇਤਾਵਾਂ ਦੀਆਂ ਨੀਤੀਆਂ ਕਾਰਣ ਤੰਗ ਪ੍ਰੇਸ਼ਾਨ ਰਹਿਣ ਵਾਲੇ ਲੋਕਾਂ ਦੀ ਆਵਾਜ਼ ਵਜੋਂ ਲਿਖੀ ਸੀ:-
ਕਿਉਂ ਬਈ ਨਿਹਾਲਿਆ, ਆਜ਼ਾਦੀ ਨਹੀਂ ਵੇਖੀ?
'ਨਾ ਬਈ ਭਰਾਵਾ, ਨਾ ਖਾਧੀ ਨਾ ਵੇਖੀ'।
ਮੈਂ ਜੱਗੂ ਤੋਂ ਸੁਣਿਆ, ਅੰਬਾਲੇ ਖੜ੍ਹੀ ਸੀ।
ਬੜੀ ਭੀੜ ਉਸ ਦੇ, ਉਦਾਲੇ ਖੜ੍ਹੀ ਸੀ।
ਬਿਰਲੇ ਦੇ ਘਰ ਵੱਲ, ਅਗਾੜੀ ਸੀ ਉਸ ਦੀ।
ਤੇ ਲੋਕਾਂ ਦੇ ਮੂੰਹ ਵੱਲ, ਪਛਾੜੀ ਸੀ ਉਸ ਦੀ।
ਆਈ ਨੂੰ ਭਾਵੇਂ, ਤੀਆ ਸਾਲ ਬੀਤਾ।
ਅਸੀਂ ਤਾਂ ਅਜੇ ਤੱਕ, ਦਰਸ਼ਨ ਨਹੀਂ ਕੀਤਾ।(1)
ਦਿੱਲੀ 'ਚ ਆਉਂਦੀ ਹੈ, ਸਰਦੀ ਦੀ ਰੁੱਤੇ।
ਤੇ ਹਾੜ੍ਹਾਂ ਨੂੰ ਰਹਿੰਦੀ, ਪਹਾੜਾਂ ਦੇ ਉੱਤੇ।
ਗਰੀਬਾਂ ਨਾਲ ਲੱਗਦੀ, ਲੜੀ ਹੋਈ ਆ ਖਬਰੇ।
ਅਮੀਰਾਂ ਦੇ ਹੱਥੀਂ, ਚੜ੍ਹੀ ਹੋਈ ਆ ਖਬਰੇ।
ਅਖ਼ਬਾਰਾਂ 'ਚੋਂ ਪੜ੍ਹਿਆ ਜਰਵਾਣੀ ਜਹੀ ਏ।
ਕੋਈ ਸੋਹਣੀ ਤਾਂ ਨਹੀਂ, ਐਵੇਂ ਕਾਣੀ ਜਹੀ ਏ। (2)
ਮੰਨੇ ਜੇ ਉਹ ਕਹਿਣਾ ਅਸੀਂ ਵੀ ਮੰਗਾਈਏ।
ਛੰਨਾਂ ਤੇ ਢਾਰਿਆਂ 'ਚ ਭੁੰਜੇ ਸੁਆਈਏ।
ਪਰ ਏਨਾ ਪਤਾ ਨਹੀਂ, ਕੀ ਖਾਂਦੀ ਹੁੰਦੀ ਏ।
ਕਿਹੜੀ ਚੀਜ਼ ਤੋਂ ਦਿਲ, ਚੁਰਾਂਦੀ ਹੁੰਦੀ ਏ।
ਸ਼ਿਮਲੇ ਤਾਂ ਉਸ ਅੱਗੇ ਆਂਡੇ ਹੁੰਦੇ ਨੇ।
ਬਈ ਸਾਡੀ ਤਾਂ ਖੁਰਲੀ 'ਚ ਟਾਂਡੇ ਹੁੰਦੇ ਨੇ। (3)
ਮੈਨੂੰ ਸਮਝ ਨਹੀਂ ਆਉਂਦੀ ਇਹ ਕਿਸ ਤਰ੍ਹਾਂ ਦੀ ਆਜ਼ਾਦੀ ਹੈ। ਜਿਸ ਵਿੱਚ ਸਿਰਫ 1% ਲੋਕਾਂ ਕੋਲ ਦੇਸ਼ ਦੀ 66% ਸੰਪਤੀ ਹੈ ਅਤੇ ਬਾਕੀ 99% ਅਬਾਦੀ ਕੋਲ ਸਿਰਫ 34% ਸੰਪਤੀ ਹੈ। ਗਰੀਬੀ ਅਤੇ ਅਮੀਰੀ ਦਾ ਪਾੜਾ ਇੰਨੀ ਤੇਜ਼ੀ ਨਾਲ ਵਧ ਰਿਹਾ ਹੈ ਜਿਸ ਦਾ ਇਨ੍ਹਾਂ ਅੰਕੜਿਆਂ ਤੋਂ ਹੀ ਹਿਸਾਬ ਲਗਾਇਆ ਜਾ ਸਕਦਾ ਹੈ ਕਿ 15 ਸਾਲ ਪਹਿਲਾਂ 1% ਲੋਕਾਂ ਕੋਲ ਦੇਸ਼ ਦੀ 36.8 % ਸੰਪਤੀ ਸੀ ਜਿਹੜੀ ਕਿ ਹੁਣ 66% ਹੋ ਗਈ ਹੈ। ਜਿਸ ਮੁਲਕ ਵਿੱਚ ਅੱਜ ਵੀ 80% ਲੋਕ ਰੋਟੀ, ਕੱਪੜਾ, ਮਕਾਨ, ਸਿਹਤ, ਸਿੱਖਿਆ, ਮੁਢਲੀਆਂ ਸਹੂਲਤਾਂ ਦੇ ਨਾਲ ਜੁਝਦੇ ਹੋਣ ਉਸ ਮੁਲਕ ਵਿੱਚ ਅਜ਼ਾਦੀ ਦੇ ਮਾਇਨੇ ਕੀ ਹੋ ਸਕਦੇ ਹਨ? ਕੀ ਇਹ ਅਜ਼ਾਦੀ ਖੋਖਲੀ ਨਹੀਂ? ਇਹ ਅਜ਼ਾਦੀ ਦੇ ਜਸ਼ਨ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਸ਼ਹੀਦ ਊਧਮ ਸਿੰਘ, ਮਾਤਾ ਦੀਨ ਭੰਗੀ, ਝਿਲਕਾਰੀ ਬਾਈ, ਚੰਦਰ ਸ਼ੇਖਰ ਆਜ਼ਾਦ ਆਦਿ ਸ਼ਹੀਦਾਂ ਦੀ ਕੁਰਬਾਨੀ ਨੂੰ ਇਕ ਮਜ਼ਾਕ ਜਿਹਾ ਨਹੀਂ ਜਾਪਦਾ? ਸਮੇਂ ਦੀ ਮੰਗ ਹੈ ਪੜਚੋਲ ਕੀਤੀ ਜਾਣੀ ਚਾਹੀਦੀ ਹੈ, ਕੀ ਕਾਰਣ ਹੈ ਕਿ ਦੇਸ਼ ਵਿੱਚ 3 ਕਰੋੜ 40 ਲੱਖ ਟਨ ਅਨਾਜ ਸਰਕਾਰੀ ਗੁਦਾਮਾਂ ਵਿੱਚ ਪਿਆ ਹੋਵੇ ਤਾਂ ਫਿਰ ਵੀ 3 ਕਰੋੜ ਲੋਕ ਰੋਜ਼ ਰਾਤੀਂ ਭੁੱਖੇ ਸੌਂਦੇ ਹੋਣ। ਲੋਕ ਬੇਘਰੇ ਹੋਣ ਤੇ ਦੇਸ਼ ਦੇ ਸਰਕਾਰੀ ਵਿਭਾਗਾਂ ਦੀ 1 ਕਰੋੜ 80 ਲੱਖ ਏਕੜ ਜ਼ਮੀਨ 'ਤੇ ਧਨਾਢਾਂ ਦਾ ਕਬਜ਼ਾ ਹੋਵੇ। ਇਹ ਵਿਚਾਰਨ ਤੇ ਸੋਚਣ ਦੀ ਗੱਲ ਹੈ। ਅਜ਼ਾਦੀ ਤਾਂ ਜਾਨਵਰ, ਪਸ਼ੂ-ਪੰਛੀ, ਪਰਿੰਦਿਆਂ ਨੂੰ ਵੀ ਮਨ ਭਾਉਂਦੀ ਹੈ ਪਰ ਆਜ਼ਾਦੀ ਹੋਣੀ ਸੱਚੀ  ਚਾਹੀਦੀ ਹੈ। ਇਹ ਆਜ਼ਾਦੀ ਗੁਰੂ ਨਾਨਕ ਸਾਹਿਬ ਦੀ ਸੋਚ 'ਤੇ ਅਧਾਰਿਤ ਸਰਬੱਤ ਦਾ ਭਲਾ, ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਸੋਚ ਬੇਗਮਪੁਰੇ ਵਾਲੀ ਚਾਹੀਦੀ ਹੈ, ਇਹ ਅਜ਼ਾਦੀ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਯੋਗ ਵਸ਼ਿਸ਼ਟ ਵਿੱਚ ਦਰਸਾਏ ਜਨਨੀ ਅਤੇ ਜਨਮ ਭੂਮੀ ਸਵਰਗ ਤੋਂ ਸੁੰਦਰ ਵਾਲੀ ਹੋਣੀ ਚਾਹੀਦੀ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਭਾਰਤ ਦੇ ਸੰਵਿਧਾਨ ਨੂੰ ਪੂਰੀ ਇਮਾਨਦਾਰੀ ਨਾਲ ਲਾਗੂ ਕੀਤਾ ਜਾਵੇ। ਨਹੀਂ ਤਾਂ ਅਜ਼ਾਦੀ ਦਾ ਅਸੀਂ ਢੋਲ ਭਾਵੇਂ ਜਿੰਨਾ ਮਰਜ਼ੀ ਪਿੱਟੀ ਜਾਈਏ, ਹਾਂ ਅਸੀਂ ਗੁਲਾਮ ਦੇ ਗੁਲਾਮ ਹੀ। ਜੇਕਰ ਮੇਰੇ ਵਿਚਾਰ ਗਲਤ ਹਨ ਤਾਂ ਮੇਰਾ ਖੁੱਲ੍ਹਾ ਚੈਲੰਜ ਹੈ ਭਾਰਤ ਦੇ ਕੋਨੋ-ਕੋਨੇ 'ਤੇ ਤਿਰੰਗਾ ਲਹਿਰਾਉਣ ਵਾਲਿਆਂ ਨੂੰ ਕਿ ਜੇਕਰ ਤੁਸੀਂ ਮੌਜੂਦਾ ਅਜ਼ਾਦੀ ਨੂੰ ਹੀ ਅਜ਼ਾਦੀ ਸਮਝਦੇ ਹੋ ਤਾਂ ਬਿਨਾਂ ਆਪਣੇ ਅੰਗ-ਰੱਖਿਅਕਾਂ ਤੋਂ ਆਪਣੇ ਪਰਿਵਾਰ ਸਮੇਤ ਇਕ ਦਿਨ ਭਾਰਤ ਦੇ ਕਿਸੇ ਵੀ ਕੋਨੇ 'ਤੇ ਆਪਣੇ ਦੇਸ਼ ਦੇ ਨਿੱਜੀ ਦਰਸ਼ਨ ਕਰੋ। ਤੁਹਾਨੂੰ ਪਤਾ ਚੱਲ ਜਾਵੇਗਾ ਕਿ ਜਿਸ ਨੂੰ ਤੁਸੀਂ ਅਜ਼ਾਦੀ ਕਹਿੰਦੇ ਹੋ, ਉਹ ਸਹੀ ਮਾਅਨਿਆਂ 'ਚ ਆਜ਼ਾਦੀ ਨਹੀਂ, ਇਹ ਇਕ ਫਰੇਬ ਹੈ, ਜਿਹੜਾ ਇਕ ਦਿਨ ਤੁਹਾਨੂੰ ਮੁੜ ਕੇ ਸਰੀਰਿਕ ਗੁਲਾਮੀ ਦੀ ਰਾਹ ਵੱਲ ਲੈ ਜਾ ਰਿਹਾ ਹੈ। ਜੇਕਰ ਤਿਰੰਗੇ ਦੀ ਸ਼ਾਨ ਅਤੇ ਭਾਰਤ ਨੂੰ ਇਤਿਹਾਸ ਦੇ ਪੰਨਿਆਂ ਵਿੱਚ ਸੁਨਹਿਰੀ ਅੱਖਰਾਂ 'ਚ ਦੇਖਣਾ ਚਾਹੁੰਦੇ ਹੋ ਤਾਂ ਆਓ ਅਜ਼ਾਦੀ ਦੇ ਮਾਇਨੇ ਸਮਝਦੇ ਹੋਏ ਦੇਸ਼ ਪ੍ਰਤੀ ਆਪਣਾ ਫਰਜ਼ ਸਮਝਦੇ ਹੋਏ ਸਭ ਤੋਂ ਪਹਿਲਾਂ ਦੇਸ਼ ਦਾ ਸਭ ਤੋਂ ਵੱਡਾ ਕੋਹੜ ਜਾਤ-ਪਾਤ, ਭੇਦਭਾਵ, ਊਚ-ਨੀਚ, ਛੂਆ-ਛਾਤ ਦੇ ਖਿਲਾਫ ਅੰਦੋਲਨ ਵਿੱਚ ਆਪਣਾ ਯੋਗਦਾਨ ਪਾ ਕੇ ਅਨਪੜ੍ਹਤਾ ਦਾ ਦੇਸ਼ 'ਚੋਂ ਨਾਮੋ-ਨਿਸ਼ਾਨ ਮਿਟਾਈਏ। ਭਾਈਚਾਰਕ ਸਾਂਝ ਨੂੰ ਜਨ-ਜਨ ਤੱਕ ਪਹੁੰਚਾਈਏ ਤਾਂ ਜੋ ਸੱਚਮੁੱਚ ਸਾਡਾ ਭਾਰਤ ਮਹਾਨ ਹੋ ਜਾਵੇ।     
                                                                                                                    - ਅਜੇ ਕੁਮਾਰ

No comments:

Post a Comment