Sunday 24 January 2016

ਕਦੋਂ ਬਣੂੰ ਭਾਰਤ ਗਣਤੰਤਰ

ਅਸੀਂ 26 ਜਨਵਰੀ ਨੂੰ 66ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ। ਗਣਤੰਤਰ ਦਾ ਅਰਥ ਹੈ ਇਕ ਅਜਿਹੀ ਸਰਕਾਰ ਜੋ ਜਨਤਾ ਦੇ ਚੁਣੇ ਨੁਮਾਇੰਦਿਆਂ ਵੱਲੋਂ ਚਲਾਈ ਜਾਂਦੀ ਹੈ ਤੇ ਉਹ ਇਕ ਵਿਅਕਤੀ ਵਿਸ਼ੇਸ਼ ਲਈ ਨਹੀਂ ਬਲਕਿ ਸਮੂਹ ਜਨਤਾ ਲਈ ਉੱਤਰਦਾਈ ਹੁੰਦੀ ਹੈ। ਬਾਬਾ ਸਾਹਿਬ ਦੁਆਰਾ ਬਣਾਇਆ ਸੰਵਿਧਾਨ ਲਾਗੂ ਹੋਣ ਦੇ ਨਾਲ ਹੀ 26 ਜਨਵਰੀ 1950 ਵਿੱਚ ਭਾਰਤ ਗਣਤੰਤਰ ਬਣ ਗਿਆ। ਦੁਨੀਆਂ ਦਾ ਸਭ ਤੋਂ ਬੇਹਤਰੀਨ ਸੰਵਿਧਾਨ ਹੋਵੇ ਫਿਰ ਵੀ ਅਜੇ ਤੱਕ ਭਾਰਤੀ ਸਮਾਜ ਨੂੰ ਆਪਣੇ ਮੁਢਲੇ ਹੱਕ ਪਾਉਣ ਲਈ ਸੰਘਰਸ਼ ਕਰਨਾ ਪਵੇ, ਇਹ ਇਕ ਬੜੀ ਸ਼ਰਮਨਾਕ ਗੱਲ ਹੈ। ਇਸ ਦਾ ਮੁੱਖ ਕਾਰਣ ਹੈ ਭਾਰਤੀ ਸੰਵਿਧਾਨ ਲਾਗੂ ਕਰਨ ਵਾਲਿਆਂ ਦੀ ਨੀਯਤ 'ਚ ਖੋਟ, ਇੱਛਾ ਸ਼ਕਤੀ ਦੀ ਕਮੀ ਤੇ ਸਭ ਤੋਂ ਵੱਧ ਆਪਣੇ ਕਰਤਵਾਂ ਪ੍ਰਤੀ ਈਮਾਨਦਾਰੀ ਦੀ ਕਮੀ। ਜੇ ਰਾਜ ਕਰਨ ਵਾਲੇ ਹੀ ਈਮਾਨਦਾਰ ਨਹੀਂ ਤਾਂ ਕਿਵੇਂ ਉਮੀਦ ਲਗਾਈ ਜਾ ਸਕਦੀ ਹੈ ਕਿ ਉਸ ਨੂੰ ਲਾਗੂ ਕਰਨ ਵਾਲੇ ਅਫ਼ਸਰ ਈਮਾਨਦਾਰ ਹੋਣਗੇ ਜਾਂ ਜਿਨ੍ਹਾਂ 'ਤੇ ਰਾਜ ਹੋ ਰਿਹਾ ਹੈ, ਉਹ ਈਮਾਨਦਾਰ ਰਹਿਣਗੇ। ਅਨੇਕਾਂ ਜਾਤੀਆਂ, ਉੱਪ ਜਾਤੀਆਂ, ਗੋਤਰਾਂ, ਮਜ੍ਹਬਾਂ, ਧਰਮਾਂ ਅਤੇ ਵੱਖ-ਵੱਖ ਬੋਲੀਆਂ, ਉੱਪ ਬੋਲੀਆਂ ਬੋਲਣ ਵਾਲੇ ਸਾਡੇ ਦੇਸ਼ ਵਿੱਚ ਕੁਦਰਤ ਦੇ ਨਿਯਮਾਂ ਦੇ ਨਾਲ-ਨਾਲ ਸੰਵਿਧਾਨ ਦੇ ਨਿਯਮਾਂ ਦੀਆਂ ਧੱਜੀਆਂ ਖੁੱਲ੍ਹ ਕੇ ਉਡਾਈਆਂ ਜਾਂਦੀਆਂ ਹਨ ਤੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਆਪਣੀਆਂ ਕਰਤੂਤਾਂ 'ਤੇ ਫਖ਼ਰ ਮਹਿਸੂਸ ਕਰਦੇ ਹਨ। ਅੱਜ ਜ਼ਰੂਰਤ ਹੈ ਕਿ ਆਮ ਲੋਕ ਈਮਾਨਦਾਰੀ ਨਾਲ ਬਿਨਾਂ ਕਿਸੇ ਨੂੰ ਨੁਕਸਾਨ ਪਹੁੰਚਾਏ ਕੋਈ ਅਜਿਹੀ ਮੁਹਿੰਮ ਛੇੜਨ ਜਿਸ ਨਾਲ ਸੰਵਿਧਾਨ ਈਮਾਨਦਾਰੀ ਨਾਲ ਲਾਗੂ ਹੋ ਸਕੇ। ਇਹ ਮੁਹਿੰਮ ਛੇੜਨ ਲਈ ਕੋਈ ਮੁਜ਼ਾਹਰੇ ਕਰਨ ਦੀ ਲੋੜ ਨਹੀਂ, ਹਰ ਪੰਜਾਂ ਸਾਲਾਂ ਬਾਅਦ ਆਮ ਆਦਮੀ ਕੋਲ ਮੌਕਾ ਹੁੰਦਾ ਹੈ ਚੋਣਾਂ ਰਾਹੀਂ ਬਦਲਾਅ ਕਰਨ ਦਾ ਤੇ ਅਜਿਹੇ ਲੋਕਾਂ ਨੂੰ ਸਾਹਮਣੇ ਲੈ ਕੇ ਆਉਣ ਦਾ ਜੋ ਸਹੀ ਅਰਥਾਂ 'ਚ ਸਾਡੇ ਨੁਮਾਇੰਦੇ ਹੋਣ ਤੇ ਈਮਾਨਦਾਰੀ ਨਾਲ ਸੰਵਿਧਾਨ ਲਾਗੂ ਕਰਦੇ ਹੋਏ ਸਾਡੇ ਹਿਤਾਂ ਵਿੱਚ ਕੰਮ ਕਰ ਸਕਣ ਪਰ ਬਦਕਿਸਮਤੀ ਨਾਲ ਹੰਗਾਮਿਆਂ ਦੇ ਸ਼ੋਰ ਵਿੱਚ ਸੱਚ ਦੀ ਅਵਾਜ਼ ਕਿਤੇ ਮੱਧਮ ਪੈ ਰਹੀ ਹੈ। ਦੂਰ-ਦੂਰ ਤੱਕ ਸਿਰਫ਼ ਹੰਗਾਮਾ ਹੀ ਨਜ਼ਰ ਆਉਂਦਾ ਹੈ। ਹਰ ਗੱਲ 'ਤੇ, ਹਰ ਮੁੱਦੇ 'ਤੇ, ਹਰ ਵਿਸ਼ੇ 'ਤੇ ਘਰ, ਗਲ੍ਹੀ, ਮੁਹੱਲੇ, ਸੜਕ, ਪਿੰਡ, ਸ਼ਹਿਰ, ਦਫ਼ਤਰ ਤੋਂ ਲੈ ਕੇ ਵਿਧਾਨ ਸਭਾ, ਲੋਕ ਸਭਾ, ਰਾਜ ਸਭਾ ਤੱਕ ਸਿਰਫ਼ ਹੰਗਾਮਾ ਹੀ ਹੰਗਾਮਾ ਹੈ, ਫਿਰ ਕੌਣ ਬਚਾਏਗਾ ਦੇਸ਼ ਦਾ ਬੇੜਾ ਗਰਕ ਹੋਣ ਤੋਂ। ਉੱਚੀ ਆਵਾਜ਼ 'ਚ ਹੰਗਾਮਾ ਕਰਨ ਵਾਲਿਆਂ ਦਾ ਸ਼ੋਰ ਆਮ ਆਦਮੀ ਨੂੰ ਬਹਿਰਾ ਬਣਾ ਰਿਹਾ ਹੈ। ਉਨ੍ਹਾਂ ਦੀਆਂ ਧੂੜ ਉਡਾਰੂ ਨੀਤੀਆਂ ਨੇ ਆਮ ਆਦਮੀ ਨੂੰ ਅੰਨ੍ਹਾ ਕਰ ਦਿੱਤਾ ਹੈ ਕਿ ਉਸ ਨੂੰ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ, ਉਸ ਨੂੰ ਸਮੱਸਿਆ ਦਾ ਕੋਈ ਹੱਲ ਸਮਝ ਨਹੀਂ ਆ ਰਿਹਾ। ਜੀ ਹਾਂ! ਮੈਂ ਗੱਲ ਕਰ ਰਿਹਾ ਹਾਂ ਭਾਰਤ ਵਿੱਚ ਰਹਿ ਰਹੇ ਲੋਕਾਂ ਦੇ ਤੌਰ-ਤਰੀਕਿਆਂ ਤੇ ਖ਼ਾਸ ਕਰਕੇ ਅੱਤਿਆਚਾਰਾਂ ਦੇ ਖ਼ਿਲਾਫ ਲੜਨ ਵਾਲੇ, ਅੰਦੋਲਨ ਕਰਨ ਵਾਲੇ, ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਦੀ। ਧਾਰਮਿਕ ਜਥੇਬੰਦੀਆਂ ਆਪੋ-ਆਪਣੇ ਧਰਮ ਦੀ ਵਿਚਾਰਧਾਰਾ ਭੁੱਲ ਚੁੱਕੀਆਂ ਹਨ, ਇਹ ਆਪਣੇ ਮਹਾਂਪੁਰਸ਼ਾਂ ਦੀ ਸੋਚ ਆਮ-ਲੋਕਾਂ ਤੱਕ ਪਹੁੰਚਾਉਣ ਨਾਲੋਂ ਜ਼ਿਆਦਾ ਜ਼ਰੂਰੀ ਸਮਝਦੀਆਂ ਹਨ, ਆਪੋ-ਆਪਣੇ ਧਰਮ ਦੇ ਪ੍ਰਤੀਕਾਂ ਦਾ ਪ੍ਰਚਾਰ। ਇਹ ਧਾਰਮਿਕ ਜਥੇਬੰਦੀਆਂ ਤਲਵਾਰਾਂ, ਤਰਸ਼ੂਲਾਂ, ਬੰਦੂਕਾਂ, ਬੰਬਾਂ ਦਾ ਇਸਤੇਮਾਲ ਕਰਕੇ ਧਰਮ ਦਾ ਪ੍ਰਚਾਰ ਕਰਦੀਆਂ ਹਨ। ਇਨ੍ਹਾਂ ਦੀ ਮਿਹਰਬਾਨੀ ਨਾਲ ਭਾਰਤ ਵਿੱਚ ਅਜ਼ਾਦੀ ਤੋਂ ਬਾਅਦ 50 ਹਜ਼ਾਰ ਤੋਂ ਵੱਧ ਦੰਗੇ ਹੋ ਚੁੱਕੇ ਹਨ। ਹਜ਼ਾਰਾਂ ਅੱਤਵਾਦੀ ਹਮਲੇ ਹੋ ਚੁੱਕੇ ਹਨ, ਜਿਸ ਵਿੱਚ ਲੱਖਾਂ ਜਾਨਾਂ ਜਾ ਚੁੱਕੀਆਂ ਹਨ ਪਰ ਇੰਨੀਆਂ ਇਨਸਾਨੀ ਜਾਨਾਂ ਲੈਣ ਤੋਂ ਬਾਅਦ ਵੀ ਅਜੇ ਵੀ ਇਸ ਧਾਰਮਿਕ ਦੈਂਤ ਦੀ ਭੁੱਖ ਨਹੀਂ ਮਿਟੀ ਤੇ ਦੂਜੇ ਪਾਸੇ ਸਮਾਜਿਕ ਜਥੇਬੰਦੀਆਂ ਵੀ ਦੇਸ਼ ਵਿੱਚ ਗਾਲ੍ਹੀ-ਗਲੋਚ ਅਤੇ ਗੰਦੇ ਮਾਹੌਲ ਦਾ ਪ੍ਰਦੂਸ਼ਣ ਫੈਲਾ ਰਹੀਆਂ ਹਨ। ਇਕ ਸਰਵੇਖਣ ਮੁਤਾਬਿਕ ਭਾਰਤ ਵਿੱਚ ਹਰ ਰੋਜ਼ ਜ਼ਬਰ ਜ਼ਿਆਦਤੀਆਂ ਦੇ ਖ਼ਿਲਾਫ ਲੱਗਭਗ 2 ਹਜ਼ਾਰ ਦੇ ਕਰੀਬ ਪੁਤਲੇ ਫੂਕਦੇ ਹਨ, ਸੜਕਾਂ ਰੋਕ ਕੇ ਧਰਨਾ ਲਗਾਉਂਦੇ ਹਨ ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਸਰਕਾਰੀ ਸੰਪਤੀਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹ ਸਭ ਕਰਨ ਦੇ ਦੌਰਾਨ ਕਾਨੂੰਨ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਜਾਂਦੀਆਂ ਹਨ। ਕਾਨੂੰਨ ਤਾਂ ਜਿਵੇਂ ਫੁੱਟਬਾਲ ਦੇ ਮੈਦਾਨ ਵਿੱਚ ਫੁੱਟਬਾਲ ਬਣਿਆ ਬੈਠਾ ਹੈ, ਹਰ ਕੋਈ ਇਸ ਨੂੰ ਠੁੱਡਾ ਮਾਰ ਕੇ ਖ਼ੁਸ਼ ਹੋ ਜਾਂਦਾ ਹੈ। ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਸਭ ਤੋਂ ਵੱਧ ਜ਼ਬਰ-ਜੁਲਮ ਦਲਿਤਾਂ ਨਾਲ ਹੁੰਦਾ ਹੈ ਤੇ ਖੁੰਬਾਂ ਵਾਂਗੂੰ ਉੱਗੀਆਂ ਦਲਿਤ ਜਥੇਬੰਦੀਆਂ ਵਧ-ਚੜ ਕੇ ਇਨ੍ਹਾਂ ਜ਼ਬਰ-ਜੁਲਮਾਂ ਖ਼ਿਲਾਫ ਰੋਸ ਮੁਜ਼ਾਹਰੇ ਕਰਦੀਆਂ ਹਨ ਤੇ ਅਚਾਨਕ ਹੀ ਸੁਸਰੀ ਵਾਂਗੂੰ ਸੌ ਜਾਂਦੀਆਂ ਹਨ। ਸਮਝ ਨਹੀਂ ਆਉਂਦਾ ਇਨ੍ਹਾਂ ਦਾ ਮਕਸਦ ਜ਼ਬਰ-ਜੁਲਮ ਖ਼ਿਲਾਫ ਰੋਸ ਸੀ ਜਾਂ ਅਖ਼ਬਾਰ ਦੀਆਂ ਸੁਰਖੀਆਂ ਬਣਨਾ। ਕੁਲ ਮਿਲਾ ਕੇ ਮਹਿਸੂਸ ਇਹ ਹੁੰਦਾ ਹੈ ਕਿ ਸਮਾਜਿਕ ਜਾਂ ਧਾਰਮਿਕ ਚੋਲਾ ਪਾ ਕੇ ਹਰ ਇਕ ਵਿਅਕਤੀ ਦਾ ਲਕਸ਼ ਕਿਸੇ ਵੀ ਤਰੀਕੇ ਨਾਲ ਰਾਜਨੀਤਿਕ ਸੱਤਾ ਹਾਸਿਲ ਕਰਨਾ ਹੈ। ਕੋਈ ਫ਼ਰਕ ਨਹੀਂ ਪੈਂਦਾ ਜਨਤਾ ਜੀਵੇ ਜਾਂ ਮਰੇ, ਕਿਸੇ ਦੇ ਹਾਲਤ 'ਚ ਸੁਧਾਰ ਹੋਣ ਜਾਂ ਡੁੱਬ ਮਰਨ, ਇੱਕੋ-ਇਕ ਮਕਸਦ ਹੈ, ਖੱਪ-ਰੌਲਾ ਪਾ ਕੇ, ਹੰਗਾਮਾ ਖੜ੍ਹਾ ਕਰਕੇ, ਸੁਰਖੀਆਂ 'ਚ ਆ ਕੇ ਲੋਕਾਂ ਦੇ ਜਜ਼ਬਾਤ ਭੜਕਾਉਂਦੇ ਹੋਏ ਰਾਜਨੀਤੀ ਦੀਆਂ ਪੌੜੀਆਂ ਚੜ੍ਹ ਜਾਈਏ ਤੇ ਐਮ.ਸੀ, ਐਮ. ਐਲ. ਏ., ਮੰਤਰੀ ਬਣ ਜਾਈਏ। ਹੈਦਰਾਬਾਦ ਵਿਖੇ ਆਤਮਹੱਤਿਆ ਕਰਨ ਵਾਲਾ ਰੋਹਿਤ ਵੇਮੁਲਾ ਦੀ ਮੌਤ ਇਕ ਅਜਿਹਾ ਹਾਦਸਾ ਹੈ ਜੋ ਸਾਡੇ ਸਮਾਜ ਦੇ ਸਵਾਂਗ ਨੂੰ ਉਧੇੜ ਕੇ ਰੱਖ ਰਿਹਾ ਹੈ। 26 ਸਾਲ ਦਾ ਨੌਜਵਾਨ ਜਿਸ ਨੇ ਬਹੁਤ ਗਰੀਬੀ ਦੇ ਹਾਲਾਤਾਂ 'ਚੋਂ ਸੰਘਰਸ਼ ਕਰਦੇ-ਕਰਦੇ ਆਪਣੀ ਸਿੱਖਿਆ ਪੂਰੀ ਕੀਤੀ ਤੇ ਸਿੱਖਿਆ ਦੇ ਆਖਰੀ ਪੜਾਅ ਪੀ.ਐਚ.ਡੀ. ਕਰਨ ਦੇ ਦੌਰਾਨ ਉਸ ਨੂੰ ਵਿਸ਼ਵ ਵਿਦਿਆਲਾ ਵੱਲੋਂ ਨਿਲੰਬਿਤ ਕਰ ਦਿੱਤਾ ਗਿਆ। ਪਿਛਲੇ ਕਈ ਮਹੀਨਿਆਂ ਤੋਂ ਉਹ ਨਿਲੰਬਨ ਖਿਲਾਫ ਸੰਘਰਸ਼ ਕਰ ਰਿਹਾ ਸੀ। ਕਦੇ ਕਿਸੇ ਨੂੰ ਧਿਆਨ ਨਹੀਂ ਆਇਆ ਕਿ ਇਹ ਵਿਦਿਆਰਥੀ ਜਿਸ ਬੇਇਨਸਾਫ਼ੀ ਖ਼ਿਲਾਫ ਲੜਾਈ ਕਰ ਰਿਹਾ ਹੈ, ਉਸ 'ਚ ਇਸ ਦਾ ਸਾਥ ਦਿੱਤਾ ਜਾਵੇ। ਜਿਸ ਵਿਸ਼ਵ ਵਿਦਿਆਲਾ 'ਚ ਉਸ ਵਿਦਿਆਰਥੀ ਨੂੰ ਨਿਲੰਬਤ ਕੀਤਾ ਗਿਆ, ਉਸ ਵਿਸ਼ਵ ਵਿਦਿਆਲਾ ਨੂੰ ਚਲਾਉਣ ਵਾਲਾ ਘੱਟੋ-ਘੱਟ 10% ਸਟਾਫ਼ ਦਲਿਤ ਹੀ ਹੋਵੇਗਾ, ਉਹ ਕਿੱਥੇ ਸੁੱਤਾ ਰਿਹਾ। ਆਪਣੇ-ਆਪ ਨੂੰ ਦਲਿਤ ਆਗੂ ਕਹਾਉਣ ਵਾਲੇ ਦਲਿਤ ਨੇਤਾ ਕਿੱਥੇ ਸੁੱਤੇ ਰਹੇ ਤੇ ਅੱਜ ਜਦੋਂ ਰੋਹਿਤ ਵੇਮੁਲਾ ਸਾਡੇ ਵਿੱਚ ਮੌਜੂਦ ਨਹੀਂ ਹੈ ਤੇ ਸਾਨੂੰ ਹੰਗਾਮੇ ਸੁੱਝ ਰਹੇ ਹਨ। ਇਸ ਵਿੱਚ ਵੀ ਰਾਜਨੀਤਿਕ ਰੋਟੀਆਂ ਸੇਕਣ ਵਾਲੇ ਲੋਕ ਸਭ ਤੋਂ ਅੱਗੇ ਹਨ। ਉਹ ਰੋਹਿਤ ਦੀ ਚਿਤਾ ਤੋਂ ਰਾਜਨੀਤਿਕ ਰੋਟੀਆਂ ਸੇਕਣਾ ਚਾਹੁੰਦੇ ਹਨ। ਅਜੇ ਵੀ ਸਾਡੇ ਸੰਸਦ, ਸਾਡੀਆਂ ਵਿਧਾਨ ਸਭਾਵਾਂ 'ਚ ਘੱਟੋ-ਘੱਟ ਇਕ ਚੌਥਾਈ ਨੁਮਾਇੰਦੇ ਦਲਿਤ ਸਮਾਜ ਦਾ ਹਿੱਸਾ ਰਹੇ ਹਨ, ਕੀ ਉਹ ਇਕੱਠੇ ਹੋ ਕੇ ਰੋਹਿਤ ਵੇਮੁਲਾ ਦੀ ਮੌਤ ਤੋਂ ਕੁਝ ਸਬਕ ਲੈਣਗੇ? ਕੀ ਉਨ੍ਹਾਂ ਦਾ ਫਰਜ਼ ਨਹੀਂ ਹੈ ਕਿ ਰੋਹਿਤ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿਵਾਈ ਜਾਵੇ? ਕੀ ਉਹ ਆਪਣਾ ਕਰਤਵ ਨਹੀਂ ਸਮਝਦੇ ਕਿ ਮੁੜ ਕੋਈ ਰੋਹਿਤ ਵੇਮੁਲਾ ਜਿਹਾ ਹਾਦਸਾ ਨਾ ਹੋਵੇ? ਮੁੜ ਕਿਸੇ ਦਲਿਤ ਵਿਦਿਆਰਥੀ ਨਾਲ ਅਜਿਹਾ ਅੱਤਿਆਚਾਰ ਨਾ ਹੋਵੇ, ਕਿ ਉਹ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਜਾਵੇ। ਜਦੋਂ ਸਾਡੇ ਨੁਮਾਇੰਦੇ ਆਪਣੀ ਜ਼ਿੰਮੇਵਾਰੀ ਸਮਝ ਲੈਣਗੇ ਉਦੋਂ ਹੀ ਸਹੀ ਅਰਥਾਂ ਵਿੱਚ ਭਾਰਤ ਗਣਤੰਤਰ ਕਹਾਉਣ ਦਾ ਹੱਕਦਾਰ ਹੋਵੇਗਾ। ਉਦੋਂ ਹੀ ਭਾਰਤ ਦਾ ਸੰਵਿਧਾਨ ਈਮਾਨਦਾਰੀ ਨਾਲ ਲਾਗੂ ਹੋ ਜਾਵੇਗਾ ਤੇ ਰੋਹਿਤ ਵੇਮੁਲਾ ਵਰਗਾ ਹੋਰ ਕੋਈ ਨੌਜਵਾਨ ਮੌਤ ਦੀ ਭੇਂਟ ਨਹੀਂ ਚੜੇਗਾ।
- ਅਜੇ ਕੁਮਾਰ

No comments:

Post a Comment