Saturday 16 October 2021

ਕਨੇਡਾ ਜਾਂ ਪੰਜਾਬ -ਫਰਕ ਸਥਾਨ ਦਾ ਨਹੀਂ ਸਰਕਾਰ ਦਾ ਹੈ

ਇਕ ਪੁਰਾਣੀ ਕਹਾਣੀ ਯਾਦ ਆ ਗਈ, ਇਕ ਰਾਹਗੀਰ ਜੰਗਲ ’ਚੋਂ ਗੁਜਰ ਰਿਹਾ ਸੀ, ਉਸ ਨੇ ਜੰਗਲ ’ਚ ਇਕ ਝੌਂਪੜੀ ਦੇਖੀ, ਜਗਿਆਸਾ ਵਸ ਉਹ ਝੌਂਪੜੀ ’ਚ ਦਾਖਲ ਹੋਇਆ ਤੇ ਦੇਖਿਆ ਇਕ ਬੁੱਢੀ ਔਰਤ ਬੈਠੀ ਸੀ, ਉਸ ਨੇ ਬੁੱਢੀ ਤੋਂ ਪੁੱਛਿਆ, ਮਾਤਾ ਤੂੰ ਇਸ ਘਣੇ ਜੰਗਲ ’ਚ ਇਕੱਲੀ ਕਿਵੇਂ ਰਹਿੰਦੀ ਏਂ। ਬੁੱਢੀ ਨੇ ਦੱਸਿਆ ਕਿ ਮੇਰਾ ਵੀ ਪਰਿਵਾਰ ਸੀ, ਮੇਰੇ ਪਤੀ ਨੂੰ ਸ਼ੇਰ ਖਾ ਗਿਆ, ਮੇਰਾ ਮੁੰਡਾ ਵੀ ਸੀ, ਉਸ ਨੂੰ ਵੀ ਸ਼ੇਰ ਖਾ ਗਿਆ। ਰਾਹਗੀਰ ਨੇ ਕਿਹਾ ਕਿ ਜੰਗਲ ’ਚ ਆਦਮਖੋਰ ਸ਼ੇਰ ਹਨ ਤਾਂ ਇਥੇ ਜੀਣਾ ਤਾਂ ਫਿਰ ਬਹੁਤ ਮੁਸ਼ਕਲ ਹੈ, ਮਾਤਾ ਤੂੰ ਆਪਣਾ ਘਰ ਗੁਆਂਢੀ ਰਾਜ ਵਿੱਚ ਕਿਉ ਨਹੀਂ ਬਣਾ ਲੈਂਦੀ, ਬੁੱਢੀ ਮਾਤਾ ਨੇ ਕਿਹਾ ਔਕੜਾਂ ਬਹੁਤ ਹਨ ਪਰ ਮੈਂ ਕਿਸੇ ਵੀ ਕੀਮਤ ’ਤੇ ਆਪਣਾ ਘਰ ਨਹੀਂ ਛੱਡਣਾ, ਕਿਉਕਿ ਸਾਡਾ ਰਾਜਾ ਬਹੁਤ ਚੰਗਾ ਹੈ, ਉਹ ਸਾਰੀ ਜਨਤਾ ਦਾ ਪੂਰਾ ਧਿਆਨ ਰੱਖਦਾ ਹੈ। ਇਹ ਸਹੀ ਹੈ ਕਿ ਕਿਸੇ ਨੂੰ ਸੌਖੇ ਤਰੀਕੇ ਨਾਲ ਗੱਲ ਸਮਝਾਉਣ ਲਈ ਕਹਾਣੀਆਂ ਬਣਾਈਆਂ ਜਾਂਦੀਆਂ ਹਨ। ਬੁੱਢੀ ਆਪਣਾ ਪਤੀ, ਪੁੱਤ ਸ਼ੇਰ ਤੋਂ ਮਰਵਾ ਚੁੱਕੀ ਸੀ, ਫਿਰ ਵੀ ਘਰ ਛੱਡ ਕੇ ਰਾਜੀ ਨਹੀਂ ਕਿਉਕਿ ਰਾਜਾ ਚੰਗਾ ਹੈ। ਜੇਕਰ ਅੱਜ ਦੇ ਪੰਜਾਬ ਦੇ ਹਾਲਾਤ ਦੇਖੀਏ ਤਾਂ ਕਹਾਣੀ ਆਪਬੀਤੀ ਜਿਹੀ ਲਗਦੀ ਹੈ। ਅੱਜ ਪੰਜਾਬ ਦੇ ਹਰ ਦੂਜੇ ਨੌਜਵਾਨ ਦਾ ਸੁਪਨਾ ਹੈ ਕਿ ਕਿਸੇ ਵੀ ਤਰ੍ਹਾਂ ਉਹ ਅਮਰੀਕਾ, ਕਨੇਡਾ ਜਾਂ ਕਿਸੇ ਚੰਗੇ ਮੁਲਕ ਪਹੁੰਚ ਜਾਵੇ। ਉਸ ਲਈ ਭਾਵੇਂ ਉਸ ਨੂੰ ਕੁਝ ਵੀ ਹੀਲਾ-ਵਸੀਲਾ ਕਰਨਾ ਪੈ ਜਾਵੇ। 

ਮੇਰਾ ਬਚਪਨ ਦਾ ਮਿੱਤਰ ਜੋ ਕਨੇਡਾ ਦਾ ਵਸਨੀਕ ਹੋ ਚੁੱਕਾ ਹੈ, ਪਿਛਲੇ ਦਿਨੀਂ ਪੰਜਾਬ ’ਚ ਆਇਆ, ਮੇਰੇ ਨਾਲ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਲੱਗਾ, ਗੱਲਾਂ ਕਰਦੇ ਅੱਖਾਂ ਭਰ ਆਈਆਂ ਤੇ ਕਹਿਣ ਲੱਗਾ ਦੁਨੀਆਂ ਘੁੰਮ ਲਓ ਨਹੀਂ ਰੀਸਾਂ ਪੰਜਾਬ ਦੀਆਂ। ਮੈਂ ਕਿਹਾ ਕਿ ਜੇ ਇਹ ਗੱਲ ਹੈ ਤਾਂ ਛੱਡ ਪਰੇ ਕਨੇਡਾ ਆ ਜਾ ਵਾਪਸ ਸੋਹਣੇ ਪੰਜਾਬ ’ਚ। ਮੇਰੀ ਗੱਲ ਸੁਣ ਜਿਵੇਂ ਉਹ ਜਜਬਾਤੀ ਦੁਨੀਆਂ ਤੋਂ ਵਾਪਸ ਪਰਤ ਕੇ ਅਸਲੀ ਜ਼ਿੰਦਗੀ ’ਚ ਆ ਗਿਆ। ਕਹਿਣ ਲੱਗਾ ਕਿ ਮੇਰਾ ਆਉਣ ਨੂੰ ਦਿਲ ਤਾਂ ਸਚਮੁੱਚ ਕਰਦਾ ਹੈ, ਕਿਉਕਿ ਉਹ ਮੁਲਕ ਬੇਗਾਨਾ ਹੈ, ਉਥੇ ਦੀ ਭਾਸ਼ਾ ਵੱਖਰੀ ਹੈ, ਉਨ੍ਹਾਂ ਦਾ ਰਹਿਣ-ਸਹਿਣ ਵੀ ਅਲੱਗ ਹੈ, ਮੌਸਮ ਵੀ ਜ਼ਿਆਦਾਤਰ ਠੰਡਾ ਰਹਿੰਦਾ ਹੈ, ਖਾਣ-ਪੀਣ ਨੂੰ ਵੀ ਮਨ ਮੁਤਾਬਕ ਨਹੀਂ ਮਿਲਦਾ, ਜ਼ਿਆਦਾਤਰ ਗੋਰੀ ਚਮੜੀ ਵਾਲੇ ਸਾਨੂੰ ਤੁੱਛ ਨਿਗਾਹਾਂ ਨਾਲ ਦੇਖਦੇ ਹਨ, ਇੰਝ ਸਮਝ ਲਓ ਜਿਵੇਂ ਪੰਜਾਬ ’ਚ ਸਾਡਾ ਵਤੀਰਾ ਪ੍ਰਵਾਸੀਆਂ ਨਾਲ ਹੈ, ਉਵੇਂ ਕਨੇਡਾ ’ਚ ਪੰਜਾਬੀ ਇਕ ਤਰ੍ਹਾਂ ਬੇਗਾਨੇ ਹੀ ਹਨ, ਹਾਂ ਪਰ ਇਕ ਗੱਲ ਹੈ ਕਿ ਉਥੇ ਕਾਨੂੰਨ ਦਾ ਰਾਜ ਹੈ ਤੇ ਕਨੂੰਨ ਦੀ ਨਿਗ੍ਹਾ ’ਚ ਸਭ ਬਰਾਬਰ ਹਨ। ਕੋਈ ਕਿਸੇ ਨਾਲ ਧੱਕਾ ਨਹੀਂ ਕਰ ਸਕਦਾ, ਊਚ-ਨੀਚ, ਭੇਦਭਾਵ ਨਹੀਂ ਕਰ ਸਕਦਾ, ਇਮਾਨਦਾਰੀ ਪੂਰੀ ਹੈ, ਟੈਕਸ ਚੋਰੀ ਨਾਂਹ ਦੇ ਬਰਾਬਰ ਹੈ, ਸਰਕਾਰੀ ਤੰਤਰ ’ਚ ਭਿ੍ਰਸ਼ਟਾਚਾਰ ਨਹੀਂ ਹੈ। ਸਿੱਖਿਆ ਤੇ ਸਿਹਤ ਸੇਵਾਵਾਂ ਦੀ ਕੋਈ ਚਿੰਤਾ ਨਹੀਂ, ਇਹ ਕਨੇਡਾ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ। ਵਾਤਾਵਰਣ ਲਈ ਉਹ ਲੋਕ ਬਹੁਤ ਜਾਗਰੂਕ ਹਨ, ਉਨ੍ਹਾਂ ਦੀ ਸੋਚ ਵਿਗਿਆਨਕ ਹੈ, ਟਰੂਡੋ ਨੇ ਜਦ ਆਪਣਾ ਮੰਤਰੀ ਮੰਡਲ ਬਣਾਇਆ ਤਾਂ ਜਾਤਾਂ ਨੂੰ ਤਰਜੀਹ ਦੇਣ ਦੀ ਬਜਾਇ ਆਪਣੇ ਕਿੱਤੇ ਦੇ ਮਾਹਿਰਾਂ ਨੂੰ ਮੰਤਰੀ ਬਣਾਇਆ, ਜਿਵੇਂ ਅਰਥ ਸ਼ਾਸਤਰੀ ਨੂੰ ਵਿੱਤ ਮੰਤਰੀ, ਡਾਕਟਰ ਨੂੰ ਸਿਹਤ ਮੰਤਰੀ, ਖਿਡਾਰੀ ਨੂੰ ਖੇਡ ਮੰਤਰੀ ਬਣਾਇਆ। ਟਰੂਡੋ ਦੀ ਕੈਬਨਿਟ ’ਚ ਔਰਤਾਂ ਤੇ ਮਰਦਾਂ ਨੂੰ ਬਰਾਬਰ ਦੀ ਹਿੱਸੇਦਾਰੀ ਦਿੱਤੀ ਗਈ ਹੈ। ਮੰਤਰੀ ਮੰਡਲ ’ਚ 17 ਔਰਤਾਂ ਤੇ 17 ਹੀ ਪੁਰਸ਼ ਹਨ। ਮੈਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਫਰਕ ਪੰਜਾਬ ਤੇ ਕਨੇਡਾ ਦਾ। ਇਥੇ ਪੰਜਾਬ ਵਿੱਚ ਸਭ ਕੁਝ ਆਪਣਾ ਹੈ ਪਰ ਸੁਰੱਖਿਆ ਦੀ ਕੋਈ ਗਰੰਟੀ ਨਹੀਂ, ਉਥੇ ਸਭ ਕੁਝ ਬੇਗਾਨਾ ਹੈ ਪਰ ਸੁਰੱਖਿਆ ਦੀ ਪੂਰੀ ਗਰੰਟੀ ਹੈ, ਉਥੇ ਦਾ ਜੀਵਨ ਚਿੰਤਾ ਮੁਕਤ ਹੈ, ਕਹਿਣ ਦਾ ਭਾਵ ਪੰਜਾਬ ਤੇ ਕਨੇਡਾ ਦਾ ਫਰਕ ਕੋਈ ਸਥਾਨ ਦਾ ਫਰਕ ਨਹੀਂ ਬਲਕਿ ਸਰਕਾਰ ਦਾ ਹੈ। ਸਰਕਾਰ ਚੰਗੀ ਹੋਵੇ ਤਾਂ ਉਜਾੜ ’ਚ ਵੀ ਪੰਜਾਬ ਬਣਾ ਦਿੰਦੀ ਹੈ ਤੇ ਮਾੜੀਆਂ ਸਰਕਾਰਾਂ ਹੱਸਦੇ-ਵੱਸਦੇ ਪੰਜਾਬ ਨੂੰ ਵੀ ਉਜਾੜ ਦਿੰਦੀਆਂ ਹਨ। ਇਹ ਪੰਜਾਬ ਦੀ ਬਦਕਿਸਮਤੀ ਹੈ ਕਿ ਅਜੇ ਤੱਕ ਕੋਈ ਐਸੀ ਸਰਕਾਰ ਨਹੀਂ ਮਿਲੀ ਜੋ ਲੋਕਾਂ ਦੇ ਦੁੱਖ-ਤਕਲੀਫਾਂ ਨੂੰ ਸਮਝ ਸਕੇ, ਕੋਈ ਵਿਗਿਆਨਕ ਸੋਚ ਨਹੀਂ, ਕੋਈ ਦੂਰਦਰਸ਼ਤਾ ਨਹੀਂ, ਕੋਈ ਵਿਚਾਰ ਨਹੀਂ, ਕੋਈ ਇਮਾਨਦਾਰੀ ਨਹੀਂ, ਕੋਈ ਕਨੂੰਨ ਦਾ ਰਾਜ ਨਹੀਂ, ਰਾਜ ਦਾ ਮਤਲਬ ਲੁੱਟ-ਖੋਹ ਕਰ ਆਪਣੇ ਕੁਨਬੇ ਪਾਲਣਾ ਨਹੀਂ ਹੁੰਦਾ। ਪਰ ਇਸ ਲੁੱਟ-ਖੋਹ ਲਈ ਮੁੱਖ ਰੂਪ ਵਿੱਚ ਜ਼ਿੰਮੇਵਾਰ ਤਾਂ ਅਸੀਂ ਹੀ ਹਾਂ, ਅਸੀਂ ਲਾਲਚ ’ਚ ਆ ਕੇ ਵੋਟਾਂ ਪਾਉਦੇ ਹਾਂ, ਧਰਮ ਅਤੇ ਜਾਤ ਦੇ ਅਧਾਰ ’ਤੇ ਵੋਟਾਂ ਪਾਉਦੇ ਹਾਂ। ਪੰਜਾਬ ਦੀ ਰਾਜਨੀਤੀ ਦੇ ਘਾਗ ਖਿਡਾਰੀ ਸਾਡੀ ਮਾਨਸਿਕਤਾ ਅਤੇ ਸਾਡੀ ਸੋਚ ਨੂੰ ਕਮਜ਼ੋਰ ਕਰ ਚੁੱਕੇ ਹਨ, ਉਹ ਆਪਣੀ ਲੁੱਟ ਨੂੰ ਜਾਰੀ ਰੱਖਣ ਲਈ ਸਾਨੂੰ ਮੁਫ਼ਤ ਦਾ ਮਾਲ ਬਿਜਲੀ, ਪਾਣੀ, ਆਟਾ, ਲੈਪਟਾਪ, ਸਮਾਰਟ ਫੋਨ, ਸਾਇਕਲ, ਸ਼ਰਾਬ, ਭੁੱਕੀ, ਅਫੀਮ, ਚਿੱਟਾ, ਝਗੜੇ, ਦਲਾਲੀਆਂ ਆਦਿ ਦੇ ਕੇ ਅਸਲ ਮੁੱਦਿਆਂ ਤੋਂ ਭਟਕਾ ਦਿੰਦੇ ਹਨ ਤਾਂ ਜੋ ਉਨ੍ਹਾਂ ਤੋਂ ਕੋੋਈ ਪੁੱਛ ਨਾ ਸਕੇ ਕਿ ਭਾਈ ਪੰਜਾਬ ਤੇ 2 ਲੱਖ 75 ਹਜ਼ਾਰ ਕਰੋੜ ਦਾ ਕਰਜ਼ਾ ਕਿਸ ਨੇ, ਕਦੋਂ ਅਤੇ ਕਿਉ ਚੜਾਇਆ ਜਿਸ ਦਾ ਕਿ ਅੱਜ ਕੱਲ੍ਹ 10 ਹਜ਼ਾਰ ਕਰੋੜ ਸਲਾਨਾ ਵਿਆਜ ਦੇਣਾ ਮੁਸ਼ਕਲ ਹੋ ਗਿਆ ਹੈ ਤੇ ਇਹ ਮੁਫਤ ਦੀਆਂ ਘੋਸ਼ਣਾਵਾਂ ਕਰਕੇ ਲੀਡਰ ਕੀ ਸਾਬਤ ਕਰਨਾ ਚਾਹੁੰਦੇ ਹਨ ਕਿ ਅਸੀਂ ਬਿਲਕੁਲ ਮੂਰਖ ਹਾਂ। ਤੁਹਾਨੂੰ ਕੀ ਲੱਗਦੈ ਮੁਫ਼ਤ ਸਹੂਲਤਾਂ ਦੇਣ ਵਾਲੇ ਲੀਡਰ ਆਪਣੀਆਂ ਨਿੱਜੀ ਜਾਇਦਾਦਾਂ ਘਰ, ਜ਼ਮੀਨਾ, ਹੋਟਲ ਤੇ ਵਪਾਰਕ ਅਦਾਰੇ ਵੇਚ ਕੇ ਤੁਹਾਨੂੰ ਦੇਣਗੇ। ਇਹ ਬਿਲਕੁਲ ਸਰਾਸਰ ਝੂਠ ਹੈ। ਉਹ ਤੁਹਾਡੀ ਹੀ ਛਿੱਲ ਲਾਹ ਕੇ ਤੁਹਾਡੇ ਤੋਂ ਵੱਧ ਟੈਕਸ ਇਕੱਠਾ ਕਰਕੇ ਤੁਹਾਡੀ ਚਪੇੜ ਤੁਹਾਡੇ ਹੀ ਮੂੰਹ ’ਤੇ ਮਾਰਨਗੇ। ਯਾਦ ਰੱਖਿਓ ਇਹ ਮੁਫ਼ਤ ਦੀਆਂ ਸਹੂਲਤਾਂ ਤੁਹਾਡਾ ਵੋਟ ਲੈਣ ਲਈ ਰਾਜਨੀਤਕ ਪਾਰਟੀਆਂ ਵੱਲੋਂ ਰਿਸ਼ਵਤ ਦੀ ਆਫਰ ਹੈ ਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਨੇ ਕਿਹਾ ਸੀ ਕਿ ਆਪਣੀ ਵੋਟ ਦੀ ਇੱਜ਼ਤ ਆਪਣੀ ਧੀ-ਭੈਣ ਵਾਂਗ ਕਰਨਾ। ਇਹ ਵੀ ਗੱਲ ਸਾਨੂੰ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਹਰ ਇਕ ਨੂੰ ਵੋਟ ਦਾ ਅਧਿਕਾਰ ਦੁਆਉਣ ਲਈ ਬਾਬਾ ਸਾਹਿਬ ਅੰਬੇਡਕਰ ਨੇ ਆਪਣੀ, ਆਪਣੀ ਪਤਨੀ ਅਤੇ ਆਪਣੇ ਬੱਚਿਆਂ ਦੀ ਕੁਰਬਾਨੀ ਦੇ ਦਿੱਤੀ ਸੀ। ਸੁਰੱਖਿਅਤ ਜੀਵਨ ਤੇ ਭਵਿੱਖ ਮੰਗੋਗੇੇ ਤਾਂ ਕਨੇਡਾ ਬਣ ਜਾਊ ਤੇ ਜੇ ਮੁਫਤ ਦੇ ਦਿੱਤੇ ਲਾਲਚਾਂ ’ਚ ਫਸੇ ਤਾਂ ਪੰਜਾਬ ਦੇ ਹਾਲਾਤ ਤੁਹਾਡੇ ਸਾਹਮਣੇ ਹਨ। ਜਿਸ ਦਿਨ ਤੁਸੀਂ ਇਨ੍ਹਾਂ ਦੀਆਂ ਭਰਮਾਊ ਲਾਲਚਾਂ ’ਚ ਫਸਣ ਤੋਂ ਇਨਕਾਰ ਕਰ ਦਿੱਤਾ ਉਸ ਦਿਨ ਨਵੇਂ ਪੰਜਾਬ ਦੀ ਨੀਂਹ ਰੱਖੀ ਜਾਏਗੀ। ਸਾਨੂੰ ਲੁੱਟ-ਖੋਹ ਦੇ ਮਾਹਿਰਾਂ ਦੀ ਨਹੀਂ ਤਰਕਸ਼ੀਲ ਸੋਚ ਰੱਖਣ ਵਾਲਿਆਂ ਦੀ ਲੋੜ ਹੈ, ਜੋ ਜਾਤ ਧਰਮ ਤੋਂ ਉੱਠ ਕੇ ਨਵਾਂ ਪੰਜਾਬ ਸਿਰਜ ਸਕਣ।

-ਅਜੈ ਕੁਮਾਰ

   

No comments:

Post a Comment