Wednesday 5 April 2017

ਮਸਲੇ ਨਹੀਂ ਮਸਾਲਾ ਸਹੀ

ਕਈ ਸਦੀਆਂ ਤੱਕ ਵਿਦੇਸ਼ੀਆਂ ਦੇ ਗੁਲਾਮ ਰਹਿਣ ਤੋਂ ਬਾਅਦ ਲੱਗਭਗ 70 ਸਾਲ ਪਹਿਲਾਂ ਸਾਡਾ ਦੇਸ਼ ਵਿਦੇਸ਼ੀ ਗੁਲਾਮੀ ਤੋਂ ਆਜ਼ਾਦ ਹੋਇਆ। 70 ਸਾਲ ਦਾ ਵਕਫਾ ਬਹੁਤ ਵੱਡਾ ਹੁੰਦਾ ਹੈ। ਅੱਜ ਦੇ ਭਾਰਤੀ ਨੌਜਵਾਨ ਲਈ ਤਾਂ ਇਹ ਇਤਿਹਾਸ ਦੇ ਪੰਨਿਆਂ ਦੀ ਕਹਾਣੀ ਮਾਤਰ ਹੈ ਪਰ ਸਾਡੇ ਬਜ਼ੁਰਗਾਂ ਨੇ ਅਤੇ ਕੁਝ ਹੱਦ ਤੱਕ ਅਸੀਂ ਵੀ ਅਜ਼ਾਦੀ ਦੀ ਝੁਨਝਨਾਹਟ ਆਪਣੇ ਹੱਡਾਂ 'ਚ ਮਹਿਸੂਸ ਕੀਤੀ। ਕਹਿੰਦੇ ਸਨ ਸਾਡਾ ਦੇਸ਼ ਵੀ ਅਗਾਂਹਵਧੂ ਮੁਲਕਾਂ ਵਾਂਗੂੰ ਤਰੱਕੀ ਕਰ ਜਾਵੇਗਾ। ਸਾਡੇ ਬੱਚਿਆਂ ਨੂੰ ਇੰਗਲੈਂਡ, ਅਮਰੀਕਾ ਜਾਣ ਦੀ ਲੋੜ ਨਹੀਂ ਪਵੇਗੀ, ਸਾਡਾ ਦੇਸ਼ ਇੰਨੀ ਤਰੱਕੀ ਕਰੇਗਾ ਕਿ ਦੁਨੀਆਂ ਦਾ ਸਿਰਮੌਰ ਬਣ ਜਾਵੇਗਾ ਪਰ ਹਰ ਲੰਘਦੀ ਸ਼ਾਮ ਦੇ ਨਾਲ ਉਮੀਦ ਠੰਡੀ ਪੈਂਦੀ ਜਾ ਰਹੀ ਹੈ। ਦੇਸ਼ ਦੇ ਮਸਲੇ ਬਹੁਤ ਹਨ ਜਿਨ੍ਹਾਂ ਮਸਲਿਆਂ ਦਾ ਅਗਰ ਗੰਭੀਰਤਾ ਨਾਲ ਹੱਲ ਕੀਤਾ ਜਾਵੇ ਤਾਂ ਕੋਈ ਕਾਰਣ ਨਹੀਂ ਕਿ ਸਾਡਾ ਦੇਸ਼ ਵਿਸ਼ਵ ਦਾ ਸਿਰਮੌਰ ਬਣ ਜਾਵੇ ਤੇ ਅਮੀਰ ਦੇਸ਼ਾਂ 'ਚ ਇਹਦੀ ਗਿਣਤੀ ਹੋਵੇ ਪਰ ਟਾਲ ਮਟੋਲ ਵਾਲੀ ਤਰਕਹੀਣ ਸੋਚ ਸਾਡੇ ਦੇਸ਼ ਦੀ ਤਰੱਕੀ ਵਿੱਚ ਸਭ ਤੋਂ ਵੱਡੀ ਰੁਕਾਵਟ ਹੈ। ਇਕ ਪਾਸੇ ਦੁਨੀਆਂ ਚੰਨ ਨੂੰ ਹੱਥ ਲਾ ਰਹੀ ਹੈ ਤੇ ਅਸੀਂ ਅਜੇ ਵੀ ਟੂਣੇ-ਟੋਟਕਿਆਂ, ਪਾਖੰਡਾਂ 'ਚ ਫਸੇ ਹੋਏ ਹਾਂ। ਦੇਸ਼ ਦਾ 90 ਪ੍ਰਤੀਸ਼ਤ ਧਨ 1 ਪ੍ਰਤੀਸ਼ਤ ਅਮੀਰਾਂ ਦੇ ਹੱਥ ਵਿੱਚ ਹੈ ਜੋ ਦੇਸ਼ ਦੀ ਸੱਤਾ ਨੂੰ ਚਲਾਉਂਦੇ ਹਨ, ਦੇਸ਼ ਦੀ ਰਾਜਨੀਤੀ ਚਲਾਉਂਦੇ ਹਨ, ਦੇਸ਼ ਦੀ ਅਫਸਰਸ਼ਾਹੀ ਨੂੰ ਆਪਣੀ ਮਨਮਰਜ਼ੀ ਨਾਲ ਘੁਮਾਉਂਦੇ ਹਨ। ਹੱਦ ਤਾਂ ਇਹ ਹੈ ਨਿਆਂ ਦੇ ਮੰਦਿਰਾਂ ਵਿੱਚ ਵੀ ਇਨ੍ਹਾਂ ਦੇ ਪਾਲੇ ਦਲਾਲ ਹੀ ਆਪਣੇ ਤਰੀਕੇ ਨਾਲ ਗੁਣਾ-ਤਕਸੀਮ ਕਰਕੇ ਨਿਆਂ ਆਪਣੇ ਹੱਕ 'ਚ ਮੋੜਦੇ ਹਨ। ਭਾਰਤ ਦੇਸ਼ ਦੇ ਬਹੁਗਿਣਤੀ ਨਾਗਰਿਕ ਆਪਣੀਆਂ ਮੁਢਲੀਆਂ ਜ਼ਰੂਰਤਾਂ ਰੋਟੀ, ਕੱਪੜਾ, ਮਕਾਨ, ਸਿਹਤ ਸਿੱਖਿਆ, ਨੌਕਰੀ ਤੋਂ ਹਾਲੇ ਵੀ ਵਾਂਝੇ ਹਨ। ਸਮਾਜ ਅਜੇ ਵੀ ਵਰਣ ਵਿਵਸਥਾ ਵਿੱਚ ਫਸਿਆ ਹੋਇਆ ਹੈ। ਦੇਸ਼ ਦਾ ਨੌਜਵਾਨ ਵੀਜ਼ਾ ਲੈਣ ਲਈ ਧੱਕੇ ਖਾ ਰਿਹਾ ਹੈ, ਬੇਰੁਜ਼ਗਾਰੀ ਚਰਮ 'ਤੇ ਹੈ, ਮਜ਼ਦੂਰਾਂ ਦਾ ਸ਼ੋਸ਼ਣ ਆਮ ਗੱਲ ਹੈ, ਕਿਸਾਨਾਂ ਦੀ ਲੁੱਟ ਤਾਂ ਹੱਕ ਸਮਝ ਕੇ ਕੀਤੀ ਜਾਂਦੀ ਹੈ, ਅਧਿਆਪਕਾਂ ਦੀ ਬੇਕਦਰੀ, ਮਜ਼੍ਹਬ ਦੇ ਨਾਂ 'ਤੇ ਦੰਗੇ, ਅੱਤਵਾਦ ਆਦਿ ਗੰਭੀਰ ਮਸਲਿਆਂ ਨਾਲ ਨਜਿੱਠਣ ਲਈ ਸਰਕਾਰਾਂ ਕੋਲ ਨਾ ਕੋਈ ਠੋਸ ਰਣਨੀਤੀ ਹੈ, ਨਾ ਇੱਛਾ ਸ਼ਕਤੀ ਹੈ। ਸ਼ਰਮ ਦੀ ਗੱਲ ਤਾਂ ਇਹ ਹੈ ਕਿ ਦੇਸ਼ ਅਤੇ ਲੋਕਾਂ ਦੇ ਨਾਲ ਜੁੜੇ ਗੰਭੀਰ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਸਾਡੇ ਵੱਲੋਂ ਚੁਣੇ ਗਏ ਨੇਤਾ ਇਨ੍ਹਾਂ ਮਸਲਿਆਂ ਦਾ ਮਜ਼ਾਕ ਉਡਾਉਂਦੇ  ਹਨ ਅਤੇ ਆਮ ਤੌਰ 'ਤੇ ਇਨ੍ਹਾਂ ਮਸਲਿਆਂ ਦਾ ਇਸਤੇਮਾਲ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਲਈ ਕਰਦੇ ਹਨ। ਉਮੀਦਾਂ ਜ਼ਰੂਰ ਜਗਾਈਆਂ ਜਾਂਦੀਆਂ ਹਨ ਪਰ ਹੱਲ ਕਦੇ ਵੀ ਨਹੀਂ ਕੱਢਿਆ ਜਾਂਦਾ। ਇੰਝ ਲੱਗਦਾ ਹੈ ਸਾਡੇ ਲੀਡਰਾਂ ਨੂੰ ਮਸਲਿਆਂ ਨਾਲੋਂ ਜ਼ਿਆਦਾ ਮਸਾਲਿਆਂ ਦਾ ਚਸਕਾ ਹੈ, ਜਿਸ ਨਾਲ ਲੋਕਾਂ ਦਾ ਧਿਆਨ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਜਾਂ ਸਮੱਸਿਆਵਾਂ ਤੋਂ ਹਟ ਕੇ ਕਿਸੇ ਹੋਰ ਜਜ਼ਬਾਤੀ ਭਾਵਨਾਵਾਂ 'ਚ ਫਸ ਜਾਂਦਾ ਹੈ। ਇਨ੍ਹਾਂ ਭਾਵਨਾਵਾਂ ਨੂੰ ਭੜਕਾਉਣ ਲਈ ਰਾਖਵਾਂਕਰਨ ਦਾ ਮੁੱਦਾ ਇਸਤੇਮਾਲ ਕੀਤਾ ਜਾਂਦਾ ਹੈ, ਗਊ ਹੱਤਿਆ ਦਾ ਮੁੱਦਾ ਉਠਾਇਆ ਜਾਂਦਾ ਹੈ, ਰਾਮ ਮੰਦਿਰ ਨੂੰ ਮੁੱਦਾ ਬਣਾਇਆ ਜਾਂਦਾ ਹੈ, ਤਲਾਕ ਤਲਾਕ ਤਲਾਕ ਦੇ ਮਸਾਲੇ ਦਾ ਇਸਤੇਮਾਲ ਕੀਤਾ ਜਾਂਦਾ ਹੈ, ਗੁਆਂਢੀ ਦੇਸ਼ਾਂ ਨਾਲ ਸਬੰਧ ਵਿਗਾੜਨ ਦਾ ਮਸਾਲਾ ਇਸਤੇਮਾਲ ਕੀਤਾ ਜਾਂਦਾ ਹੈ, ਮਸਾਲੇ ਦਾ ਰੰਗ ਕੁਝ ਵੀ ਹੋਵੇ ਉਸ ਦਾ ਮਕਸਦ ਇੱਕੋ ਹੈ ਕਿਵੇਂ ਲੋਕਾਂ ਦਾ ਧਿਆਨ ਮੁੱਖ ਮਸਲਿਆਂ ਤੋਂ ਚੁੱਕ ਕੇ ਰੰਗ-ਬਿਰੰਗੇ ਮਸਾਲਿਆਂ 'ਚ ਪਾਇਆ ਜਾਵੇ। ਮਸਾਲਾ ਤੁਸੀਂ ਜਾਣਦੇ ਹੀ ਹੋ, ਸਬਜ਼ੀ ਬਦਸੁਆਦ ਹੋਵੇ, ਬੇਰੰਗ ਹੋਵੇ ਉਸ ਨੂੰ ਖੁਸ਼ਬੂਦਾਰ ਜਾਂ ਸਵਾਦ ਬਣਾਉਣ ਲਈ ਮਸਾਲਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਖੁੱਲ੍ਹੇ ਮਸਾਲੇ ਪਏ ਹੋਣ ਤਾਂ ਜੀਭ ਨੂੰ ਦਾਲ-ਸਬਜ਼ੀ ਦਾ ਚੰਗਾ ਸੁਆਦ ਆਉਂਦਾ ਹੈ। ਇਸੇ ਤਰੀਕੇ ਨਾਲ ਮਸਲਿਆਂ ਤੋਂ ਧਿਆਨ ਵੰਡਾਉਣ ਲਈ ਮਸਾਲਿਆਂ ਦਾ ਇਸਤੇਮਾਲ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਦੇਸ਼ ਦੀ ਬਦਕਿਸਮਤੀ ਤਾਂ ਇਹ ਹੈ ਕਿ ਸਰਕਾਰ ਚਲਾਉਣ ਵਾਲੇ ਲੀਡਰਾਂ ਦੇ ਨਾਲ-ਨਾਲ ਵਿਰੋਧੀ ਧਿਰ ਵੀ ਮਸਾਲਿਆਂ ਦਾ ਪੂਰਾ ਮਜ਼ਾ ਲੈਂਦੀ ਹੈ। ਉਸ ਤੋਂ ਵੀ ਜ਼ਿਆਦਾ ਬਦਕਿਸਮਤੀ ਦੀ ਗੱਲ ਇਹ ਹੈ ਕਿ ਧਰਮ ਦੇ ਮੋਹਰੀ ਬਣੇ ਅਖੌਤੀ ਸੰਤ ਵੀ ਮਸਲਿਆਂ ਦੀ ਬਜਾਏ ਮਸਾਲਿਆਂ ਦਾ ਇਸਤੇਮਾਲ ਕਰ ਦਿਨ-ਬ-ਦਿਨ ਆਪਣੇ ਆਸ਼ਰਮ, ਆਪਣੇ ਡੇਰੇ, ਆਪਣੀ ਸੰਪਦਾ ਨੂੰ ਵਧਾਉਣ ਵਿੱਚ ਲੱਗੇ ਹਨ ਤਾਂ ਜੋ ਸੱਤਾ ਦੀ ਧੁਰ ਉਨ੍ਹਾਂ ਹੱਥ ਰਹੇ ਤੇ ਉਨ੍ਹਾਂ ਦੀ ਤਾਕਤ ਦਿਨ-ਬ-ਦਿਨ ਵਧਦੀ ਰਹੇ। ਸੰਤਾਂ ਦਾ ਰਾਜਨੀਤੀ ਨਾਲ ਤਾਲਮੇਲ ਦੇਸ਼ ਅਤੇ ਸਮਾਜ ਲਈ ਬਹੁਤ ਖਤਰਨਾਕ ਹੈ। ਉਸ ਤੋਂ ਵੱਡੀ ਸਮੱਸਿਆ ਇਹ ਹੈ ਜਦੋਂ ਦਲਿਤਾਂ ਦੇ ਰਾਜਨੀਤਿਕ, ਸਮਾਜਿਕ ਜਾਂ ਧਾਰਮਿਕ ਨੇਤਾ ਅਖੌਤੀ ਮਨੂੰਵਾਦੀਆਂ ਦੇ ਖਾਣੇ ਦੀ ਟੇਬਲ 'ਤੇ ਸਜੀਆਂ ਮਸਾਲੇਦਾਨੀਆਂ ਦਾ ਕੰਮ ਕਰਦੇ ਹਨ। ਇਹ ਦਲਿਤ ਨੇਤਾ ਮਨੂੰਵਾਦੀਆਂ ਦੇ ਹੱਥ ਦੇ ਖਿਡੌਣੇ ਬਣ ਮਸਾਲਾ ਛਿੜਕਾਉਣ ਦਾ ਕੰਮ ਕਰਦੇ ਹਨ ਤਾਂ ਜੋ ਸਮਾਜ ਵੰਡਿਆ ਰਹੇ ਤਾਂ ਜੋ ਗਰੀਬ ਦੇ ਹੱਕ ਮਰਦੇ ਰਹਿਣ, ਤਾਂ ਜੋ ਸੱਤਾ ਦੀ ਚਾਬੀ ਅਮੀਰਾਂ ਦੇ ਹੱਥ ਹੀ ਰਹੇ ਤਾਂ ਜੋ ਦਲਿਤ ਕਦੀ ਅੱਖ ਖੋਲ੍ਹ ਕੇ ਆਪਣੇ ਹੱਕ ਨਾ ਮੰਗ ਸਕਣ। ਇਹ ਜੋ ਦਲਿਤ ਨੇਤਾ ਆਪਣੇ ਮਜਬੂਰ ਤੇ ਮਾਯੂਸ ਸਮਾਜ ਨੂੰ ਲੁੱਟ ਕੇ ਕੁਰਾਹੇ ਪਾ ਰਹੇ ਹਨ ਉਹ ਜੱਗ ਦੇ ਹਾਸੋਹੀਣ ਦਾ ਪਾਤਰ ਬਣ ਰਹੇ ਹਨ। ਅੱਜ ਸਮੇਂ ਦੀ ਮੰਗ ਹੈ ਕਿ ਭਾਰਤੀਆਂ ਦੇ ਗੰਭੀਰ ਮਸਲਿਆਂ ਨੂੰ ਹੱਲ ਕਰਵਾਉਣ ਲਈ ਹਰ ਭਾਰਤੀ ਨਾਗਰਿਕ ਆਪਣੀ ਆਵਾਜ਼ ਚੁੱਕੇ। ਅੰਬੇਡਕਰੀ ਮਿਸ਼ਨ ਨੂੰ ਸਮਝੇ ਬਿਨਾਂ ਮਸਲਿਆਂ ਦਾ ਹੱਲ ਨਹੀਂ ਹੋ ਸਕਦਾ। ਮਸਾਲਿਆਂ ਦੀ ਅੱਗ ਵਿੱਚ ਅੰਬੇਡਕਰੀ ਵਿਚਾਰਧਾਰਾ ਹੀ ਪਾਣੀ ਦਾ ਕੰਮ ਕਰੇਗੀ।
                                                                                                                  ਅਜੈ ਕੁਮਾਰ

No comments:

Post a Comment