Tuesday 14 June 2016

ਮਜ਼ਦੂਰ-ਮਜ਼ੇ ਤੋਂ ਦੂਰ

ਪੈਸਾ ਜੇਬ੍ਹ ਵਿੱਚ ਹੋਵੇ ਤਾਂ ਤਾਕਤ ਹੈ ਜੇ ਪੈਸਾ ਦਿਮਾਗ ਵਿੱਚ ਹੋਵੇ ਤਾਂ ਮਨੁੱਖ ਦੀ ਕਮਜ਼ੋਰੀ ਹੁੰਦੀ ਹੈ। ਭਾਰਤ ਵਿੱਚ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਵਾਲੇ ਲੋਕਾਂ ਦੀ ਸਥਿਤੀ ਇਹ ਹੈ ਕਿ ਪੈਸਾ ਜੇਬ੍ਹ ਵਿੱਚ ਵੀ ਹੈ ਅਤੇ ਦਿਮਾਗ ਵਿੱਚ ਵੀ ਹੈ ਇਸ ਲਈ ਉਹ ਆਪਣੇ ਜੇਬ੍ਹ ਦੇ ਪੈਸੇ ਦੀ ਤਾਕਤ ਨੂੰ ਇਸਤੇਮਾਲ ਕਰਕੇ ਆਪਣੀ ਕਮਜ਼ੋਰੀ ਨੂੰ ਦੂਰ ਕਰਨ ਦੇ ਲਈ ਹਰ ਦਾਅ-ਪੇਚ ਖੇਡਦੇ ਹਨ ਜਿਸ ਨਾਲ ਸ਼ੋਸ਼ਿਤ ਲੋਕ ਇਸ ਹੱਦ ਤੱਕ ਪਹੁੰਚ ਚੁੱਕੇ ਹਨ ਕਿ ਜਿਸ ਦੇਸ਼ ਵਿੱਚ 1 ਲੀਟਰ ਪੀਣ ਵਾਲੇ ਪਾਣੀ ਦੀ ਬੋਤਲ 20 ਰੁਪਏ ਦੀ ਮਿਲਦੀ ਹੈ ਉਸ ਦੇਸ਼ ਦੇ ਸ਼ਹਿਰ ਦੇ ਜੋ ਸ਼ੋਸ਼ਿਤ ਲੋਕ 30-40 ਰੁਪਏ ਕਮਾ ਲੈਣ ਉਹ ਗਰੀਬ ਨਹੀਂ ਸਮਝੇ ਜਾਣਗੇ। ਇਹ ਫ਼ਰਮਾਨ ਜਾਰੀ ਕੀਤਾ ਹੈ ਦੇਸ਼ ਦੀ ਪਹਿਲੀ ਤੇ ਹੁਣ ਵਾਲੀ ਸਰਕਾਰ ਨੇ। ਸਮਝਣਯੋਗ ਗੱਲ ਇਹ ਹੈ ਕਿ ਗਰੀਬਾਂ ਦਾ ਸ਼ੋਸ਼ਣ ਕਰਨ ਵਾਲੇ ਇਕ ਹੀ ਮੰਚ 'ਤੇ ਹਨ ਅਤੇ ਇਕ ਹੀ ਸੁਰ ਵਿੱਚ ਹਨ। ਦੇਖਣ ਨੂੰ ਭਾਵੇਂ ਇਨ੍ਹਾਂ ਦਾ ਆਪਸ ਵਿੱਚ ਬਹੁਤ ਕੰਪੀਟੀਸ਼ਨ ਹੈ ਪਰ ਮਜ਼ਦੂਰਾਂ ਦੇ ਸ਼ੋਸ਼ਣ ਦੇ ਮਾਮਲੇ ਵਿੱਚ ਇਕ ਹਨ। ਬਾਹਰੋਂ ਭਾਵੇਂ ਵੱਖ-ਵੱਖ ਦਿਸਣ ਪਰੰਤੂ ਅੰਦਰੋਂ ਉਹ ਇਕ ਹੀ ਹਨ, ਕਿਉਂਕਿ ਉਨ੍ਹਾਂ ਦਾ ਇਕ ਹੀ ਉਦੇਸ਼ ਹੈ ਕਿ ਉਹ ਆਪਣੀ ਕਮਜ਼ੋਰੀ (ਰੁਪਏ) ਨੂੰ ਕਿਵੇਂ ਇਕੱਠਾ ਕਰਨ, ਇਸ ਲਈ ਉਹ ਹਰ ਵੇਲੇ ਜੋਸ਼ ਤੇ ਹੋਸ਼ ਨਾਲ ਲੱਗੇ ਹੋਏ ਹਨ। ਦੂਸਰੇ ਪਾਸੇ ਦੁੱਖ ਦੀ ਗੱਲ ਇਹ ਹੈ ਕਿ ਜਿਹੜੇ ਲੋਕ ਮਜ਼ਦੂਰ ਹਨ, ਜਿਨ੍ਹਾਂ ਦਾ ਸਦੀਆਂ ਤੋਂ ਸ਼ੋਸ਼ਣ ਹੋ ਰਿਹਾ ਹੈ ਜਿਨ੍ਹਾਂ ਦੀ ਜ਼ਰੂਰਤ ਇਕ ਹੈ, ਦੁੱਖ ਇਕ ਹੈ, ਦੁੱਖ ਦੀ ਬਿਮਾਰੀ ਦਾ ਇਲਾਜ ਇਕ ਹੈ ਇਸ ਨਾਲ ਲੜਨ ਦਾ ਮੂਲਮੰਤਰ ਵੀ ਇਕ ਹੈ ਪਰੰਤੂ ਫਿਰ ਵੀ ਉਹ ਇਕ ਮੰਚ 'ਤੇ ਨਹੀਂ ਹਨ। ਮਜ਼ਦੂਰ ਹਿੱਸਿਆਂ ਵਿੱਚ, ਜਾਤੀਆਂ, ਉੱਪ ਜਾਤੀਆਂ, ਗੋਤਰਾਂ, ਨਸਲ, ਖੇਤਰ, ਭਾਸ਼ਾਵਾਂ ਆਦਿ ਵਿੱਚ ਵੰਡੇ ਹੋਏ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਹੁਣ ਤੱਕ ਜੋ ਲੋਕ 'ਮਜ਼ੇ ਤੋਂ ਦੂਰ' ਕਹਿਣ ਦਾ ਭਾਵ ਮਜ਼ਦੂਰ ਹਨ, ਉਨ੍ਹਾਂ ਨੇ ਪੱਕੇ ਤੌਰ 'ਤੇ ਅਸਿੱਧੇ ਰੂਪ ਵਿੱਚ ਮੌਜੂਦਾ ਸਥਿਤੀ ਨੂੰ ਸਵੀਕਾਰ ਕਰ ਲਿਆ ਹੈ, ਉਨ੍ਹਾਂ ਨੇ ਆਪਣੇ ਦੁੱਖਾਂ ਦੀ ਜਨਨੀ ਗੁਲਾਮੀ ਨੂੰ ਆਪਣੇ ਗਲ ਪਾ ਕੇ ਸ਼ੋਸ਼ਣ ਕਰਨ ਵਾਲਿਆਂ ਦੇ ਖ਼ਿਲਾਫ ਲੜਨ ਦੀ ਬਜਾਏ ਆਪਣੇ ਛੋਟੇ-ਛੋਟੇ ਅਲੱਗ-ਅਲੱਗ ਮੰਚ ਬਣਾ ਲਏ ਹਨ ਤਾਂ ਬਕਾਇਦਾ ਉਨ੍ਹਾਂ ਨੂੰ ਆਪਣੇ-ਆਪਣੇ ਮਹਾਂਪੁਰਸ਼ਾਂ ਦੇ ਨਾਂ 'ਤੇ ਉਨ੍ਹਾਂ ਦਾ ਸਰੂਪ ਵੀ ਦਿੱਤਾ ਹੋਇਆ ਹੈ। ਹਾਲਾਂਕਿ ਜਿਨ੍ਹਾਂ ਮਹਾਂਪੁਰਖਾਂ ਦੇ ਨਾਂ 'ਤੇ ਮੰਚ ਬਣਾਏ ਹਨ, ਉਨ੍ਹਾਂ ਦੀ ਵਿਚਾਰਧਾਰਾ 'ਤੇ ਕੰਮ ਕਰਨ ਦੀ ਬਜਾਏ ਉਨ੍ਹਾਂ ਨੂੰ ਪੂਜਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਨਤੀਜੇ ਵਜੋਂ ਆਜ਼ਾਦੀ ਦੇ 66 ਵਰ੍ਹਿਆਂ ਬਾਅਦ ਵੀ ਮਜ਼ਦੂਰ ਹਰ ਤਰ੍ਹਾਂ ਦੇ ਮਜ਼ੇ ਤੋਂ ਕੋਹਾਂ ਦੂਰ ਹੈ। ਕੋਈ ਮਾਰਕਸਵਾਦੀ ਵਿਚਾਰਧਾਰਾ ਨੂੰ ਗਲਤ ਕਹਿੰਦਾ ਹੈ, ਕੋਈ ਅੰਬੇਡਕਰ ਦੀ ਵਿਚਾਰਧਾਰਾ ਨੂੰ, ਕੋਈ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਪੜ੍ਹਨਾ ਨਹੀਂ ਚਾਹੁੰਦਾ, ਕੋਈ ਤਰਕਸ਼ੀਲ ਵਿਗਿਆਨਕ ਸੋਚ ਨੂੰ ਅਗਾਂਹ ਤੋਰਨਾ ਹੀ ਨਹੀਂ ਚਾਹੁੰਦਾ, ਉਹ ਆਪਸ ਵਿੱਚ ਹੀ ਹਜ਼ਾਰਾਂ ਮਜ਼ਦੂਰ ਜਥੇਬੰਦੀਆਂ ਬਣਾਈ ਬੈਠੇ ਹਨ ਤੇ ਜਿਹੜਾ ਸ਼ੋਸ਼ਣ ਪੂੰਜੀਪਤੀ ਸੋਚ ਦੇ ਲੋਕ ਕਰਦੇ ਹਨ, ਉਸੇ ਤਰ੍ਹਾਂ ਹੀ ਕੁਝ ਉਨ੍ਹਾਂ ਦੇ ਲੀਡਰ ਕਰ ਰਹੇ ਹਨ। ਅਸੀਂ ਥਾਣੇ, ਕਚਹਿਰੀਆਂ ਤੇ ਹੋਰ ਸਰਕਾਰੀ ਦਫ਼ਤਰਾਂ ਵਿੱਚ ਆਪਣੇ-ਆਪ ਨੂੰ ਅਖੌਤੀ ਮਜ਼ਦੂਰਾਂ ਦੇ ਲੀਡਰ ਕਹਾਉਣ ਵਾਲੇ ਨੇਤਾਵਾਂ ਨੂੰ ਗਰੀਬ-ਗੁਰਬਿਆਂ ਦਾ ਆਰਥਿਕ, ਮਾਨਸਿਕ, ਸਰੀਰਿਕ ਸ਼ੋਸ਼ਣ ਕਰਦਿਆਂ ਬੜੀ ਸਹਿਜਤਾ ਨਾਲ ਦੇਖ ਸਕਦੇ ਹਾਂ। ਮਜ਼ਦੂਰਾਂ ਦੇ ਹੱਕ ਵਿੱਚ ਬਣੇ ਕਾਨੂੰਨ ਰਜਵਾੜੇ ਅਫਸਰਸ਼ਾਹੀ ਨੇ ਛਿੱਕਿਆਂ 'ਤੇ ਟੰਗੇ ਹੋਏ ਹਨ। ਮਜ਼ਦੂਰਾਂ ਲਈ ਬਣੀਆਂ ਹੋਈਆਂ ਅਦਾਲਤਾਂ ਵਿੱਚ ਰੋਜ਼ ਮਜ਼ਦੂਰਾਂ ਦੀ ਪੱਤ ਲੱਥਦੀ ਹੈ ਅਤੇ ਇਹ ਓਨੀ ਦੇਰ ਲੱਥਦੀ ਵੀ ਰਹੇਗੀ, ਜਿੰਨੀ ਦੇਰ ਪੂਰੇ ਭਾਰਤ ਵਿੱਚ ਮਜ਼ਦੂਰੀ ਕਰ ਰਹੇ ਮਜ਼ਦੂਰ ਜਾਤ-ਪਾਤ ਤੋਂ ਉੱਪਰ ਉੱਠ ਕੇ ਆਪਣਾ ਖੁਸ਼ਹਾਲ ਜੀਵਨ ਜਿਊਣ ਲਈ ਸਾਂਝਾ ਅੰਦੋਲਨ ਨਹੀਂ ਛੇੜਦੇ ਪਰ ਕਦੇ-ਕਦੇ ਮੈਨੂੰ ਇੰਝ ਜਾਪਦਾ ਹੈ ਕਿ ਸਭ ਕੁਝ ਸੋਚਦਿਆਂ-ਸਮਝਦਿਆਂ ਵੀ ਇਨ੍ਹਾਂ ਮਜ਼ਦੂਰਾਂ ਨੂੰ ਮਜ਼ਦੂਰੀ ਅਤੇ ਗੁਲਾਮੀ ਵਿੱਚ ਹੀ ਕਿਤੇ ਆਪਣੇ ਸੁੱਖ ਦੀ ਖੁਸ਼ਬੂ ਤਾਂ ਨਹੀਂ ਆਉਣ ਲੱਗ ਪਈ? ਜੇ ਇਹ ਗੱਲ ਸਹੀ ਹੈ ਤਾਂ ਬਹੁਤ ਜਲਦੀ ਭਾਰਤ ਦੁਨੀਆਂ ਦੇ ਨਕਸ਼ੇ ਤੋਂ ਲੁਪਤ ਹੋ ਜਾਵੇਗਾ, ਕਿਉਂਕਿ ਸ਼ੋਸ਼ਣ ਕਰਨ ਵਾਲੇ ਲੋਕ ਪੈਸਾ ਕਮਾਉਣ ਦੇ ਚੱਕਰ ਵਿੱਚ ਆਪਣੇ ਵਤੀਰੇ ਨੂੰ ਇਸ ਤੋਂ ਵੀ ਕਿਤੇ ਹੋਰ ਅੱਗੇ ਲਿਜਾ ਸਕਦੇ ਹਨ, ਕਿਉਂਕਿ ਉਨ੍ਹਾਂ ਅੱਗੇ ਮਜ਼ਦੂਰਾਂ ਦੇ ਹੱਕਾਂ ਵਿੱਚ ਲੜਨ ਵਾਲੇ ਲੀਡਰ ਇਕ ਕਾਗਜ਼ ਦੇ ਪੁਤਲੇ ਵਾਂਗ ਸਾਬਤ ਹੋ ਰਹੇ ਹਨ। ਇਨ੍ਹਾਂ ਕਾਗਜ਼ ਦੇ ਪੁਤਲਿਆਂ ਨੂੰ ਪਾੜਨ-ਸਾੜਨ ਜਾਂ ਗਲਣ ਵਿੱਚ ਕੋਈ ਜ਼ਿਆਦਾ ਲੰਬੇ-ਚੌੜੇ ਸਮੇਂ ਦੀ ਲੋੜ ਨਹੀਂ ਹੁੰਦੀ। ਨਾਲ ਹੀ ਇਤਿਹਾਸ ਇਸ ਗੱਲ ਦੀ ਗਵਾਹੀ ਵੀ ਭਰਦਾ ਹੈ ਕਿ ਜਿਹੜੇ ਲੋਕ ਮਜ਼ਦੂਰਾਂ ਦੇ ਹੱਕਾਂ ਵਿੱਚ ਸੰਘਰਸ਼ ਕਰਦੇ ਹਨ, ਉਹ ਲੋਕ ਇਤਿਹਾਸ ਦੇ ਪੰਨਿਆਂ ਵਿੱਚ ਸੁਨਹਿਰੀ ਅੱਖਰਾਂ ਵਿੱਚ ਆਪਣਾ ਨਾਂ ਲਿਖਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ। ਹੁਣ ਦੇਖਣਾ ਇਹ ਹੈ ਕਿ ਮੌਜੂਦਾ ਮਜ਼ਦੂਰਾਂ ਦੇ ਲੀਡਰ ਸ਼ੋਸ਼ਣ ਕਰਨ ਵਾਲਿਆਂ ਦੇ ਖ਼ਿਲਾਫ ਸੰਘਰਸ਼ ਨੂੰ ਤਿੱਖਾ ਕਰਦੇ ਹਨ ਜਾਂ ਮਜ਼ਦੂਰਾਂ ਨੂੰ ਆਪਣੇ ਹੀ ਚੁੰਗਲ ਵਿੱਚ ਹੋਰ ਤਕੜੇ ਤਰੀਕੇ ਨਾਲ ਦਬੋਚਣ ਲਈ ਕੋਝੀਆਂ ਚਾਲਾਂ ਦੀ ਖੇਡ ਨੂੰ ਹੋਰ ਖ਼ੂਬਸੂਰਤੀ ਨਾਲ ਖੇਡਦੇ ਹਨ। ਭਾਵੇਂ ਇਹ ਫ਼ੈਸਲਾ ਭਵਿੱਖ ਦੀ ਬੁੱਕਲ ਵਿੱਚ ਹੈ ਕਿ ਹੋਰ ਕਿੰਨੀ ਦੇਰ ਮਜ਼ਦੂਰਾਂ ਦਾ ਸ਼ੋਸ਼ਣ ਹੋਣਾ ਹੈ ਪਰ ਮੈਂ ਇਹ ਲੇਖ ਲਿਖਣ ਵੇਲੇ ਜ਼ਰੂਰ ਫ਼ੈਸਲਾ ਕਰ ਲਿਆ ਹੈ ਕਿ ਮੈਂ ਸ਼ੋਸ਼ਿਤ ਹੋਏ ਲੋਕਾਂ ਦੀ ਧਿਰ ਹਾਂ ਤੇ ਇਨ੍ਹਾਂ ਦੀ ਧਿਰ ਬਣਿਆ ਰਹਾਂਗਾ। ਇਹ ਲੇਖ ਮੈਂ ਪਾਠਕਾਂ ਦੀ ਪੁਰਜ਼ੋਰ ਮੰਗ 'ਤੇ ਦੁਬਾਰਾਂ ਆਪਣੀ ਅਖ਼ਬਾਰ ਵਿੱਚ ਪ੍ਰਕਾਸ਼ਿਤ ਕੀਤਾ ਹੈ। ਇਹ ਮੇਰਾ ਲੇਖ ਅੱਜ ਤੋਂ ਤਕਰੀਬਨ 5 ਸਾਲ ਪਹਿਲਾਂ ਵੀ ਛਪ ਚੁੱਕਾ ਹੈ।                                                                                                                                   - ਅਜੇ ਕੁਮਾਰ

No comments:

Post a Comment