Thursday 15 April 2021

ਮਹਾਨ ਯੁੱਗ ਪੁਰਸ਼ ਡਾ. ਬੀ. ਆਰ. ਅੰਬੇਡਕਰ


ਭੁੱਖ, ਪਿਆਸ, ਨੀਂਦ ਅਤੇ ਹਰ ਤਰ੍ਹਾਂ ਦਾ ਸਵਾਰਥ ਤਿਆਗ ਕੇ ਹਰ ਪਲ ਦੇਸ਼ ਲਈ ਜਿਊਣ ਵਾਲੇ ਮਹਾਨ ਯੁੱਗ ਪੁਰਸ਼ ਡਾ. ਬੀ. ਆਰ. ਅੰਬੇਡਕਰ ਜੀ ਦਾ ਜਨਮ 14 ਅਪ੍ਰੈਲ 1891 ਈ. ਨੂੰ ਮਹੂ (ਮੱਧ ਪ੍ਰਦੇਸ਼) ਵਿੱਚ ਸੂਬੇਦਾਰ ਰਾਮ ਜੀ ਰਾਓ ਦੇ ਘਰ ਹੋਇਆ। ਉਨ੍ਹਾਂ ਦੀ ਮਾਤਾ ਦਾ ਨਾਮ ਭੀਮਾ ਬਾਈ ਸੀ। ਛੋਟੀ ਉਮਰ ਵਿੱਚ ਹੀ ਉਨ੍ਹਾਂ ਦੀ ਮਾਤਾ ਜੀ ਦਾ ਦੇਹਾਂਤ ਹੋ ਗਿਆ ਅਤੇ ਭੀਮ ਰਾਓ ਜੀ ਦਾ ਪਾਲਣ-ਪੋਸ਼ਣ ਉਨ੍ਹਾਂ ਦੀ ਭੂਆ ਨੇ ਕੀਤਾ ਜੋ ਕੁੱਬੜੀ ਸੀ। ਪੂਰੀ ਦੁਨੀਆਂ ਅੱਜ ਡਾ. ਬੀ. ਆਰ. ਅੰਬੇਡਕਰ ਨੂੰ ਬਾਬਾ ਸਾਹਿਬ ਦੇ ਨਾਮ ਨਾਲ ਜਾਣਦੀ ਹੈ। ਜਿਸ ਸਮੇਂ ਉਨ੍ਹਾਂ ਦਾ ਜਨਮ ਹੋਇਆ ਉਸ ਸਮੇਂ ਦੇ ਸਾਮਾਜਿਕ ਹਾਲਾਤ ਤਾਂ ਬਹੁਤ ਭਿਅੰਕਰ ਸਨ ਹੀ, ਕੁਦਰਤ ਦਾ ਕਹਿਰ ਵੀ ਚਰਮ ਸੀਮਾ ਤੇ ਸੀ ਅਤੇ ਪਲੇਗ ਬੀਮਾਰੀ ਮਹਾਂਮਾਰੀ ਦਾ ਰੂਪ ਧਾਰਣ ਕਰ ਰਹੀ ਸੀ ਜਿਸ ਨਾਲ ਹਜ਼ਾਰਾਂ ਲੋਕਾਂ ਨੂੰ ਰੋਜ਼ ਮੌਤ ਦਾ ਨਿਵਾਲਾ ਬਣਨਾ ਪੈ ਰਿਹਾ ਸੀ। ਬਾਬਾ ਸਾਹਿਬ ਅੰਬੇਡਕਰ ਨੂੰ ਬਚਪਨ ਵਿੱਚ ਹੀ ਸਰਵਜਨਕ ਸਥਾਨਾਂ ’ਤੇ ਅਪਮਾਨ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਕਦਮ-ਕਦਮ ਤੇ ਅਪਮਾਨਿਤ ਹੋਣਾ ਪਿਆ ਪਰੰਤੂ ਉਨ੍ਹਾਂ ਨੇ ਅਪਮਾਨ ਦਾ ਬਦਲਾ ਲੈਣ ਲਈ ਕਿਸੇ ਨੂੰ ਅਪਮਾਨਤ ਕਰਨ ਦੀ ਬਜਾਇ ਆਪਣਾ ਧਿਆਨ ਪੂਰੀ ਇਮਾਨਦਾਰੀ ਨਾਲ ਦੇਸ਼ ਨੂੰ ਵਿਕਸਿਤ ਕਰਨ ਲਈ ਕੇੇਂਦਿ੍ਰਤ ਕੀਤਾ। ਦੇਸ਼ ਨੂੰ ਵਿਕਸਿਤ ਬਣਾਉਣ ਲਈ ਸਭ ਤੋਂ ਵੱਡੀ ਰੁਕਾਵਟ ਸੀ ਛੂਆਛਾਤ, ਭੇਦਭਾਵ ਅਤੇ ਜਾਤ-ਪਾਤ। ਸਭ ਤੋਂ ਪਹਿਲਾਂ ਬਾਬਾ ਸਾਹਿਬ ਅੰਬੇਡਕਰ ਨੇ ਇਸ ਲਾਇਲਾਜ ਬੀਮਾਰੀ ਦਾ ਇਲਾਜ ਕਰਨ ਲਈ ਦੋ ਸੂਤਰੀ ਪ੍ਰੋਗਰਾਮ ਝਾੜੂ ਅਤੇ ਹੰਟਰ ਤੇ ਜ਼ੋਰ ਦਿੱਤਾ। ਝਾੜੂ ਤੋਂ ਉਨ੍ਹਾਂ ਦਾ ਭਾਵ ਸੀ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਕੇ ਵਿਵਹਾਰਿਕ ਰੂਪ ਵਿੱਚ ਸਮਾਜ ਨੂੰ ਸਾਫ਼-ਸੁਥਰਾ ਮਾਰਗ ਦਰਸ਼ਨ ਪ੍ਰਦਾਨ ਕਰਨਾ ਅਤੇ ਹੰਟਰ ਤੋੋਂ ਉਨ੍ਹਾਂ ਦਾ ਭਾਵ ਸੀ ਕਿ ਜਿਹੜੇ ਲੋਕ ਸਮਾਜ ਵਿੱਚ ਕੁਰੀਤੀਆਂ ਫੈਲਾਉਦੇ ਹਨ ਉਨ੍ਹਾਂ ਦੇ ਖਿਲਾਫ ਸਖਤ ਕਾਨੂੰਨ ਲਾਗੂ ਕਰਕੇ ਉਨ੍ਹਾਂ ਨੂੰ ਸਜ਼ਾ ਦੁਆਉਣਾ। ਉਨ੍ਹਾਂ ਦਾ ਸਪੱਸ਼ਟ ਮਤ ਸੀ ਕਿ ਧਰਮ ਆਦਮੀ ਲਈ ਹੈ ਆਦਮੀ ਧਰਮ ਲਈ ਨਹੀਂ ਹੈ ਇਸ ਲਈ ਧਰਮ ਦੇ ਨਾਂ ’ਤੇ ਪਾਖੰਡ ਅਤੇ ਵਪਾਰ ਦੇ ਉਹ ਸਖ਼ਤ ਖਿਲਾਫ ਸਨ। ਬਾਬਾ ਸਾਹਿਬ ਨੇ ਦੇਸ਼ ਨੂੰ ਮਜ਼ਬੂਤ ਕਰਨ ਲਈ ਸਭ ਤੋਂ ਪਹਿਲਾਂ ਜਾਤ-ਪਾਤ ਵਿਵਸਥਾ ਦਾ ਸਰਵਨਾਸ਼ ਕਰਨ ਲਈ ਅਖੌਤੀ ਪੁਰੋਹਿਤਾਂ ਨੂੰ ਧੂੜ ਚਟਾਉਦੇ ਹੋਏ ਅਤੇ ਦੱਬੇ-ਕੁਚਲੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਆਪਣੀ ਛਵੀ ਅਤੇ ਚਰਿੱਤਰ ਨੂੰ ਇੰਨਾ ਮਜ਼ਬੂਤ ਕਰ ਲਿਆ ਕਿ ਉਨ੍ਹਾਂ ਦੇ ਸਾਹਮਣੇ ਉਨ੍ਹਾਂ ਦੇ ਸਮਕਾਲੀਨ ਜ਼ਿਆਦਾਤਰ ਰਾਜਨੀਤਕ ਨੇਤਾ ਬੌਣੇ ਨਜ਼ਰ ਆਉਣ ਲੱਗੇ। ਬਾਬਾ ਸਾਹਿਬ ਦੀ ਬੁੱਧੀਮਤਾ, ਦਿ੍ਰੜ ਇਰਾਦੇ, ਸਖ਼ਤ ਮਿਹਨਤ ਅਤੇ ਬੁਲੰਦ ਹੌਸਲੇ ਦੀ ਬਦੌਲਤ ਬਾਬਾ ਸਾਹਿਬ ਨੂੰ ਆਜ਼ਾਦ ਭਾਰਤ ਦਾ ਸੰਵਿਧਾਨ ਬਣਾਉਣ ਲਈ ਮੁੱਖ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਭਾਰਤ ਨੂੰ ਬੇਮਿਸਾਲ ਸੰਵਿਧਾਨ ਦਿੱਤਾ ਜੋ ਯੁੱਧ ਅਤੇ ਸ਼ਾਂਤੀ ਦੋੋਨੋਂ ਸਮੇਂ ਅਨੁਕੂਲ ਹੈ। ਬਾਬਾ ਸਾਹਿਬ ਅੰਬੇਡਕਰ ਨੇ ਦੇਸ਼ ਨੂੰ ਵਿਕਸਿਤ ਬਣਾਉਣ ਲਈ ਕਿਸਾਨ, ਮਜ਼ਦੂਰ, ਵਪਾਰੀ ਨੂੰ ਮਜ਼ਬੂਤ ਅਤੇ ਪ੍ਰਗਤੀਸ਼ੀਲ ਬਣਾਉਣ ਲਈ ਕਈ ਸੁਝਾਵ ਸਮੇਂ ਦੀਆਂ ਸਰਕਾਰਾਂ ਨੂੰ ਦਿੱਤੇ। ਪਰੰਤੂ ਸਰਕਾਰਾਂ ਨੇ ਬਾਬਾ ਸਾਹਿਬ ਦੇ ਸੁਝਾਆਂ ਵੱਲ ਧਿਆਨ ਦੇਣ ਦੀ ਬਜਾਏ ਆਪਣੇ ਹਿੱਤ ਸਾਧਣ ਵਿੱਚ ਹੀ ਜ਼ਿਆਦਾ ਦਿਲਚਸਪੀ ਦਿਖਾਈ। ਇਸੇ ਦਾ ਨਤੀਜਾ ਹੈ ਕਿ ਅੱਜ ਭਾਰਤ ਦੇਸ਼ ਹਰ ਤਰ੍ਹਾਂ ਦੇ ਕੁਦਰਤੀ ਸਾਧਨਾਂ ਤੋਂ ਭਰਪੂਰ ਹੋਣ ਦੇ ਬਾਵਜੂਦ ਵਿਕਸਿਤ ਦੇਸ਼ ਨਹੀਂ ਬਣ ਸਕਿਆ। ਬਾਬਾ ਸਾਹਿਬ ਨੇ ਸੰਵਿਧਾਨ ਲਿਖਣ ਵਿੱਚ ਆਪਣੀ ਮੁੱਖ ਭੂਮਿਕਾ ਜ਼ਰੂਰ ਨਿਭਾਈ ਪਰੰਤੂ ਸੰਵਿਧਾਨ ਨੂੰ ਉਹ ਆਪਣੀ ਸੋਚ ਦਾ ਸੰਵਿਧਾਨ ਬਣਾ ਕੇ ਲਾਗੂ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੇ। ਬਾਬਾ ਸਾਹਿਬ ਚਾਹੁੰਦੇ ਸਨ ਕਿ ਹਰ ਭਾਰਤੀ ਨੂੰ ਰੋਟੀ, ਕੱਪੜਾ, ਮਕਾਨ, ਸਿਹਤ, ਸਿੱਖਿਆ ਅਤੇ ਰੁਜ਼ਗਾਰ ਦੇਣਾ ਸਰਕਾਰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝੇ ਅਤੇ ਇਨ੍ਹਾਂ ਸਭ ਨੂੰ ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਵਿੱਚ ਸ਼ਾਮਲ ਕਰੇ। ਬਾਬਾ ਸਾਹਿਬ ਹਰ ਇਕ ਭਾਰਤੀ ਨੂੰ ਸਹੀ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਹੋਵੇ, ਇਸ ਗੱਲ ’ਚ ਵਿਸ਼ੇਸ਼ ਰੁਚੀ ਰੱਖਦੇ ਸਨ ਤੇ ਜ਼ੋਰ ਦਿੰਦੇ ਸਨ। ਸਹੀ ਸਿੱਖਿਆ ਤੋਂ ਉਨ੍ਹਾਂ ਦਾ ਭਾਵ ਸੀ ਕਿ ਹਰ ਵਿਅਕਤੀ ਨੂੰ ਇਹ ਪਤਾ ਹੋਵੇ ਕਿ ਪੂਰਾ ਰਾਸ਼ਟਰ ਉਸਦੀ ਨਿੱਜੀ ਸੰਪੱਤੀ ਹੈ ਅਤੇ ਰਾਸ਼ਟਰ ਦੀ ਸੰਪੱਤੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਉਹ ਖੁਦ ਪਹੁੰਚਾਵੇ ਅਤੇ ਨਾ ਹੀ ਦੂਜਿਆਂ ਨੂੰ ਪਹੁੰਚਾਉਣ ਦੇਵੇ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਬਾ ਸਾਹਿਬ ਅੰਬੇਡਕਰ ਨੇ ਇਕ ਵਾਰ ਸਭਾ ਵਿੱਚ ਆਪਣੇ ਭਾਸ਼ਣ ਦੌਰਾਨ ਇਹ ਕਿਹਾ ਸੀ ਕਿ ਮੈਂ ਇਸ ਭਾਰਤ ਨੂੰ ਬੁੱਧਮਈ ਦੇਸ਼ ਬਣਾਉਣਾ ਚਾਹੁੰਦਾ ਹਾਂ ਅਤੇ ਨਾਲ ਹੀ ਮੈਂ ਇਹ ਵੀ ਕਹਿੰਦਾ ਹਾਂ ਕਿ ਰਾਸ਼ਟਰ ਮੇਰੇ ਲਈ ਬੁੱਧ ਤੋਂ ਵੀ ਉੱਪਰ ਹੈ, ਜੇਕਰ ਮੇਰੇ ਰਾਸ਼ਟਰ ਨੂੰ ਨੁਕਸਾਨ ਪਹੁੰਚਾਉਣ ਲਈ ਬੁੱਧ ਵੀ ਧਰਤੀ ’ਤੇ ਆ ਜਾਵੇ ਤਾਂ ਮੈਂ ਪਹਿਲਾ ਵਿਅਕਤੀ ਹੋਵਾਂਗਾ ਜੋ ਬੁੱਧ ਦੇ ਸਾਹਮਣੇ ਸੀਨਾ ਤਾਣ ਕੇ ਖੜਾ ਹੋ ਜਾਵਾਂਗਾ। ਅੱਜ ਜਿੰਨੀਆਂ ਵੀ ਸਮੱਸਿਆਵਾਂ ਨਾਲ ਭਾਰਤ ਦੇਸ਼ ਜੂਝ ਰਿਹਾ ਹੈ ਉਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਕਈ ਕਾਰਣ ਹੋ ਸਕਦੇ ਹਨ ਪਰੰਤੂ ਮੁੱਖ ਕਾਰਣ ਭਾਰਤ ਦੀ ਵਧਦੀ ਆਬਾਦੀ ਹੈ ਜੋ ਕਿ ਬਾਬਾ ਸਾਹਿਬ ਅੰਬੇਡਕਰ 1938 ਤੋਂ ਇਸ ਗੱਲ ਤੇ ਜ਼ੋਰ ਦੇ ਰਹੇ ਸਨ ਕਿ ਭਾਰਤ ਵਿੱਚ ਵਧਦੀ ਅਬਾਦੀ ਤੇ ਰੋਕ ਲਗਾਉਣ ਲਈ ਕਨੂੰਨ ਬਣਨਾ ਚਾਹੀਦਾ ਹੈ ਪਰੰਤੂ ਉਸ ਸਮੇਂ ਦੇ ਰੂੜ੍ਹੀਵਾਦੀ ਨੇਤਾਵਾਂ ਨੇ ਮਹਾਤਮਾ ਗਾਂਧੀ ਦੀ ਅਗਵਾਈ ਵਿਚ ਇਸ ਸੁਝਾਅ ਨੂੰ ਨਕਾਰ ਦਿੱਤਾ। ਅੱਜ ਅਸੀਂ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ 130ਵਾਂ ਜਨਮ ਦਿਵਸ ਮਨਾ ਰਹੇ ਹਾਂ। ਮੇਰੀ ਸਰਕਾਰ ਤੋਂ ਮੰਗ ਹੈ ਕਿ ਉਹ ਦੋਨਾਂ ਸਦਨਾਂ ਵਿੱਚ ਤੁਰੰਤ ਜਨਸੰਖਿਆ ਕੰਟਰੋਲ ਅਤੇ ਰੋਜ਼ਗਾਰ ਗਰੰਟੀ ਯੋਜਨਾ ਬਿਲ ਲੈ ਕੇ ਦੋਨਾਂ ਬਿੱਲਾਂ ਨੂੰ ਕਾਨੂੰਨ ਬਣਾ ਕੇ ਭਾਰਤ ਦੀ ਤਰੱਕੀ ਦੀ ਡੁੱਬਦੀ ਬੇੜੀ ਨੂੰ ਬਚਾ ਕੇ ਡਾ. ਬੀ. ਆਰ. ਅੰਬੇਡਕਰ ਨੂੰ ਸੱਚੀ ਸ਼ਰਧਾਂਜਲੀ ਦੇਵੇ ਅਤੇ ਉਥੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਪੈਰੋਕਾਰ ਵਹਿਮ, ਭਰਮ, ਪਖੰਡ, ਘਟੀਆ ਰੀਤੀ-ਰਿਵਾਜ ਤਿਆਗ ਕੇ ਉਨ੍ਹਾਂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਸੰਵਿਧਾਨ ਵਿੱਚ ਲਿਖੇ ਕਾਨੂੰਨਾਂ ਦਾ ਪਾਲਣ ਕਰਨ ਅਤੇ ਦੂਸਰਿਆਂ ਨੂੰ ਸੰਵਿਧਾਨ ਵਿੱਚ ਲਿਖੇ ਕਾਨੂੰਨਾਂ ਦਾ ਪਾਲਣ ਕਰਨ ਲਈ ਪ੍ਰੇਰਿਤ ਕਰਨ।  

                                                                                                                                                  -ਅਜੇ ਕੁਮਾਰ   

No comments:

Post a Comment