Saturday 27 February 2021

ਸੱਚੇ ਕਰਮਯੋਗੀ ਸਤਿਗੁਰੂ ਰਵਿਦਾਸ ਮਹਾਰਾਜ ਜੀ


ਸਦੀਆਂ ਪਹਿਲਾਂ ਭਾਰਤ ਦੇ ਦੱਬੇ-ਕੁਚਲੇ ਮਜ਼ਲੂਮ ਗਰੀਬਾਂ ਅੰਦਰ ਸਵੈ-ਮਾਣ, ਸਵੈ-ਵਿਸ਼ਵਾਸ ਤੇ ਸਵੈ-ਸ਼ਕਤੀ ਦਾ ਅਹਿਸਾਸ ਜਗਾਉਣ ਵਾਲੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਜਨਮ 15 ਜਨਵਰੀ 1376 ਈ. ਭਾਵ 1433 ਸੰਮਤ ਵਿਕਰਮੀ ਮਾਘ ਸ਼ੁਕਲ ਪੂਰਣਿਮਾ ਪਰਵਿਸ਼ਟੇ (ਪੰਦਰ੍ਹਾਂ) ਦਿਨ ਐਤਵਾਰ ਨੂੰ ਹੋਇਆ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਇਕ ਮਹਾਨ ਆਕਰਸ਼ਕ, ਵਿਲੱਖਣ, ਬੇਮਿਸਾਲ ਵਿਅਕਤੀਤਵ ਦੇ ਮਾਲਕ ਸਨ। ਆਪ ਜੀ ਦੀਆਂ ਸਮਕਾਲੀਨ ਪ੍ਰਸਥਿਤੀਆਂ ਇੰਨੀਆਂ ਵਿਕਟ ਸਨ ਕਿ ਸਮੁੱਚੇ ਦੇਸ਼ ਵਿੱਚ ਛੂਤ-ਛਾਤ, ਜਾਤ-ਪਾਤ, ਊਚ-ਨੀਚ ਅਤੇ ਆਡੰਬਰ ਪੂਰਨ ਕਰਮਕਾਂਡ ਪ੍ਰਧਾਨ ਸਨ। ਧਰਮ ਦੇ ਠੇਕੇਦਾਰ ਮਨੁੱਖਤਾ ਨੂੰ ਪੈਰਾਂ ਹੇਠ ਰੋਲ ਰਹੇ ਸਨ, ਵੈਰ, ਵਿਰੋਧ, ਨਫ਼ਰਤ, ਸਾੜਾ, ਈਰਖਾ ਆਦਿ ਮਾਨਵਤਾ ਦਾ ਅਤੀ ਘਾਣ ਕਰ ਰਹੇ ਸਨ। ਅਜਿਹੇ ਸੰਕਟ-ਗ੍ਰਸਟ ਸਮੇਂ ਵਿੱਚ ਦੁਖੀ, ਪੀੜਤ, ਪਛਾੜੇ, ਲਤਾੜੇ ਤੇ ਸਤਾਏ ਹੋਏ ਜਨਸਾਧਾਰਨ ਨੂੰ ਗੁਰੂ ਰਵਿਦਾਸ ਜੀ ਨੇ ਆਪਣੀ ਅੰਮਿ੍ਰਤ ਬਾਣੀ ਦੁਆਰਾ ਇਕ ਨਵੀਂ ਜ਼ਿੰਦਗੀ ਬਖਸ਼ ਕੇ ਧਾਰਮਿਕ ਤੇ ਸਮਾਜਿਕ ਸੇਧ ਦਿੱਤੀ ਅਤੇ ਭਾਰਤ ਨੂੰ ਬਚਾਉਣ ਦੀ ਭਰਪੂਰ ਕੋਸ਼ਿਸ਼ ਕੀਤੀ। ਸਤਿਗੁਰੂ ਰਵਿਦਾਸ ਮਹਾਰਾਜ ਚੇਤਨਾ ਦੀ ਬਲਦੀ ਇਕ ਅਜਿਹੀ ਮਸ਼ਾਲ ਸੀ ਜਿਸ ਨੇ ਨਿਮਨ ਵਰਗ ਵਿੱਚ ਜੋਸ਼ ਅਤੇ ਉਤਸ਼ਾਹ ਦੀ ਇਕ ਅਜਿਹੀ ਅਗਨੀ ਪ੍ਰਚੰਡ ਕੀਤੀ, ਜੋ ਤਤਕਾਲੀਨ ਸਮਾਜ ਦੀਆਂ ਬੁਰਾਈਆਂ ਅਤੇ ਕੁਰੀਤੀਆਂ ਨੂੰ ਸਾੜ ਕੇ ਇਕ ਅਜਿਹਾ ਪ੍ਰਕਾਸ਼ ਪਿੱਛੇ ਛੱਡ ਗਈ ਕਿ ਅੱਜ ਵੀ ਕਰੋੜਾਂ ਪ੍ਰਾਣੀ ਉਸ ਤੋਂ ਰੌਸ਼ਨੀ ਪ੍ਰਾਪਤ ਕਰ ਰਹੇ ਹਨ। ਗੁਰੂ ਜੀ ਸੱਚੇ ਕਰਮਯੋਗੀ, ਮਾਨਵਤਾਵਾਦੀ, ਨਿਰਵੈਰ ਤੇ ਨਿਰਵਿਰੋਧ ਸ਼ਖਸ਼ੀਅਤ, ਚੰਗੇ ਗ੍ਰਹਿਸਥੀ, ਸਹਿਣਸ਼ੀਲ, ਦਿਆਲੂ, ਪਰਉਪਕਾਰੀ, ਕੁਦਰਤੀ ਰਜ਼ਾ ਵਿੱਚ ਰਹਿਣ ਵਾਲੇ, ਅਮਨ ਪਸੰਦ, ਕਥਨੀ-ਕਰਨੀ ਵਿੱਚ ਸਮਾਨਤਾ ਰੱਖਣ ਵਾਲੇ, ਮਿੱਠ-ਬੋਲੜੇ, ਨਿਰਭੈ, ਤਰਕਸ਼ੀਲ ਅਤੇ ਮਹਾਨ ਸੰਤ ਸਨ। ਉਨ੍ਹਾਂ ਦੀ ਬੇਮਿਸਾਲ ਸ਼ਖਸੀਅਤ ਦਾ ਹੀ ਪ੍ਰਭਾਵ ਸੀ ਕਿ ਅਖੌਤੀ ਨਿਮਨ ਵਰਗ ਵਿੱਚ ਪੈਦਾ ਹੋ ਕੇ ਵੀ ਉਹ ਸ਼ਾਹੀ ਖ਼ਾਨਦਾਨ ਦੇ ਰਾਜਗੁਰੂ ਬਣੇ ਅਤੇ ਅਨੇਕ ਰਾਜੇ-ਮਹਾਰਾਜੇ, ਪੰਡਤ ਅਤੇ ਕਥਿਤ ਉੱਚਤਮ ਵਰਗ ਦੇ ਲੋਕ ਉਨ੍ਹਾਂ ਦੇ ਸ਼ਿਸ਼ ਬਣੇ।

ਸੱਤ ਸਾਲ ਦੀ ਉਮਰ ਵਿੱਚ ਆਪ ਨੇ ਧਾਗੇ ਦਾ ਜਨੇਊ ਗਲ ਵਿੱਚ ਪਾ ਲਿਆ, ਜੁੱਤੀਆਂ ਗੰਢਣ ਵਾਲੀ ਪੱਥਰੀ ਨੂੰ ਠਾਕੁਰ ਬਣਾ ਲਿਆ, ਧੇਲੇ ਦਾ ਰੰਗ ਲੈ ਕੇ ਮੱਥੇ ਤੇ ਮਲ ਲਿਆ ਅਤੇ ਪ੍ਰੋਹਿਤਾਂ ਵਾਲਾ ਰੂਪ ਧਾਰ ਕੇ ਪੁਰਾਤਨ ਧਰਮ ਦੇ ਗੜ੍ਹ ਕਾਸ਼ੀ ਵਿਚ ਸੰਖ ਵਜਾ ਦਿੱਤਾ। ਇਨਕਲਾਬੀ ਰਹਿਬਰ ਵੱਲੋਂ ਪੁਰੋਹਿਤਾਂ ਵਾਲਾ ਪਹਿਰਾਵਾ ਧਾਰਨ ਕਰਨਾ ਧਰਮ ਨੂੰ ‘ਜੱਦੀ ਕਿੱਤਾ’ ਬਣਾਉਣ ਵਾਲੇ ਲੋਕਾਂ ਉੱਪਰ ਕਰਾਰੀ ਚੋਟ ਸੀ, ਇੱਕ ਵਾਰ ਸੀ, ਵੰਗਾਰ ਸੀ ਅਤੇ ਭਾਰਤ ਦੇ ਅਰਸ਼ਾਂ ਵਿੱਚ ਕਰਮਕਾਂਡੀ ਧਰਮ ਦੇ ਝੁਲ ਰਹੇ ਝੰਡੇ ਨੂੰ ਲੀਰੋ-ਲੀਰ ਕਰਨ ਲਈ ਬਗ਼ਾਵਤ ਵੱਲ ਪੁੱਟਿਆ ਪਹਿਲਾ ਕਦਮ ਸੀ। ਕਾਸ਼ੀ ਦੇ ਪੰਡਤਾਂ-ਪੁਰੋਹਿਤਾਂ ਵੱਲੋਂ ਵਿਰੋਧ ਕਰਨ ਤੇ ਉਨ੍ਹਾਂ ਨੇ ਬੁਲੰਦ ਅਵਾਜ਼ ਵਿੱਚ ਕਿਹਾ :

ਆਪਨ ਬਾਪੈ ਨਾਹੀ ਕਿਸੀ ਕੋ

ਭਾਵਨ ਕੋ ਹਰਿ ਰਾਜਾ।

ਅਰਥਾਤ : ਪਰਮਾਤਮਾ ਕਿਸੇ ਦਾ ਬਾਪ ਨਹੀਂ ; ਕਿਸੇ ਦੇ ਪਿਉ ਦੀ ਜਾਗੀਰ ਨਹੀਂ, ਉਸ ਵਿੱਚ ਨਿਸ਼ਚਾ ਅਤੇ ਪ੍ਰੇਮ-ਭਾਵਨਾ ਰੱਖਣ ਵਾਲਾ ਕੋਈ ਵੀ ਜੀਵ ਉਸ ਦਾ ਸਿਮਰਨ ਕਰ ਸਕਦਾ ਹੈ। ਧਰਮ ਵਿੱਚ ਪ੍ਰਚੱਲਤ ‘ਝੂਠੇ ਸਗਲ ਪਸਾਰੇ’ ਕਹਿ ਕੇ ਕੇਵਲ ਇੱਕ ਦਿਖਾਵਾ ਘੋਸ਼ਿਤ ਕੀਤਾ। ਮੂਰਤੀ ਪੂਜਕ ਭਗਤਾਂ ਵੱਲੋਂ ਅਖੌਤੀ ਦੇਵ-ਪੂਜਾ ਸਮੇਂ ਸੁੱਚੇ ਜਲ, ਫਲ-ਫੁੱਲ ਅਤੇ ਦੁੱਧ ਆਦਿ ਨਾਲ ਪੱਥਰਾਂ ਨੂੰ ਇਸ਼ਨਾਨ ਕਰਾਉਣ ਅਤੇ ਠਾਕੁਰਾਂ ਨੂੰ ਭੋਗ ਲੁਆਉਣ ਦੇ ਤਰੀਕੇ ਨੂੰ ਆਪ ਨੇ ਪ੍ਰੋਹਿਤਵਾਦੀ ਪਾਖੰਡ ਦੱਸਿਆ। ਆਪਨੇ ਇਹ ਗੱਲ ਡੱਟ ਕੇ ਆਖੀ ਕਿ ਪੱਥਰਾਂ ਨੂੰ ਭੋਗ ਲੁਆਉਣ ਲਈ ਭੇਂਟ ਕੀਤਾ ਦੁੱਧ, ਜਲ ਅਤੇ ਫੁੱਲ ਤਾਂ ਪਹਿਲਾਂ ਹੀ ਕ੍ਰਮਵਾਰ ਗਾਂ ਦੇ ਵੱਛੇ, ਮਛਲੀ ਅਤੇ ਭੌਰੇ ਨੇ ਜੂਠੇ ਕੀਤੇ ਹੋਏ ਹਨ ਅਤੇ ਇਸ ਜੂਠੀ ਸਮੱਗਰੀ ਨਾਲ ਇਹ ਪੂਜਾ ਪਵਿੱਤਰ ਕਿਵੇਂ ਹੋਈ? ਆਪ ਦਾ ਫੁਰਮਾਨ ਹੈ :

ਦੂਧੁ ਤ ਬਛਰੈ ਥਨਹੁ ਬਿਟਾਰਿਓ॥

ਫੂਲ ਭਬਰਿ ਜਲੁ ਮੀਨਿ ਬਿਗਾਰਿਓ॥

ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ॥3

ਸਤਿਗੁਰੂ ਰਵਿਦਾਸ ਜੀ ਦੀ ਬਾਣੀ ਨੇ ਜਨ-ਚੇਤਨਾ ਪੈਦਾ ਕਰਕੇ ਸਦੀਆਂ ਤੋਂ ਲਤਾੜੇ ਅਤੇ ਪੀੜਤ ਵਰਗ ਦੇ ਲੋਕਾਂ ਨੂੰ ਸਮਾਜ ਦਾ ਨਵ ਨਿਰਮਾਣ ਕਰਕੇ ਮਾਨਵਤਾ ਲਈ ਸਮਾਨਤਾ, ਸੁਤੰਤਰਤਾ, ਮਨੁੱਖੀ ਭਾਈਚਾਰੇ ਵਿੱਚ ਏਕਤਾ, ਪਿਆਰ ਅਤੇ ਸਮਨਵੈ ਦੀ ਭਾਵਨਾ ਪੈਦਾ ਕਰਕੇ ‘ਸਤ ਸੰਗਤਿ ਮਿਲਿ ਰਹੀਐ’ ਵਾਲਾ ਇਕ ਸੁਚੱਜਾ ਸਮਾਜ ਸਿਰਜਣ ਦੀ ਪ੍ਰੇਰਨਾ ਪ੍ਰਦਾਨ ਕੀਤੀ।

ਗੁਰੂ ਰਵਿਦਾਸ ਜੀ ਇਨਕਲਾਬੀ ਯੋਧੇ ਸਨ। ਆਪ ਨੇ ਸਮਾਜਿਕ, ਰਾਜਨੀਤਕ ਅਤੇ ਆਰਥਿਕ ਪਰਾਧੀਨਤਾ ਵਿਰੁੱਧ ਝੰਡਾ ਬੁਲੰਦ ਕੀਤਾ। ਉਨ੍ਹਾਂ ‘ਪਰਾਧੀਨਤਾ ਪਾਪ ਹੈ’ ਦਾ ਨਾਅਰਾ ਬੁਲੰਦ ਕਰਦਿਆਂ ਗੁਲਾਮੀ ਵਿਰੁੱਧ ਸੰਘਰਸ਼ ਕਰਨ ਲਈ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਸਮਾਜਿਕ ਅਤੇ ਆਰਥਿਕ ਸਮਾਨਤਾ ਵਾਲਾ ਭਾਈਚਾਰਕ ਸਮਾਜ ਸਿਰਜਣ ਦਾ ਚਿੰਤਨ ਪ੍ਰਸਤੁਤ ਕੀਤਾ। ਆਪ ਦਾ ਕਥਨ ਹੈ :

(ੳ) ਐਸਾ ਚਾਹੂੰ ਰਾਜ ਮੈਂ

ਜਹਾਂ ਮਿਲੈ ਸਭਨ ਕੋ ਅੰਨ॥

ਛੋਟ ਬੜੋ ਸਭ ਸਮ ਬਸੈ

ਰਵਿਦਾਸ ਰਹੇ ਪ੍ਰਸੰਨ॥

(ਅ) ਪਰਾਧੀਨਤਾ ਪਾਪ ਹੈ

ਜਾਨ ਲੇਹੁ ਰੇ ਮੀਤ॥

ਰਵਿਦਾਸ ਦਾਸ ਪਰਾਧੀਨ ਸੋ

ਕੌਨ ਕਰੈ ਹੈ ਪ੍ਰੀਤ’

ਆਪ ਮਾਨਵਵਾਦੀ ਸੰਤ ਸਨ। ਆਪ ਭਾਰਤੀ ਸਮਾਜ ਵਿੱਚ ਧਰਮ, ਜਾਤ ਅਤੇ ਮਜ਼ਹਬ ਦੇ ਨਾਂ ਤੇ ਪਾਈਆਂ ਵੰਡੀਆਂ ਨੂੰ ਦੂਰ ਕਰਕੇ ਅਜਿਹਾ ਸਮਾਜ ਸਥਾਪਿਤ ਕਰਨਾ ਚਾਹੁੰਦੇ ਸਨ ਜਿਸ ਵਿੱਚ ਧਾਰਮਿਕ ਅੰਧ-ਵਿਸ਼ਵਾਸਾਂ, ਆਡੰਬਰਾਂ, ਕਰਮਕਾਂਡਾਂ ਅਤੇ ਵਿਤਕਰਿਆਂ ਦਾ ਬੋਲਬਾਲਾ ਨਾ ਹੋਵੇ। ਆਪ ਨੇ ਵੇਦਾਂ-ਸ਼ਾਸ਼ਤਰਾਂ ਦੀ ਪ੍ਰਭੂਸੱਤਾ ਨੂੰ ਇਹ ਕਹਿ ਕੇ ਵੰਗਾਰਿਆ ਕਿ ਇਹ ਸ਼ੰਕਿਆਂ ਨਾਲ ਭਰੇ ਪਏ ਹਨ। ਆਪ ਦਾ ਸਪਸ਼ਟ ਫੁਰਮਾਨ ਹੈ :

(ੳ) ਕਰਮ ਅਕਰਮ ਬੀਚਾਰੀਐ।

    ਸੰਕਾ ਸੁਨਿ ਬੇਦ ਪੁਰਾਨ॥

(ਅ) ਰਵਿਦਾਸ ਇਕ ਹੀ ਬੂੰਦ ਸੋ, ਸਭ ਹੀ ਭਯੋ ਵਿਯਾਰ।

     ਮੂਰਖਿ ਹੈ ਜੋ ਕਰਤ ਹੈ, ਬਰਨ ਅਬਰਨ ਬਿਚਾਰ।

ਗੁਰੂ ਜੀ ਵੱਲੋਂ ਵਰਣ-ਵਿਵਸਥਾ ਦੇ ਸਿਰਜਕਾਂ ਨੂੰ ਮੁੂਰਖਾਂ ਦੀ ਸੰਗਿਆ ਦੇਣਾ ਅਤੇ ‘‘ਮਾਥੈ ਤਿਲਕ ਹਾਥ ਜਪਮਾਲਾ, ਜਗ ਠਗਨੇ ਨੂੰ ਸਵਾਂਗ ਬਨਾਇਆ’’ ਕਹਿ ਕੇ ਇਸ ਵਿਵਸਥਾ ਨੂੰ ਵੰਗਾਰਨਾ ਇੱਕ ਵਿਦਰੋਹ ਹੀ ਤਾਂ ਸੀ। ਆਪ ਨੇ ਆਪਣੀ ਬਾਣੀ ਵਿੱਚ ਮਨੁੱਖ ਨੂੰ ਮਾਨਸਿਕ ਰੂਪ ਵਿੱਚ ਕਮਜ਼ੋਰ ਤੇ ਗੁਲਾਮ ਬਣਾਈ ਰੱਖਣ ਵਾਲੇ ਇਨ੍ਹਾਂ ਅਖੌਤੀ ਧਰਮ-ਸ਼ਾਸਤਰਾਂ ਅਤੇ ਇਨ੍ਹਾਂ ਦੀ ਰਚਨਾ ਕਰਨ ਵਾਲਿਆਂ ਵਿਰੁੱਧ ਨਿਰਭੈ ਹੋ ਕੇ ਆਵਾਜ਼ ਬੁਲੰਦ ਕੀਤੀ। ਆਪ ਨੇ ਅੰਧ-ਵਿਸ਼ਵਾਸਾਂ ਅਧੀਨ ਫੈਲਾਏ ਭਰਮ-ਜਾਲ ਜਪ, ਤਪ, ਦਾਨ, ਤੀਰਥ-ਇਸ਼ਨਾਨ, ਪੂਜਾ, ਅਰਚਨਾ, ਮੂਰਤੀਆਂ ਅੱਗੇ ਨੱਚਣ, ਗਾਉਣ ਆਦਿ ਦਾ ਜ਼ੋਰਦਾਰ ਖੰਡਣ ਕੀਤਾ। ਕਹਿਣ ਦਾ ਭਾਵ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਰਾ ਜੀਵਨ ਅੰਡਬਰ, ਪਖੰਡਾਂ ਅਤੇ ਮਨੁੱਖਤਾ ਵਿਰੋਧੀ ਅਖੌਤੀ ਧਾਰਮਿਕ ਤੇ ਸਮਾਜਿਕ ਵੰਡ ਪ੍ਰਣਾਲੀ ਖਿਲਾਫ ਸੰਘਰਸ਼ ਕੀਤਾ। ਇਨ੍ਹਾਂ ਸਾਰੀਆਂ ਬੁਰਾਈਆਂ ਦਾ ਵਿਰੋਧ ਕੀਤਾ। ਅੱਜ ਅਸੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 644ਵਾਂ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਅੱਜ ਦਾ ਦੌਰ ਬਹੁਤ ਨਾਜ਼ੁਕ ਹੈ, ਦੇਸ਼ ਦੀ ਏਕਤਾ ਅਤੇ ਅਖੰਡਤਾ ’ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ। ਇਸ ਸਮੇਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਦਾ ਫਲਸਫਾ ਤੇ ਉਨ੍ਹਾਂ ਦੀ ਵਿਚਾਰਧਾਰਾ ਭਾਰਤ ਦੇ ਹਰ ਨਾਗਰਿਕ ਨੂੰ ਰਾਸ਼ਟਰ ਹਿੱਤ ਵਿੱਚ ਕੰਮ ਕਰਨ ਲਈ ਸੁਚੇਤ ਕਰ ਸਕਦੀ ਹੈ। ਸੋ ਆਓ ਅਸੀਂ ਸਾਰੇ ਰਲ ਕੇ ਪ੍ਰਣ ਕਰੀਏ ਕਿ ਇਸ ਵਾਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਰਾਸ਼ਟਰ ਹਿੱਤ ’ਚ ਸਮਰਪਿਤ ਕਰਕੇ ਆਪਸੀ ਲੜਾਈਆਂ, ਝਗੜੇ ਖਤਮ ਕਰਕੇ ਇਕੱਠੇ ਹੋ ਕੇ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ਵੱਲ ਤੋਰੀਏ ਤਾਂ ਜੋ ਸਾਡਾ ਦੇਸ਼ ਤਰੱਕੀ ਕਰੇ ਤੇ ਹਰ ਭਾਰਤੀ ਖੁਸ਼ਹਾਲ ਹੋਵੇ।

ਅਜੈ ਕੁਮਾਰ

   

No comments:

Post a Comment