Monday 2 February 2015

ਪਹਿਰਾ ਤਾਂ ਦਿਓ, ਠੋਕ ਕੇ ਨਹੀਂ, ਸੋਚ ਵਿਚਾਰ ਕੇ


  • 31 ਜਨਵਰੀ ਨੂੰ ਡੇਰਾ ਸੱਚਖੰਡ ਬੱਲਾਂ ਤੋਂ ਬਨਾਰਸ ਬੇਗਮਪੁਰਾ ਐਕਸਪ੍ਰੈਸ ਗਈ। ਸ਼ਰਧਾਲੂਆਂ ਦਾ ਸਵਾਗਤ ਕਰਨ ਦੇ ਲਈ ਮੈਂ ਤੇ ਮੇਰਾ ਦੋਸਤ ਚੰਦਨ ਗਰੇਵਾਲ ਪ੍ਰਧਾਨ  ਸਫ਼ਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਆਪਣੇ ਸਾਥੀਆਂ ਨਾਲ ਗਏ। ਸਟੇਸ਼ਨ ਦੇ ਬਾਹਰ ਖਚਾਖਚ ਭੀੜ ਸੀ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰੇ ਲੱਗ ਰਹੇ ਸਨ। ਸੰਤ ਨਿਰੰਜਨ ਦਾਸ ਜੀ ਦੇ ਅਤੇ ਬੱਲਾਂ ਡੇਰੇ ਦੀ ਉਸਤਤੀ ਵਿੱਚ ਵੀ ਨਾਅਰੇ ਲੱਗ ਰਹੇ ਸੀ। ਬੜਾ ਸ਼ਰਧਾਪੂਰਵਕ ਮਾਹੌਲ ਸੀ। ਲੋਕਾਂ 'ਚ ਬਹੁਤ ਉਤਸ਼ਾਹ ਸੀ। ਕੁਝ ਨੌਜਵਾਨ ਬੜੇ ਜ਼ੋਸ਼ ਨਾਲ ਜੈਕਾਰੇ ਲਗਾ ਰਹੇ ਸਨ 'ਗੁਰੂ ਰਵਿਦਾਸ ਤੇਰੀ ਸੋਚ 'ਤੇ, ਪਹਿਰਾ ਦਿਆਂਗੇ ਠੋਕ ਕੇ' ਅਕਸਰ ਇਹ ਜੈਕਾਰੇ ਅਤੇ ਨਾਅਰੇ ਦਲਿਤਾਂ ਦੇ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਸਮਾਗਮਾਂ ਵਿੱਚ ਮੇਰੇ ਕੰਨਾਂ 'ਚ ਗੂੰਜਦੇ ਹਨ। ਮਹਾਂਪੁਰਸ਼ਾਂ ਦੇ ਨਾਂ ਬਦਲ-ਬਦਲ ਕੇ ਉਨ੍ਹਾਂ ਦੇ ਪੈਰੋਕਾਰ ਉਨ੍ਹਾਂ ਦੀ ਸੋਚ 'ਤੇ ਪਹਿਰਾ ਦੇਣ ਲਈ ਕਹਿੰਦੇ ਹਨ। ਹੁਣ ਸੋਚਣਾ ਇਹ ਹੈ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਸੋਚ ਕੀ ਸੀ? ਕੀ ਅਸੀਂ ਉਨ੍ਹਾਂ ਦੀ ਸੋਚ 'ਤੇ ਪਹਿਰਾ ਦੇ ਰਹੇ ਹਾਂ? ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਇਸ ਤੋਂ ਇਲਾਵਾ ਅੰਮ੍ਰਿਤ ਬਾਣੀ ਅਤੇ ਹੋਰ ਧਾਰਮਿਕ ਪੁਸਤਕਾਂ ਵਿੱਚ ਵੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਸਲੋਕ ਦਰਜ ਹਨ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 151 ਸਾਲ ਦਾ ਜੀਵਨ ਬਹੁਤ ਸੰਘਰਸ਼ਮਈ, ਸਾਦਾ ਪਹਿਰਾਵਾ, ਸ਼ੂਦਰਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਵਾਲਾ ਅਤੇ ਪ੍ਰਮਾਤਮਾ ਦੀ ਭਗਤੀ ਵਾਲਾ ਸੀ। ਇਹ ਗੱਲ ਠੀਕ ਹੈ ਕਿ ਇਸ ਸਮੇਂ ਪੂਰੇ ਵਿਸ਼ਵ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮਲੇਵਾ ਅਤੇ ਪੈਰੋਕਾਰ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਅੰਮ੍ਰਿਤ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਦਾਅਵਾ ਕਰਦੇ ਹਨ। ਇਤਿਹਾਸ ਗਵਾਹ ਹੈ ਕਿ ਅੱਜ ਤੋਂ 638 ਸਾਲ ਪਹਿਲਾਂ ਜਦੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਹੋਇਆ ਉਸ ਸਮੇਂ ਸ਼ੂਦਰਾਂ ਨੂੰ ਧਾਰਮਿਕ, ਸਮਾਜਿਕ, ਰਾਜਨੀਤਿਕ ਆਜ਼ਾਦੀ ਨਹੀਂ ਸੀ। ਗੁਰੂ ਰਵਿਦਾਸ ਮਹਾਰਾਜ ਜੀ ਨੇ ਹਮੇਸ਼ਾ ਜਾਤ-ਪਾਤ, ਪਾਖੰਡ, ਅਡੰਬਰ, ਵਹਿਮ-ਭਰਮ ਨੂੰ ਨਕਾਰਿਆ। ਸ਼ੂਦਰਾਂ ਦੇ ਨਾਲ-ਨਾਲ ਹਰ ਇਕ ਨੂੰ ਸਿੱਖਿਅਤ ਹੋਣ ਦੇ ਲਈ ਪ੍ਰੇਰਿਤ ਕੀਤਾ। ਸ਼ੂਦਰਾਂ ਦੀ ਸਮਾਜਿਕ ਅਤੇ ਧਾਰਮਿਕ ਆਜ਼ਾਦੀ ਲਈ ਬਹੁਤ ਕਰੜਾ ਸੰਘਰਸ਼ ਕੀਤਾ। ਇਸ ਦੇ ਫਲਸਰੂਪ ਉਨ੍ਹਾਂ ਨੂੰ ਬਹੁਤ ਤਸੀਹੇ ਝੱਲਣੇ ਪਏ, ਕਈ ਵਾਰ ਜੇਲ੍ਹ ਵੀ ਜਾਣਾ ਪਿਆ। ਗੁਰੂ ਰਵਿਦਾਸ ਮਹਾਰਾਜ ਜੀ ਨੇ ਵਿਅਕਤੀਗਤ ਕਿਸੇ ਮਨੁੱਖ ਦੇ ਖਿਲਾਫ ਕਦੇ ਆਪਣੇ ਵਿਚਾਰ ਪ੍ਰਗਟ ਨਹੀਂ ਕੀਤੇ। ਉਨ੍ਹਾਂ ਨੇ ਹਮੇਸ਼ਾ ਮਨੁੱਖ ਦੀ ਬਿਹਤਰੀ ਲਈ, ਭਾਈਚਾਰੇ ਲਈ ਅਤੇ ਸਮਾਨਤਾ ਲਈ ਸੰਦੇਸ਼ ਦਿੱਤੇ ਅਤੇ ਆਪਣਾ ਜੀਵਨ ਮਨੁੱਖੀ ਸੇਵਾ ਵਿੱਚ ਬਤੀਤ ਕੀਤਾ। ਉਨ੍ਹਾਂ ਦੇ ਸੰਘਰਸ਼ ਸਦਕਾ ਸ਼ੂਦਰਾਂ ਨੂੰ ਆਪਣੀ ਗੱਲ ਕਹਿਣ ਦਾ ਅਤੇ ਆਪਣਾ ਜੀਵਨ ਪੱਧਰ ਉੱਚਾ ਚੁੱਕਣ ਦਾ ਮੌਕਾ ਮਿਲਿਆ। ਇਹ ਗੱਲ ਠੀਕ ਹੈ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੀ ਉਸਤਤਿ ਵਿਸ਼ਵ ਭਰ ਵਿੱਚ ਬਹੁਤ ਲੋਕ ਕਰ ਰਹੇ ਹਨ। ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਅਸੀਂ ਉਨ੍ਹਾਂ ਦੀ ਸੋਚ 'ਤੇ ਪਹਿਰਾ ਦੇ ਰਹੇ ਹਾਂ? ਅੱਜ ਭਾਰਤ ਦੇ 80%  ਦਲਿਤ ਲੋਕ ਰੋਟੀ, ਕੱਪੜਾ, ਮਕਾਨ, ਸਿਹਤ, ਸਿੱਖਿਆ, ਨੌਕਰੀ ਇਨ੍ਹਾਂ ਮੁਢਲੀਆਂ ਚੀਜ਼ਾਂ ਤੋਂ ਵਾਂਝੇ ਹਨ। ਸ੍ਰੀ ਗੁਰੂ ਰਵਿਦਾਸ ਮਹਾਰਾਜ ਆਪਣੀ ਗੁਰਬਾਣੀ 'ਚ ਫਰਮਾਉਂਦੇ ਹਨ 'ਜਿਹੜੇ ਲੋਕ ਸਿੱਖਿਆ ਪ੍ਰਾਪਤ ਨਹੀਂ ਕਰਦੇ ਉਹ ਸ਼ੂਦਰ ਬਣ ਜਾਂਦੇ ਹਨ, ਉਹ ਫਰਮਾਉਂਦੇ ਹਨ ਕਿ ਸ਼ੂਦਰਾਂ 'ਤੇ ਸਵਾਰਥੀ ਤੇ ਜ਼ਾਲਮ ਲੋਕ ਰਾਜ ਕਰਦੇ ਹਨ'। ਸ੍ਰੀ ਗੁਰੂ ਰਵਿਦਾਸ ਮਹਾਰਾਜ ਐਸਾ ਰਾਜ-ਪਾਠ ਚਾਹੁੰਦੇ ਹਨ ਜਿਸ ਵਿੱਚ ਸਾਰੇ ਬਰਾਬਰ ਹੋਣ ਅਤੇ ਹਰ ਇਕ ਨੂੰ ਬਰਾਬਰ ਦੇ ਹੱਕ ਹੋਣ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਫਲਸਫੇ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਦਲਿਤਾਂ ਦੇ ਮਸੀਹਾ ਡਾ. ਭੀਮ ਰਾਓ ਅੰਬੇਡਕਰ ਨੇ ਭਾਰਤ ਦੇ ਸੰਵਿਧਾਨ ਦੇ ਵਿੱਚ ਸ਼ੂਦਰਾਂ ਦੇ ਨਾਲ-ਨਾਲ ਹਰ ਗਰੀਬ ਆਦਮੀ ਨੂੰ ਬਰਾਬਰ ਦੇ ਹੱਕ-ਹਕੂਕ ਦਿੱਤੇ ਪਰ ਫਿਰ ਵੀ ਭਾਰਤ 'ਚ ਦਲਿਤਾਂ ਦੇ ਹਾਲਾਤ ਬਹੁਤ ਚਿੰਤਾਜਨਕ ਹਨ। ਇੰਨੇ ਬੁਰੇ ਹਾਲਾਤਾਂ ਵਿੱਚ ਦਲਿਤ ਖ਼ਾਸ ਕਰਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮਲੇਵਾ ਲੋਕ ਗੁੰਮਰਾਹ ਹੋ ਚੁੱਕੇ ਹਨ, ਧੜਿਆਂ ਵਿੱਚ ਵੰਡੇ ਜਾ ਚੁੱਕੇ ਹਨ। ਉਹ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਦੇ ਉਲਟ ਬ੍ਰਾਹਮਣਵਾਦ ਵਿੱਚ ਫਸ ਚੁੱਕੇ ਹਨ, ਅਸੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਫਲਸਫੇ ਨੂੰ ਤਾਂ ਭੁੱਲਦੇ ਜਾ ਰਹੇ ਹਾਂ ਪਰ ਉਨ੍ਹਾਂ ਦੀਆਂ ਮੂਰਤੀਆਂ, ਮੰਦਿਰ-ਗੁਰਦੁਆਰਿਆਂ ਦੀਆਂ ਪ੍ਰਧਾਨਗੀਆਂ ਤੇ ਕਰਵਾਏ ਜਾਣ ਵਾਲੇ ਸਮਾਗਮਾਂ ਵਿੱਚ ਹਾਜ਼ਰੀ ਨੂੰ ਕਾਮਯਾਬੀ ਦਾ ਪੈਮਾਨਾ ਮੰਨਦੇ ਹਾਂ, ਕੀ ਇਸ ਤਰ੍ਹਾਂ ਕਰਕੇ ਅਸੀਂ ਉਨ੍ਹਾਂ ਦੀ ਸੋਚ 'ਤੇ ਪਹਿਰਾ ਦੇ ਸਕਾਂਗੇ? ਨਹੀਂ, ਸਿਰਫ਼ ਦੁਨਿਆਵੀ ਦਿਖਾਵੇਯੋਗ ਕਾਰਜ ਕਰ ਅਸੀਂ ਆਪਣੀ ਵਾਹ-ਵਾਹੀ ਤਾਂ ਕਰਵਾ ਲਵਾਂਗੇ ਅਸੀਂ ਦਿਖਾ ਦਿਆਂਗੇ ਕਿ ਗੁਰੂ ਰਵਿਦਾਸ ਨਾਮਲੇਵਾ ਸੰਗਤ ਕਮਜ਼ੋਰ ਨਹੀਂ ਹੈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਉਸਤਤ ਕਰਨਾ, ਉਨ੍ਹਾਂ ਦੀ ਬਾਣੀ ਦਾ ਗੁਣਗਾਨ ਕਰਨਾ, ਉਨ੍ਹਾਂ ਨੂੰ ਸਿਮਰਨਾ ਜ਼ਰੂਰੀ ਹੈ ਪਰ ਜਿਵੇਂ ਇਹ ਸਭ ਕਾਰਜ ਜ਼ਰੂਰੀ ਹਨ, ਉਸੇ ਤਰ੍ਹਾਂ ਰਵਿਦਾਸ ਮਹਾਰਾਜ ਜੀ ਦੀ ਸੋਚ ਨੂੰ ਅਮਲ 'ਚ ਲਿਆਉਣਾ ਵੀ ਸਮੇਂ ਦੀ ਜ਼ਰੂਰਤ ਹੈ। ਇਸ ਲਈ ਸਾਨੂੰ ਬੜੇ ਸੁਚੱਜੇ ਢੰਗ ਨਾਲ ਗਿਆਨਵਾਨ ਹੋ ਕੇ ਮਧੁਪ-ਮਖੀਰੇ ਵਾਂਗੂੰ ਇਕਜੁੱਟ ਹੋ ਕੇ ਠੋਸ ਰੂਪ-ਰੇਖਾ ਤਿਆਰ ਕਰਨੀ ਪਵੇਗੀ ਅਤੇ ਉਸ 'ਤੇ ਅਮਲ ਕਰਨਾ ਪਵੇਗਾ। ਪਹਿਰੇ ਤੋਂ ਭਾਵ ਵੱਡੀਆਂ-ਵੱਡੀਆਂ ਗੱਲਾਂ ਕਰਕੇ ਹਵਾਈ ਕਿਲੇ ਬਣਾਉਣਾ ਨਹੀਂ, ਬਲਕਿ ਠੋਸ ਜ਼ਮੀਨ 'ਤੇ ਗਹਿਰੀਆਂ ਨੀਹਾਂ ਖੋਦ ਕੇ ਸਾਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸੋਚ ਦੀ ਮੀਨਾਰ ਬਨਾਉਣੀ ਪਵੇਗੀ। ਉਨ੍ਹਾਂ ਦੀ ਸੋਚ 'ਤੇ ਸਾਨੂੰ ਪਹਿਰਾ ਠੋਕ ਕੇ ਦੇਣ ਦੀ ਬਜਾਏ, ਵਿਚਾਰ ਕਰਕੇ, ਚਿੰਤਨ ਕਰਕੇ ਦੇਣਾ ਹੋਵੇਗਾ। ਜਿਵੇਂ ਕਿ ਇਕ ਦਲਿਤ ਲੇਖਕ ਸੰਜੀਵ ਭੁੱਲਾਰਾਈ ਨੇ ਗੀਤ ਲਿਖਿਆ ਹੈ 'ਵਿਹਲੇ ਬਹਿ ਕੇ ਨੀ ਹੋਣੇ ਕਾਰਜ ਰਾਸ, ਗੱਲਾਂ ਨਾਲ ਨਹੀਂ ਬਣਨੇ ਇਤਿਹਾਸ, ਗੁਰੂ ਰਵਿਦਾਸ ਅਤੇ ਭੀਮ ਰਾਓ ਜੀ ਦੋਵੇਂ ਕਹਿ ਗਏ ਇਕ ਸੁਰ ਨਾਲ, ਥਾਲੀ 'ਚ ਪਰੋਸ ਕੇ ਨਹੀਂ ਹੱਕ ਮਿਲਣੇ, ਲੋਕੋ ਖੋਹਣੇ ਪੈਣੇ ਸੰਘਰਸ਼ਾਂ ਦੇ ਨਾਲ' ਸਾਨੂੰ ਚਾਹੀਦਾ ਹੈ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਬੇਗਮਪੁਰਾ ਨੂੰ ਵਸਾਉਣ ਲਈ ਜਿਹੜੀ ਸੰਘਰਸ਼ ਦੀ ਮਸ਼ਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਬਾਲੀ ਸੀ, ਉਸ ਨੂੰ ਬੁੱਝਣ ਨਹੀਂ ਦੇਣਾ, ਉਸ ਮਸ਼ਾਲ ਵਿੱਚ ਸਾਨੂੰ ਆਪਣੀ ਤਿਆਗ ਭਾਵਨਾ ਦਾ ਤੇਲ ਪਾਉਣਾ ਪਵੇਗਾ ਤਾਂ ਜੋ ਮਸ਼ਾਲ ਜਲਦੀ ਰਹੇ, ਨਹੀਂ ਤਾਂ ਇਹ ਜੈਕਾਰੇ ਫੋਕੇ ਅਤੇ ਬੇਕਾਰ ਜਾਪਣਗੇ। ਕਿਤੇ ਇਹ ਨਾ ਹੋਵੇ ਕਿ ਅਸੀਂ ਜੈਕਾਰਿਆਂ ਵਿੱਚ ਉਲਝ ਕੇ ਰਹਿ ਜਾਈਏ। ਜੇ ਇੰਝ ਹੀ ਅਸੀਂ ਬ੍ਰਾਹਮਣਵਾਦ ਨੂੰ ਅਪਣਾਉਂਦੇ ਰਹੇ ਤਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਬੇਗਮਪੁਰਾ ਦਾ ਸਪਨਾ, ਸਪਨਾ ਹੀ ਰਹਿ ਜਾਵੇਗਾ।

- ਅਜੇ ਕੁਮਾਰ

No comments:

Post a Comment