Tuesday 7 June 2016

ਪੰਜਾਬ ਦਾ ਭਵਿੱਖ


2017 ਦੇ ਸ਼ੁਰੂ ਵਿੱਚ ਪੰਜਾਬ 'ਚ ਚੋਣਾਂ ਹੋਣੀਆਂ ਹਨ। ਇਨ੍ਹਾਂ ਚੋਣਾਂ ਤੋਂ ਬਾਅਦ ਫੈਸਲਾ ਹੋਵੇਗਾ ਕਿਹੜਾ ਅਗਲੇ ਪੰਜ ਸਾਲ ਤੱਕ ਪੰਜਾਬ ਨੂੰ ਲੁੱਟੇਗਾ। ਹਰ ਰਾਜਨੀਤਿਕ ਯੋਧਾ ਉਮੀਦ ਲਾਈ ਬੈਠਾ ਹੈ ਕਿ ਆਉਣ ਵਾਲੇ ਪੰਜ ਸਾਲ ਉਹ ਪੰਜਾਬ ਦੀ ਰੱਜ ਕੇ ਸੇਵਾ ਕਰੇਗਾ। ਥੋੜ੍ਹੇ ਦਿਨਾਂ ਦੇ ਵਿੱਚ ਪੰਜਾਬ ਦਾ ਰਾਜਨੀਤਿਕ ਅਖਾੜਾ ਬੜੇ ਜ਼ੋਰਾਂ-ਸ਼ੋਰਾਂ ਨਾਲ ਭਖ ਜਾਏਗਾ। ਪੰਜਾਬ ਦੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਛੋਟੇ ਤੋਂ ਲੈ ਕੇ ਵੱਡੇ ਲੀਡਰ ਨੇ ਆਪਣੇ-ਆਪਣੇ ਲੰਗੋਟ ਕੱਸ ਲਏ ਹਨ ਤੇ ਆਪਣੇ-ਆਪਣੇ ਪੱਧਰ 'ਤੇ ਲੜਾਈ ਦੀ ਤਿਆਰੀ ਸ਼ੁਰੂ ਕਰ ਦਿੱਤੀ। ਜਿੱਥੇ ਹਰ ਪਾਰਟੀ ਦਾ ਵਰਕਰ ਜਿਸ ਨੂੰ ਕਦੇ ਵੀ ਆਪਣੇ ਲੀਡਰਾਂ ਕੋਲੋਂ ਕੁਝ ਹਾਸਿਲ ਨਹੀਂ ਹੋਇਆ। ਉਹ ਲੜਾਈ 'ਚ ਆਪਣੀ ਜਾਨ ਦੇਣ ਲਈ ਸਭ ਤੋਂ ਮੂਹਰਲੀ ਕਤਾਰ ਵਿੱਚ ਖੜ੍ਹਾ ਹੈ। ਉਸ ਤੋਂ ਪਿੱਛੇ ਐਮ. ਐਲ. ਏ. ਬਣਨ ਦੇ ਇਛੁੱਕ ਲੀਡਰਾਂ ਦੀ ਲੰਬੀ ਕਤਾਰ ਹੈ ਅਤੇ ਸਭ ਤੋਂ ਪਿੱਛੇ ਮੁੱਖ ਮੰਤਰੀ ਜਾਂ ਮੰਤਰੀ ਬਣਨ ਦੇ ਇਛੁੱਕ ਲੀਡਰ ਇਨ੍ਹਾਂ ਸਾਰਿਆਂ ਨੂੰ ਭੇਡਾਂ-ਬੱਕਰੀਆਂ ਵਾਂਗੂ ਹੱਕ ਕੇ ਆਪਣਾ ਰਾਜ ਕਰਨ ਦਾ ਟੀਚਾ ਹਾਸਿਲ ਕਰਨ ਲਈ ਹਰ ਤਰ੍ਹਾਂ ਦੀ ਜੁਗਤਬਾਜ਼ੀ ਲੜਾ ਰਹੇ ਹਨ। ਨਿਤ ਨਵੀਆਂ ਤੋਂ ਨਵੀਆਂ ਡਰਾਮੇਬਾਜ਼ੀਆਂ ਦੇਖਣ ਨੂੰ ਮਿਲਦੀਆਂ ਹਨ ਜੋ ਆਉਣ ਵਾਲੇ ਦਿਨਾਂ ਵਿੱਚ ਹੋਰ ਤੇਜ਼ੀ ਨਾਲ ਲੋਕਾਂ ਦੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਣਗੀਆਂ। ਐਸੇ-ਐਸੇ ਡਾਇਲਾਗ ਸੁਣਨ ਨੂੰ ਮਿਲਣਗੇ ਕਿ ਲੋਕਾਂ ਨੂੰ 'ਸ਼ੋਲੇ' ਫਿਲਮ ਦੇ ਡਾਇਲਾਗ ਵੀ ਫਿੱਕੇ ਲੱਗਣ ਲੱਗ ਜਾਣਗੇ। ਐਸੀਆਂ-ਐਸੀਆਂ ਕਹਾਣੀਆਂ ਘੜ੍ਹੀਆਂ ਜਾਣਗੀਆਂ ਕਿ ਚੰਗਾ-ਭਲਾ ਲੇਖਕ ਵੀ ਸ਼ਰਮਿੰਦਾ ਹੋ ਜਾਏਗਾ।  ਪਿਛਲੇ 9 ਸਾਲਾਂ ਤੋਂ ਪੰਜਾਬ ਦੀ ਸੱਤਾ 'ਤੇ ਕਾਬਜ਼ ਅਕਾਲੀ-ਭਾਜਪਾ ਸਿੱਧ ਕਰਨ ਦੀ ਕੋਸ਼ਿਸ਼ ਕਰੇਗੀ ਕਿ ਜਿੰਨਾ ਵਿਕਾਸ ਪਿਛਲੇ 9 ਸਾਲਾਂ 'ਚ ਹੋਇਆ, ਓਨਾ ਕਦੇ ਵੀ ਨਹੀਂ ਹੋਇਆ। ਦੂਸਰੇ ਪਾਸੇ ਵਿਰੋਧੀ ਧਿਰ 'ਚ ਮੌਜੂਦ ਕਾਂਗਰਸ ਦਰਸਾਏਗੀ ਕਿ ਇਸ ਸਰਕਾਰ ਨੇ ਲੁੱਟ-ਖਸੁੱਟ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪੰਜਾਬ ਨੂੰ ਅਕਾਲੀਆਂ ਨੇ ਘੁਣ ਵਾਂਗੂ ਖਾ-ਖਾ ਕੇ ਖੋਖਲਾ ਕਰ ਦਿੱਤਾ ਤੇ ਤੀਜੀ ਉੱਭਰ ਰਹੀ ਖਾਸ ਲੋਕਾਂ ਦੀ ਜਮਾਤ ਜਿਸ ਨੂੰ 'ਆਮ ਆਦਮੀ ਪਾਰਟੀ' ਕਿਹਾ ਜਾਂਦਾ ਹੈ, ਉਸ ਪਾਸ ਤਾਂ ਡਰਾਮੇਬਾਜ਼ੀਆਂ ਦੀਆਂ ਐਸੀਆਂ-ਐਸੀਆਂ ਤਰਕੀਬਾਂ ਹਨ ਕਿ 60 ਸਾਲਾਂ ਤੋਂ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀਆਂ ਮੁੱਖ ਧਾਰਾ ਦੀਆਂ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਵੀ ਸ਼ਰਮਿੰਦੀਆਂ ਹੋ ਜਾਣ ਪਰ ਏਨੀ ਗੱਲ ਪੱਕੀ ਹੈ, ਜਿਹੜੀਆਂ ਵੀ ਬਿਆਨਬਾਜ਼ੀਆਂ ਇਨ੍ਹਾਂ ਪਾਰਟੀਆਂ ਵੱਲੋਂ ਅਖ਼ਬਾਰਾਂ, ਟੀ. ਵੀ. ਚੈਨਲਾਂ ਵਿੱਚ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ, ਉਹ ਸਭ ਅਸਲੀਅਤ ਤੋਂ ਕੋਹਾਂ ਦੂਰ ਬਿਨਾਂ ਸਿਰ-ਪੈਰ ਅਤੇ ਊਲ-ਜਲੂਲ ਹਨ। ਅੱਜ ਪੰਜਾਬ ਬਹੁਤ ਨਾਜ਼ੁਕ ਸਮੇਂ ਵਿੱਚੋਂ ਗੁਜ਼ਰ ਰਿਹਾ ਹੈ। ਚਾਹੇ ਕਿਸਾਨ ਨੂੰ ਬਿਜਲੀ, ਪਾਣੀ, ਖਾਦਾਂ ਆਦਿ ਸਬਸਿਡੀਆਂ ਤੇ ਮਿਲ ਰਹੀਆਂ ਹਨ, ਇਸ ਦੇ ਬਾਵਜੂਦ ਉਸ ਦੀ ਆਰਥਿਕ ਹਾਲਤ ਬੇਹੱਦ ਪਤਲੀ ਹੈ ਤੇ ਮਜਬੂਰ ਹੋ ਕੇ ਉਸ ਨੂੰ ਆਤਮਹੱਤਿਆ ਕਰਨੀ ਪੈ ਰਹੀ ਹੈ। ਸਰਕਾਰੀ ਸਕੂਲਾਂ ਦੇ ਹਾਲਾਤ ਖ਼ਸਤਾ ਹਨ। ਅਧਿਆਪਕਾਂ ਦੀ ਜੰਗੀ ਪੱਧਰ 'ਤੇ ਖਿਚ-ਧੂਹ ਹੋ ਰਹੀ ਹੈ। ਵਪਾਰ ਤੇ ਉਦਯੋਗ ਦਿਨ-ਬ-ਦਿਨ ਖਾਤਮੇ ਵੱਲ ਜਾ ਰਿਹਾ ਹੈ। ਮਿਹਨਤ ਮਜ਼ਦੂਰੀ ਕਰਕੇ ਆਪਣਾ ਢਿੱਡ ਪਾਲਣ ਵਾਲਾ ਗਰੀਬ ਲਾਚਾਰ ਹੈ ਅਤੇ ਉਸ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਪੰਜਾਬ ਦੇ ਵੱਡੀ ਸੰਖਿਆ ਵਿੱਚ ਨੌਜਵਾਨ ਵਿਦੇਸ਼ ਜਾਣ ਦੀ ਉਮੀਦ ਵਿੱਚ ਆਪਣਾ ਜੀਵਨ ਅਤੇ ਪੈਸਾ ਖਰਾਬ ਕਰ ਰਹੇ ਹਨ ਤੇ ਨਾਉਮੀਦੀ ਵਿੱਚ ਕੁਝ ਨੌਜਵਾਨ ਨਸ਼ੇ ਵੱਲ ਵੀ ਆਕਰਸ਼ਿਤ ਹੋ ਜਾਂਦੇ ਹਨ। ਰੋਜ਼ ਕਿਤੇ ਨਾ ਕਿਤੇ ਧਰਨੇ ਪ੍ਰਦਰਸ਼ਨ ਹੋ ਰਹੇ ਹਨ। ਸਰਕਾਰ ਆਮ ਆਦਮੀ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਬਜਾਏ ਲੋਕਾਂ ਦਾ ਧਿਆਨ ਖਿੱਚਣ ਲਈ ਨਿਤ ਨਵੀਆਂ ਤੋਂ ਨਵੀਆਂ ਸਕੀਮਾਂ ਦਾ ਐਲਾਨ ਕਰੀ ਜਾ ਰਹੀ ਹੈ ਤਾਂ ਜੋ ਆਮ ਪੰਜਾਬੀ ਦਾ ਧਿਆਨ ਮੁੱਖ ਮੁੱਦਿਆਂ ਤੋਂ ਪਰ੍ਹੇ ਹਟ ਕੇ ਸਰਕਾਰ ਦੀਆਂ ਨਾਕਾਮਯਾਬੀਆਂ ਭੁੱਲ ਜਾਵੇ। ਪਹਿਲਾਂ ਮੁਫ਼ਤ ਦੀ ਆਟਾ-ਦਾਲ ਸਕੀਮ, ਫਿਰ ਸ਼ਗਨ ਸਕੀਮ ਅਤੇ ਕੁਝ ਅਜਿਹੀਆਂ ਸਕੀਮਾਂ ਜਿਸ ਨਾਲ ਭਵਿੱਖ ਸਵਰੇ ਨਾ ਸਵਰੇ ਡੰਗ ਜ਼ਰੂਰ ਟੱਪ ਜਾਂਦਾ ਹੈ।  ਇਹ ਸਕੀਮਾਂ ਦੇ ਕੇ ਲੋਕਾਂ ਨੂੰ ਮਾਨਸਿਕ ਤੌਰ 'ਤੇ ਅਪਾਹਿਜ ਕੀਤਾ ਜਾ ਰਿਹਾ ਹੈ ਜੇ ਰਾਜ ਕਰਨ ਵਾਲੇ ਅਸਫਲ ਸਿੱਧ ਹੋਏ ਹਨ ਤਾਂ ਵਿਰੋਧੀ ਧਿਰ ਵੀ ਬਰਾਬਰ ਦੀ ਨਾਕਾਮਯਾਬ ਹੈ ਨਾ ਵਿਰੋਧੀ ਧਿਰ ਕੋਲ ਸੋਚ ਹੈ, ਨਾ ਇੱਛਾ ਸ਼ਕਤੀ ਹੈ, ਨਾ ਨੇਤਰਤਵ ਹੈ, ਨਾ ਜੋਸ਼ ਹੈ, ਨਾ ਹੌਂਸਲਾ ਹੈ, ਉਹ ਵੀ ਉਮੀਦ ਲਾਈ ਬੈਠੇ ਹਨ ਕਿ ਸਤਿਆ ਆਦਮੀ ਜਾਊ ਕਿੱਥੇ। ਇਨ੍ਹਾਂ ਦੀ ਚੁੰਗਲ 'ਚੋਂ ਨਿਕਲ ਕੇ ਸਾਡੀ ਝੋਲੀ ਹੀ ਡਿਗਣਾ ਪੈਣਾ ਹੈ ਅਤੇ ਨਵੀਆਂ ਬਣੀਆਂ ਰਾਜਨੀਤਿਕ ਪਾਰਟੀਆਂ ਆਪਣੀ ਜ਼ਮੀਨ ਤਲਾਸ਼ਣ ਲਈ ਕਿਸੇ ਵੀ ਹੱਦ ਤੱਕ ਲੋਕਾਂ ਨਾਲ ਡਰਾਮੇਬਾਜ਼ੀ, ਝੂਠ, ਫਰੇਬ ਕਰ ਸਕਦੀਆਂ ਹਨ। ਜੇ ਦਲਿਤਾਂ ਦੀਆਂ ਪਾਰਟੀਆਂ ਵੱਲ ਧਿਆਨ ਮਾਰਿਆ ਜਾਵੇ ਤਾਂ ਇਨ੍ਹਾਂ ਵਿੱਚ ਤਾਂ ਲੋਕਤੰਤਰ ਦੀ ਬੇਹੱਦ ਘਾਟ ਹੈ। ਉਹ ਆਪਣੇ ਆਪ ਨੂੰ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਦਾ ਠੇਕੇਦਾਰ ਦੱਸਦੀਆਂ ਹਨ, ਚਾਹੇ ਉਨ੍ਹਾਂ ਦੀ ਕਰਨੀ, ਉਨ੍ਹਾਂ ਦੀ ਸੋਚ ਬਾਬਾ ਸਾਹਿਬ ਦੇ ਵਿਚਾਰਾਂ ਦੇ ਆਸ-ਪਾਸ ਵੀ ਨਹੀਂ ਹੁੰਦੀ, ਨਾ ਇਨ੍ਹਾਂ 'ਚ ਕੋਈ ਤਿਆਗ ਭਾਵਨਾ ਹੈ, ਨਾ ਗਰੀਬ ਦਲਿਤ ਲਈ ਕੋਈ ਦਰਦ ਹੈ, ਨਾ ਇਨ੍ਹਾਂ ਦੀ ਬੁੱਧੀ ਦਾ ਪੱਧਰ ਏਨਾ ਉੱਚਾ ਹੈ ਕਿ ਆਪਣੇ ਵਿਚਾਰ ਮੰਨਣ 'ਤੇ ਕਿਸੇ ਨੂੰ ਮਜਬੂਰ ਕਰ ਸਕਣ ਤੇ ਇਨ੍ਹਾਂ ਦੀ ਸਿੱਖਿਆ ਬਾਰੇ ਮੈਂ ਕੁਝ ਨਾ ਹੀ ਕਹਾਂ ਤਾਂ ਚੰਗਾ। ਸ਼ਾਇਦ ਬਹੁਤਿਆਂ ਨੂੰ ਤਾਂ ਮੇਰੇ ਆਰਟੀਕਲ ਪੜ੍ਹਨ ਲੱਗਿਆਂ ਵੀ ਤਕਲੀਫ ਹੁੰਦੀ ਹੈ। ਇਹ ਗੱਲ ਯਕੀਨੀ ਹੈ ਕਿ ਜੇ ਇਹ ਪੜ੍ਹ ਲੈਂਦੇ ਹਨ ਤੇ ਇਨ੍ਹਾਂ ਦੀ ਸਮਝ ਤੋਂ ਪਰ੍ਹੇ ਹੈ ਕਿ ਮੈਂ ਕੀ ਕਹਿਣਾ ਚਾਹੁੰਦਾ ਹਾਂ। ਚਾਹੇ ਹਰ ਇਕ ਛੋਟੇ ਤੋਂ ਛੋਟਾ ਸੰਘਰਸ਼ਸ਼ੀਲ ਦਲਿਤ ਮੇਰੀ ਗੱਲ ਸਮਝਦਾ ਹੈ ਪਰ ਇਨ੍ਹਾਂ ਦੇ ਪੱਲੇ ਮੇਰੀ ਗੱਲ ਨਹੀਂ ਪੈਂਦੀ। ਇਸ ਦਾ ਕਾਰਣ ਹੈ ਇਨ੍ਹਾਂ ਦੀਆਂ ਅੱਖਾਂ 'ਤੇ ਬੰਨ੍ਹੀ ਸਵਾਰਥ ਦੀ ਪੱਟੀ, ਜਿਹੜੀ ਇਨ੍ਹਾਂ ਨੂੰ ਉਸ ਹਨ੍ਹੇਰੇ ਵਿੱਚ ਲੈ ਜਾਂਦੀ ਹੈ, ਜਿੱਥੇ ਇਨ੍ਹਾਂ ਨੂੰ ਸਾਰਾ ਕੁਝ ਹਰਾ ਹੀ ਹਰਾ ਨਜ਼ਰ ਆਉਂਦਾ ਹੈ। ਹਰੇ-ਹਰੇ ਤੋਂ ਹਰਿਆਲੀ ਨਾ ਸਮਝਿਆ ਜਾਵੇ, ਕੁਝ ਐਸੇ ਹਰੇ ਹੁੰਦੇ ਹਨ, ਜਿਸ 'ਤੇ ਗਾਂਧੀ ਛਪਿਆ ਹੁੰਦਾ ਹੈ। ਕੁਲ ਮਿਲਾ ਕੇ ਏਨੀ ਗੱਲ ਪੱਕੀ ਹੈ ਕਿ ਪੰਜਾਬ ਦੇ ਭਵਿੱਖ ਦਾ ਫੈਸਲਾ ਦਲਿਤਾਂ ਦੇ ਹੱਥ ਵਿੱਚ ਹੈ। ਜਿਹੜੀ ਮਰਜ਼ੀ ਪਾਰਟੀ ਹੋਵੇ, ਉਹ ਇਹੀ ਉਮੀਦ ਲਾਈ ਬੈਠੀ ਹੈ ਕਿ ਬਹੁਗਿਣਤੀ ਦਲਿਤ ਮੈਨੂੰ ਵੋਟ ਪਾਣਗੇ ਤਾਂ ਮੈਂ ਸੱਤਾ ਵਿੱਚ ਆ ਜਾਵਾਂਗਾ ਪਰ ਅਸਲੀਅਤ ਇਹ ਹੈ ਕਿ ਅੱਜ ਪੰਜਾਬ ਦਾ ਦਲਿਤ ਬੇਹੱਦ ਮਾਯੂਸ ਹੈ। ਸਭ ਲੀਡਰਾਂ ਕੋਲ ਵੱਡੀਆਂ-ਵੱਡੀਆਂ ਬਿਆਨਬਾਜ਼ੀਆਂ ਤਾਂ ਹਨ ਪਰ ਕੋਈ ਪਾਰਟੀ ਜਾਂ ਲੀਡਰ ਅਜੇ ਤੱਕ ਇਹ ਦੱਸਣ 'ਚ ਨਾਕਾਮ ਰਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਸੱਤਾ ਵਿੱਚ ਆਉਣ ਤੋਂ ਬਾਅਦ ਦਲਿਤਾਂ ਦੇ ਹਾਲਾਤ ਸੁਧਾਰਨ ਲਈ ਉਹ ਕੀ ਕਰਨਗੇ? ਫਿਲਹਾਲ ਤਾਂ ਨਤੀਜਿਆਂ ਦੀ ਉਮੀਦ ਧੁੰਦਲੀ ਹੈ, ਪੰਜਾਬੀ ਸ਼ਸ਼ੋਪੰਜ ਵਿੱਚ ਹੈ ਪਰ ਜਲਦ ਹੀ ਤਸਵੀਰ ਸਪੱਸ਼ਟ ਹੋ ਜਾਵੇਗੀ ਕਿ ਪੰਜਾਬ ਦਾ ਭਵਿੱਖ ਕਿਹੜੇ ਹੱਥਾਂ ਵਿੱਚ ਖੇਡੇਗਾ। ਇਸ ਸਿਆਸੀ ਅਖਾੜੇ ਦਾ ਮਾਹੌਲ ਗਰਮ ਹੋਣ ਤੋਂ ਪਹਿਲਾਂ-ਪਹਿਲਾਂ ਪੂਰੇ 2 ਮਹੀਨੇ ਲਗਾ ਕੇ 'ਆਪਣੀ ਮਿੱਟੀ' ਦੇ ਪੱਤਰਕਾਰਾਂ ਅਤੇ ਸਹਿਯੋਗੀਆਂ ਨੇ ਵੱਡੀ ਸੰਖਿਆ ਵਿੱਚ ਵੋਟਰਾਂ ਦਾ ਸਰਵੇ ਕੀਤਾ, ਜਿਨ੍ਹਾਂ ਵਿੱਚ 50% ਔਰਤਾਂ ਸਨ। ਅਜੇ ਤੱਕ ਜੋ ਇਸ਼ਾਰੇ ਨਜ਼ਰ ਆ ਰਹੇ ਹਨ,  ਉਹ ਦਰਸਾਉਂਦੇ ਹਨ ਕਿ ਦੋਆਬੇ ਵਿੱਚ ਭਾਜਪਾ ਅਤੇ ਬਸਪਾ ਆਪਣਾ ਖਾਤਾ ਖੋਲ੍ਹਣ ਵਿੱਚ ਵੀ ਨਾਕਾਮ ਰਹੇਗੀ। 'ਆਪ' ਨੂੰ 3 ਸੀਟਾਂ ਮਿਲਣ ਦਾ ਅਨੁਮਾਨ ਹੈ। ਮੁੱਖ ਮੁਕਾਬਲਾ ਅਕਾਲੀ ਦਲ ਅਤੇ ਕਾਂਗਰਸ ਦਾ ਹੀ ਹੋਵੇਗਾ। ਹੁਣ ਦੇਖਣਾ ਇਹ ਹੈ ਕਿ ਹੱਦ ਤੋਂ ਜ਼ਿਆਦਾ ਆਪਣੇ ਆਪ 'ਤੇ ਵਿਸ਼ਵਾਸ ਕੀਤੀ ਬੈਠੇ ਅਕਾਲੀ ਸਮਾਂ ਰਹਿੰਦੇ ਜਾਗ ਕੇ ਕੈਪਟਨ ਨੂੰ ਧੋਬੀ ਪਟਕਾ ਮਾਰਦੇ ਹਨ ਜਾਂ ਬੁੱਢਾ ਸ਼ੇਰ ਇਸ ਵਾਰ ਅਕਾਲੀਆਂ ਨੂੰ ਚਿੱਤ ਕਰਨ ਵਿੱਚ ਕਾਮਯਾਬ ਹੋ ਜਾਂਦਾ ਹੈ। ਇਹ ਤਾਂ ਭਵਿੱਖ ਦੀ ਗੋਦ 'ਚ ਛੁਪਿਆ ਹੈ, ਪਰ ਇੰਨੀ ਗੱਲ ਪੱਕੀ ਹੈ ਕਿ ਇਹ ਸਰਵੇ ਸਰਕਾਰੀ ਸਰਵਿਆਂ ਅਤੇ ਆਪਣੀ-ਆਪਣੀ ਪਾਰਟੀ ਵੱਲੋਂ ਕੀਤੇ ਗਏ ਸਰਵਿਆਂ ਤੋਂ ਕਿਤੇ ਜ਼ਿਆਦਾ ਬਿਹਤਰ ਢੰਗ ਨਾਲ ਕੀਤਾ ਗਿਆ ਸਰਵੇ ਹੇ। ਇਸ ਕਰਕੇ ਸਾਡਾ ਦਾਅਵਾ ਹੈ ਕਿ ਪੰਜਾਬ ਦੇ ਸਮੀਕਰਣ ਬਿਲਕੁਲ ਇਸੇ ਤਰ੍ਹਾਂ ਹੀ ਬਣਨਗੇ। ਸਾਡਾ ਇਹ ਸਰਵੇ ਕਰਨ ਦਾ ਮਕਸਦ ਕਿਸੇ ਨੂੰ ਪ੍ਰਭਾਵਹੀਣ ਜਾਂ ਪ੍ਰਭਾਵਸ਼ਾਲੀ ਦੱਸਣਾ ਨਹੀਂ, ਸਾਡਾ ਮਕਸਦ ਸਿਰਫ ਆਪਣੇ ਪਾਠਕਾਂ ਨੂੰ ਸੱਚੀ ਤੇ ਸਾਫ-ਸੁਥਰੀ ਰਾਜਨੀਤੀ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਹੈ। ਕਿਉਂਕਿ ਜਿੰਨੀ ਦੇਰ ਤੱਕ ਅੰਬੇਡਕਰੀ ਸੋਚ ਦੇ ਲੋਕ ਪੰਜਾਬ ਦੀ ਸੱਤਾ 'ਤੇ ਕਾਬਜ਼ ਨਹੀਂ ਹੁੰਦੇ, ਉਨੀ ਦੇਰ ਸਿਆਸਤਦਾਨ ਡਰਾਮੇ ਕਰਦੇ ਰਹਿਣਗੇ ਤੇ ਜਾਤਾਂ ਦੇ ਨਾਂ 'ਤੇ ਨੀਲੀਆਂ, ਚਿੱਟੀਆਂ ਪੱਗਾਂ ਵਾਲੇ, ਨੀਲੇ ਭਗਵੇ ਸਿਰੋਪੇ ਵਾਲੇ ਪੰਜਾਬੀਆਂ ਨੂੰ ਮੂਰਖ ਬਣਾ ਕੇ ਆਪਣੇ ਘਰ ਭਰਦੇ ਰਹਿਣਗੇ। ਪੰਜਾਬ ਦੇ ਬਿਹਤਰ ਭਵਿੱਖ ਦੀ ਸੱਚੀ ਕਾਮਨਾ ਕਰਦੇ ਹੋਏ ਅਦਾਰਾ 'ਆਪਣੀ ਮਿੱਟੀ' ਵੱਲੋਂ ਸਰਵੇਖਣ ਦੀ ਰਿਪੋਰਟ ਆਉਣ ਵਾਲੇ ਦਿਨਾਂ ਵਿੱਚ ਡਿਟੇਲ 'ਚ ਛਾਪੀ ਜਾਵੇਗੀ।                              
                                                                                                                  - ਅਜੈ ਕੁਮਾਰ

No comments:

Post a Comment