Tuesday 12 January 2016

ਕੱਟੜਤਾ

ਆਮ ਤੌਰ 'ਤੇ ਆਪਣੇ ਦੇਸ਼, ਧਰਮ, ਸੂਬੇ, ਜਾਤ ਜਾਂ ਆਪਣੇ ਆਪ 'ਤੇ ਮਾਣ ਕਰਨਾ ਜੀਵਤ ਆਦਮੀ ਦੀ ਖ਼ਾਸ ਨਿਸ਼ਾਨੀ ਹੈ। ਜਿਸ ਕੋਲ ਆਤਮ ਸਨਮਾਨ ਨਹੀਂ, ਉਸ ਦਾ ਜੀਣਾ ਜਾਨਵਰਾਂ ਤੋਂ ਬੱਦਤਰ ਹੈ। ਇਹੀ ਆਤਮ-ਸਨਮਾਨ ਸਾਨੂੰ ਸਿਰ ਚੁੱਕ ਕੇ ਜੀਣਾ ਸਿਖਾਉਂਦਾ ਹੈ, ਇਸੇ ਆਤਮ-ਸਨਮਾਨ ਕਾਰਣ ਅਸੀਂ ਆਪਣੇ ਪਰਿਵਾਰ, ਆਪਣੇ ਦੇਸ਼, ਆਪਣੇ ਧਰਮ ਦੀ ਰੱਖਿਆ ਲਈ ਆਪਣੀ ਜਿੰਦ-ਜਾਨ ਕੁਰਬਾਨ ਕਰਨ ਨੂੰ ਤਿਆਰ ਰਹਿੰਦੇ ਹਾਂ। ਹਜ਼ਾਰਾਂ ਸਾਲਾਂ ਤੱਕ ਦਲਿਤ ਸਮਾਜ ਦਾ ਸ਼ੋਸ਼ਣ ਮਨੂੰਵਾਦੀ ਕਰਦੇ ਰਹੇ। ਜੇ ਕਦੀ ਧਿਆਨ ਨਾਲ ਘੋਖ ਕਰੀਏ ਤਾਂ ਸਮਝ ਆਉਂਦਾ ਹੈ ਉਨ੍ਹਾਂ ਨੇ ਸਿਰਫ ਮੂਲ ਨਿਵਾਸੀਆਂ ਤੋਂ ਉਨ੍ਹਾਂ ਦਾ ਆਤਮ-ਸਨਮਾਨ ਖੋਹਿਆ ਸੀ ਜੋ ਹਜ਼ਾਰਾਂ ਸਾਲ ਦੀ ਗੁਲਾਮੀ ਦਾ ਕਾਰਣ ਬਣ ਗਿਆ। ਬਾਬਾ ਸਾਹਿਬ ਅੰਬੇਡਕਰ ਦੇ ਸੰਘਰਸ਼ਾਂ ਸਦਕਾ ਆਤਮ-ਸਨਮਾਨ ਦਾ ਅਹਿਸਾਸ ਜਦੋਂ ਦਲਿਤ ਨੂੰ ਹੋਇਆ ਤਾਂ ਉਹ ਆਪਣੇ ਹੱਕਾਂ ਦੀ ਰੱਖਿਆ ਕਰਨਾ ਵੀ ਸਿੱਖ ਗਿਆ। ਅਜੇ ਲੰਬਾ ਸੰਘਰਸ਼ ਚੱਲੇਗਾ ਪੂਰਨ ਸਮਾਜ ਵਿੱਚ ਆਤਮ-ਸਨਮਾਨ ਦੀ ਬਹਾਲੀ ਦੇ ਵਿੱਚ। ਆਤਮ-ਸਨਮਾਨ ਦੀ ਅੱਤ ਕੱਟੜਤਾ ਦਾ ਰੂਪ ਲੈਂਦੀ ਹੈ ਤੇ ਇਹੀ ਕੱਟੜਤਾ ਅੱਤਵਾਦ ਦਾ ਰੂਪ ਧਾਰਣ ਕਰ ਜਾਂਦੀ ਹੈ। ਆਤਮ-ਸਨਮਾਨ ਤੇ ਕੱਟੜਤਾ ਦੇ ਵਿੱਚ ਉਨਾ ਕੁ ਫ਼ਰਕ ਹੈ ਜਿੰਨਾ ਮਾਣ ਤੇ ਘਮੰਡ ਵਿੱਚ। ਕੱਟੜਤਾ ਕਿਸੇ ਵਿਅਕਤੀ 'ਚ ਹੋਵੇ, ਪਰਿਵਾਰ 'ਚ ਹੋਵੇ, ਕੌਮ 'ਚ ਹੋਵੇ, ਧਰਮ 'ਚ ਹੋਵੇ ਜਾਂ ਰਾਜਨੀਤੀ ਵਿੱਚ, ਇਹ ਕੱਟੜਤਾ ਅਖੀਰ ਵਿੱਚ ਸਮਾਜ ਲਈ ਖਤਰਨਾਕ ਹੈ। ਇਸ ਲਈ ਮੈਂ ਕਿਸੇ ਵੀ ਤਰ੍ਹਾਂ ਦੀ ਕੱਟੜਤਾ ਦੇ ਵਿਰੁੱਧ ਹਾਂ। ਜੇ ਕੋਈ ਵਿਅਕਤੀ ਚਾਹੇ ਕਿਸੇ ਵੀ ਜਾਤ ਦਾ ਹੋਵੇ, ਜੇ ਉਹ ਆਪਣੀ ਜਾਤ 'ਤੇ ਜ਼ਿਆਦਾ ਮਾਣ ਕਰਦਾ ਹੈ ਤੇ ਇਹ ਕੱਟੜਤਾ ਦਾ ਹੀ ਰੂਪ ਹੈ। ਜਾਤਾਂ ਦੀ ਕੱਟੜਤਾ ਨੇ ਸਾਡੇ ਦੇਸ਼ ਨੂੰ ਹਜ਼ਾਰਾਂ ਸਾਲ ਗੁਲਾਮੀ ਦੀਆਂ ਜੰਜ਼ੀਰਾਂ 'ਚ ਬੰਨ੍ਹੀ ਰੱਖਿਆ। ਸਾਨੂੰ ਵਿਦੇਸ਼ੀਆਂ ਹੱਥ ਗ਼ੁਲਾਮੀ ਦਾ ਨਰਕ ਭੋਗਣਾ ਪਿਆ। ਕਾਰਣ ਸੀ ਆਪਣੇ ਆਪ ਨੂੰ ਉੱਚ ਹਿੰਦੂ ਕਹਾਉਣ ਵਾਲਿਆਂ ਦੀ ਆਪਣੀ ਜਾਤ ਲਈ ਕੱਟੜਤਾ। ਇਸੇ ਕੱਟੜਤਾ ਕਾਰਣ ਉਨ੍ਹਾਂ ਨੂੰ ਵਿਦੇਸ਼ੀਆਂ ਹੱਥੋਂ ਸਭ ਤੋਂ ਵੱਧ ਜ਼ਲਾਲਤ ਦਾ ਸਾਹਮਣਾ ਕਰਨਾ ਪਿਆ। ਕਾਰਣ ਦਲਿਤ ਤਾਂ ਪਹਿਲਾਂ ਹੀ ਗੁਲਾਮਾਂ ਦਾ ਗੁਲਾਮ ਸੀ। ਧਰਮ ਦੀ ਕੱਟੜਤਾ ਨੇ ਸਾਡੇ ਦੇਸ਼ ਦੇ ਦੋ ਟੁਕੜੇ ਕਰ ਦਿੱਤੇ। ਇਕ ਭਾਰਤ ਰਹਿ ਗਿਆ ਤੇ ਦੂਸਰਾ ਪਾਕਿਸਤਾਨ ਬਣ ਗਿਆ। ਇਸ ਬਟਵਾਰੇ ਦਾ ਸਭ ਤੋਂ ਜ਼ਿਆਦਾ ਸੰਤਾਪ ਪੰਜਾਬ ਨੂੰ ਭੁਗਤਣਾ ਪਿਆ। 1947 ਦੇ ਦੰਗਿਆਂ ਵਿੱਚ 10 ਲੱਖ ਤੋਂ ਵੱਧ ਜਾਨਾਂ ਕੱਟੜਤਾ ਦੀ ਬਲੀ-ਬੇਦੀ 'ਤੇ ਚੜ੍ਹ ਗਈਆਂ ਅਤੇ ਕਿਸੇ ਕੋਲ ਇਸ ਚੀਜ਼ ਦਾ ਕੋਈ ਜਵਾਬ ਨਹੀਂ ਕਿ ਇਹ ਕਿਹੋ ਜਿਹੇ ਧਰਮ ਦੀ ਕੱਟੜਤਾ ਸੀ ਜਿਸ ਨੇ ਆਦਮੀ ਹੱਥੋਂ ਆਦਮੀ ਦਾ ਕਤਲ ਕਰਾ ਦਿੱਤਾ। ਇਸ ਧਰਮ ਦੇ ਨਾਲ ਕਿਸੇ ਧਰਮ ਨੂੰ ਕੀ ਮਿਲਿਆ। ਹਿਟਲਰ ਵਰਗਿਆਂ ਦੀ ਰਾਜਨੀਤਿਕ ਕੱਟੜਤਾ ਦੂਸਰੇ ਵਿਸ਼ਵ ਯੁੱਧ ਦਾ ਕਾਰਣ ਬਣੀ, ਜਿਸ ਵਿੱਚ ਦੁਨੀਆਂ ਦੇ ਕਰੋੜਾਂ ਲੋਕਾਂ ਨੂੰ ਆਪਣੀ ਜਾਨ ਦੇਣੀ ਪਈ। ਪਖੰਡ ਕੱਟੜਤਾ ਦੇ ਖੰਭ ਹੁੰਦੇ ਹਨ। ਇਨ੍ਹਾਂ ਖੰਭਾਂ ਦੇ ਸਹਾਰੇ ਕੱਟੜਤਾ ਨਵੀਆਂ ਉਚਾਈਆਂ 'ਤੇ ਉਡਾਰੀਆਂ ਮਾਰਦੀ ਹੈ। ਪਾਖੰਡ ਦੇ ਝੂਠ ਨਾਲ ਹੀ ਦੂਸਰੇ ਨੂੰ ਪ੍ਰਭਾਵਿਤ ਕੀਤਾ ਜਾਂਦਾ ਹੈ। ਆਪਣੇ ਭਰਮ ਨੂੰ ਮਜ਼ਬੂਤ ਕੀਤਾ ਜਾਂਦਾ ਹੈ। ਪਾਖੰਡ ਦਾ ਚੋਲਾ ਪਾ ਕੱਟੜਤਾ ਮਾਨਵ ਜੀਵਨ ਦਾ ਨਾਸ ਕਰਨ ਦੇ ਨਵੇਂ ਤੋਂ ਨਵੇਂ ਤਰੀਕੇ ਇਜਾਦ ਕਰਦੀ ਹੈ। ਕੱਟੜਤਾ ਸਭ ਤੋਂ ਪਹਿਲਾਂ ਵਿਅਕਤੀ ਦੀ ਬੁੱਧੀ 'ਤੇ ਪ੍ਰਹਾਰ ਕਰ ਉਸ ਨੂੰ ਤਰਕ ਰਹਿਤ ਕਰ ਦਿੰਦੀ ਹੈ। ਹਰ ਉਹ ਵਿਅਕਤੀ ਜਿਸ ਨੇ ਕੱਟੜਤਾ ਅਪਣਾ ਪਾਖੰਡ ਦਾ ਚੋਲਾ ਪਾਇਆ ਹੁੰਦਾ ਹੈ, ਉਸ ਨੂੰ ਤਰਕਸ਼ੀਲ ਵਿਅਕਤੀ ਮੂਰਖ ਜਾਂ ਅਗਿਆਨੀ ਲੱਗਦਾ ਹੈ ਤੇ ਤਰਕਹੀਣ ਕੱਟੜ ਆਦਮੀ ਜੋ ਵਿਚਾਰਹੀਣ ਹੋ ਚੁੱਕਾ ਹੈ, ਉਹ ਤਰਕਸ਼ੀਲ ਨੂੰ ਗਿਆਨ ਨਾਲ ਨਾ ਹਰਾ ਸਕੇ, ਭੀੜ ਬਲ ਜਾਂ ਸਰੀਰਿਕ ਬਲ ਨਾਲ ਹਰਾਉਣ ਦੀ ਕੋਸ਼ਿਸ਼ ਵਿੱਚ ਜਾਨਵਰ ਬਣ ਜਾਂਦਾ ਹੈ ਪਰ ਸੱਚ ਇਹ ਹੈ ਜੇ ਅਜੇ ਤੱਕ ਦੁਨੀਆਂ 'ਚ ਸਮਾਜ ਜੀਵਿਤ ਹੈ, ਉਸ ਦਾ ਕਾਰਣ ਕੱਟੜਵਾਦ ਨਹੀਂ ਬਲਕਿ ਮਹਾਤਮਾ ਬੁੱਧ, ਗੁਰੂ ਨਾਨਕ, ਸਤਿਗੁਰ ਰਵਿਦਾਸ, ਸਤਿਗੁਰ ਕਬੀਰ ਜਾਂ ਡਾ. ਭੀਮ ਰਾਉ ਅੰਬੇਡਕਰ ਦੀ ਤਰਕਸ਼ੀਲ ਵਿਚਾਰਧਾਰਾ ਹੈ, ਜਿਸ ਨੇ ਸਮਾਜ ਨੂੰ ਉਹ ਰਾਹ ਦਿਖਾਈ, ਜਿਸ ਨਾਲ ਬਰਾਬਰਤਾ ਦਾ ਸਮਾਜ ਬਣਿਆ ਰਹੇ। ਹਰ ਵਿਅਕਤੀ ਨੂੰ ਬਰਾਬਰ ਦੇ ਹੱਕ ਮਿਲਣ, ਬਰਾਬਰ ਦੇ ਮੌਕੇ ਮਿਲਣ, ਬਰਾਬਰ ਦੀ ਤਰੱਕੀ ਹੋਵੇ ਤੇ ਜਾਤ, ਬਰਾਦਰੀ, ਧਰਮ, ਵਿਚਾਰਧਾਰਾ, ਸੂਬਾ ਜਾਂ ਸ਼ਹਿਰ ਤੋਂ ਉੱਪਰ ਉੱਠ ਸਭ ਵਿਅਕਤੀ ਭਾਰਤ ਦੇ ਨਾਗਰਿਕ ਬਣਨ ਜੋ ਆਪਣੇ ਅਧਿਕਾਰਾਂ ਦੇ ਨਾਲ-ਨਾਲ ਆਪਣੀਆਂ ਜ਼ਿੰਮੇਵਾਰੀਆਂ ਵੀ ਪਹਿਚਾਨਣ। ਹਰ ਵਿਚਾਰ ਦਾ ਕੋਈ ਨਾ ਕੋਈ ਵਿਰੋਧੀ ਜ਼ਰੂਰ ਹੋਵੇਗਾ, ਜੇ ਮੈਂ ਹਾਂ ਕਹਾਂਗਾ ਤਾਂ ਕਿਤੇ ਨਾ ਕਿਤੇ ਨਾਂਹ ਜ਼ਰੂਰ ਹੋਵੇਗੀ। ਜੇ ਮੈਂ ਸੱਜੇਪੱਖੀ ਹਾਂ ਤਾਂ ਕੋਈ ਖੱਬੇਪੱਖੀ ਵੀ ਜ਼ਰੂਰ ਹੋਵੇਗਾ। ਜੇ ਮੈਂ ਅੱਗ ਦੀ ਗੱਲ ਕਰਦਾ ਹਾਂ ਤਾਂ ਕੋਈ ਨਾ ਕੋਈ ਪਾਣੀ ਦੀ ਗੱਲ ਵੀ ਜ਼ਰੂਰ ਕਰੇਗਾ। ਕਿਉਂਕਿ ਜੀਵਨ ਦੇ ਵਿੱਚ ਜਿੰਨੇ ਕੁ ਪੱਖ ਹਨ, ਉਹ ਇਕ-ਦੂਜੇ ਦਾ ਕਿਤੇ ਨਾ ਕਿਤੇ ਵਿਰੋਧ ਜ਼ਰੂਰ ਕਰਦੇ ਹਨ ਪਰ ਜੀਵਨ ਲਈ ਓਨੇ ਹੀ ਜ਼ਰੂਰੀ ਵੀ ਹਨ ਜੇ ਇਕ ਪੱਖ ਫੜ ਕੇ ਅਸੀਂ ਕੱਟੜਤਾ ਦੀ ਮਸ਼ਾਲ ਚੁੱਕ ਲਵਾਂਗੇ ਤਾਂ ਯਕੀਨ ਜਾਣੋ ਉਸ ਮਸ਼ਾਲ ਥੱਲੇ ਤੁਸੀਂ ਸਦਾ ਹਨ੍ਹੇਰੇ ਵਿੱਚ ਹੀ ਰਹੋਗੇ। ਜੋ ਵਿਅਕਤੀ ਕੱਟੜ ਹੈ, ਉਹ ਤਰਕਸ਼ੀਲ ਨਹੀਂ ਹੋ ਸਕਦਾ। ਅੱਤਵਾਦ ਵੱਲ ਵਧਣ ਦਾ ਮਤਲਬ ਹੈ ਆਪਣੀ ਮਾਨਵਤਾਵਾਦੀ ਵਿਚਾਰਧਾਰਾ ਦਾ ਖਾਤਮਾ ਕਰਨਾ। ਜਦ ਤੱਕ ਮੇਰੇ ਸਾਹ 'ਚ ਸਾਹ ਰਹਿਣਗੇ, ਮੇਰੀ ਲੜਾਈ ਕੱਟੜਤਾ ਦੇ ਵਿਰੁੱਧ ਚੱਲਦੀ ਰਹੇਗੀ। ਉਹ ਕੱਟੜਤਾ ਚਾਹੇ ਮੇਰੇ ਵਿਰੋਧੀਆਂ ਦੀ ਹੋਵੇ ਜਾਂ ਮੇਰੇ ਸਾਥੀਆਂ ਦੀ ਮੈਂ ਤਾਂ ਤਰਕਸ਼ੀਲ ਵਿਚਾਰਾਂ ਦਾ ਹੀ ਸਾਥ ਦਿਆਂਗਾ।
                                                                                                                     
- ਅਜੇ ਕੁਮਾਰ

No comments:

Post a Comment