Friday 16 September 2022

ਕਰਜ਼ਾ ਮੁਕਤ ਪੰਜਾਬ

ਪਿਛਲੇ 30 ਸਾਲਾਂ ਤੋਂ ਰਾਜਨੀਤਕ, ਧਾਰਮਿਕ, ਸਮਾਜਿਕ ਲੀਡਰਾਂ ਤੋਂ, ਬੁੱਧੀਜੀਵੀਆਂ, ਪੱਤਰਕਾਰਾਂ ਤੋਂ ਇਹ ਸ਼ੋਰ ਸੁਣਦੇ ਆ ਰਹੇ ਹਾਂ ਅੱਤਵਾਦ ਮੁਕਤ ਪੰਜਾਬ, ਨਸ਼ਾ ਮੁਕਤ ਪੰਜਾਬ, ਰੰਗਲਾ ਪੰਜਾਬ, ਹੱਸਦਾ ਪੰਜਾਬ, ਨੱਚਦਾ ਪੰਜਾਬ, ਵਸਦਾ ਪੰਜਾਬ, ਖਿੜ੍ਹਿਆ ਪੰਜਾਬ। ਇਹ ਸਾਰੇ ਨਾਅਰੇ ਕੰਨਾਂ ਵਿੱਚ ਹਰ ਰੋਜ਼, ਹਰ ਘੜੀ ਉੱਚੀ-ਉੱਚੀ ਗੂੰਜਦੇ ਹਨ, ਖ਼ਾਸਕਰ ਚੋਣਾਂ ਵਿੱਚ ਤੇ ਕਈ ਵਾਰ ਇਹ ਨਾਅਰੇ ਕੰਨ ਹੀ ਪਾੜ ਦਿੰਦੇ ਹਨ, ਇੰਨਾ ਖੌਰੂ ਪਾਉਦੇ ਹਨ ਇਹ ਨਾਅਰੇ ਕਿ ਇੰਝ ਲੱਗਣ ਲੱਗ ਪੈਂਦਾ ਹੈ ਕਿ ਬਈ ਇਹ ਜਿਹੜੇ ਲੋਕ ਨਾਅਰੇ ਲਗਾ ਰਹੇ ਹਨ, ਜਦੋਂ ਇਨ੍ਹਾਂ ਹੱਥ ਪਾਵਰ ਆ ਗਈ ਤਾਂ ਇਨ੍ਹਾਂ ਨੇ ਤਾਂ ਪੰਜਾਬ ਨੂੰ ਇਕਦਮ ਦੁਨੀਆ ਦਾ ਸਭ ਤੋਂ ਖੂਬਸੂਰਤ ਸੂਬਾ ਬਣਾ ਦੇਣਾ ਹੈ। ਜਾਂ ਇੰਝ ਕਹਿ ਲਈਏ ਇਨ੍ਹਾਂ ਨੇ ਪੰਜਾਬ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਰਵਿਦਾਸ ਮਹਾਰਾਜ ਵੱਲੋਂ ਦਿੱਤਾ ਫਲਸਫਾ ‘ਬੇਗਮਪੁਰਾ’ ਹੀ ਬਣਾ ਦੇਣਾ ਹੈ। ਸਰਕਾਰਾਂ ਆਈਆਂ, ਸਰਕਾਰਾਂ ਗਈਆਂ, ਪਾਵਰਾਂ ਆਈਆਂ, ਪਾਵਰਾਂ ਗਈਆਂ ਪਰ ਪੰਜਾਬ ਦੇ ਹਾਲਾਤ ਕਿਸੇ ਤੋਂ ਲੁਕੇੇ ਨਹੀਂ ਹਨ, ਪੰਜਾਬ ਕਰਜ਼ਦਾਰ ਹੈ 3 ਲੱਖ ਕਰੋੜ ਦਾ, ਜਿਸ ਦਾ ਹਰ ਸਾਲ ਲਗਭਗ 27 ਹਜ਼ਾਰ ਕਰੋੜ ਰੁਪਇਆ ਵਿਆਜ ਦੇਣਾ ਪੈਂਦਾ ਹੈ। 50 ਲੱਖ ਨੌਜਵਾਨ ਬੇਰੁਜ਼ਗਾਰ ਬੈਠਾ ਹੈ, ਪਿਛਲੇ 10 ਸਾਲਾਂ ਵਿੱਚ 15 ਲੱਖ ਨੌਜਵਾਨ 3 ਲੱਖ ਕਰੋੜ ਰੁਪਇਆ ਖਰਚ ਕੇ ਵਿਦੇਸ਼ਾਂ ਨੂੰ ਚਲਾ ਗਿਆ ਕਿਉਕਿ ਉਹ ਇਥੇ ਆਪਣੀ ਜ਼ਿੰਦਗੀ ਨੂੰ ਸੁਰੱਖਿਅਤ ਨਹੀਂ ਸਮਝਦਾ ਹੈ, ਮਹੌਲ ਠੀਕ ਨਹੀਂ ਦਾ ਨਾਅਰਾ ਦੇ ਕੇ ਗਿਆ ਹੈ ਉਹ ਬਾਹਰ, ਘਰ ਦੀ ਜ਼ਮੀਨ-ਜ਼ਾਇਦਾਦ ਗਹਿਣੇ ਰਖਵਾ ਕੇ, ਉਹ ਆਪਣੇ ਮਾਂ-ਬਾਪ ਨੂੰ ਵੀ ਹਰ ਰੋਜ਼ ਬੁਲਾ ਰਿਹਾ ਹੈ ਤੇ ਉਸ ਦਾ ਮਾਂ-ਬਾਪ ਵੀ ਮਨ ਬਣਾ ਚੁੱਕਾ ਹੈ ਕਿ ਆਪਾਂ ਬਾਹਰ ਹੀ ਜਾਣਾ ਹੈ, ਭਾਵੇਂ ਉਥੇ ਜਾ ਕੇੇ 18 ਘੰਟੇ ਮਜ਼ਦੂਰੀ ਕਰਨੀ ਪਵੇ ਤਾਂ ਕਰਾਂਗੇ। ਜਿਹੜੇ ਅੰਗਰੇਜ਼ਾਂ ਨੂੰ ਅਸੀਂ ਜੰਮਦਿਆਂ ਹੀ ਗੰਦੀਆਂ ਗਾਲ੍ਹਾਂ ਕੱਢਦੇ ਸੀ ਕਿ ਇਨ੍ਹਾਂ ਗੋਰਿਆਂ ਨੇ ਸਾਡਾ ਆਪਸੀ ਭਾਈਚਾਰਾ ਤਬਾਹ ਕਰਕੇ ਸਾਡੇ ਦੇਸ਼ ਨੂੰ ਲੁੱਟਿਆ ਹੈ ਤੇ ਸਾਡਾ ਸੱਭਿਆਚਾਰ, ਸਾਡੀ ਸੰਸ�ਿਤੀ ਬਰਬਾਦ ਕਰ ਦਿੱਤੀ, ਲੱਖਾਂ ਬੰਦੇ ਸ਼ਹੀਦ ਕਰ ਦਿੱਤੇ, ਉਨ੍ਹਾਂ ਹੀ ਅੰਗਰੇਜ਼ਾਂ ਦੇ ਕੋਲ ਜਾ ਕੇ ਉਨ੍ਹਾਂ ਦੀ ਨੌਕਰੀ ਕਰਨ ਲਈ ਪੰਜਾਬ ਦਾ ਨੌਜਵਾਨ ਲੇਲੜੀਆਂ ਕੱਢ ਰਿਹਾ ਹੈ, ਤਰਲੇ ਮਾਰ ਰਿਹਾ ਹੈ ਅਤੇ ਉਥੇ ਪੁੱਜਣ ਲਈ ਹਰ ਤਰ੍ਹਾਂ ਦੇ ਝੂਠ ਦਾ ਸਹਾਰਾ ਲੈ ਰਿਹਾ ਹੈ ਤੇ ਆਪਣੀ ਜਾਨ ਵੀ ਜੋਖਿਮ ਵਿੱਚ ਪਾ ਰਿਹਾ ਹੈ। ਨਸ਼ੇ ਦੇ ਇਹ ਹਾਲਾਤ ਹਨ ਕਿ ਤਕਰੀਬਨ 5 ਲੱਖ ਦੇ ਕਰੀਬ ਨੌਜਵਾਨ ਇੰਨਾ ਜ਼ਿਆਦਾ ਨਸ਼ੇੜੀ ਹੋ ਗਿਆ ਹੈ ਕਿ ਉਸ ਦੇ ਕੋਲ ਇਕ ਹੀ ਕੰਮ ਹੈ ਕਿ ਉਸ ਨੇ ਨਸ਼ਾ ਕਰਨਾ ਹੈ, ਚਾਹੇ ਉਹ ਚੋਰੀ ਕਰੇ, ਚਾਹੇ ਮਾਰੇ-ਕੁੱਟੇ ਚਾਹੇ ਕਿਸੇ ਦੀ ਜਾਨ ਲੈ ਲਵੇ, ਤੇ ਉਹ ਭਾਵੇਂ ਉਹਦਾ ਮਾਂ-ਬਾਪ, ਭਰਾ-ਭੈਣ ਹੋਵੇ ਤੇ ਭਾਵੇਂ ਕੋਈ ਰਿਸ਼ਤੇਦਾਰ ਹੋਵੇ ਉਹਨੂੰ ਕੋਈ ਪਰਵਾਹ ਨਹੀਂ। ਇੰਨੀ ਵੱਡੀ ਗਿਣਤੀ ਵਿੱਚ ਨਸ਼ੇੜੀਆਂ ਨੂੰ ਕੰਟਰੋਲ ਕਰਕੇ ਮੁੜ ਮੁੱਖ ਧਾਰਾ ’ਚ ਲੈ ਕੇ ਆਉਣ ਲਈ ਵਿਵਹਾਰਕ ਰੂਪ ਵਿੱਚ ਘੱਟ ਤੋਂ ਘੱਟ 1 ਲੱਖ ਕਰੋੜ ਰੁਪਇਆ ਚਾਹੀਦਾ ਹੈ। ਸਾਰੀ ਪੰਜਾਬ ਦੀ ਅਫਸਰਸ਼ਾਹੀ ਜਾਣਦੀ ਹੈ ਕਿ ਜੇ ਇਹ ਨਸ਼ੇੜੀ ਠੀਕ ਹੋ ਜਾਣ ਤਾਂ ਪੰਜਾਬ ਦਾ 90 ਪ੍ਰਤੀਸ਼ਤ ਕ੍ਰਾਈਮ ਕੰਟਰੋਲ ਹੋ ਜਾਵੇਗਾ। ਰੇਤ ਮਾਫ਼ੀਆ, ਦੜ੍ਹਾ-ਸੱਟਾ, ਲਾਟਰੀ, ਜੂਆ, ਹਰ ਖੇਡ ’ਤੇ ਮੋਟੀਆਂ ਸ਼ਰਤਾਂ ਤੇ ਮੋਟਾ ਲੈਣ-ਦੇਣ ਕਿਸੇ ਤੋਂ ਨਹੀਂ ਲੁਕਿਆ। ਸ਼ਰਾਬ ਦੀ ਤਸਕਰੀ ਦੇ ਅੰਕੜੇ ਸੁਣ ਕੇ ਤਾਂ ਆਪਣੇ-ਆਪ ਨੂੰ ਵੱਡੇ ਤੋਂ ਵੱਡਾ ਫਨਕਾਰ ਕਹਿਣ ਵਾਲਾ ਸ਼ਖਸ਼ ਵੀ ਕੰਨਾਂ ਨੂੰ ਹੱਥ ਲਾ ਲੈਂਦਾ ਹੈ। ਜ਼ਮੀਨ ਹੇਠਲਾ ਪਾਣੀ ਮੁੱਕਣ ਕੰਢੇ ਪੁੱਜ ਚੁੱਕਿਆ ਹੈ, ਜੰਗਲ ਅਸੀਂ ਕੱਟ ਕੇ ਖਾ-ਪੀ ਚੁੱਕੇ ਹਾਂ, ਪੂਰੇ ਦੇਸ਼ ਦਾ ਢਿੱਡ ਭਰਨ ਦੀ ਖਾਤਰ ਆਪਣੀ ਜ਼ਮੀਨ ਜ਼ਹਿਰੀਲੀ ਕਰ ਚੁੱਕੇ ਹਾਂ, ਹਵਾ ਖਰਾਬ ਕਰ ਚੁੱਕੇ ਹਾਂ, ਬੀਮਾਰੀਆਂ ਸਾਡੇ ਸਿਰਾਂ ’ਤੇ ਮੌਤ ਦਾ ਤਾਂਡਵ ਕਰ ਰਹੀਆਂ ਹਨ, ਇਹ ਹੈ ਸਾਡੇ ਪੰਜਾਬ ਦੀ ਅਸਲੀ ਸੱਚਾਈ। ਤਾਂ ਹੁਣ ਇਹ ਵੀ ਸੋਚਣਾ ਪਵੇਗਾ ਕਿ ਅਸੀਂ ਅਜਿਹੇ ਪੰਜਾਬ ਤੋਂ ਛੱਡ ਕੇ ਭਗੌੜੇ ਹੋਣਾ ਹੈ ਜਾਂ ਬਾਬੇ ਨਾਨਕ ਦਾ ਪੰਜਾਬ ਤੇ ਭਗਤ ਸਿੰਘ ਦੇ ਖੁਆਬ ਵਾਲੇ ਦੇਸ਼ ਦੀ ਸਿਰਜਣਾ ਮੁੜ ਪੰਜਾਬ ਵਿੱਚ ਕਰਨੀ ਹੈ। ਜੇਕਰ ਬਾਬੇ ਨਾਨਕ ਦਾ ਪੰਜਾਬ ਤੇ ਭਗਤ ਸਿੰਘ ਦੇ ਖੁਆਬ ਵਾਲੀ ਧਰਤੀ ਪੰਜਾਬ ਨੂੰ ਬਣਾਉਣਾ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਪੰਜਾਬ ਨੂੰ ਕਰਜ਼ਾ ਮੁਕਤ ਕਰਨਾ ਹੋਵੇਗਾ, ਭਾਵੇਂ ਮੈਂ ਮੌਜੂਦਾ ਸਰਕਾਰ ਦਾ ਹਿੱਸਾ ਜਾਂ ਜਿਸ ਦੀ ਸਰਕਾਰ ਹੈ, ਉਸ ਪਾਰਟੀ ਦਾ ਹਿੱਸਾ ਨਹੀਂ ਹਾਂ ਪਰ ਬਾਕੀ ਪੰਜਾਬ ਦੇ ਚਿੰਤਕਾਂ ਤਰ੍ਹਾਂ ਮੈਨੂੰ ਵੀ ਇਸ ਸਰਕਾਰ ਤੋਂ ਬਹੁਤ ਆਸ ਹੈ ਕਿ ਇਹ ਸਰਕਾਰ ਪੰਜਾਬ ਨੂੰ ਕਰਜ਼ਾ ਮੁਕਤ ਬਣਾ ਸਕਦੀ ਹੈ, ਇਸੇ ਲਈ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਬਣਾਉਣ ਲਈ ਸਰਕਾਰ ਨੂੰ ਸੁਝਾਅ ਵੀ ਦਿੰਦੇ ਹਾਂ ਤੇ ਸਾਥ ਵੀ ਦੇਣ ਦਾ ਵਾਅਦਾ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਪਰਾਲੀ ਸਾੜਨ ਦੀ ਬਜਾਇ ਇਸ ਤੋਂ ਕੋਇਲਾ ਬਣਾ ਕੇ 10 ਹਜ਼ਾਰ ਕਰੋੜ ਰੁਪਏ ਦੀ ਪੰਜਾਬ ਦੇ ਕਿਸਾਨਾਂ ਦੀ ਆਮਦਨ ਦਾ ਵਾਧਾ ਕਰਨਾ ਚਾਹੀਦਾ ਹੈ ਤੇ ਪੰਜਾਬ ’ਚ ਪਏ 5 ਕਰੋੜ ਟਨ ਕੂੜੇ ਨੂੰ ਖਤਮ ਕਰਕੇ ਕੂੜਾ ਮੁਕਤ ਪੰਜਾਬ ਬਣਾਉਣ ਲਈ ਵਧੀਆ ਸਸਤੀ ਅਤੇ ਫੌਰੀ ਤੌਰ ਤੇ ਲੱਗਣ ਵਾਲੀ ਮਸ਼ੀਨਰੀ ਵੀ ਅਸੀਂ ਮੁਹੱਈਆ ਕਰਵਾਉਣ ਦਾ ਵਾਅਦਾ ਕਰਦੇ ਹਾਂ, ਸਾਡੀ ਟੀਮ ਪਿਛਲੇ 10 ਸਾਲ ਤੋਂ ਇਸ ਕੰਮ ਵਿੱਚ ਲੱਗੀ ਹੋਈ ਹੈ, ਇਹ ਗੱਲ ਵੱਖਰੀ ਹੈ ਕਿ ਕਿਸੇ ਵੀ ਸਰਕਾਰੀ ਅਫਸਰ ਜਾਂ ਲੀਡਰ ਨੇ ਇਧਰ ਗੌਰ ਕਰਨ ਦੀ ਤਵੱਜੋ ਹੀ ਨਹੀਂ ਕੀਤੀ। ਇਸ ਤੋਂ ਇਲਾਵਾ ਸਰਕਾਰ ਨੂੰ ਚਾਹੀਦਾ ਹੈ ਕਿ 1 ਲੱਖ 40 ਹਜ਼ਾਰ ਏਕੜ ਜ਼ਮੀਨ ਪਿੰਡਾਂ ਵਿੱਚ ਅਤੇ 25 ਹਜ਼ਾਰ ਏਕੜ ਜ਼ਮੀਨ ਸ਼ਹਿਰਾਂ ਤੇ ਕਸਬਿਆਂ ਵਿੱਚ ਜੋ ਸਰਕਾਰੀ ਹੈ ਉਸ ਦਾ ਕਬਜ਼ਾ ਛੁਡਵਾ ਕੇ ਸਰਕਾਰ ਦਾ ਖਜ਼ਾਨਾ ਭਰਿਆ ਜਾਵੇ ਤੇ ਵਾਤਾਵਰਣ ਨੂੰ ਸੰਭਾਲਣ ਲਈ ਪਿੰਡ ਵਿੱਚ ਇਕ ਸ਼ਮਸ਼ਾਨ ਘਾਟ ਹੋਵੇ ਤੇ ਬਾਕੀ ਸ਼ਮਸ਼ਾਨ ਘਾਟ ਵਾਲੀਆਂ ਜਗ੍ਹਾ ’ਤੇ ਦਰਖਤ ਲਗਾਏ ਜਾਣ, ਜਿੰਨੇ ਵੀ ਕਿਸਾਨ ਬਿਜਲੀ, ਪਾਣੀ ਮੁਫ਼ਤ ਲੈਂਦੇ ਹਨ ਉਹ ਆਪਣੇ ਟਿਊਬਲ ਵਾਲੀ ਜਗ੍ਹਾ ’ਤੇ 20 ਬੂਟੇ ਫਰੂਟ ਦੇ ਲਗਾਉਣ, ਇਸ ਨਾਲ ਜਿੱਥੇ ਵਾਤਾਵਰਣ ਨੂੰ ਰਾਹਤ ਮਿਲੇਗੀ, ਪੰਜਾਬ ਦੀ ਹਵਾ ਸਾਫ਼ ਹੋਵੇਗੀ, ਉਥੇ ਕਿਸਾਨ ਨੂੰ ਸਾਲ ਦੀ 50 ਹਜ਼ਾਰ ਰੁਪਏ ਦੀ ਆਮਦਨ ਵੀ ਹੋਵੇਗੀ। ਇਸ ਤੋਂ ਇਲਾਵਾ ਵੀ ਸਾਡੇ ਕੋਲ ਵਿਵਹਾਰਕ ਰੂਪ ਵਿੱਚ ਕਈ ਸੁਝਾਅ ਹਨ, ਜਿਹੜੇ ਪੰਜਾਬ ਨੂੰ ਕਰਜ਼ਾ ਮੁਕਤ ਕਰ ਸਕਦੇ ਹਨ, ਬਿਨਾ ਕਰਜ਼ਾ ਮੁਕਤ ਹੋਏ ਪੰਜਾਬ ਕਿਸੇ ਕੀਮਤ ਵਿੱਚ ਰੰਗਲਾ, ਹਸਦਾ-ਵਸਦਾ ਤੇ ਨੱਚਦਾ ਪੰਜਾਬ ਨਹੀਂ ਬਣ ਸਕਦਾ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਸਰਕਾਰ ਤੇ ਸ਼ੱਕ ਜਾਂ ਅਲੋਚਨਾ ਕਰਨ ਦੀ ਬਜਾਇ ਅਸੀਂ ਇਸ ਦਾ ਸਾਥ ਦੇਈਏ ਤੇ ਪੰਜਾਬ ਨੂੰ ਕਰਜ਼ਾ ਮੁਕਤ ਬਣਾ ਕੇ ਆਪਣੇ ਸੋਹਣੇ ਪੰਜਾਬ ਨੂੰ ਬਾਬੇ ਨਾਨਕ ਦਾ ਪੰਜਾਬ ਤੇ ਭਗਤ ਸਿੰਘ ਦਾ ਖੁਆਬ ਪੰਜਾਬ ਬਣਾ ਕੇ ਇਕ ਰੋੋਲ ਮਾਡਲ ਵਜੋਂ ਪੇਸ਼ ਕਰੀਏ ਤੇ ਅਜਿਹਾ ਮਹੌਲ ਦੇਈਏ ਕਿ ਸਾਡੇ ਬੱਚੇ ਵਿਦੇਸ਼ਾਂ ’ਚ ਜਾ ਕੰਮ ਨਾ ਕਰਨ ਬਲਕਿ ਵਿਦੇਸ਼ੀ ਸਾਡੇ ਪੰਜਾਬ ’ਚ ਆ ਕੇ ਖੇਤਾਂ ’ਚ ਕੰਮ ਕਰਨ ਵਿੱਚ ਮਾਣ ਮਹਿਸੂਸ ਕਰਨ। ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਇਸ ਪ੍ਰਾਰਥਨਾ ਨੂੰ ਸਵੀਕਾਰ ਕਰਦੇ ਹੋਏ ਸਾਰੇ ਪੰਜਾਬ ਨੂੰ ਕਰਜ਼ਾ ਮੁਕਤ ਬਣਾਉਣ ਲਈ ਸਹਿਯੋਗ ਦਿਓਗੇ।

ਅਜੇ ਕੁਮਾਰ    

No comments:

Post a Comment